ਗੁਰਬਖਸ਼ ਸਿੰਘ ਸੋਢੀ
ਮਸ਼ਹੂਰ ਕੰਨੜ ਲੇਖਕ ਯੂਡੱਪੀ ਰਾਜਗੋਪਾਲਾਚਾਰੀਆ ਅਨੰਤਮੂਰਤੀ ਅਜਿਹਾ ਲੇਖਕ ਸੀ ਜਿਸ ਨੇ ਸਾਰੀ ਉਮਰ ਸੱਜ-ਪਿਛਾਖੜੀ ਆਰæਐਸ਼ਐਸ਼ ਅਤੇ ਭਾਜਪਾ ਖਿਲਾਫ਼ ਝੰਡਾ ਬੁਲੰਦ ਕਰੀ ਰੱਖਿਆ। ਉਸ ਨੇ ਆਪਣੀਆਂ ਲਿਖਤਾਂ ਰਾਹੀਂ ਬ੍ਰਾਹਮਣਵਾਦ, ਜਾਤ-ਪਾਤ ਅਤੇ ਬ੍ਰਾਹਮਣੀ ਸੋਚ ਨਾਲ ਜੁੜੇ ਕਰਮ-ਕਾਡਾਂ ਤੇ ਦੰਭ ਨੂੰ ਰੱਜ ਕੇ ਨੰਗਾ ਕੀਤਾ। 22 ਅਗਸਤ 2014 ਨੂੰ ਜਦੋਂ ਉਸ ਨੇ ਆਖਰੀ ਸਾਹ ਲਿਆ ਤਾਂ ਉਸ ਦੀ ਮਹਿਮਾ ਉਸ ਦੇ ਇਸੇ ਹਠ ਕਰਕੇ ਹੋਈ। ਧਮਕੀਆਂ ਅਤੇ ਚੇਤਾਵਨੀਆਂ ਦੇ ਬਾਵਜੂਦ ਉਹ ਆਖਰੀ ਸਾਹ ਤਕ ਲਗਾਤਾਰ ਡਟਿਆ ਰਿਹਾ।
ਅਨੰਤਮੂਰਤੀ ਦਾ ਜਨਮ 21 ਦਸੰਬਰ 1932 ਨੂੰ ਹੋਇਆ ਸੀ ਅਤੇ ਉਸ ਨੇ ਸਾਰੀ ਉਮਰ ਸਾਹਿਤ ਦੇ ਲੇਖੇ ਲਾ ਦਿੱਤੀ। ਵਿਚਾਰਾਂ ਪੱਖੋਂ ਉਹ ਸਮਾਜਵਾਦ ਦੇ ਪੱਖ ਵਿਚ ਸੀ ਪਰ ਉਸ ਨੇ ਆਪਣੀ ਇਸ ਸੋਚ ਅਤੇ ਸਮਾਜਵਾਦ ਨੂੰ ਆਪਣੀਆਂ ਲਿਖਤਾਂ ਵਿਚ ਥੋਪਣ ਦੀ ਥਾਂ ਭਾਰਤੀ ਪ੍ਰਸੰਗਾਂ ਵਿਚ ਇਸ ਬਾਰੇ ਗੱਲ ਤੋਰੀ। ਉਸ ਦਾ ਸੰਸਾਰ ਪ੍ਰਸਿੱਧ ਨਾਵਲ ‘ਸੰਸਕਾਰ’ 1965 ਵਿਚ ਛਪਿਆ ਸੀ ਅਤੇ ਇਸ ਉਤੇ 1970 ਵਿਚ ਇਸੇ ਨਾਂ ਹੇਠ ਕੰਨੜ ਵਿਚ ਫਿਲਮ ਵੀ ਬਣਾਈ ਗਈ ਸੀ। ਇਸ ਫਿਲਮ ਨਾਲ ਹੀ ਕੰਨੜ ਸਿਨੇਮਾ ਵਿਚ ‘ਸਾਰਥਕ ਸਿਨੇਮਾ’ ਦੀ ਸ਼ੁਰੂਆਤ ਹੋਈ। ਇਸ ਫਿਲਮ ਵਿਚ ਮੁੱਖ ਕਿਰਦਾਰ ਮਸ਼ਹੂਰ ਲੇਖਕ ਅਤੇ ਅਦਾਕਾਰ ਗਿਰੀਸ਼ ਕਰਨਾਡ ਨੇ ਨਿਭਾਇਆ ਸੀ। 1970 ਵਿਚ ਇਸ ਫਿਲਮ ਨੂੰ ਕੌਮੀ ਫਿਲਮ ਪੁਰਸਕਾਰ ਮਿਲਿਆ।
