ਗੁਰਦਿਆਲ ਸਿੰਘ ਬੱਲ
ਗੁਰਮੀਤ ਸਿੰਘ ਉਰਫ ਪਿੰਕੀ ਕੈਟ ਪੰਜਾਬ ਅੰਦਰ ਖਾੜਕੂ ਲਹਿਰ ਦੌਰਾਨ ਬਦਨਾਮ ਭੂਮਿਕਾ ਕਾਰਨ ਪਿਛਲੇ ਕਈ ਸਾਲਾਂ ਤੋਂ ਵਾਰ-ਵਾਰ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਅਤੇ ਅੱਜ ਕੱਲ੍ਹ ਪੰਜਾਬ ਦੀ ਅਕਾਲੀ ਸਰਕਾਰ ਦੀ ਸਿਫਾਰਸ਼ ‘ਤੇ ਕੋਰਟ ਵਲੋਂ ਲੁਧਿਆਣਾ ਕਤਲ ਕੇਸ ਵਿਚ ਉਸ ਦੀ ਰਹਿੰਦੀ ਜੇਲ੍ਹ ਸਜ਼ਾ ਮੁਆਫ ਕਰ ਦੇਣ ਕਾਰਨ ਉਸ ਦਾ ਨਾਂ ਇਕ ਵਾਰ ਮੁੜ ਅਖਬਾਰਾਂ ਦੀਆਂ ਸੁਰਖੀਆਂ ਵਿਚ ਆਇਆ ਹੋਇਆ ਹੈ। ਵੈਨਕੂਵਰ ਸ਼ਹਿਰ ਵਿਚ ਵਸੇ ਹੋਏ ਉਸ ਦੇ ਇਕ ਜਾਣਕਾਰ ਸੱਜਣ ਦਾ ਕਹਿਣਾ ਹੈ ਕਿ ਪਿੰਕੀ ਕੋਈ ਜਮਾਂਦਰੂ ਕੈਟ ਜਾਂ ‘ਰਾਖਸ਼’ ਨਹੀਂ ਹੈ ਬਲਕਿ ਉਹ ਵੀ ਆਮ ਬੰਦਿਆਂ ਵਰਗਾ ਹੀ ਬੰਦਾ ਹੈ; ਆਮ ਬੰਦਿਆਂ ਵਾਲੇ ਹੀ ਸਾਰੇ ਗੁਣ ਜਾਂ ਔਗੁਣ ਉਸ ਵਿਚ ਵੀ ਹਨ, ਪਰ ਆਮ ਲੋਕਾਂ ਨੂੰ ਖਾੜਕੂ ਲਹਿਰ ਦੇ ਸਮੇਂ ਦੇ ਪੁਲਿਸ ਕਲਚਰ ਵਿਰੁਧ ਅਜੇ ਤਕ ਵੀ ਗੁਸਾ ਇਤਨਾ ਜ਼ਿਆਦਾ ਹੈ ਕਿ ਅਜਿਹੇ ਬਿਆਨ ਨਾਲ ਸਹਿਮਤ ਹੋਣਾ ਤਾਂ ਪਾਸੇ ਕੋਈ ਇਕ ਜਾਣਾ ਅਜਿਹੀ ਦਲੀਲ ਸੁਣਨ ਤਕ ਨੂੰ ਵੀ ਤਿਆਰ ਨਹੀਂ ਹੈ।
ਸਾਕਾ ਨੀਲਾ ਤਾਰਾ ਵਾਪਰਨ ਸਮੇਂ ਪਿੰਕੀ ਪਟਿਆਲਾ ਸ਼ਹਿਰ ਵਿਚ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ। ਉਸ ਦੀ ਉਮਰ ਦੇ ਹੋਰ ਅਨੇਕਾਂ ਨੌਜਵਾਨਾਂ ਵਾਂਗ ਉਸ ਘਟਨਾ ਦਾ ਉਸ ਦੇ ਮਨ ਤੇ ਵੀ ਅਸਰ ਪਿਆ ਅਤੇ ਉਹ ਵੀ ਘਰੋਂ ਨਿਕਲ ਗਿਆ। ਅਗੇ ਜਾ ਕੇ ਮੁੰਡਿਆਂ ਦਾ ਕਿਸੇ ਗੱਲੋਂ ਆਪਸ ਵਿਚ ਰਫੜ ਪੈ ਗਿਆ। ਪਿੰਕੀ ਦੇ ਸਾਥੀਆਂ ਨੇ ਉਸ ਨੂੰ ਬਿਲੇ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਕੇ ਨਿਕਲ ਗਿਆ। ਇਹ ਉਹ ਦੌਰ ਸੀ ਜਦੋਂ ਇਜ਼ਹਾਰ ਆਲਮ ਅਤੇ ਉਨ੍ਹਾਂ ਵਰਗੇ ਕੁਝ ਹੋਰ ‘ਉਤਸ਼ਾਹੀ’ ਪੁਲਿਸ ਅਫਸਰਾਂ ਦੀ ਪਹਿਲ ਕਦਮੀ ਤੇ ਖਾੜਕੂਆਂ ਦੀਆਂ ਗੁਰੀਲਾ ਗਤੀਵਿਧੀਆਂ ਦਾ ਟਾਕਰਾ ਕਰਨ ਲਈ ਅਜੇ ਨਵੀਆਂ ਨਵੀਆਂ ਹੀ ‘ਕਾਲੀਆਂ ਬਿੱਲੀਆਂ’ ਦੇ ਦਸਤੇ ਬਣਨ ਲਗੇ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਕਾਲੀਆਂ ਬਿੱਲੀਆਂ’ ਦਾ ਕਮਾਂਡਰ ਸੰਤੋਖ ਕਾਲਾ ਸੀ, ਗੁਰਦਾਸਪੁਰ ਜ਼ਿਲ੍ਹੇ ਵਿਚ ਗੋਬਿੰਦ ਰਾਮ ਨੇ ਇਹ ਜ਼ਿੰਮੇਵਾਰੀ ਲੱਖੇ ਮਰੂਤੀ ਨੂੰ ਸੌਂਪ ਦਿਤੀ; ਚੰਡੀਗੜ੍ਹ ਅਤੇ ਪਟਿਆਲਾ ਵਿਚ, ਤਰਨ ਤਾਰਨ ਜ਼ਿਲੇ ਵਿਚ ਪੱਖੋ ਕਿਆਂ ਦੇ ਦਲਬੀਰ ਨੂੰ ਅਤੇ ਲੁਧਿਆਣਾ ਜਿਲੇ ਵਿਚ ‘ਕੈਟ ਰਜਮੈਂਟ’ ਦਾ ਕਮਾਂਡਰ ਗੁਰਮੀਤ ਨੂੰ ਬਣਾ ਦਿਤਾ ਗਿਆ। ਉਨ੍ਹੀਂ ਦਿਨੀ, ਝੂਠ ਜਾਂ ਸੱਚ, ਇਹ ਗੱਲਾਂ ਆਮ ਚਰਚਾ ਵਿਚ ਸਨ ਕਿ ਸੰਤੋਖ ਕਾਲੇ ਨੂੰ ਇਜ਼ਹਾਰ ਆਲਮ ਨੇ, ਲੱਖੇ ਮਰੂਤੀ ਨੂੰ ਗੋਬਿੰਦ ਰਾਮ ਨੇ, ਗੁਰਮੀਤ ਪਿੰਕੀ ਨੂੰ ਸੁਮੇਧ ਸੈਣੀ ਨੇ ਅਤੇ ਪੱਖੋ ਕਿਆਂ ਵਾਲੇ ਦਲਬੀਰ ਨੁੰ ਖੁਦ ਪੁਲਿਸ ਮੁਖੀ ਰਿਬੈਰੋ ਨੇ ਆਪਣੇ ‘ਪੁੱਤਰ’ ਬਣਾਇਆ ਹੋਇਆ ਸੀ।
