ਬੂਟਾ ਸਿੰਘ
ਫੋਨ: 91-94634-74342
ਗਾਜ਼ਾ ਉਪਰ ਇਸਰਾਇਲ ਦੇ ਕਬਜ਼ੇ ਅਤੇ ਨਾਜਾਇਜ਼ ਹਮਲਿਆਂ ਦਾ ਵਿਰੋਧ ਕਰਦੇ ਸਮੇਂ ਇਸ ਪਹਿਲੂ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਕਿ ਇਸ ਵਿਚ ਸਾਮਰਾਜਵਾਦੀਆਂ, ਖ਼ਾਸ ਕਰ ਕੇ ਅਮਰੀਕੀ ਸਾਮਰਾਜਵਾਦੀਆਂ ਦਾ ਕਿੰਨਾ ਵੱਡਾ ਹੱਥ ਹੈ। ਉਪਰੋਂ ਦੇਖਿਆਂ ਇਉਂ ਲੱਗਦਾ ਹੈ ਕਿ ਅਮਰੀਕਾ ਇਸਰਾਇਲ ਦੀ ਜ਼ਿੱਦ ਅੱਗੇ ਬੇਵੱਸ ਹੈ। ਸੱਚਾਈ ਇਹ ਹੈ ਕਿ ਅਮਰੀਕਾ ਅਤੇ ਇਸ ਦੇ ਪਿਛਲੱਗ ਬਰਤਾਨੀਆ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮਦਦ- ਹਥਿਆਰ ਅਤੇ ਜਾਸੂਸੀ ਤਕਨਾਲੋਜੀ ਤੇ ਸੂਚਨਾ, ਇਸਰਾਇਲੀ ਹਮਲਿਆਂ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਅਮਰੀਕਾ ਹੀ ਹੈ ਜੋ ਇਸਰਾਇਲੀ ਜੰਗੀ ਮਸ਼ੀਨ ਨੂੰ ਹਥਿਆਰਾਂ ਦੀ ਤੋਟ ਨਹੀਂ ਆਉਣ ਦਿੰਦਾ। ਬਕੌਲ ਨੋਮ ਚੌਮਸਕੀ, “ਅਮਰੀਕਾ ਇਨ੍ਹਾਂ ਜ਼ੁਲਮਾਂ ਲਈ ਅਹਿਮ, ਫ਼ੈਸਲਾਕੁਨ ਮਦਦ ਦੇ ਰਿਹਾ ਹੈ।æææਪਾਇਲਟ ਤਾਂ ਇਸਰਾਇਲੀ ਹਨ ਪਰ ਜਿਨ੍ਹਾਂ ਜੈੱਟ ਜਹਾਜ਼ਾਂ ਤੋਂ ਬੰਬਾਰੀ ਕੀਤੀ ਜਾਂਦੀ ਹੈ, ਉਹ ਅਮਰੀਕਾ ਦੇ ਦਿੱਤੇ ਹੋਏ ਹਨ।” ਅਮਰੀਕੀ ਜਾਸੂਸੀ ਤਾਣੇ-ਬਾਣੇ ਦਾ ਭਾਂਡਾ ਭੰਨਣ ਵਾਲੇ ਐਡਵਰਡ ਸਨੋਡਨ ਵਲੋਂ ਨਸ਼ਰ ਕੀਤੇ ਦਸਤਾਵੇਜ਼ ਅਮਰੀਕਾ ਤੇ ਇਸ ਦੇ ਜੋਟੀਦਾਰਾਂ ਦੀ ਇਸਰਾਇਲੀ ਹਮਲਿਆਂ ‘ਚ ਭੂਮਿਕਾ ਦਾ ਪ੍ਰਮਾਣਿਕ ਸਬੂਤ ਪੇਸ਼ ਕਰਦੇ ਹਨ।
ਅਮਰੀਕੀ ਨੈਸ਼ਨਲ ਸਕਿਉਰਿਟੀ ਏਜੰਸੀ ਵਲੋਂ ਇਸਰਾਇਲੀ ਖੁਫ਼ੀਆ ਏਜੰਸੀ ਆਈæਐਸ਼ਐਨæਯੂ (ਇਸਰਾਇਲੀ ਸਿਗਨਲ ਇੰਟੈਲੀਜੈਂਸ ਨੈਸ਼ਨਲ ਯੂਨਿਟ) ਉਰਫ਼ ਯੂਨਿਟ-8200 ਨੂੰ ਜਾਸੂਸੀ ਜਾਣਕਾਰੀ ਮੁਹੱਈਆ ਕਰਾਉਣ ‘ਚ ਪਿਛਲੇ ਦਹਾਕੇ ਵਿਚ ਚੋਖਾ ਵਾਧਾ ਹੋਇਆ ਹੈ। ਇਸ ਵਿਚ ਫ਼ਲਸਤੀਨੀਆਂ ਦੀ ਜਾਸੂਸੀ ਕਰਨਾ ਤੇ ਉਨ੍ਹਾਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਜਾਣਕਾਰੀ ਮੁਹੱਈਆ ਕਰਨਾ ਵੀ ਸ਼ਾਮਲ ਹੈ। ਕਈ ਮਾਮਲਿਆਂ ਵਿਚ ਤਾਂ ਬਰਤਾਨਵੀ ਅਤੇ ਕੈਨੇਡੀਅਨ ਜਾਸੂਸੀ ਏਜੰਸੀਆਂ ਜੀæਸੀæਐਚæਕਿਊæ ਅਤੇ ਸੀæਐਸ਼ਈæਸੀæ ਵੀ ਸ਼ਾਮਲ ਹਨ।
ਇਕ ਮਿਸਾਲ ਐਸੀ ਹੈ ਜਦੋਂ ਇਸਰਾਇਲੀ ਜਾਸੂਸੀ ਏਜੰਸੀ ਨੂੰ ਅਮਰੀਕਾ ਵਲੋਂ ਵੱਡੀ ਮਾਤਰਾ ਵਿਚ ਗੁਪਤ ਫੰਡ ਵੀ ਮੁਹੱਈਆ ਕਰਵਾਏ ਗਏ। ਅਮਰੀਕੀ ਤੇ ਬਰਤਾਨਵੀ ਜਾਸੂਸੀ ਏਜੰਸੀਆਂ ਅਮਰੀਕਾ ਦੀਆਂ ਹਮਾਇਤੀ ਅਰਬ ਹਕੂਮਤਾਂ ਅਤੇ ਖ਼ੁਦ ਫ਼ਲਸਤੀਨੀ ਅਥਾਰਟੀ ਸੁਰੱਖਿਆ ਤਾਕਤਾਂ ਰਾਹੀਂ ਫ਼ਲਸਤੀਨੀ ਨਿਸ਼ਾਨਿਆਂ ਬਾਰੇ ਅਹਿਮ ਖੁਫ਼ੀਆ ਜਾਣਕਾਰੀ ਇਸਰਾਇਲ ਜੰਗੀ ਮਸ਼ੀਨ ਨੂੰ ਮੁਹੱਈਆ ਕਰਵਾ ਰਹੀਆਂ ਹਨ।
ਹਮਲੇ ਭਾਵੇਂ 2008 ਦੇ ਅਖ਼ੀਰ ‘ਚ ਕੀਤੇ, ਤੇ ਭਾਵੇਂ 2012 ਦੀ ਪੱਤਝੜ ਵੇਲੇ, ਜਾਂ ਪਿਛਲੇ ਮਹੀਨੇ ਤੋਂ ਸ਼ੁਰੂ ਹੋਏ, ਹਰ ਵਾਰ ਜਦੋਂ ਵੀ ਇਸਰਾਇਲ ਗਾਜ਼ਾ ਅਤੇ ਪੱਛਮੀ ਕੰਢੇ ਦੀ ਆਮ ਫ਼ਲਸਤੀਨੀ ਵਸੋਂ ਦਾ ਕਤਲੇਆਮ ਕਰਦਾ ਹੈ, ਇਕ ਹੀ ਕਹਾਣੀ ਵਾਰ-ਵਾਰ ਦੁਹਰਾਈ ਜਾਂਦੀ ਹੈ। ਅਮਰੀਕੀ ਹਕੂਮਤ ਇਸਰਾਇਲ ਨੂੰ ਦਰਿਆ-ਦਿਲੀ ਨਾਲ ਹਥਿਆਰ ਤੇ ਜੰਗੀ ਤਕਨਾਲੋਜੀ ਮੁਹੱਈਆ ਕਰਦੀ ਹੈ। ਅਮਰੀਕੀ ਕਾਂਗਰਸ ਇਸ ਦੀ ਹਮਾਇਤ ‘ਚ ਮਤਾ ਪਾਉਂਦੀ ਹੈ ਅਤੇ ਹਕੂਮਤ ਜਨਤਕ ਤੌਰ ‘ਤੇ ਵੀ ਅਤੇ ਸੰਯੁਕਤ ਰਾਸ਼ਟਰ ਵਿਚ ਵੀ ਇਸਰਾਇਲੀ ਹਮਲਿਆਂ ਦੇ ਹੱਕ ਵਿਚ ਖੜ੍ਹਦੀ ਹੈ। ਪਿਛਲੇ ਸਾਲ Ḕਦਿ ਗਾਰਡੀਅਨḔ ਅਖਬਾਰ ਨੇ ਦੋਵਾਂ ਏਜੰਸੀਆਂ ਦਰਮਿਆਨ ਇਸ ਅਦਾਨ-ਪ੍ਰਦਾਨ ਬਾਰੇ ਆਹਲਾ ਖੁਫ਼ੀਆ ਇਕਰਾਰਨਾਮਾ ਛਾਪ ਕੇ ਖ਼ੁਲਾਸਾ ਕੀਤਾ ਸੀ ਕਿ ਅਮਰੀਕੀ ਨਾਗਰਿਕਾਂ ਬਾਰੇ ਸੂਚਨਾ ਨੂੰ ਹਟਾਏ ਬਗ਼ੈਰ ਹੀ ਐਨæਐਸ਼ਏæ ਅਕਸਰ ਹੀ ਸਮੁੱਚੀ ਜਾਸੂਸੀ ਜਾਣਕਾਰੀ ਇਸਰਾਇਲ ਨੂੰ ਦੇ ਰਹੀ ਹੈ।
ਹੁਣ ਇੰਟਰਸੈਪਟ ਨੇ ਐਨæਐਸ਼ਏæ ਦਾ 13 ਅਪਰੈਲ 2013 ਦਾ ਇਕ ਅਹਿਮ ਦਸਤਾਵੇਜ਼ ਨਸ਼ਰ ਕੀਤਾ ਹੈ ਜੋ ਦੱਸਦਾ ਹੈ, “ਐਨæਐਸ਼ਏæ ਨੇ ਇਸਰਾਇਲੀ ਸਿਗਿੰਟ ਨੈਸ਼ਨਲ ਯੂਨਿਟ ਨਾਲ ਡੇਟਾ ਤਕ ਪਹੁੰਚਣ, ਇਸ ਵਿਚ ਸੰਨ੍ਹ ਲਾਉਣ, ਨਿਸ਼ਾਨਾ ਬਣਾਉਣ, ਭਾਸ਼ਾ, ਵਿਸ਼ਲੇਸ਼ਣ ਅਤੇ ਰਿਪੋਰਟਿੰਗ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਦੂਰਗਾਮੀ ਤਕਨੀਕੀ ਅਤੇ ਵਿਸ਼ਲੇਸ਼ਣਾਤਮਕ ਰਿਸ਼ਤਾ ਬਣਾਇਆ ਹੋਇਆ ਹੈ।” ਖ਼ਾਸ ਕਰ ਕੇ, “ਇਸ ਸਿਗਿੰਟ ਸਬੰਧ ਦੀ ਅਮਰੀਕਾ ਅਤੇ ਇਸਰਾਇਲ ਦਰਮਿਆਨ ਚੁੜੇਰੇ ਜਾਸੂਸੀ ਸਬੰਧ ਨੂੰ ਵਧਾਉਣ ‘ਚ ਜਾਗ-ਲਾਊ ਭੂਮਿਕਾ ਰਹੀ ਹੈ।æææਐਨæਐਸ਼ਏæ ਦੀਆਂ ਸਾਈਬਰ ਹਿੱਸੇਦਾਰੀਆਂ ਦਾ ਇਸਨੂ ਤੋਂ ਪਾਰ ਜਾ ਕੇ ਇਸਰਾਇਲੀ ਡਿਫੈਂਸ ਇੰਟੈਲੀਜੈਂਸ ਦੀ ਐਸ਼ਓæਡੀæ (ਸਪੈਸ਼ਲ ਓਪਰੇਸ਼ਨ ਡਿਵੀਜ਼ਨ) ਅਤੇ ਮੌਸਾਦ ਤਕ ਵਿਸਤਾਰ ਹੋ ਚੁੱਕਾ ਹੈ।”
ਇਸ ਵਿਆਪਕ ਸਹਿਯੋਗ ਤਹਿਤ, ਅਮਰੀਕੀ ਅਤੇ ਇਸਰਾਇਲੀ ਏਜੰਸੀਆਂ “ਭੂਗੋਲਿਕ ਨਿਸ਼ਾਨਿਆਂ” ਤਕ ਪਹੁੰਚਣ ਲਈ ਮਿਲ ਕੇ ਕੰਮ ਕਰਦੀਆਂ ਹਨ “ਜਿਸ ਵਿਚ ਉਤਰੀ ਅਫ਼ਰੀਕਾ, ਮੱਧ ਪੂਰਬ, ਇਰਾਨ ਦੀ ਖਾੜੀ, ਦੱਖਣੀ ਏਸ਼ੀਆ, ਅਤੇ ਸਾਬਕਾ ਸੋਵੀਅਤ ਯੂਨੀਅਨ ਦੇ ਇਸਲਾਮੀ ਗਣਰਾਜ ਸ਼ਾਮਲ ਹਨ।” ਇਸ ਵਿਚ “ਐਨæਐਸ਼ਏæ ਅਤੇ ਇਸਨੂ ਦਰਮਿਆਨ ਉਚੇਚੀ ਸੰਚਾਰ ਲਾਈਨ” ਵੀ ਸ਼ਾਮਲ ਹੈ “ਜੋ ਹਾਸਲ ਸੂਚਨਾ ਅੱਗੇ ਦੇਣ ਅਤੇ ਰੋਜ਼ਮੱਰਾ ਦੀ ਵਿਸ਼ਲੇਸ਼ਣਾਤਮਕ ਤੇ ਤਕਨੀਕੀ ਖ਼ਤੋ-ਕਿਤਾਬਤ ਕਰਨ ‘ਚ ਮਦਦ ਕਰਦੀ ਹੈ।”
ਇਸ ਰਿਸ਼ਤੇ ਨੇ ਖੁਫ਼ੀਆ ਜਾਣਕਾਰੀ ਅਤੇ ਜਾਸੂਸੀ, ਦੋਵੇਂ ਪੱਖਾਂ ਤੋਂ ਇਸਰਾਈਲ ਦੀ ਤਕੜੀ ਮਦਦ ਕੀਤੀ ਹੈ: “ਇਸਰਾਈਲ ਨੂੰ ਐਨæਐਸ਼ਏæ ਦੀ ਆਲਮੀ ਦਰਜ਼ੇ ਦੀ ਕ੍ਰਿਪਟ-ਵਿਸ਼ਲੇਸ਼ਣੀ ਵਿਆਪਕ ਭੂਗੋਲਿਕ ਪਹੁੰਚ ਅਤੇ ਸਿਗਿੰਟ ਦੀ ਇੰਜੀਨੀਅਰਿੰਗ ਮੁਹਾਰਤ ਦਾ ਲਾਹਾ ਮਿਲ ਰਿਹਾ ਹੈ, ਨਾਲ ਹੀ ਇਹ ਖ਼ਰੀਦਦਾਰੀ ਦੀ ਸਹੂਲਤ ਅਤੇ ਵਿਦੇਸ਼ੀ ਫ਼ੌਜੀ ਸਾਜ਼ੋ-ਸਮਾਨ ਦੀ ਵਿਕਰੀ ਰਾਹੀਂ ਵਿਕਸਤ ਅਮਰੀਕੀ ਤਕਨਾਲੋਜੀ ਤੇ ਸਾਜ਼ੋ-ਸਮਾਨ ਤੱਕ ਬਾਜ਼ਾਬਤਾ ਪਹੁੰਚ ਦਾ ਲਾਹਾ ਵੀ ਲੈ ਰਿਹਾ ਹੈ।” ਐਨæਐਸ਼ਏæ ਜਿਸ ਨੂੰ “ਫ਼ਲਸਤੀਨੀ ਦਹਿਸ਼ਤਵਾਦ” ਕਹਿੰਦੀ ਹੈ, ਉਹ ਇਸਰਾeਲੀ ਦੀਆਂ ਸਹਿਯੋਗ ਦੀਆਂ ਤਰਜੀਹਾਂ ਵਿਚ ਸ਼ੁਮਾਰ ਹੈ।
“ਐਨæਐਸ਼ਏæ ਅਤੇ ਇਸਨੂ ਦਰਮਿਆਨ ਸਹਿਯੋਗ ਕਈ ਦਹਾਕੇ ਪਹਿਲਾਂ ਸ਼ੁਰੂ ਹੋਇਆ। ਦੋਵਾਂ ਏਜੰਸੀਆਂ ਦਰਮਿਆਨ ਆਹਲਾ ਦਰਜੇ ਦਾ ਸਮਝੌਤਾ ਦੱਸਦਾ ਹੈ ਕਿ ਇਨ੍ਹਾਂ ਦਾ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦਾ ਪਹਿਲਾ ਰਸਮੀ ਸਮਝੌਤਾ ਭਾਵੇਂ ਅਮਰੀਕੀ ਰਾਸ਼ਟਰਪਤੀ ਲਿੰਡਨ ਜੌਹਨਸਨ ਅਤੇ ਇਸਰਾਇਲੀ ਪ੍ਰਧਾਨ ਮੰਤਰੀ ਲੈਵੀ ਇਸ਼ਕੌਲ ਦਰਮਿਆਨ 1968 ਵਿਚ ਹੋਇਆ, ਪਰ ਗ਼ੈਰ-ਰਸਮੀ ਸਮਝੌਤਾ 1950ਵਿਆਂ ਵਿਚ ਹੀ ਹੋ ਗਿਆ ਸੀ। ਲੰਘੇ ਦਹਾਕੇ ਵਿਚ ਇਹ ਸਬੰਧ ਤੇਜ਼ੀ ਨਾਲ ਵਧੇ ਹਨ।
ਸੰਨ 2003 ਅਤੇ 2004 ਵਿਚ, ਇਸਰਾਈਲ ਵਲੋਂ ਐਨæਐਸ਼ਏæ ਉਪਰ ਵਿਆਪਕ ਵਿਸਤਾਰ ਵਾਲਾ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦਾ ਰਿਸ਼ਤਾ ਬਣਾਉਣ ਲਈ ਦਬਾਅ ਪਾਇਆ ਗਿਆ ਜਿਸ ਦਾ ਨਾਂ “ਗਲੇਡੀਏਟਰ” ਸੀ। ਇਸਰਾਈਲ ਚਾਹੁੰਦਾ ਸੀ ਕਿ ਅਮਰੀਕਾ ਇਸਰਾਇਲੀ ਸਰਗਰਮੀਆਂ ਲਈ ਲਖੂਖਾ ਡਾਲਰ ਦਾ ਸਮੁੱਚਾ ਖ਼ਰਚ ਦੇਵੇ। ਸ਼ਾਇਦ “ਗਲੇਡੀਏਟਰ” ਸਮਝੌਤੇ ਵਾਲੀ ਤਜਵੀਜ਼ ਨੇਪਰੇ ਨਾ ਚੜ੍ਹੀ ਹੋਵੇ, ਪਰ ਸਨੋਡਨ ਦੇ ਦਸਤਾਵੇਜ਼ੀ ਆਰਕਾਈਵ ਅੰਦਰ ਇਨ੍ਹਾਂ ਵਾਰਤਾਵਾਂ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਦੋ ਦਸਤਾਵੇਜ਼ ਐਸੇ ਹਨ ਜੋ ਕਿਸੇ ਗੁੱਝੇ ਮੰਤਵ ਲਈ ਇਸਰਾਇਲੀ ਅਧਿਕਾਰੀਆਂ ਨੂੰ ਪੰਜ ਲੱਖ ਡਾਲਰ ਦੀਆਂ ਇਕ ਜਾਂ ਵੱਧ ਵਾਰ ਅਦਾਇਗੀਆਂ ਕੀਤੇ ਜਾਣ ਦੀਆਂ ਰਸੀਦਾਂ ਹਨ।
ਬਰਤਾਨੀਆ ਤੇ ਕੈਨੇਡਾ ਦੀਆਂ ਜਾਸੂਸੀ ਏਜੰਸੀਆਂ ਜੀæਸੀæਐਚæਕਿਊæ ਅਤੇ ਸੀæਐਸ਼ਈæਸੀæ ਵੀ ਰਿਸ਼ਤਿਆਂ ਦੇ ਇਸ ਵਿਸਤਾਰ ਵਿਚ ਸ਼ਾਮਲ ਹਨ ਜੋ ਆਪਣੇ ਵਲੋਂ ਜੁਟਾਈ ਜਾਣਕਾਰੀ ਇਸਰਾਇਲੀਆਂ ਨਾਲ ਸਾਂਝੀ ਕਰਦੀਆਂ ਹਨ। 2009 ਦੇ ਸ਼ੁਰੂ ਤੋਂ ਲੈ ਕੇ, ਜਦੋਂ ਗਾਜ਼ਾ ਉਪਰ “ਕਾਸਟ ਲੀਡ” ਨਾਂ ਦਾ ਇਸਰਾਇਲੀ ਹਮਲਾ ਪੂਰੇ ਸਿਖ਼ਰਾਂ ‘ਤੇ ਸੀ ਜਿਸ ਨੇ 1000 ਤੋਂ ਵੱਧ ਜਾਨਾਂ ਲਈਆਂ, ਬਹੁਤ ਸਾਰੇ ਦਸਤਾਵੇਜ਼ ਇਸ ਸਹਿਯੋਗ ਦਾ ਵਿਸਤਾਰਤ ਵੇਰਵਾ ਦਿੰਦੇ ਹਨ।
ਜੀæਸੀæਐਚæਕਿਊæ ਦੇ ਚੋਟੀ ਦੇ ਗੁਪਤ ਪ੍ਰੋਜੈਕਟ ਜਿਸ ਦਾ ਨਾਂ “ਯੈਸਟਰ-ਨਾਈਟ” ਸੀ ਵਿਚ “ਰੱਫਲ” ਸ਼ੁਮਾਰ ਸੀ ਜੋ ਬਰਤਾਨਵੀ ਏਜੰਸੀ ਵਲੋਂ ਇਸਰਾਇਲੀ ਇਸਨੂ ਨੂੰ ਦਿੱਤਾ ਕੋਡ ਨਾਂ ਸੀ। ਦਸਤਾਵੇਜ਼ ਅਨੁਸਾਰ, ਪ੍ਰੋਜੈਕਟ ਵਿਚ ਕੌਮਸੈਟ ਪਹੁੰਚ ਨੂੰ ਆਪਣੇ ਘੇਰੇ ਵਿਚ ਲੈਂਦਾ “ਤਿੰਨ-ਧਿਰੀ (ਜੀæਸੀæਐਚæਕਿਊæ, ਐਨæਐਸ਼ਏæ ਅਤੇ ਥਰਡ ਪਾਰਟੀ ਰੱਫਲ) ਟਾਰਗੈਟਿੰਗ ਆਦਾਨ-ਪ੍ਰਦਾਨ ਸਮਝੌਤਾ ਸ਼ਾਮਲ ਸੀ।” ਇਨ੍ਹਾਂ ਧਿਰਾਂ ਦਰਮਿਆਨ ਆਦਾਨ-ਪ੍ਰਦਾਨ ਦਾ ਇਕ “ਖ਼ਾਸ ਸੂਹੀਆ ਮਜਮੂਨ” “ਫ਼ਲਸਤੀਨੀ” ਸਨ, ਹਾਲਾਂਕਿ ਜੀæਸੀæਐਚæਕਿਊæ ਦਸਤਾਵੇਜ਼ ਕਹਿੰਦਾ ਹੈ ਕਿ ਇਸਰਾਈਲ ਦੀ ਸ਼ਮੂਲੀਅਤ ਦੀਆਂ “ਸੰਵੇਦਨਸ਼ੀਲਤਾਵਾਂ ਕਾਰਨ” ਉਸ ਖ਼ਾਸ ਪ੍ਰੋਗਰਾਮ ਵਿਚ ਫ਼ਲਸਤੀਨੀਆਂ ਅਤੇ ਖ਼ੁਦ ਇਸਰਾਇਲੀਆਂ ਨੂੰ ਸਿੱਧਾ ਨਿਸ਼ਾਨਾ ਬਣਾਉਣਾ ਸ਼ਾਮਲ ਨਹੀਂ ਹੈ; ਪਰ ਫਰਵਰੀ 2009 ਦਾ ਇਕ ਹੋਰ ਜੀæਸੀæਐਚæਕਿਊæ ਦਸਤਾਵੇਜ਼ “ਰੱਫਲ, ਐਨæਐਸ਼ਏæ, ਸੀæਐਸ਼ਈæਸੀæ ਅਤੇ ਜੀæਸੀæਐਚæਕਿਊæ ਦੀ ਚਾਰ-ਧਿਰੀ ਮੀਟਿੰਗ” ਦਾ ਖ਼ੁਲਾਸਾ ਕਰਦਾ ਹੈ।
ਐਨæਐਸ਼ਏæ ਅਤੇ ਜੀæਸੀæਐਚæਕਿਊæ ਕਈ ਵਸੀਲਿਆਂ ਤੋਂ ਫ਼ਲਸਤੀਨੀਆਂ ਬਾਰੇ ਖੁਫ਼ੀਆ ਜਾਣਕਾਰੀ ਹਾਸਲ ਕਰਦੀਆਂ ਹਨ। ਉਨ੍ਹਾਂ ਨੇ ਤਾਂ ਇਸ ਖੇਤਰ ਅੰਦਰਲੇ ਹੋਰ ਅਰਬ ਗਰੁਪਾਂ ਬਾਰੇ ਅਮਰੀਕੀ ਹਮਾਇਤੀ ਫ਼ਲਸਤੀਨੀ ਅਥਾਰਟੀ ਸਕਿਉਰਿਟੀ ਸਰਵਿਸ ਨੂੰ ਜਾਸੂਸੀ ਤੇ ਖੁਫ਼ੀਆ ਜਾਣਕਾਰੀ ਦੇਣ ਲਈ ਵੀ ਮਨਾ ਲਿਆ ਹੋਇਆ ਹੈ। ਜੀæਸੀæਐਚæਕਿਊæ ਦਾ ਜੁਲਾਈ 2008 ਦਾ ਇਕ ਦਸਤਾਵੇਜ਼ ਬਿਆਨ ਕਰਦਾ ਹੈ:
“ਜਾਰਡਨ ਵੀ ਫ਼ਲਸਤੀਨੀਆਂ ਬਾਰੇ ਐਨæਐਸ਼ਏæ ਨੂੰ ਜਾਸੂਸੀ ਜਾਣਕਾਰੀ ਦਿੰਦਾ ਹੈ।” ਐਨæਐਸ਼ਏæ ਦਾ 2013 ਦਾ ਗੁਪਤ ਦਸਤਾਵੇਜ਼ ਦੱਸਦਾ ਹੈ ਕਿ ਕਿਵੇਂ “ਐਨæਐਸ਼ਏæ ਦੀ ਈæਡਬਲਯੂæਡੀæ (ਜਾਰਡਨ ਦਾ ਇਲੈਕਟ੍ਰਾਨਿਕ ਵਾਰਫੇਅਰ ਡਾਇਰੈਕਟੋਰੇਟ) ਨਾਲ 1980ਵਿਆਂ ਦੇ ਸ਼ੁਰੂ ਤੋਂ ਹੀ ਪੱਕੀ, ਚਿਰਜੀਵੀ ਅਤੇ ਭਰੋਸੇਯੋਗ ਸਾਂਝ ਚਲੀ ਆ ਰਹੀ ਹੈ।” ਖ਼ਾਸ ਤੌਰ ‘ਤੇ, ਦੋਵੇਂ ਏਜੰਸੀਆਂ “ਦੁਵੱਲੇ ਹਿੱਤ ਵਾਲੇ ਉਚ-ਤਰਜੀਹੀ ਸਿਗਿੰਟ ਨਿਸ਼ਾਨਿਆਂ ਬਾਰੇ ਸਹਿਯੋਗ ਕਰ ਕੇ ਚਲਦੀਆਂ ਹਨ” ਜਿਨ੍ਹਾਂ ਵਿਚ ਫ਼ਲਸਤੀਨੀ ਸਕਿਉਰਿਟੀ ਤਾਕਤਾਂ ਵੀ ਸ਼ਾਮਲ ਹਨ।
ਦਿਲਚਸਪ ਗੱਲ ਇਹ ਵੀ ਹੈ ਕਿ ਇਸਰਾਈਲ ਦੇ ਜਾਸੂਸੀ ਸੂਚਨਾ-ਸੰਗ੍ਰਿਹ ਅਤੇ ਤਕਨਾਲੋਜੀ ਦਾ ਢਿੱਡ ਭਰਨ ਲਈ ਐਨæਐਸ਼ਏæ ਤੇ ਇਸ ਦੇ ਹਿੱਸੇਦਾਰਾਂ ਨੂੰ ਹਦਾਇਤਾਂ ਦੇਣ ਵਾਲੇ ਸਿਆਸੀ ਲੋਕ ਹਨ, ਪਰ ਉਹ ਇਸਰਾਈਲ ਨੂੰ ਆਪਣੀ ਕੌਮੀ ਅਤੇ ਵਧੇਰੇ ਆਮ ਕਰ ਕੇ ਖੇਤਰੀ ਸ਼ਾਂਤੀ ਲਈ ਖ਼ਤਰਾ ਵੀ ਲਗਾਤਾਰ ਮੰਨਦੇ ਹਨ। ਅਮਰੀਕੀ ਤੇ ਬਰਤਾਨਵੀ ਅਧਿਕਾਰੀਆਂ ਦੀ ਇਸਰਾਈਲ ਬਾਰੇ ਜਨਤਕ ਬਿਆਨਬਾਜ਼ੀ ਦੇ ਉਲਟ, ਸਨੋਡਨ ਦੇ ਆਰਕਾਈਵ ਵਿਚ ਇਸਰਾਈਲ ਨੂੰ ਸੰਗੀ ਦੀ ਬਜਾਏ ਖਤਰੇ ਵਜੋਂ ਬਿਆਨ ਕਰਦੇ ਬਹੁਤ ਸਾਰੇ ਦਸਤਾਵੇਜ਼ਾਂ ਮੌਜੂਦ ਹਨ।