ਨਾਵਲ ‘ਸੰਸਕਾਰ’ ਨੇ ਉਸ ਨੂੰ ਚੋਟੀ ‘ਤੇ ਚੜ੍ਹਾ ਦਿੱਤਾ। ਇਹ ਨਾਵਲ ਬ੍ਰਾਹਮਣੀ ਸੋਚ ਅਤੇ ਇਸ ਦੇ ਖੋਖਲੇਪਣ ਉਤੇ ਬੜੀ ਤਿੱਖੀ ਚੋਟ ਕਰਦੀ ਹੈ। ਇਹ ਸਾਰਾ ਚਿੱਠਾ ਉਸ ਨੇ ਬਹੁਤ ਖੂਬਸੂਰਤੀ ਨਾਲ ਉਘਾੜਿਆ ਹੈ। ਇਸ ਨਾਵਲ ਬਾਰੇ ਉਸ ਵੇਲੇ ਬੜਾ ਵਿਵਾਦ ਭਖਿਆ। ਲੇਖਕ ਭਾਈਚਾਰਾ ਉਸ ਦੇ ਹੱਕ ਵਿਚ ਡਟਿਆ ਅਤੇ ਬ੍ਰਾਹਮਣੀ ਸੋਚ ਵਾਲਿਆਂ ਦੀ ਕੋਈ ਪੇਸ਼ ਨਾ ਗਈ। ਦੱਸਣਾ ਬਣਦਾ ਹੈ ਕਿ ਅਨੰਤਮੂਰਤੀ ਦਾ ਜਨਮ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਉਸ ਦਾ ਬਾਬਾ (ਦਾਦਾ) ਮੰਦਰ ਦਾ ਪੁਜਾਰੀ ਸੀ। ਉਸ ਨੂੰ ਮੁਢੱਲੀ ਸਿੱਖਿਆ ਇਕ ਸੰਸਕ੍ਰਿਤ ਸਕੂਲ ਤੋਂ ਮਿਲੀ। ਬਾਅਦ ਵਿਚ ਉਸ ਨੇ ਮੈਸੂਰ ਯੂਨੀਵਰਸਿਟੀ ਅਤੇ ਬਰਮਿੰਘਮ (ਇੰਗਲੈਂਡ) ਤੋਂ ਉਚੇਰੀ ਸਿੱਖਿਆ ਹਾਸਲ ਕੀਤੀ। ਉਂਜ ਉਹ ਆਪਣੇ ਤਿੱਖੇ ਅਤੇ ਸਪਸ਼ਟ ਵਿਚਾਰਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਆਪਣੀਆਂ ਕਈ ਤਿੱਖੀਆਂ ਟਿੱਪਣੀਆਂ ਕਰ ਕੇ ਉਹ ਅਕਸਰ ਵਿਵਾਦਾਂ ਵਿਚ ਘਿਰਦਾ ਰਹਿੰਦਾ ਸੀ।
ਅਨੰਤਮੂਰਤੀ ਨੇ ਬਹੁਤ ਸਾਰੇ ਇਨਾਮ ਹਾਸਲ ਕੀਤੇ ਜਿਸ ਵਿਚ ਸਾਹਿਤ ਦਾ ਸਭ ਤੋਂ ਉਚਾ ਗਿਆਨ ਪੀਠ ਪੁਰਸਕਾਰ ਵੀ ਸ਼ਾਮਿਲ ਹੈ। ਆਪਣੀ ਲਿਆਕਤ ਦੇ ਸਿਰ ਉਤੇ ਉਸ ਨੇ ਚੋਟੀ ਦੇ ਅਹੁਦੇ ਵੀ ਹਾਸਲ ਕੀਤੇ। 1970 ਵਿਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੈਸੂਰ ਯੂਨੀਵਰਸਿਟੀ ਤੋਂ ਕੀਤੀ ਸੀ। ਫਿਰ 1987 ਤੋਂ 1991 ਤੱਕ ਉਹ ਕੋਟਿਯਮ (ਕੇਰਲ) ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। 