ਪੁਲਿਸ ਅਫਸਰ ਤਾਂ ਸਖਤ ਪਹਿਰੇ ਅੰਦਰ ਆਲੀਸ਼ਾਨ ਕੋਠੀਆਂ ‘ਚ ਅਨੰਦ ਲੈਂਦੇ ਸਨ। ਖਾੜਕੂਆਂ ਵਿਰੁਧ ਫੀਲਡ ਵਿਚ ਹੱਥੋ ਹੱਥ ਲੜਾਈ ਕਾਲੀਆਂ ਬੋਲੀਆਂ ਰਾਤਾਂ ਵਿਚ ‘ਗੁਪਤ ਰਜਮੈਂਟਾਂ’ ਦੇ ਇਨ੍ਹਾਂ ‘ਕਮਾਂਡਰਾਂ’ ਵਲੋਂ ਹੀ ਲੜੀ ਗਈ ਸੀ। ਆਮ ਲੋਕਾਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਖਾਹ-ਮਖਾਹ ਹੀ ਬਣੀ ਹੋਈ ਸੀ।
ਇਨ੍ਹਾਂ ਕੈਟ ਕਮਾਂਡਰਾਂ ਵਿਚੋਂ ਸਭ ਤੋਂ ਪਹਿਲਾਂ ਦਲਬੀਰੇ ਕੈਟ ਦੀ ਚਰਚਾ ਉਸ ਸਮੇਂ ਹੋਈ ਜਦੋਂ ਉਹ ਚੰਡੀਗੜ੍ਹ ਵਿਖੇ ਦਿਨ-ਦਿਹਾੜੇ ਕੇæਸੀæ ਸ਼ਰਮਾ ਉਰਫ ਸੁਰਿੰਦਰ ਸਿੰਘ ਛਿੰਦਾ ਨਾਂ ਦੇ ਚੋਟੀ ਦੇ ਖਾੜਕੂ ਨੂੰ ਮਾਰ ਕੇ ਪੁਲਿਸ ਨੁੰ ਝਕਾਨੀ ਦੇਣ ਲਈ 16 ਸੈਕਟਰ, ਰਿਬੈਰੋ ਦੀ ਕੋਠੀ ਵਿਚ ਜਾ ਵੜਿਆ ਸੀ। ਉਹ ਅਲੋਕਾਰੀ ਘਟਨਾ ਕਈ ਦਿਨ ਅਖਬਾਰਾਂ ਅੰਦਰ ਦੰਤ ਕਥਾ ਬਣੀ ਰਹੀ ਸੀ। ਫਿਰ ਕੁਝ ਸਮਾਂ ਪਿਛੋਂ ਪਟਿਆਲਾ ਜ਼ਿਲ੍ਹੇ ਦੇ ਪੁਲਿਸ ਮੁਖੀ ਸੀਤਲ ਦਾਸ ਨਾਲ ਪੁਛੋੜਿਕੀ ਵਿਚ ਕਿਸੇ ਗੱਲੋਂ ਬੋਲ-ਬੁਲਾਰਾ ਹੋ ਜਾਣ ਦੌਰਾਨ ਉਹਨੇ ਸੀਤਲ ਦਾਸ ਨੂੰ ਗੋਲੀ ਮਾਰ ਦਿਤੀ ਅਤੇ ਆਪ ਵੀ ਉਥੇ ਹੀ ਮਾਰਿਆ ਗਿਆ। ਸੀਤਲ ਦਾਸ ਖੁਦ ਵੀ ਰਿਬੈਰੋ ਦਾ ਖਾਸ ਚਹੇਤਾ ਸੀ। ਬੜਾ ਹੋ-ਹੱਲਾ ਮਚਿਆ ਸੀ। ਮਾਨੋ ਰਿਬੈਰੋ ਦੇ ਦੋ ‘ਪੁੱਤਰ’ ਇਕੱਠੇ ਹੀ ਮਾਰੇ ਗਏ ਸਨ। ਸੀਤਲ ਦਾਸ ਦੇ ਕਈ ਸਾਹਿਤਕ ਮਿੱਤਰ ਤਾਂ ਇਹ ਵੀ ਦੱਸਦੇ ਸਨ ਕਿ ਝਗੜੇ ਤੋਂ ਪਹਿਲਾਂ ਉਨ੍ਹਾਂ ਦਾ ਆਪਸ ਵਿਚ ਭਰਾਵਾਂ ਵਾਲਾ ਪਿਆਰ ਸੀ। ਉਸੇ ਤਰ੍ਹਾਂ ਜਿਵੇਂ ਪਿਛੋਂ ਇਸ ਤਰ੍ਹਾਂ ਦੀ ਚਰਚਾ ਹੁੰਦੀ ਰਹੀ ਸੀ ਕਿ ਸਮੇਧ ਸੈਣੀ ਨੇ ਵੀ ਇਕ ਹੋਰ ਉੱਘੇ ‘ਕੈਟ’ ਬਾਬਾ ਅਜੀਤ ਸਿੰਘ ਪੂਹਲਾ ਨਾਲ ‘ਪੱਗ ਵਟਾਈ’ ਹੋਈ ਸੀ।
ਦਲਬੀਰ ਦੇ ਮਾਰੇ ਜਾਣ ਪਿਛੋਂ ਸੰਤੋਖ ਕਾਲੇ ਦਾ ਨਾਂ ਸਭ ਤੋਂ ਵੱਧ ਚਰਚਾ ਵਿਚ ਸੀ ਪਰ ਇਜ਼ਹਾਰ ਆਲਮ ਦੇ ਅੰਮ੍ਰਿਤਸਰ ਤੋਂ ਸ਼ਿਫਟ ਹੋ ਜਾਣ ਪਿਛੋਂ ਸੰਤੋਖੇ ਦੀ ‘ਕੈਟ ਰਜਮੈਂਟ’ ਭੰਗ ਕਰ ਦਿਤੀ ਗਈ। ਉਹ ਪ੍ਰੇਸ਼ਾਨ ਸੀ ਅਤੇ ਉਸ ਦੀ ਇਸੇ ਪ੍ਰੇਸ਼ਾਨੀ ਦਾ ਲਾਹਾ ਲੈਂਦਿਆਂ ਉਸ ਦੇ ਸ਼ੁਰੂਆਤੀ ਖਾੜਕੂ ਦਿਨਾਂ ਦਾ ਸਾਥੀ ਭੁਪਿੰਦਰ ਸਿੰਘ ਤੋਤੀ ਉਸ ਦੇ ਨੇੜੇ ਲਗਣ ਵਿਚ ਸਫਲ ਹੋ ਗਿਆ।æææ ਤੇ ਫਿਰ ਇਕ ਦਿਨ ਉਹਨੇ ਸੰਤੋਖ ਦੇ ਘਰੇ ਬੈਠਿਆਂ ਉਸ ਦੀ ਮਾਂ ਅਤੇ ਭੈਣ ਦੇ ਸਾਹਮਣੇ, ਉਸੇ ਦੀ ਏæਕੇæ ਸੰਤਾਲੀ ਨਾਲ ਹੀ ਉਸ ਦਾ ਕੰਮ ਤਮਾਮ ਕਰ ਦਿਤਾ। ਪਿਛੋਂ ਸੰਤੋਖੇ ਦੀ ਹੱਤਿਆ ਦੀ ਜ਼ਿੰਮੇਵਾਰੀ ‘ਦਸਮੇਸ਼ ਰਜਮੈਂਟ’ ਵਲੋਂ ਲਈ ਗਈ ਸੀ। ਭੁਪਿੰਦਰ ਸਿੰਘ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਅਤੇ ‘ਦਸਮੇਸ਼ ਰਜਮੈਂਟ’ ਦੇ ‘ਜਨਰਲ’ ਹਰਮਿੰਦਰ ਸਿੰਘ ਸੰਧੂ ਦਾ ਚਹੇਤਾ ਅਜ਼ੀਜ਼ ਹੀ ਤਾਂ ਸੀ। ਦਲਬੀਰ ਅਤੇ ਸੰਤੋਖ ਤੋਂ ਬਾਅਦ ਵਾਰੀ ਲੱਖੇ ਮਰੂਤੀ ਦੀ ਸੀ। ਖਾੜਕੂ ਲਹਿਰ ਵਿਰੁਧ ਪੂਰਾ ਕੰਮ ਦੇ ਦੇਣ ਪਿਛੋਂ ਉਸ ਦੀ ਕਿਸੇ ਨੂੰ ਲੋੜ ਨਹੀਂ ਸੀ। ਦਿਸ਼ਾ ਵਿਹੂਣਾ ਉਹ ਹੋ ਹੀ ਚੁੱਕਾ ਸੀ। ਕਹਿੰਦੇ ਹਨ ਕਿ ਪੁਲਿਸ ਵਾਲੇ ਵੀ ਜਲਦੀ ਹੀ ਉਸ ਤੋਂ ਅੱਕ ਗਏ ਅਤੇ ਉਨ੍ਹਾਂ ਨੇ ਖੁਦ ਹੀ ਉਸ ਨੂੰ ਕੋਹ-ਕੋਹ ਕੇ ‘ਹਲਾਲ’ ਕਰ ਦਿਤਾ। ਉਸ ਦੀ ਮੌਤ ਬੜੀ ਹੀ ਭਿਆਨਕ ਸੀ। ਪੰਜਾਬੀ ਦੇ ਉੱਘੇ ਕਹਾਣੀਕਾਰ ਮਨਿੰਦਰ ਕਾਂਗ ਨੇ ‘ਭਾਰ’ ਨਾਂ ਦੀ ਚਰਚਿਤ ਕਹਾਣੀ ਲੱਖੇ ਮਰੂਤੀ ਬਾਰੇ ਹੀ ਲਿਖੀ ਸੀ। ‘ਪੰਜਾਬ ਟਾਈਮਜ’ ਦੇ ਪਾਠਕਾਂ ਨੇ ਇਹ ਕਹਾਣੀ ਪੜ੍ਹੀ ਵੀ ਹੋਈ ਹੈ।
ਇਨ੍ਹਾਂ ‘ਕੈਟ ਕਮਾਂਡਰਾਂ’ ਵਿਚੋਂ ਸ੍ਰੀ ਸੁਮੇਧ ਸੈਣੀ ਅਤੇ ਰਾਜ ਕਿਸ਼ਨ ਬੇਦੀ ਦੇ ਕਥਿਤ ਥਾਪੜੇ ਸਦਕਾ ਇਕੱਲਾ ਗੁਰਮੀਤ ਪਿੰਕੀ ਹੀ ਆਪਣੇ ਹੋਰ ‘ਭਰਾਵਾਂ’ ਦੀ ਹੋਣੀ ਨੂੰ ਡਾਜ ਮਾਰ ਸਕਣ ਵਿਚ ਸਫਲ ਹੋਇਆ ਸੀ। ਉਹ ਕੈਟਾਂ ਵਿਚੋਂ ਨਿਕਲ ਕੇ ਪੁਲਿਸ ਦੀ ਪੱਕੀ ਨੌਕਰੀ ਵਿਚ ਆਇਆ ਅਤੇ ਪੁਲਿਸ ਇੰਸਪੈਕਟਰ ਬਣ ਗਿਆ। ਸਭ ਪਾਸੇ ਠੰਢ-ਠੰਢੋਲਾ ਹੋ ਚੁੱਕਿਆ ਸੀ। ਲੋਕਾਂ ਨੂੰ ਸ਼ਾਇਦ ਭੁੱਲ ਵੀ ਗਿਆ ਹੋਵੇ। ਪੂਰੇ 17 ਸਾਲ ਗਰਦਿਸ਼ ‘ਚ ਰਹਿਣ ਪਿੱਛੋਂ ਸਰਦਾਰ ਬਾਦਲ ਦੇ ਸਿਤਾਰੇ ਮੁੜ ਚਮਕੇ ਅਤੇ ਸਾਲ 1997 ‘ਚ ਪੂਰੇ 16-17 ਸਾਲ ਪਹਿਲਾਂ ਉਹ ਮੁਖ ਮੰਤਰੀ ਦੀ ਕੁਰਸੀ ‘ਤੇ ਵੀ ਬਿਰਾਜ ਗਏ। ਪੰਜਾਬ ਵਿਚ ‘ਸ਼ਾਂਤੀ ਬਹਾਲ’ ਹੋ ਚੁਕੀ ਸੀ। ਗੁਰਮੀਤ ਸਿੰਘ ਉਰਫ ਪਿੰਕੀ ਕੈਟ ਦੀ ਜ਼ਿੰਦਗੀ ਵੀ ਸ਼ਾਂਤ ਸੀ, ਪਰ ਹੋਣੀ ਬੜੀ ਬਲਵਾਨ ਸੀ। ਇਕ ਦਿਨ ਸ਼ਾਮ ਸਮੇਂ ਗੁਰਮੀਤ ਪਿੰਕੀ ਬਾਡੀ ਗਾਰਡਾਂ ਨਾਲ ਕਿਧਰੇ ਜਾ ਰਿਹਾ ਸੀ ਕਿ ਜਾਂਦਿਆਂ-ਜਾਂਦਿਆਂ ਆਪਣੇ ਕਿਸੇ ਸੱਜਣ ਨੂੰ ਮਿਲਣ ਲਈ ਰੁਕ ਗਿਆ। ਘਰ ਦੇ ਦਰਵਾਜ਼ੇ ਅੱਗੇ ਸੜਕ ਤੰਗ ਸੀ ਅਤੇ ਰੇਤ ਬਜਰੀ ਵਗੈਰਾ ਦਾ ਢੇਰ ਲਗਿਆ ਹੋਇਆ ਸੀ। ਬਾਡੀ ਗਾਰਡਾਂ ਦਾ ਕਿਸੇ ਰਾਹਗੀਰ ਪਿਉ ਪੁੱਤਰ ਨਾਲ ਲਾਂਘਾ ਛੱਡਣ ਦੀ ਮਮੂਲੀ ਗੱਲ ਤੋਂ ਝਗੜਾ ਹੋ ਗਿਆ। ਨੌਬਤ ਗੋਲੀ ਚੱਲਣ ਤਕ ਅਪੜ ਗਈ। ਸੁਣਿਆ, ਪਿੰਕੀ ਆਪਣੇ ਮਿੱਤਰ ਨਾਲ ਗੱਲਾਂ ਵਿਚ ਗਲਤਾਨ ਸੀ। ਉਸ ਨੂੰ ਸ਼ਾਇਦ ਚਿਤ-ਚੇਤਾ ਵੀ ਨਹੀਂ ਸੀ ਕਿ ‘ਹੋਣੀ’ ਉਸ ਨੂੰ ਕਿਵੇਂ ਘੇਰਾ ਪਾਉਣ ਜਾ ਰਹੀ ਸੀ। ਦੁਰਘਟਨਾ ਵਾਪਰ ਗਈ। ਰਾਹਗੀਰ ਨੌਜਵਾਨ ਨਿਹੱਕਾ ਮਾਰਿਆ ਗਿਆ। ਘਟਨਾ ਜਿਵੇਂ ਹੋਈ ਸੀ, ਸਬੰਧਤ ਥਾਣੇ ਵਿਚ ਐਫ਼ਆਈæਆਰæ ਉਵੇਂ ਹੀ ਲਿਖੀ ਗਈ, ਪਰ ਕਾਲ ਚੱਕਰ ਉਸ ਸਮੇਂ ਤੱਕ ਘੁੰਮ ਚੁਕਿਆ ਹੋਇਆ ਸੀ। ਲੁਧਿਆਣਾ ਬੜਾ ਦਿਲਚਸਪ ਸ਼ਹਿਰ ਹੈ। ਕੁਝ ਦਿਨ ਬਾਅਦ ਹਰ ਜਣਾ-ਖਣਾ ਹੀ ਦਸੀ ਜਾ ਰਿਹਾ ਸੀ ਕਿ ਮੌਕੇ ਦੇ ਪਿੰਕੀ-ਸੁਮੇਧ ਧੜੇ ਦੇ ਵਿਰੋਧੀ ਕਿਸੇ ਉਚ ਪੁਲਿਸ ਅਧਿਕਾਰੀ ਨੇ ਕਿਵੇਂ ਗਾਲ੍ਹਾਂ ਦੇ ਕੇ ਪਹਿਲੀ ਐਫ਼ਆਰæਆਈæ ਪੜਵਾਈ ਅਤੇ ਨਵੇਂ ਸਿਰਿਓਂ ਲਿਖਵਾਈ ਤਾਂ ਕਿ ਪਿੰਕੀ ਕਿਸੇ ਕੰਨੀਓਂ ਵੀ ਬਚ ਕੇ ਬਾਹਰ ਨਿਕਲ ਨਾ ਸਕੇ। ਇਸ ਦੇ ਬਾਵਜੂਦ ਪਿੰਕੀ ਦੇ ਹੋਣੀ ਦੇ ਫੰਧੇ ਵਿਚੋਂ ਨਿਕਲਣ ਦੇ ਇਮਕਾਨ ਵਾਰ-ਵਾਰ ਬਣਦੇ ਰਹੇ, ਪਰ ਉਸ ਦੇ ‘ਭੂਤ’ ਨੇ ਉਸ ਦਾ ਪਿੱਛਾ ਨਾ ਛੱਡਿਆ। ਐਤਕੀਂ ਉਹ ਪਿੰਜਰੇ ‘ਚੋਂ ਨਿਕਲ ਤਾਂ ਗਿਆ ਹੈ ਪਰ ਅਜੇ ਵੇਖੋ ਅੱਗਿਉਂ ਹੋਣੀ ਕੀ ਕਰਵਟ ਲੈਂਦੀ ਹੈ। ਅਸਲ ਵਿਚ ਗੁਰਮੀਤ ਪਿੰਕੀ ਦੀ ਕਹਾਣੀ ਬੜੀ ਟੇਢੀ ਹੈ। ਅਖਬਾਰੀ ਰਿਪੋਰਟ ਰਾਹੀਂ ਇਹ ਸੁਣਾਈ ਜਾ ਨਹੀਂ ਸਕਦੀ। ਇਹ ਤਾਂ ਮਨਿੰਦਰ ਕਾਂਗ ਵਰਗਾ ਕੋਈ ਸਮਰੱਥ ਕਥਾਕਾਰ ਹੀ ਸੁਣਾ ਸਕਦਾ ਹੈ। ਪੰਜਾਬ ਦੇ ਹਾਲੀਆ ਇਤਿਹਾਸ ਦੇ ਇਨ੍ਹਾਂ ਖਲਨਾਇਕਾਂ ਦੀ ਕਹਾਣੀ ਦਾ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਆਖਰ ਤਰਨ ਤਾਰਨ ਤੇ ਬਟਾਲਾ ਸ਼ਹਿਰਾਂ ਦੇ ਬਥੇਰੇ ਲੋਕ ਦਲਬੀਰ ਅਤੇ ਲੱਖੇ ਮਰੂਤੀ ਨੂੰ ਅੱਜ ਤੱਕ ਵੀ ਯਾਦ ਕਰਦੇ ਹਨ ਅਤੇ ਕਈਆਂ ਦਾ ਕਹਿਣਾ ਹੈ ਕਿ ਦਲਬੀਰੇ ਨਾਲ ਜੋ ਕੋਈ ਘੜੀ ਪਲ ਦਾ ਸਮਾਂ ਗੁਜ਼ਾਰ ਗਿਆ, ਉਹ ਉਸ ਨੂੰ ਫਿਰ ਕਦੀ ਭੁਲਿਆ ਨਹੀਂ ਸੀ। ਦੂਜੇ ਪਾਸੇ ਕੇæਸੀæ ਸ਼ਰਮਾ, ਖਾੜਕੂ ਲਹਿਰ ਦੇ ਨਾਇਕ ਹਰਜਿੰਦਰ ਸਿੰਘ ਜਿੰਦਾ ਦੀ ਸੱਜੀ ਬਾਂਹ ਸੀ। ਨਵੀਂ ਦਿੱਲੀ ਵਿਚ ਲਲਿਤ ਮਾਕਨ ਅਤੇ ਅਰਜਣ ਦਾਸ ਵਰਗੇ ਲੋਕਾਂ ਦੇ ਹੱਤਿਆ ਕਾਂਡਾਂ ਵਿਚ ਜਿੰਦੇ ਨਾਲ ਮੁੱਖ ਭੂਮਿਕਾ ਉਸੇ ਵਲੋਂ ਹੀ ਨਿਭਾਈ ਗਈ ਸੀ, ਪਰ ਕੇæਸੀæ ਸ਼ਰਮਾ ਇਕ-ਦੂਜੇ ਨਾਲ ਰਾਹ ਕਟ ਜਾਣ ਤੋਂ ਪਹਿਲਾਂ ਦਲਬੀਰ ਦਾ ਅਜ਼ੀਜ਼ ਹੀ ਤਾਂ ਸੀ ਅਤੇ ਕੋਟ ਮਹਿਮਦ ਖਾਨ ਅਤੇ ਪੱਖੋ ਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਯਰਾਨੇ ਦੀਆਂ ਕਹਾਣੀਆਂ ਅੱਜ ਵੀ ਯਾਦ ਹਨ।æææ ਤੇ ਸਥਿਤੀ ਦਾ ਤਰਾਸਦਿਕ ਵਿਅੰਗ ਵੇਖੋ ਕਿ ਉਨ੍ਹੀਂ ਦਿਨੀਂ ਕੇæਸੀæ ਸ਼ਰਮਾ ਦੀ ਮੌਤ ਦਾ ਬਦਲਾ ਲੈਣ ਲਈ ਉਸ ਦੇ ਸਮਰਥਕਾਂ ਨੇ ਦਲਬੀਰ ਦੇ ਬਜ਼ੁਰਗ ਬਾਪ ਨੂੰ ਘਰੋਂ ਉਠਾ ਕੇ ਬਾਹਰ ਰੂੜੀਆਂ ਤੇ ਲਿਆਂਦਾ ਅਤੇ ਗੋਲੀਆਂ ਮਾਰ ਕੇ ਮਾਰ ਦਿਤਾ। ਕੁਝ ਹੀ ਸਮੇਂ ਬਾਅਦ ਇਹੋ ਭਾਣਾ ‘ਪੁਲਿਸ ਕੈਟਾਂ’ ਨੇ ਵਰਤਾਇਆ। ਉਨ੍ਹਾਂ ਵਲੋਂ ਵੀ ਕੇæਸੀæ ਸ਼ਰਮਾ ਦੇ ਬਜ਼ੁਰਗ ਪਿਤਾ ਨੂੰ ਉਸੇ ਤਰ੍ਹਾਂ ਸੁੱਤੇ ਪਿਆਂ ਨੂੰ ਘਰੋਂ ਉਠਾ ਕੇ ਬਾਹਰ ਲਿਜਾ ਕੇ ਗੋਲੀਆਂ ਮਾਰ ਦਿਤੀਆਂ ਗਈਆਂ। ਦੋਵੇਂ ਬਜ਼ੁਰਗ ਸ਼ਾਨਾਮੱਤੇ ਮਝੈਲ ਸਨ ਤੇ ਦੋਵਾਂ ਪਿੰਡਾਂ ਦੇ ਲੋਕ ਇਹ ਗੱਲ ਅੱਜ ਵੀ ਤਸਦੀਕੀ ਅੰਦਾਜ਼ ਨਾਲ ਕਹਿੰਦੇ ਸੁਣੇ ਜਾ ਸਕਦੇ ਸਨ।
Leave a Reply