ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਗੁਆਂਢੀ ਮੁਲਕ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਨੂੰ ਇਕ ਵਾਰ ਮੁੜ ਬਰੇਕ ਲੱਗ ਗਈ ਹੈ। ਇਸ ਵਾਰ ਭਾਰਤ ਨੇ ਬੇਸ਼ੱਕ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਤੋਂ ਇਨਕਾਰ ਕੀਤਾ ਹੈ, ਪਰ ਵਿਦੇਸ਼ੀ ਮਾਮਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਨਵਾਜ਼ ਸ਼ਰੀਫ ਸਰਕਾਰ ਖੁਦ ਹੀ ਭਾਰਤ ਨਾਲ ਗੱਲਬਾਤ ਕਰਨ ਦੇ ਰੌਂਅ ਵਿਚ ਨਹੀਂ ਸੀ।
ਭਾਰਤ ਨੇ ਅਗਲੇ ਹਫਤੇ ਪਾਕਿਸਤਾਨ ਨਾਲ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਹੈ ਤੇ ਗੁਆਂਢੀ ਮੁਲਕ ਨੂੰ ਬੜਾ ਸਪਸ਼ਟ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਇਹ ਕਸ਼ਮੀਰੀ ਵੱਖਵਾਦੀਆਂ ਨਾਲ ਗੱਲਬਾਤ ਕਰ ਕੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਿਹਾ ਸੀ ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਵਿਚ ਪੈਂਦੀ ਸਰਹੱਦ ‘ਤੇ ਭਾਰਤੀ ਚੌਕੀਆਂ ਵੱਲ ਪਾਕਿਸਤਾਨੀ ਸੈਨਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਵੀ ਭਾਰਤ ਨੇ ਇਕ ਕਾਰਨ ਕਰਾਰ ਦਿੱਤਾ ਹੈ। ਭਾਰਤ ਦੀ ਵਿਦੇਸ਼ ਸਕੱਤਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸਪਸ਼ਟ ਕਰ ਦਿੱਤਾ ਕਿ ਉਹ ਜਾਂ ਤਾਂ ਭਾਰਤ ਨਾਲ, ਜਾਂ ਫਿਰ ਵੱਖਵਾਦੀਆਂ ਨਾਲ ਗੱਲਬਾਤ ਕਰ ਸਕਦੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਜਾਪਦਾ ਹੈ ਕਿ ਗੁਆਂਢੀ ਮੁਲਕ ਦੀ ਫੌਜ ਵੱਲੋਂ ਦੋਵੇਂ ਮੁਲਕਾਂ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਵਿਚ ਵਿਘਨ ਪਾਇਆ ਗਿਆ ਹੈ। ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ 25 ਅਗਸਤ ਨੂੰ ਇਸਲਾਮਾਬਾਦ ਵਿਚ ਮੀਟਿੰਗ ਹੋਣੀ ਸੀ। ਦੋ ਸਾਲ ਪਹਿਲਾਂ ਹੋਈ ਸਕੱਤਰ ਪੱਧਰ ਦੀ ਗੱਲਬਾਤ ਮਗਰੋਂ ਇਹ ਸੰਵਾਦ ਸ਼ੁਰੂ ਹੋਣਾ ਸੀ। ਸਰਹੱਦ ‘ਤੇ 2014 ਦੌਰਾਨ ਹੁਣ ਤੱਕ 48 ਵਾਰ ਗੋਲੀਬੰਦੀ ਦੀ ਉਲੰਘਣਾ ਹੋ ਚੁੱਕੀ ਹੈ ਜਿਸ ਵਿਚ 8 ਅਗਸਤ ਤੋਂ ਮਗਰੋਂ 17 ਵਾਰ ਭਾਰਤੀ ਪਾਸੇ ਫਾਇਰਿੰਗ ਕੀਤੀ ਗਈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਪਾਕਿਸਤਾਨ ਫੌਜ ਦੀ ਚਾਲ ਹੈ ਕਿ ਗੱਲਬਾਤ ਦੇ ਰਾਹ ਵਿਚ ਅੜਿੱਕਾ ਪਾਇਆ ਜਾਵੇ। ਅਸਲ ਵਿਚ ਇਸ ਸਮੇਂ ਪਾਕਿਸਤਾਨ ਵਿਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਪਾਕਿਸਤਾਨ ਸਰਕਾਰ ਤੇ ਵਿਰੋਧੀ ਪਾਰਟੀਆਂ ਦਰਮਿਆਨ ਟਕਰਾਅ ਕਾਫੀ ਤੇਜ਼ ਹੋ ਗਿਆ ਹੈ। ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖ਼ਾਨ ਅਤੇ ਅੰਦੋਲਨਕਾਰੀ ਨੇਤਾ ਮੌਲਾਨਾ ਤਾਹਿਰ-ਉਲ ਕਾਦਰੀ ਨੇ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਵਿੱਢੀ ਹੋਈ ਹੈ। ਇਹ ਅੰਦੋਲਨਕਾਰੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਅਸਤੀਫਾ ਦਿਵਾ ਕੇ ਨਵੀਆਂ ਚੋਣਾਂ ਕਰਾਉਣ ਲਈ ਮੰਗ ਕਰ ਰਹੇ ਹਨ। ਇਮਰਾਨ ਖ਼ਾਨ ਨੇ ਨਵਾਜ਼ ਸ਼ਰੀਫ਼ ਦੀ ਪਾਰਟੀ ਪੀæਐਮæਐਲ਼ (ਐਨ) ਉੱਤੇ 2013 ਦੀਆਂ ਚੋਣਾਂ ਵਿਚ ਧਾਂਦਲੀ ਕਰਨ ਦਾ ਦੋਸ਼ ਲਾਇਆ ਤੇ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
Leave a Reply