ਅਮਰੀਕੀ ਅਧਿਕਾਰੀਆਂ ਅਨੁਸਾਰ ਉਹ ਕੁਝ ਵੀ ਗ਼ੈਰ-ਕਾਨੂੰਨੀ ਨਹੀਂ ਕਰ ਰਹੇ, ਸਗੋਂ ਇਸਰਾਇਲੀ ਖੁਫ਼ੀਆ ਏਜੰਸੀਆਂ ਨਾਲ ਜਾਸੂਸੀ ਦੀ ਜਾਣਕਾਰੀ ਅਤੇ ਤਕਨਾਲੋਜੀ ਸਾਂਝੀ ਕਰਨਾ ਪੂਰੀ ਤਰ੍ਹਾਂ ਕਾਨੂੰਨੀ ਹੈ। ਦਰਅਸਲ ਐਨæਐਸ਼ਏæ ਦਾ ਇਸਰਾਇਲ ਦੀਆਂ ਫ਼ੌਜੀ ਅਤੇ ਖੁਫ਼ੀਆ ਏਜੰਸੀਆਂ ਨਾਲ ਵਿਆਪਕ, ਬਹੁ-ਪਰਤੀ ਸਹਿਯੋਗ ਲੰਮੀ-ਚੌੜੀ ਅਮਰੀਕੀ ਨੀਤੀ ਦਾ ਹਿੱਸਾ ਹੈ ਜੋ ਇਸਰਾਈਲ ਦੇ ਹਮਲੇ ਅਤੇ ਜੰਗਬਾਜ਼ੀ ਦੀ ਸਰਗਰਮੀ ਨਾਲ ਮਦਦ ਕਰਦੀ ਹੈ ਤੇ ਉਸ ਨੂੰ ਬੇਖੌਫ਼ ਹਮਲਿਆਂ ਦੇ ਸਮਰੱਥ ਬਣਾਉਂਦੀ ਹੈ। ਗਾਜ਼ਾ ਵਿਚ ਇਸਰਾਈਲ ਦੀ ਹਰ ਕਾਰਵਾਈ ਉਪਰ ਅਮਰੀਕੀ ਪੰਜਿਆਂ ਦੇ ਨਿਸ਼ਾਨ ਸਾਫ਼ ਨਜ਼ਰ ਆਉਂਦੇ ਹਨ। ਬਹੁਤੇ ਅਮਰੀਕੀ ਸੋਚਦੇ ਹੋਣਗੇ ਕਿ ਗਾਜ਼ਾ ਉਪਰ ਇਸਰਾਇਲੀ ਹਮਲੇ ਦਾ ਉਨ੍ਹਾਂ ਲਈ ਕੋਈ ਮਤਲਬ ਜਾਂ ਸਰੋਕਾਰ ਨਹੀਂ, ਪਰ ਫ਼ਲਸਤੀਨੀਆਂ ਖ਼ਿਲਾਫ਼ ਹਿੰਸਾ ਨੂੰ ਸਹਿਲ ਬਣਾਉਣ ‘ਚ ਕੇਂਦਰੀ ਭੂਮਿਕਾ ਉਨ੍ਹਾਂ ਦੀ ਹੀ ਹਕੂਮਤ ਦੀ ਹੈ।
ਬਰਤਾਨਵੀ ਹਕੂਮਤ ਤਾਂ ਇਕ ਹੋਰ ਪੱਖੋਂ ਵੀ ਇਸਰਾਈਲ ਨਾਲ ਜੁੜੀ ਹੋਈ ਹੈ; ਉਹ ਹੈ ਗਾਜ਼ਾ ਦੀ 4 ਅਰਬ ਡਾਲਰ ਮੁੱਲ ਦੀ ਕੁਦਰਤੀ ਗੈਸ ਉਪਰ ਕਬਜ਼ੇ ਦੀ ਲਾਲਸਾ। ਬ੍ਰਿਟਿਸ਼ ਗੈਸ (ਬੀæਜੀæ) ਦੀ ਖੋਜ ਅਨੁਸਾਰ ਗਾਜ਼ਾ ਦੇ ਸਮੁੰਦਰੀ ਕੰਢੇ ਦੇ ਖੇਤਰ ਵਿਚ 4 ਅਰਬ ਡਾਲਰ ਕੁਦਰਤੀ ਗੈਸ ਦੇ ਭੰਡਾਰ ਹਨ ਅਤੇ ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ (ਈæਆਈæਏæ) ਅਨੁਸਾਰ ਗਾਜ਼ਾ ਦੇ ਸਮੁੰਦਰੀ ਇਲਾਕੇ ਵਿਚ ਤਕਰੀਬਨ 1æ6 ਖਰਬ ਵਰਗ ਫੁੱਟ ਐਸੀ ਗੈਸ ਹੈ ਜੋ ਦੁਬਾਰਾ ਕੱਢੀ ਜਾ ਸਕਦੀ ਹੈ। ਨਾਲ ਹੀ ਗਾਜ਼ਾ ਦੇ ਸਮੁੰਦਰੀ ਕੰਢੇ ਅੰਦਰ ਕੁਦਰਤੀ ਊਰਜਾ ਦੇ ਹੋਰ ਵਸੀਲੇ ਹੋਣ ਦੀ ਪੂਰੀ ਸੰਭਾਵਨਾ ਹੈ। ਜਦੋਂ ਤੋਂ ਇਹ ਖੋਜ ਹੋਈ ਹੈ, ਸੰਨ 2000 ਤੋਂ ਹੀ ਇਸਰਾਈਲ ਨੇ ਫਲਸਤੀਨੀਆਂ ਨੂੰ ਆਪਣੀ ਹੀ ਸਰਜ਼ਮੀਨ ਦੇ ਪਾਣੀਆਂ ਅਤੇ ਮੱਛੀਆਂ ਫੜਨ ਦੇ ਹੱਕਾਂ ਤੋਂ ਵਾਂਝੇ ਕਰ ਕੇ ਗਾਜ਼ਾ ਨੂੰ ਘੇਰਾ ਪਾਇਆ ਹੋਇਆ ਹੈ। ਉਹ ਹਰ ਕੀਮਤ ‘ਤੇ ਇਸ ਖੇਤਰ ਵਿਚੋਂ ਫ਼ਲਸਤੀਨੀ ਲੋਕਾਂ ਨੂੰ ਕੱਢ ਦੇਣਾ ਚਾਹੁੰਦੇ ਹਨ।
