ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਨੂੰ ਨਾ ਮਿਲੀ ਮੁਆਫੀ

ਪੁਲਿਸ ਨੇ ਬਿਕਰਮ ਵਿਰੁਧ ਜੋੜੀਆਂ ਗੈਰ-ਜ਼ਮਾਨਤੀ ਧਾਰਾਵਾਂ
ਲੁਧਿਆਣਾ: ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਸਮੇਂ ਸਟੇਜ ਤੋਂ ਸੰਬੋਧਨ ਕਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਬਾਦਲ ਭਾਵੇਂ ਇਸ ਘਟਨਾ ਤੋਂ ਅਨਜਾਣਤਾ ਪ੍ਰਗਟਾਉਂਦੇ ਹੋਏ ਇਸ ਨੌਜਵਾਨ ਨੂੰ ਮੁਆਫ ਕਰਨ ਦੀ ਗੱਲ ਆਖ ਰਹੇ ਹਨ ਪਰ ਪੁਲਿਸ ਨੇ ਬਿਕਰਮ ਕੁਮਾਰ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਲਗਾ ਕੇ ਉਸ ਦਾ 14 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਬਿਕਰਮ ਨੇ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਕਿਹਾ ਸੀ ਕਿ ਉਸ ਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਨਹੀਂ ਮਾਰੀ। ਉਸ ਨੇ ਤਾਂ ਮੁੱਖ ਮੰਤਰੀ ਪੰਜਾਬ ਵੱਲ ਜੁੱਤੀ ਸੁੱਟੀ ਹੈ ਕਿਉਂਕਿ ਇਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਭਗਤ ਸਿੰਘ ਦੀ ਸੋਚ ਤੋਂ ਪ੍ਰਭਾਵਤ ਹੈ। ਵਰਨਣਯੋਗ ਹੈ ਕਿ ਬਿਕਰਮ ਧਨੌਲਾ ਪੱਤਰਕਾਰਾਂ ਨੂੰ ਬਿਆਨ ਦਿੰਦਾ ਰਿਹਾ ਤੇ ਪੁਲਿਸ ਖਾਮੋਸ਼ ਰਹਿ ਕੇ ਸਭ ਕੁਝ ਦੇਖਦੀ ਰਹੀ। ਜਦੋਂ ਇਸ ਬਾਰੇ ਪ੍ਰੈਸ ਕਾਨਫਰੰਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੇ ਕਿ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ। ਜੇਕਰ ਪੁਲਿਸ ਨੇ ਉਸ ਨੂੰ ਫੜਿਆ ਹੈ ਤਾਂ ਉਹ ਹੁਣੇ ਉਸ ਨੂੰ ਛੱਡਣ ਲਈ ਕਹਿਣਗੇ।
ਉਧਰ ਲੁਧਿਆਣਾ ਰੇਂਜ ਦੇ ਡੀæਆਈæਜੀæ ਗੁਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜੁੱਤੀ ਸੁੱਟਣ ਦੀ ਸਾਜ਼ਿਸ਼ ਪੰਜ ਵਿਅਕਤੀਆਂ ਵੱਲੋਂ ਰਚੀ ਗਈ ਸੀ ਜਿਨ੍ਹਾਂ ਵਿਚ ਮੁੱਖ ਮੁਲਜ਼ਮ ਬਿਕਰਮ ਕੁਮਾਰ ਵਾਸੀ ਧਨੌਲਾ ਹੈ, ਜੋ ਆਮ ਆਦਮੀ ਪਾਰਟੀ ਦਾ ਕਨਵੀਨਰ ਹੈ। ਪੁਲਿਸ ਮੁਤਾਬਕ ਸਾਜ਼ਿਸ਼ ਵਿਚ ਮਹਿੰਦਰਪਾਲ, ਹਰਦੀਪ ਸਿੰਘ ਧਨੌਲਾ, ਇੰਦੀ ਧਨੌਲਾ ਤੇ ਤਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਕਈ ਵਾਰ ਮੁੱਖ ਮੰਤਰੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਰਹੇ ਸਨ ਪਰ ਹਰ ਵਾਰ ਨਾਕਾਮ ਰਹੇ ਤੇ ਹੁਣ ਈਸੜੂ ਕਾਨਫਰੰਸ ਵਿਚ ਇਸ ਘਟਨਾ ਨੂੰ ਅੰਜਾਮ ਦੇਣ ਲਈ ਪ੍ਰੋਗਰਾਮ ਉਲੀਕਿਆ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਵੱਲ ਜੁੱਤੀ ਸੁੱਟਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਗੁਰੂਆਂ ਦੀ ਧਰਤੀ ‘ਤੇ ਅਜਿਹੇ ਵਤੀਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ। ਇਸੇ ਦਰਮਿਆਨ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਸਮਰੱਥ ਅਧਿਕਾਰੀ ਮੁੱਖ ਮੰਤਰੀ ਸ਼ ਬਾਦਲ ਦੀ ਹਦਾਇਤ ‘ਤੇ ਹੀ ਉਨ੍ਹਾਂ ਨੂੰ ਨਹੀਂ ਮਿਲੇ। ਸ੍ਰੀ ਖਹਿਰਾ ਨੇ ਸਥਾਨਕ ਅਦਾਲਤੀ ਕੰਪਲੈਕਸ ਵਿਚ ਬਿਕਰਮ ਦੀ ਪਤਨੀ ਨਿਸ਼ਾ ਨੂੰ ਪ੍ਰ੍ਰੈੱਸ ਨਾਲ ਰੂ-ਬਰੂ ਕਰਨ ਲਈ ਬੁਲਾਇਆ ਸੀ ਪਰ ਉਹ ਪ੍ਰੈੱਸ ਕਾਨਫ਼ਰੰਸ ਵਾਲੀ ਥਾਂ ‘ਤੇ ਨਹੀਂ ਪਹੁੰਚੀ, ਜਿਸ ‘ਤੇ ਪ੍ਰਤੀਕਰਮ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਬਿਕਰਮ ਦੀ ਪਤਨੀ ਖੰਨਾ ਆਈ ਹੈ ਪਰ ਪੁਲਿਸ ਨੇ ਉਨ੍ਹਾਂ ਦੇ ਮਨ ਵਿਚ ਇੰਨਾ ਡਰ ਬਿਠਾ ਦਿੱਤਾ ਹੈ ਕਿ ਉਹ ਮੀਡੀਆ ਦੇ ਰੂ-ਬਰੂ ਨਹੀਂ ਹੋ ਰਹੀ।
______________________________
ਘਟਨਾ ਲਈ ਬਾਦਲ ਖੁਦ ਜ਼ਿੰਮੇਵਾਰ: ਕੈਪਟਨ
ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਨੌਜਵਾਨ ‘ਤੇ ਲਾਈਆਂ ਸਖਤ ਧਰਾਵਾਂ ਉਪਰ ਇਤਰਾਜ਼ ਜਿਤਾਉਂਦੇ ਹੋਏ ਕਿਹਾ ਹੈ ਕਿ ਬਾਦਲ ਆਪਣਾ ਹੀ ਬੀਜੀਆ ਵੱਢ ਰਹੇ ਹਨ। ਉਨ੍ਹਾਂ ਨੇ ਬਾਦਲ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦੀਆਂ ਨੀਤੀਆਂ ਹੇਠ ਕੰਮ ਕਰਨ ਵਾਲੀ ਸ਼੍ਰੋਮਣੀ ਕਮੇਟੀ ਨੇ ਤੱਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਪੀæ ਚਿਤੰਬਰਮ ਉੱਪਰ ਜੁੱਤੀ ਸੁੱਟਣ ਵਾਲੇ ਜਰਨੈਲ ਸਿੰਘ ਨੂੰ ਸਨਮਾਨਤ ਕੀਤਾ ਸੀ ਤੇ ਇਸ ਕੰਮ ਬਦਲੇ ਜਰਨੈਲ ਸਿੰਘ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਇਸ ਲਈ ਬਾਦਲ ਨੂੰ ਆਪਣੇ ‘ਤੇ ਜੁੱਤੀ ਸੁੱਟਣ ਵਾਲੇ ਨੌਜਵਾਨ ਪ੍ਰਤੀ ਇੰਨਾ ਸਖਤ ਨਹੀਂ ਹੋਣਾ ਚਾਹੀਦਾ, ਜਿਸ ‘ਤੇ ਹੁਣ ਪੰਜਾਬ ਪੁਲਿਸ ਨੇ ਗੈਰ ਜਮਾਨਤੀ ਧਰਾਵਾਂ ਲਾ ਦਿੱਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਹਿਰਾਸਤ ਵਿਚ ਉਸ ਦੀ ਕੁੱਟਮਾਰ ਵੀ ਕੀਤੀ ਗਈ ਹੈ। ਕੈਪਟਨ ਨੇ ਕਿਹਾ ਹੈ ਉਹ ਅਜਿਹੀਆਂ ਘਟਨਾਵਾਂ ਦੇ ਖ਼ਿਲਾਫ ਹਨ ਪਰ ਇਹ ਬਾਦਲ ਸਰਕਾਰ ਦੀਆਂ ਨੀਤੀਆਂ ਦਾ ਹੀ ਸਿੱਟਾ ਹੈ।

Be the first to comment

Leave a Reply

Your email address will not be published.