ਭਾਰਤ ਸਰਕਾਰ ਵੱਲੋਂ ਖੁਫੀਆ ਏਜੰਸੀਆਂ ਦੀ ਕਾਇਆ ਕਲਪ

ਨਵੀਂ ਦਿੱਲੀ: ਦੇਸ਼ ਵਿਚ ਨਕਸਲੀਆਂ ਤੇ ਖੇਤਰੀ ਮੁੱਦਿਆਂ ‘ਤੇ ਸੰਘਰਸ਼ ਕਰ ਰਹੇ ਖਾੜਕੂਆਂ ਦੀ ਚੁਣੌਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਖੁਫੀਆ ਏਜੰਸੀਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਸਰਕਾਰ ਨੇ ਸਾਰੀਆਂ ਏਜੰਸੀਆਂ ਦੇ ਮੁਖੀ ਬਦਲ ਦਿੱਤੇ ਹਨ ਤੇ ਸੀਨੀਆਰਤਾ ਨੂੰ ਅੱਖੋਂ ਓਹਲੇ ਕਰਕੇ ਮਨਭਾਉਂਦੇ ਅਫਸਰਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਅਤਿਵਾਦੀਆਂ ਦਾ ਨੈਟਵਰਕ ਨਸ਼ਟ ਕਰਨ ਵਾਲੇ ਸੀਨੀਅਰ ਆਈæਪੀæਐਸ਼ ਅਧਿਕਾਰੀ ਅਲੋਕ ਜੋਸ਼ੀ ਖੁਫੀਆ ਏਜੰਸੀ ਰਾਅ ਦੇ ਨਵੇਂ ਮੁਖੀ ਹੋਣਗੇ ਜਦੋਂਕਿ ਸੱਯਦ ਆਸਿਫ ਇਬਰਾਹੀਮ ਇੰਟੈਲੀਜੈਂਸ ਬਿਊਰੋ (ਆਈæਬੀæ) ਦੇ ਅਗਲੇ ਡਾਇਰੈਕਟਰ ਹੋਣਗੇ।
ਜਨਾਬ ਇਬਰਾਹਿਮ ਪਹਿਲੇ ਮੁਸਲਮਾਨ ਸ਼ਖਸ ਹੋਣਗੇ ਜੋ ਦੇਸ਼ ਦੀ ਅਹਿਮ ਖੁਫੀਆ ਏਜੰਸੀ ਦੀ ਕਮਾਨ ਸੰਭਾਲਣਗੇ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਹਰਿਆਣਾ ਕੇਡਰ ਦੇ 1976 ਬੈਚ ਦੇ ਅਧਿਕਾਰੀ ਅਲੋਕ ਜੋਸ਼ੀ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਜੋ ਰਾਅ ਦੇ ਮੌਜੂਦਾ ਮੁਖੀ ਸੰਜੀਵ ਤ੍ਰਿਪਾਠੀ ਦੀ ਥਾਂ ਲੈਣਗੇ। ਸ੍ਰੀ ਜੋਸ਼ੀ ਨੇ ਇੰਟੈਲੀਜੈਂਸ ਬਿਊਰੋ ਤੇ ਹਰਿਆਣਾ ਪੁਲਿਸ ‘ਚ  ਸੇਵਾਵਾਂ ਨਿਭਾਉਂਦਿਆਂ ਨੇਪਾਲ ਤੇ ਪਾਕਿਸਤਾਨ ਵਿਚ ਕਈ ਅਹਿਮ ਅਪਰੇਸ਼ਨਾਂ ‘ਚ ਹਿੱਸਾ ਲਿਆ ਹੈ।
ਕੌਮਾਂਤਰੀ ਪੱਧਰ ‘ਤੇ ਖੁਫ਼ੀਆ ਜਾਣਕਾਰੀਆਂ  ਰੱਖਣ ਵਾਲੀ ਸੰਸਥਾ ਰਾਅ ਦੇ ਮੁਖੀ ਲਈ 1977 ਬੈਚ ਦੇ ਆਈæਪੀæਐਸ਼ਅਧਿਕਾਰੀ ਅਮਿਤਾਭ ਮਾਥੁਰ ਵੀ ਦਾਅਵੇਦਾਰ ਸਨ ਜਿਨ੍ਹਾਂ ਨੂੰ ਐਵੀਏਸ਼ਨ ਰਿਸਰਚ ਸੈਂਟਰ ਵਿਚ ਭੇਜ ਦਿੱਤਾ ਗਿਆ ਹੈ। ਇਹ ਸੰਸਥਾ ਵੀ ਰਾਅ ਦੀ ਸ਼ਾਖਾ ਹੈ। ਇਸ ਤੋਂ ਇਲਾਵਾ 1977 ਬੈਚ ਦੇ ਮੱਧ ਪ੍ਰਦੇਸ਼ ਕੇਡਰ ਦੇ 59 ਸਾਲਾ ਆਈæਪੀæਐਸ਼ ਅਧਿਕਾਰੀ ਇਬਰਾਹਿਮ ਪਹਿਲੀ ਦਸੰਬਰ ਤੋਂ ਅਫਸਰ ਆਨ ਸਪੈਸ਼ਲ ਡਿਊਟੀ ਸੰਭਾਲਣਗੇ ਜਿਹੜਾ ਕਿ ਆਈæਬੀæ ਦੇ ਮੌਜੂਦਾ ਡਾਇਰੈਕਟਰ ਤੋਂ ਨਵੇਂ ਅਫਸਰ ਨੂੰ ਅਹੁਦਾ ਤਬਦੀਲ ਕਰਨ ਦੀ ਪ੍ਰਕਿਰਿਆ ਹੈ।
ਇਸੇ ਦੌਰਾਨ ਸੀਨੀਅਰ ਆਈæਪੀæਐਸ਼ ਅਧਿਕਾਰੀ ਰਣਜੀਤ ਸਿਨਹਾ ਸੀæਬੀæਆਈæ ਦੇ ਅਗਲੇ ਮੁਖੀ ਹੋਣਗੇ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਉਨ੍ਹਾਂ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਸਿਨਹਾ 1974 ਬੈਚ ਦੇ ਆਈæਪੀæਐਸ਼ ਅਧਿਕਾਰੀ ਹਨ ਤੇ ਇਸ ਸਮੇਂ ਆਈæਟੀæਬੀæਪੀæ ਦੇ ਡਾਇਰੈਕਟਰ ਜਨਰਲ ਹਨ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਦੀ ਚੋਣ ਕਮੇਟੀ ਨੇ ਤਿੰਨ ਨਾਵਾਂ ਦੇ ਪੈਨਲ ਵਿਚੋਂ ਸ੍ਰੀ ਸਿਨਹਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੀæਬੀæਆਈæ ਦੇ ਨਵੇਂ ਡਾਇਰੈਕਟਰ ਰਣਜੀਤ ਸਿਨਹਾ ਦੀ ਨਿਯੁਕਤੀ ਅੱਗੇ ਪਾਉਣ ਦੀ ਭਾਜਪਾ ਦੀ ਮੰਗ ਰੱਦ ਕਰ ਦਿੱਤੀ ਹੈ।
ਭਾਜਪਾ ਦੇ ਸੀਨੀਅਰ ਆਗੂ ਅਰੁਨ ਜੇਤਲੀ ਨੂੰ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲੋਕਪਾਲ ਕਾਨੂੰਨ ਬਣਨ ਦੀ ਉਡੀਕ ‘ਚ ਸੀæਬੀæਆਈæ ਨੂੰ ਬਿਨਾਂ ਮੁਖੀ ਤੋਂ ਨਹੀਂ ਰੱਖਿਆ ਜਾ ਸਕਦਾ ਤੇ ਨਵੀਂ ਨਿਯੁਕਤੀ ਅੱਗੇ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਹੈ ਕਿ ਇਹ ਇਸ਼ਾਰਾ ਕੀਤੇ ਜਾਣਾ ਕਿ ਇਹ ਨਿਯੁਕਤੀ ਚੋਣ ਕਮੇਟੀ ਵੱਲੋਂ ਸਿਫਾਰਸ਼ ਕੀਤੀ ਗਈ ਵਿਧੀ ਨਾਲੋਂ ਵੱਖਰੇ ਤੌਰ ‘ਤੇ ਕੀਤੀ ਗਈ ਪੇਸ਼ਬੰਦੀ ਹੈ, ਬਿਲਕੁਲ ਬੇਲੋੜਾ ਤੇ ਆਧਾਰਹੀਣ ਹੈ।

Be the first to comment

Leave a Reply

Your email address will not be published.