ḔਇਕੌਲੋਜਿਸਟḔ ਰਸਾਲੇ ਅਨੁਸਾਰ, ਮਈ 2013 ਤੋਂ ਹੀ ਇਸਰਾਇਲੀ ਅਹਿਲਕਾਰ ਬ੍ਰਿਟਿਸ਼ ਗੈਸ ਗਰੁਪ ਨਾਲ ਮਹੀਨਿਆਂ ਬੱਧੀ “ਗੁਪਤ ਮੀਟਿੰਗਾਂ” ਕਰਨ ਲੱਗੇ ਹੋਏ ਹਨ ਜਿਸ ਕੋਲ ਗਾਜ਼ਾ ਦੇ ਸਮੁੰਦਰੀ ਖੇਤਰ ਦੇ ਵਸੀਲਿਆਂ ਦਾ ਲਾਇਸੈਂਸ ਹੈ। ਰਸਾਲੇ ਦਾ ਖ਼ੁਲਾਸਾ ਹੈ ਕਿ ਬਰਤਾਨੀਆ ਦਾ ਸਾਬਕਾ ਪ੍ਰਧਾਨ ਮੰਤਰੀ ਟੋਨੀ ਵੀ ਮੱਧ ਪੂਰਬ ਲਈ ਚੌਕੜੀ ਗਰੋਹ (ਅਮਰੀਕਾ, ਯੂæਕੇæ ਯੂਰਪੀ ਯੂਨੀਅਨ, ਰੂਸ) ਦੇ ਖ਼ਾਸ ਏਲਚੀ ਦੀ ਹੈਸੀਅਤ ਵਿਚ ਗੁਪਤ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ। Ḕਫਾਇਨਾਂਸ਼ੀਅਲ ਟਾਈਮਜ਼Ḕ ਦੀ ਰਿਪੋਰਟ ਹੈ ਕਿ ਜੇ ਇਸੇ ਦਿਸ਼ਾ ‘ਚ ਕੰਮ ਹੁੰਦਾ ਰਿਹਾ ਤਾਂ ਬੀæਜੀæ ਗਰੁਪ ਦੀ ਅਗਵਾਈ ਵਾਲਾ ਇਹ ਗੈਸ ਪ੍ਰੋਜੈਕਟ 2017 ਤਕ ਗੈਸ ਦੀ ਐਨੀ ਪੈਦਾਵਾਰ ਕਰ ਸਕਦਾ ਹੈ ਜਿਸ ਨਾਲ 6 ਤੋਂ ਲੈ ਕੇ 7 ਅਰਬ ਡਾਲਰ ਸਾਲਾਨਾ ਕਮਾਈ ਸ਼ੁਰੂ ਹੋ ਜਾਵੇਗੀ। ਇਸ ਨਾਲ ਨੋਬਲ ਅਤੇ ਡਿਲਿਕ ਊਰਜਾ ਕੰਪਨੀ ਸਮੂਹ ਉਪਰ ਇਸਰਾਈਲ ਦੀ ਨਿਰਭਰਤਾ ਘਟ ਜਾਵੇਗੀ ਜੋ ਹੁਣ ਇਸਰਾਈਲ ਦੇ ਤਾਮਾਰ ਅਤੇ ਲੈਵੀਥੀਅਨ ਸਮੁੰਦਰੀ ਕੰਢੇ ਦੇ ਗੈਸ ਖੇਤਰਾਂ ਨੂੰ ਵਿਕਸਤ ਕਰਨ ‘ਚ ਜੁਟਿਆ ਹੈ। ਇਸਰਾਈਲ ਦੀ ਹਕੂਮਤ ਇਹ ਤਦ ਹੀ ਹਾਸਲ ਕਰ ਸਕੇਗੀ, ਜੇ ਇਹ ਫਲਸਤੀਨੀ ਟਾਕਰੇ ਅਤੇ ਹਮਾਸ ਦਾ ਮੁਕੰਮਲ ਸਫ਼ਾਇਆ ਕਰਨ ‘ਚ ਕਾਮਯਾਬ ਹੋ ਜਾਂਦੀ ਹੈ।
ਲਿਹਾਜ਼ਾ, ਸੌੜੇ ਹਿੱਤਾਂ ਦੇ ਇਸ ਅਜੀਬ ਮੇਲ ਨੇ ਇਨ੍ਹਾਂ ਸਾਰੀਆਂ ਹੀ ਲੋਕ-ਦੁਸ਼ਮਣ ਤਾਕਤਾਂ ਨੂੰ ਬੇਕਸੂਰ ਫ਼ਲਸਤੀਨੀਆਂ ਖ਼ਿਲਾਫ਼ ਇਸਰਾਇਲ ਦੀ ਨਾਜਾਇਜ਼ ਜੰਗ ‘ਚ ਇਕਮੱਤ ਕੀਤਾ ਹੋਇਆ ਹੈ।
Leave a Reply