ਲੋਕ ਰੋਹ ਅਤੇ ਸੱਤਾ ਦਾ ਸੇਕ

ਪੰਜਾਬ ਵਿਚ ਪਿਛਲੇ ਸੱਤ ਸਾਲਾਂ ਤੋਂ ਸੱਤਾ ਉਤੇ ਕਾਬਜ਼ ਬਾਦਲਾਂ ਖਿਲਾਫ ਲੋਕ ਰੋਹ ਈਸੜੂ ਵਿਚ ਸਭ ਹੱਦਾਂ ਪਾਰ ਕਰ ਗਿਆ। ਧਨੌਲਾ ਕਸਬੇ ਦੇ ਇਕ ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਉਛਾਲ ਦਿੱਤੀ। ਬਾਦਲ ਅਤੇ ਉਨ੍ਹਾਂ ਦੀ ਸਰਕਾਰ ਨੇ ਭਾਵੇਂ ਇਸ ਘਟਨਾ ਦਾ ਸਿੱਧਾ ਸਿਆਸੀ ਅਰਥ ਕੱਢਿਆ ਹੈ ਅਤੇ ਜ਼ਿਮਨੀ ਚੋਣਾਂ ਦੇ ਘੜਮੱਸ ਵਿਚ ਆਪਣੇ ਵਿਰੋਧੀਆਂ ਨੂੰ ਲਪੇਟਣ ਦਾ ਯਤਨ ਕੀਤਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਜਿਸ ਤਰ੍ਹਾਂ ਦਾ ਸਿਆਸੀ ਅਤੇ ਸਮਾਜਕ ਮਾਹੌਲ ਬਣਿਆ ਹੋਇਆ ਹੈ, ਉਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਲੋਕ ਇਨ੍ਹਾਂ ਹਾਕਮਾਂ ਅਤੇ ਸਿਆਸੀ ਪਾਰਟੀਆਂ ਤੋਂ ਕਿੰਨੇ ਦੁਖੀ ਹਨ। ਲੋਕਾਂ ਨੇ ਆਪਣੇ ਰੋਹ ਦਾ ਜਲਵਾ ਪਿੱਛੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਬਾਕਾਇਦਾ ਦਿਖਾ ਦਿੱਤਾ ਸੀ ਅਤੇ ਹਕੂਮਤ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਹੀਂ, ਦੂਜੀ ਮੁੱਖ ਸਿਆਸੀ ਧਿਰ ਕਾਂਗਰਸ ਨੂੰ ਵੀ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਅਸਲ ਵਿਚ ਪੰਜਾਬ ਦਾ ਸਮਾਜਕ ਅਤੇ ਸਿਆਸੀ ਢਾਂਚਾ ਆਮ ਲੋਕਾਂ ਨੂੰ ਇੰਨੇ ਜ਼ਾਲਮ ਤਰੀਕੇ ਨਾਲ ਟੱਕਰ ਰਿਹਾ ਹੈ ਕਿ ਲੋਕਾਂ ਨੂੰ ਆਪਣੀ ਮੁਕਤੀ ਦਾ ਕੋਈ ਮਾਰਗ ਨਹੀਂ ਲੱਭ ਰਿਹਾ। ਸਰਕਾਰੀ ਤੰਤਰ ਵਿਚ ਹੀ ਨਹੀਂ, ਹਰ ਖੇਤਰ ਵਿਚ ਦਖਲ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਆਮ ਆਦਮੀ ਬੇਵੱਸ ਹੋ ਕੇ ਰਹਿ ਗਿਆ ਹੈ। ਸਿਤਮਜ਼ਰੀਫੀ ਇਹ ਹੈ ਕਿ ਪ੍ਰਚੰਡ ਲੋਕ ਰੋਹ ਦੇ ਬਾਵਜੂਦ ਇਨ੍ਹਾਂ ਸਿਆਸੀ ਪਾਰਟੀਆਂ ਦੀ ਕਾਰ-ਕਰਦਗੀ ਵਿਚ ਕੋਈ ਸਿਫਤੀ ਤਬਦੀਲੀ ਨਹੀਂ ਹੋਈ ਹੈ। ਹਾਂ, ਉਪਰੋਂ-ਉਪਰੋਂ ਪੋਚਾ ਜਿਹਾ ਫੇਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਜ਼ਰੂਰ ਕੀਤੇ ਗਏ ਹਨ। ਅਸਲ ਵਿਚ ਅੱਜ ਦੀ ਸਿਆਸਤ ਦਾ ਹਰ ਫੈਸਲਾ ਚੋਣਾਂ ਦੇ ਪਿੜ ਵਿਚ ਜਾ ਕੇ ਦਮ ਤੋੜ ਜਾਂਦਾ ਹੈ; ਭਾਵ ਹਰ ਫੈਸਲਾ ਚੋਣ ਸਿਆਸਤ ਨੂੰ ਮੁੱਖ ਰੱਖ ਕੇ ਹੀ ਕੀਤਾ ਜਾਂਦਾ ਹੈ। ਪ੍ਰਸ਼ਾਸਨ ਨੂੰ ਤਾਂ ਸਿਆਸੀ ਆਗੂਆਂ ਨੇ ਆਪਣੀਆਂ ਜੇਬ ਵਿਚ ਹੀ ਪਾਇਆ ਹੋਇਆ ਹੈ। ਸਿਆਸਤ ਦਾ ਇਹ ਸ਼ਾਰਟ-ਕੱਟ ਲੋਕਾਂ ਉਤੇ ਤਬਾਹੀ ਬਣ ਕੇ ਬਾਰਦ ਹੋਇਆ ਹੈ।
ਇਹ ਠੀਕ ਹੈ ਕਿ ਕਿਸੇ ਵੱਲ ਜੁੱਤੀ ਸੁੱਟ ਕੇ ਰੋਸ ਜ਼ਾਹਿਰ ਕਰਨ ਨੂੰ ਕਿਵੇਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਦੀਆਂ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਅਤੇ ਮੁੱਖ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਵੀ ਕੀਤੀ ਹੈ, ਪਰ ਅੱਜ ਦੇ ਜ਼ਮਾਨੇ ਵਿਚ ਜਦੋਂ ਸਿਆਸੀ ਆਗੂ ਅਤੇ ਸਿਸਟਮ ਆਮ ਲੋਕਾਂ ਦੀ ਗੱਲ ਸੁਣ ਹੀ ਨਹੀਂ ਰਹੇ ਅਤੇ ਸਮੱਸਿਆਵਾਂ ਵੱਲ ਵੀ ਧਿਆਨ ਨਹੀਂ ਕਰ ਰਹੇ, ਤਾਂ ਆਪਣੀ ਆਵਾਜ਼ ਇਨ੍ਹਾਂ ਸਿਆਸੀ ਆਗੂਆਂ ਦੇ ਕੰਨਾਂ ਤਕ ਪਹੁੰਚਾਉਣ ਲਈ ਅਜਿਹੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਇਸ ਬਾਰੇ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਅਤੇ ਬਾਦਲਾਂ ਨੂੰ ਪੁਰਾਣੀ ਘਟਨਾ ਦਾ ਚੇਤਾ ਕਰਵਾਇਆ ਹੈ ਜਦੋਂ ਪੱਤਰਕਾਰ ਜਰਨੈਲ ਸਿੰਘ ਨੇ ਨਵੀਂ ਦਿੱਲੀ ਵਿਚ ਤਤਕਾਲੀ ਕੈਬਨਿਟ ਮੰਤਰੀ ਪੀæ ਚਿਦੰਬਰਮ ਵੱਲ ਜੁੱਤੀ ਉਛਾਲੀ ਸੀ। ਹੁਣ ਕੈਪਟਨ ਨੇ ਇਹ ਗੱਲ ਨੋਟ ਕਰਵਾਈ ਹੈ ਕਿ ਉਦੋਂ ਬਾਦਲਾਂ ਨੇ ਸਿਆਸਤ ਤੋਂ ਉਪਰ ਉਠ ਕੇ ਇਸ ਘਟਨਾ ਦੀ ਨਿੰਦਾ ਕਰਨ ਦੀ ਥਾਂ ਹੱਲਾਸ਼ੇਰੀ ਦਿੱਤੀ ਸੀ। ਹੋਰ ਤਾਂ ਹੋਰ ਬਾਦਲਾਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬੰਧਤ ਪੱਤਰਕਾਰ ਨੂੰ ਨੌਕਰੀ ਦੇਣ ਦੀ ਗੱਲ ਵੀ ਕਹੀ ਸੀ। ਹੁਣ ਜਦੋਂ ਕੈਪਟਨ ਨੇ ‘ਬਾਦਲਾਂ ਨੇ ਜੋ ਬੀਜਆ, ਸੋ ਵੱਢਿਆ ਹੈ’ ਕਹਿ ਕੇ ਟਕੋਰ ਲਾਈ ਹੈ ਤਾਂ ਬਾਦਲਾਂ ਕੋਲ ਕਹਿਣ-ਸੁਣਨ ਲਈ ਕੁਝ ਵੀ ਨਹੀਂ ਹੈ। ਹਾਂ, ਇਸ ਬਾਰੇ ਹੁਣ ਸਾਰਾ ਗੁੱਸਾ ਜੁੱਤੀ ਉਛਾਲਣ ਵਾਲੇ ਨੌਜਵਾਨ ਉਤੇ ਕੱਢਿਆ ਜਾ ਰਿਹਾ ਹੈ।
ਹੁਣ ਹਰ ਪਾਸੇ ਇਹ ਚਰਚਾ ਕਰਨੀ ਜ਼ਰੂਰੀ ਹੈ ਕਿ ਕਿਨ੍ਹਾਂ ਕਾਰਨਾਂ ਕਰ ਕੇ ਲੋਕ ਇਸ ਤਰ੍ਹਾਂ ਹਾਕਮਾਂ ਅਤੇ ਹੋਰ ਸਿਆਸੀ ਪਾਰਟੀਆਂ ਦੇ ਖਿਲਾਫ ਰੋਹ ਜ਼ਾਹਿਰ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਚਰਚਾ ਅਧੀਨ ਆਏ ਮੁੱਦਿਆਂ ਨਾਲ ਇਸ ਚਰਚਾ ਦੀ ਤੰਦ ਫੜੀ ਜਾ ਸਕਦੀ ਹੈ। ਨਸ਼ਿਆਂ ਦੇ ਮਾਮਲੇ ‘ਤੇ ਸਾਰੀਆਂ ਸਿਆਸੀ ਪਾਰਟੀਆਂ ਜਿਸ ਤਰ੍ਹਾਂ ਆਮ ਲੋਕਾਂ ਅੱਗੇ ਨੰਗੀਆਂ ਹੋਈਆਂ ਹਨ, ਉਸ ਨੇ ਲੋਕਾਂ ਦਾ ਇਨ੍ਹਾਂ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਤੋਂ ਯਕੀਨ ਹੀ ਉਠਾ ਦਿੱਤਾ ਹੈ। ਨਸ਼ਿਆਂ ਨਾਲ ਟੱਬਰਾਂ ਦੇ ਟੱਬਰ ਤਬਾਹ ਹੋ ਗਏ ਹਨ। ਪੰਜਾਬੀ ਸਮਾਜ ਅੱਜ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ, ਪਰ ਸਿਆਸਤਦਾਨਾਂ ਨੂੰ ਇਸ ਬਾਰੇ ਉਕਾ ਹੀ ਕੋਈ ਫਿਕਰ ਨਹੀਂ ਹੈ। ਸਭ ਰਲ ਕੇ ਕਿਸੇ ਨਾ ਕਿਸੇ ਕਾਰੋਬਾਰ ਰਾਹੀਂ, ਜਾਂ ਸਿੱਧੇ-ਅਸਿੱਧੇ ਢੰਗ-ਤਰੀਕਿਆਂ ਰਾਹੀ ਆਪੋ-ਆਪਣੇ ਘਰ ਭਰਨ ਵਿਚ ਲੱਗੇ ਹੋਏ ਹਨ। ਇਹ ਸਾਰਾ ਨਜ਼ਾਰਾ ਆਮ ਲੋਕ ਆਪਣੀ ਅੱਖਾਂ ਨਾਲ ਦੇਖ ਰਹੇ ਹਨ। ਚੰਦ ਲੋਕ ਹਰ ਖੇਤਰ ਵਿਚ ਇਸ ਤਰ੍ਹਾਂ ਛਾ ਗਏ ਹਨ ਕਿ ਲੋਕਾਂ ਦਾ ਜਿਹੜਾ ਭਰੋਸਾ ਟੁੱਟਿਆ ਹੈ, ਉਸ ਦੀ ਭਰਪਾਈ ਲਈ ਇਹ ਸਿਆਸਤਦਾਨ ਯਤਨ ਤਕ ਨਹੀਂ ਕਰ ਰਹੇ। ਬਾਦਲਾਂ ਨੇ ਤਾਂ ਇਸ ਮਾਮਲੇ ਵਿਚ ਹਰ ਸਿਆਸਤਦਾਨ ਨੂੰ ਪਿੱਛੇ ਛੱਡ ਦਿੱਤਾ ਹੈ। ਪੰਜਾਬ ਦੇ ਸਭ ਵੱਡੇ ਕਾਰੋਬਾਰਾਂ ਅਤੇ ਧਾਰਮਿਕ ਸੰਸਥਾਵਾਂ ਤੋਂ ਲੈ ਕੇ ਹਰ ਖੇਤਰ ਵਿਚ ਘੁਸਪੈਠ ਬਣਾ ਲਈ ਹੈ। ਉਂਜ, ਮੀਡੀਆ ਰਾਹੀਂ ਅਤੇ ਜ਼ੁਬਾਨੀ ਵੀ ਇਹ ਤੱਥ ਅਕਸਰ ਲੋਕਾਂ ਤਕ ਪੁੱਜਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਹੁਣ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਤਾਜ਼ਾ ਮਿਸਾਲ ਹਰਿਆਣਾ ਦੀ ਵੱਖਰੀ ਕਮੇਟੀ ਦਾ ਮਾਮਲਾ ਹੈ। ਬਾਦਲਾਂ ਨੇ ਟਿੱਲ ਲਾ ਲਿਆ ਕਿ ਇਸ ਮੁੱਦੇ ਨੂੰ ਸਿਆਸੀ ਅਤੇ ਧਾਰਮਿਕ ਰੰਗਤ ਦਿੱਤੀ ਜਾਵੇ, ਪਰ ਲੋਕਾਂ ਨੇ ਇਸ ਮਾਮਲੇ ‘ਤੇ ਉਨ੍ਹਾਂ ਦਾ ਉਕਾ ਹੀ ਸਾਥ ਨਹੀਂ ਦਿੱਤਾ। ਇਸੇ ਕਰ ਕੇ ਹਰ ਹੀਲਾ-ਵਸੀਲਾ ਕਰਨ ਦੇ ਬਾਵਜੂਦ ਇਹ ਕਮੇਟੀ ਆਖਰਕਾਰ ਹੋਂਦ ਵਿਚ ਆ ਗਈ। ਇਸ ਨਾਲ ਇਹ ਵੀ ਸਾਬਤ ਹੋ ਗਿਆ ਕਿ ਲੋਕ ਸ਼ਕਤੀ ਵਿਚ ਕਿੰਨਾ ਦਮ ਹੁੰਦਾ ਹੈ ਅਤੇ ਇਹ ਕਹਿੰਦੇ-ਕਹਾਉਂਦਿਆਂ ਨੂੰ ਕਿਸ ਤਰ੍ਹਾਂ ਪਲਾਂ-ਛਿਣਾਂ ਵਿਚ ਔਕਾਤ ਦਿਖਾ ਦਿੰਦੇ ਹਨ।

Be the first to comment

Leave a Reply

Your email address will not be published.