1992 ਵਿਚ ਉਹ ਨੈਸ਼ਨਲ ਬੁੱਕ ਟਰੱਸਟ ਦੇ ਚੇਅਰਮੈਨ ਥਾਪੇ ਗਏ। 1993 ਵਿਚ ਉਹ ਸਾਹਿਤਕ ਅਕੈਡਮੀ ਦੇ ਪ੍ਰਧਾਨ ਬਣ ਗਏ। ਉਹ ਨਵੀਂ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਸਮੇਤ ਕਈ ਯੂਨੀਵਰਸਿਟੀਆਂ ਦੇ ਵਿਜ਼ਟਿੰਗ ਪ੍ਰੋਫੈਸਰ ਵੀ ਰਹੇ। 2012 ਵਿਚ ਉਨ੍ਹਾਂ ਨੂੰ ਕਰਨਾਟਕ ਦੀ ਸੈਂਟਰਲ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ ਬਣਾਇਆ ਗਿਆ।
ਉਸ ਦੇ ਅੱਠ ਕਹਾਣੀ ਸੰਗ੍ਰਿਹ, 5 ਨਾਵਲ, ਨਾਟਕਾਂ ਦੀ ਇਕ ਕਿਤਾਬ, ਤਿੰਨ ਕਵਿਤਾ ਸੰਗ੍ਰਿਹ ਅਤੇ ਆਲੋਚਨਾ ਤੇ ਵਾਰਤਕ ਦੀਆਂ 8 ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਉਹ ‘ਰੁਜੂਵਾਤੂ’ ਪਰਚੇ ਦੇ ਸੰਪਾਦਕ ਵੀ ਰਹੇ। ਅਨੰਤਮੂਰਤੀ ਦੀਆਂ ਲਿਖਤਾਂ ਕੋਈ ਲਕੀਰੀ ਰਚਨਾਵਾਂ ਨਹੀਂ। ਇਨ੍ਹਾਂ ਵਿਚ ਵੱਖ-ਵੱਖ ਸਮਿਆਂ, ਹਾਲਾਤ ਅਤੇ ਮਾਹੌਲ ਵਿਚ ਵਿਚਰਦੇ ਲੋਕਾਂ ਦੀ ਵੱਖਰੀ-ਵੱਖਰੀ ਮਾਨਸਿਕ ਅਵਸਥਾ ਦੇ ਖੂਬਸੂਰਤ ਚਿਤਰਨ ਮਿਲਦੇ ਹਨ। ਇਹੀ ਕਾਰਨ ਹੈ ਕਿ ਉਸ ਦੀਆਂ ਰਚਨਾਵਾਂ ਨੂੰ ਗੈਰ-ਕੰਨੜੀ ਪਾਠਕਾਂ ਨੇ ਵੀ ਖੂਬ ਪਸੰਦ ਕੀਤਾ ਹੈ।
ਅਨੰਤਮੂਰਤੀ ਨੇ ਸਿਆਸੀ ਪਿੜ ਵਿਚ ਵੀ ਮੋਰਚਾ ਮੱਲਣ ਦਾ ਯਤਨ ਕੀਤਾ ਪਰ 2004 ਵਿਚ ਉਹ ਲੋਕ ਸਭਾ ਚੋਣ ਹਾਰ ਗਏ। ਉਂਜ, ਚੋਣ ਲੜਨ ਦਾ ਮਕਸਦ ਭਾਜਪਾ ਨੂੰ ਤਿੱਖੀ ਟੱਕਰ ਦੇਣਾ ਹੀ ਸੀ।
Leave a Reply