-ਜਤਿੰਦਰ ਪਨੂੰ
ਜਿਵੇਂ ਬੱਚੇ ਪਹਿਲਾਂ ਕਾਰ ਦੇ ਖਿਡੌਣੇ ਨਾਲ ਖੇਡਦੇ ਹਨ, ਫਿਰ ਇੱਕ ਦਿਨ ਕਾਰ ਚਲਾਉਣ ਦੇ ਯੋਗ ਵੀ ਹੋ ਜਾਂਦੇ ਹਨ ਤੇ ਆਪਣੀ ਖਰੀਦਣ ਦੇ ਯੋਗ ਵੀ, ਨਰਿੰਦਰ ਮੋਦੀ ਨਾਂ ਦਾ ਆਗੂ ਪਿਛਲੇ ਸਾਲ ਤੱਕ ਲਾਲ ਕਿਲ੍ਹੇ ਵਰਗੇ ਮੰਚ ਉਤੋਂ ਲੋਕਾਂ ਅੱਗੇ ਭਾਸ਼ਣ ਦਿੰਦਾ ਹੁੰਦਾ ਸੀ, ਇਸ ਵਾਰੀ 15 ਅਗਸਤ ਨੂੰ ਉਸ ਦਾ ਲਾਲ ਕਿਲ੍ਹੇ ਦੀ ਕੰਧ ਤੋਂ ਭਾਸ਼ਣ ਦੇਣ ਦਾ ਸੁਫਨਾ ਪੂਰਾ ਹੋ ਗਿਆ। ਜਿੰਨੀ ਵਧਾਈ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਗਈ, ਕਈ ਲੋਕਾਂ ਨੇ ਇਸ਼ਾਰਿਆਂ ਵਿਚ ਲਾਲ ਕਿਲ੍ਹੇ ਦੀ ਕੰਧ ਤੋਂ ਬੋਲਣ ਦਾ ਸੁਫਨਾ ਪੂਰਾ ਹੋਣ ਦੀ ਵਧਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਣੀ ਵੀ ਨਹੀਂ ਭੁੱਲੀ। ਕੁਝ ਲੋਕਾਂ ਨੇ ਇਸ ਮੌਕੇ ਵਿਅੰਗ ਵੀ ਕੀਤੇ। ਹਲਕੇ ਰੰਗ ਦੇ ਵਿਅੰਗ ਵੀ ਸਨ ਅਤੇ ਗੰਭੀਰ ਵੀ, ਜਿਨ੍ਹਾਂ ਵਿਚ ਇੱਕ ਵਿਅੰਗ ਹਿੰਦੀ ਕਾਮੇਡੀਅਨ ਸੁਨੀਲ ਪਾਲ ਦਾ ਸੀ ਕਿ ਭਾਸ਼ਣ ਵਿਚ ਜੇ ਨਰਿੰਦਰ ਮੋਦੀ ਜ਼ਿਆਦਾ ਭਾਵੁਕ ਹੋ ਗਏ ਤਾਂ ਇਹ ਕਹਿਣਗੇ, ‘ਹਮਾਰੇ ਆਗੂ ਬਹੁਤ ਮਹਾਨ ਥੇ, ਮੈਂ ਆਜ ਯਹਾਂ ਹੂੰ, ਉਨ ਕੀ ਵਜ੍ਹਾ ਸੇ ਹੂੰ, ਔਰ ਵੋ ਨੇਤਾ ਲੋਗ ਜਹਾਂ ਹੈਂ, ਸੁਖੀ ਰਹੇਂ, ਵੋ ਸਬ ਭੀ ਵਹਾਂ ਪਰ ਮੇਰੀ ਵਜ੍ਹਾ ਸੇ ਹੈਂ।’ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਮਿਲੀ ਹੋਣ ਕਾਰਨ ਪਹਾੜ ਜਿੱਡੀ ਗੱਲ ਸੁਨੀਲ ਪਾਲ ਕਾਗਜ਼ ਦੇ ਫੁੱਲਾਂ ਵਾਂਗ ਹਵਾ ਵਿਚ ਉਛਾਲ ਗਿਆ ਹੈ।
ਜਿਥੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਲ ਕਿਲ੍ਹੇ ਤੋਂ ਦਿੱਤੇ ਗਏ ਭਾਸ਼ਣ ਦਾ ਸਬੰਧ ਹੈ, ਉਸ ਬਾਰੇ ਕਾਂਗਰਸ ਪਾਰਟੀ ਦਾ ਉਹੋ ਪ੍ਰਤੀਕਰਮ ਆਇਆ ਹੈ, ਜਿਹੜਾ ਆਉਣ ਦੀ ਆਸ ਸੀ। ਕਾਂਗਰਸ ਨੇ ਕਿਹਾ ਹੈ ਕਿ ਮੋਦੀ ਦੀ ਤਕਰੀਰ ਤੋਂ ਲੱਗਦਾ ਹੈ ਕਿ ਹਾਲੇ ਤੱਕ ਉਨ੍ਹਾਂ ਦਾ ਚੋਣ ਭਾਸ਼ਣਾਂ ਵਾਲਾ ਚੈਨਲ ਹੀ ਚੱਲ ਰਿਹਾ ਹੈ, ਉਹ ਅਜੇ ਉਸ ਲੀਹ ਵਿਚੋਂ ਨਹੀਂ ਨਿਕਲੇ। ਅਸਲੀਅਤ ਇਸ ਤੋਂ ਵੱਖਰੀ ਹੈ। ਮੋਦੀ ਸਾਹਿਬ ਉਸ ਦੌਰ ਤੋਂ ਇੱਕਦਮ ਵੱਖਰੇ ਇੱਕ ਰੰਗ ਵਿਚ ਪੇਸ਼ ਹੋਣ ਦਾ ਯਤਨ ਕਰ ਰਹੇ ਹਨ, ਜਿਹੜਾ ਰੰਗ ਉਨ੍ਹਾਂ ਦੇ ਪੁਰਾਣੇ ਜੋੜੀਦਾਰਾਂ ਤੇ ਉਨ੍ਹਾਂ ਦੇ ਪਿੱਛੇ ਖੜੀ ਸਭ ਤੋਂ ਵੱਡੇ ਆਧਾਰ ਦੀ ਜਥੇਬੰਦੀ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੇ ਲੀਡਰਾਂ ਨੂੰ ਪਸੰਦ ਨਹੀਂ। ਅੰਦਰ ਦੀਆਂ ਕੁੜੱਤਣਾਂ ਵੀ ਦੋਵਾਂ ਪਾਸਿਆਂ ਤੋਂ ਬਾਹਰ ਨਿਕਲਦੀਆਂ ਸਾਫ ਦਿੱਸ ਰਹੀਆਂ ਹਨ। ਲਾਲ ਕਿਲ੍ਹੇ ਦੇ ਭਾਸ਼ਣ ਵਿਚ ਦੇਸ਼ ਦੇ ਲੋਕਾਂ ਨਾਲੋਂ ਵੱਧ ਇੱਕ ਖਾਸ ਸੁਨੇਹਾ ਮੋਦੀ ਨੇ ਆਪਣੇ ਉਨ੍ਹਾਂ ਪੁਰਾਣੇ ਮਿੱਤਰਾਂ ਨੂੰ ਦੇਣ ਦਾ ਯਤਨ ਕੀਤਾ ਹੈ।
ਅਸੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਇਨ੍ਹਾਂ ਹਾਂ-ਪੱਖੀ ਨੁਕਤਿਆਂ ਦੀ ਵਿਆਖਿਆ ਕਰਨ ਨੂੰ ਬਹੁਤਾ ਸਮਾਂ ਨਹੀਂ ਦੇ ਸਕਦੇ ਕਿ ਦੇਸ਼ ਨੂੰ ਤਰੱਕੀ ਦੇ ਰਾਹ ਉਤੇ ਅੱਗੇ ਵਧਣ ਲਈ ਡਿਸਿਪਲਿਨ ਦੀ ਲੋੜ ਹੈ। ਉਨ੍ਹਾਂ ਠੀਕ ਗੱਲ ਆਖੀ ਹੈ ਕਿ ਦੇਸ਼ ਦੇ ਕਈ ਸਰਕਾਰੀ ਮਹਿਕਮੇ ਇੱਕ-ਦੂਸਰੇ ਦੇ ਖਿਲਾਫ ਅਦਾਲਤਾਂ ਵਿਚ ਮੁਕੱਦਮੇ ਕਰੀ ਫਿਰਦੇ ਹਨ, ਜਿਸ ਨਾਲ ਪੈਸਾ ਵੀ ਖਰਚ ਹੁੰਦਾ ਹੈ, ਸਮਾਂ ਵੀ। ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣ ਲਈ ਜਿਸ ਢੰਗ ਨਾਲ ਉਨ੍ਹਾਂ ਨੇ ਆਪਣੀ ਗੱਲ ਕਹੀ, ਉਸ ਲਈ ਵੀ ਤਾਰੀਫ ਦੇ ਸ਼ਬਦ ਲਿਖੇ ਜਾ ਸਕਦੇ ਹਨ। ਹੋਰ ਵੀ ਕਈ ਕੁਝ ਚੰਗਾ ਹੈ। ਅਸੀਂ ਉਨ੍ਹਾਂ ਦੀ ਤਕਰੀਰ ਤੋਂ ਝਲਕਦੇ ਨਾਂਹ-ਪੱਖੀ ਰੁਝਾਨਾਂ ਦੀ ਬਹੁਤੀ ਚਰਚਾ ਵੀ ਇਸ ਵੇਲੇ ਨਹੀਂ ਕਰ ਰਹੇ, ਜਿਨ੍ਹਾਂ ਵਿਚ ਸਭ ਤੋਂ ਵੱਡਾ ਇਹ ਹੈ ਕਿ ਉਹ ਨਿੱਜੀਕਰਨ ਅਤੇ ਵਿਦੇਸ਼ੀ ਪੂੰਜੀ ਦੇ ਭਾਰਤ ਵਿਚ ਦਾਖਲੇ ਦੇ ਵਕੀਲ ਬਣ ਕੇ ਪੇਸ਼ ਹੋ ਰਹੇ ਹਨ। ਯੋਜਨਾ ਕਮਿਸ਼ਨ ਪਹਿਲਾਂ ਵੀ ਦੇਸ਼ ਦੇ ਲੋਕਾਂ ਦੀਆਂ ਆਸਾਂ ਉਤੇ ਪੂਰਾ ਨਹੀਂ ਸੀ ਉਤਰ ਰਿਹਾ, ਪਰ ਇਸ ਦਾ ਸੁਧਾਰ ਕਰਨ ਦੀ ਥਾਂ ਇਸ ਦਾ ਭੋਗ ਪਾ ਕੇ ਸਾਰੀ ਯੋਜਨਾਬੰਦੀ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰ ਦਾ ਖੇਤਰ ਬਣਾ ਕੇ ਇਸ ਨੂੰ ਇੱਕ ਵਿਅਕਤੀ, ਉਹ ਕਿੰਨਾ ਵੀ ਵੱਡਾ ਤੇ ਯੋਗ ਹੋਵੇ, ਤੱਕ ਸੀਮਤ ਕਰ ਦੇਣਾ ਵੀ ਚੰਗਾ ਨਹੀਂ ਲੱਗ ਰਿਹਾ। ਫਿਰ ਵੀ ਅਸਲੀ ਗੱਲਾਂ ਇਹ ਨਹੀਂ, ਜਿਨ੍ਹਾਂ ਬਾਰੇ ਸਿਰ ਖਪਾਇਆ ਜਾਵੇ, ਸਗੋਂ ਰਾਜਸੀ ਪੱਖੋਂ ਪ੍ਰਧਾਨ ਮੰਤਰੀ ਦੇ ਕਹੇ ਕੁਝ ਉਹ ਨੁਕਤੇ ਹਨ, ਜਿਹੜੇ ਪੁਰਾਣੇ ਜੋੜੀਦਾਰਾਂ ਨਾਲੋਂ ਵਖਰੇਵਾਂ ਦਰਸਾਉਂਦੇ ਹਨ।
ਪਿਛਲੇ ਦਿਨਾਂ ਵਿਚ ਅਮਰ ਨਾਥ ਦੀ ਯਾਤਰਾ ਦੇ ਇੱਕ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਜਿਵੇਂ ਮੁਸਲਿਮ ਭਾਈਚਾਰੇ ਲਈ ਸਿੱਧੀ ਧਮਕੀਆਂ ਦੀ ਭਾਸ਼ਾ ਬੋਲੀ ਸੀ, ਉਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਨੇ ਹੁਣ ਬੋਲਣੀ ਛੱਡ ਦਿੱਤੀ ਹੈ। ਨਾ ਉਹ ਅਮਰ ਨਾਥ ਯਾਤਰਾ ਵੇਲੇ ਇਸ ਤਰ੍ਹਾਂ ਬੋਲੇ, ਨਾ ਉਹ ਲੇਹ-ਲੱਦਾਖ ਦੀ ਯਾਤਰਾ ਸਮੇਂ ਜਨਤਕ ਇਕੱਠ ਵਿਚ ਪੁਰਾਣੀ ਲੀਹ ਉਤੇ ਚੱਲੇ ਤੇ ਨਾ ਉਦੋਂ ਚੁੱਪ ਤੋੜੀ, ਜਦੋਂ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਸਾਰੇ ਹਿੰਦੁਸਤਾਨੀਆਂ ਦੇ ਹਿੰਦੂ ਹੋਣ ਦੀ ਸੁਰ ਉਭਾਰੀ ਸੀ। ਮੋਦੀ ਸਾਹਿਬ ਨੇ ਉਨ੍ਹਾਂ ਤੋਂ ਅਸਲੋਂ ਵਖਰੇਵੇਂ ਦਾ ਰਾਹ ਅਚਾਨਕ ਫੜ ਲਿਆ ਹੈ। ਮੋਹਨ ਭਾਗਵਤ ਦੀ ਇਸ ਟਿੱਪਣੀ ਬਾਰੇ ਬਹਿਸ ਦੌਰਾਨ ਟੀ ਵੀ ਚੈਨਲ ਦੇ ਇੱਕ ਐਂਕਰ ਨੇ ਜਦੋਂ ਇੱਕ ਗਰਮ-ਦਲੀ ਹਿੰਦੂ ਆਗੂ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਤੁਹਾਡੀ ਇਸ ਗੱਲ ਦੀ ਹਮਾਇਤ ਵਿਚ ਨਹੀਂ ਬੋਲਦੇ, ਉਸ ਨੇ ਹੱਸ ਕੇ ਕਿਹਾ ਸੀ, ‘ਜਿਨ ਕੇ ਅੱਛੇ ਦਿਨ ਆ ਗਏ ਹੈਂ, ਉਨ ਕੋ ਬੋਲਨੇ ਕੀ ਅਬ ਜ਼ਰੂਰਤ ਨਹੀਂ ਰਹੀ।’ ਟੀ ਵੀ ਐਂਕਰ ਨੇ ਇੱਕ ਦਮ ਅੱਗੋਂ ਇਹ ਸਵਾਲ ਪੁੱਛ ਲਿਆ ਕਿ ‘ਫਿਰ ਵੋ ਲੋਗ ਅਬ ਬੋਲ ਰਹੇ ਹੋਂਗੇ, ਜਿਨ ਕੇ ਅੱਛੇ ਦਿਨ ਅਭੀ ਤੱਕ ਨਹੀਂ ਆ ਸਕੇ?’ ਇਥੇ ਉਹ ਬੰਦਾ ਚੁੱਪ ਹੋ ਗਿਆ ਸੀ।
ਮੋਹਨ ਭਾਗਵਤ ਦੀ ਇਹ ਧਾਰਨਾ ਮੁੱਢੋਂ ਹੀ ਗਲਤ ਹੈ ਕਿ “ਜਿਵੇਂ ਇੰਗਲੈਂਡ ਦਾ ਹਰ ਨਾਗਰਿਕ ਅੰਗਰੇਜ਼ ਹੋ ਸਕਦਾ ਹੈ, ਹਰ ਹਿੰਦੁਸਤਾਨੀ ਨੂੰ ਵੀ ‘ਹਿੰਦੂ’ ਮੰਨਿਆ ਜਾਣਾ ਚਾਹੀਦਾ ਹੈ।” ਇੰਗਲੈਂਡ ਕੋਈ ਦੇਸ਼ ਨਹੀਂ, ਬ੍ਰਿਟੇਨ ਦੇਸ਼ ਦਾ ਇੱਕ ਪ੍ਰਾਂਤ ਹੈ, ਦੂਸਰੇ ਰਾਜ ਸਕਾਟਲੈਂਡ ਦੇ ਲੋਕ ਅੰਗਰੇਜ਼ ਨਹੀਂ, ਸਕਾਟਿਸ਼ ਕਹੇ ਜਾਂਦੇ ਹਨ ਤੇ ਵੇਲਜ਼ ਦੇ ਤੀਸਰੇ ਰਾਜ ਦੇ ਲੋਕ ਵੈਲਸ਼ ਕਹਾਉਂਦੇ ਹਨ। ਜੇ ਇੰਗਲੈਂਡ ਦੇ ਲੋਕ ਅੰਗਰੇਜ਼ ਵੀ ਮੰਨੇ ਜਾਣ ਤਾਂ ਅੰਗਰੇਜ਼ ਕਹਿਣ ਨਾਲ ਖਾਸ ਧਰਮ ਦੇ ਹੋਣ ਦਾ ਪ੍ਰਭਾਵ ਨਹੀਂ ਪੈਂਦਾ, ਭਾਰਤ ਵਿਚ ਕਿਸੇ ਨੂੰ ਹਿੰਦੂ ਕਹਿਣ ਦਾ ਪ੍ਰਭਾਵ ਇੱਕ ਧਰਮ ਨਾਲ ਜੁੜਦਾ ਹੈ। ਇਸ ਦੀ ਥਾਂ ਹਿੰਦੀ-ਭਾਸ਼ੀ ਵਿਅਕਤੀ ਕਿਹਾ ਜਾਵੇ, ਜਿਵੇਂ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਲੋਕ ਅਤੇ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਨੂੰ ਬੰਗਾਲੀ ਕਿਹਾ ਜਾਂਦਾ ਹੈ, ਉਵੇਂ ਇੰਗਲੈਂਡ ਵਿਚ ਅੰਗਰੇਜ਼ੀ ਭਾਸ਼ਾ ਬੋਲਣ ਵਾਲਿਆਂ ਨੂੰ ਅੰਗਰੇਜ਼ ਕਿਹਾ ਜਾਂਦਾ ਹੈ। ਆਜ਼ਾਦੀ ਲਹਿਰ ਵੇਲੇ ਹਿੰਦੀ ਨੂੰ ਸੰਪਰਕ ਭਾਸ਼ਾ ਵਜੋਂ ਵਰਤਣ ਕਾਰਨ ਕਈ ਥਾਂ ਭਾਰਤ ਦੇ ਸਾਰੇ ਲੋਕਾਂ ਨੂੰ ‘ਹਿੰਦੀ ਲੋਕ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਹ ਵਰਤੋਂ ਠੀਕ ਸੀ। ਮੋਹਨ ਭਾਗਵਤ ਜਿਵੇਂ ਇਸ ਦੇਸ਼ ਲਈ ‘ਹਿੰਦੁਸਤਾਨ’ ਦਾ ਨਾਂ ਵਰਤਦੇ ਹਨ, ਉਹ ਰਵਾਇਤ ਪੱਖੋਂ ਹੀ ਹੈ, ਸੰਵਿਧਾਨ ਮੁਤਾਬਕ ਇਸ ਦੇਸ਼ ਦੇ ਸਿਰਫ ਦੋ ਨਾਂ ‘ਇੰਡੀਆ’ ਅਤੇ ‘ਭਾਰਤ’ ਹਨ। ਸੰਵਿਧਾਨ ਘੜਨੀ ਸਭਾ ਵੱਲੋਂ ਪਾਸ ਕੀਤਾ ਸੰਵਿਧਾਨ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ ਕਿ ‘ਇੰਡੀਆ, ਦੈਟ ਇਜ਼ ਭਾਰਤ, ਸ਼ੈਲ ਬੀ ਏ ਯੂਨੀਅਨ ਆਫ ਸਟੇਟਸ’, ਭਾਵ ਕਿ ‘ਇੰਡੀਆ, ਜਿਹੜਾ ਭਾਰਤ ਹੈ, ਰਾਜਾਂ ਦੀ ਇੱਕ ਯੂਨੀਅਨ ਹੋਵੇਗਾ।’ ਇਸ ਵਿਚ ‘ਹਿੰਦੁਸਤਾਨ’ ਕਿੱਥੇ ਹੈ? ਭਾਰਤ ਦੇ ਨੋਟ ਅਤੇ ਸਿੱਕੇ ਵੀ ਵੇਖੇ ਜਾਣ ਤਾਂ ਤਿੰਨ ਸ਼ੇਰਾਂ ਵਾਲੇ ਨਿਸ਼ਾਨ ਦੇ ਨਾਲ ਇੰਡੀਆ ਤੇ ਭਾਰਤ ਲਿਖਿਆ ਜਾਂਦਾ ਹੈ, ਹਿੰਦੁਸਤਾਨ ਦਾ ਕਿਤੇ ਜ਼ਿਕਰ ਨਹੀਂ ਹੁੰਦਾ। ਸਿਰਫ ਆਪਣੀ ਸੋਚ ਵਾਲੇ ਲੋਕਾਂ ਵਿਚ ਰਾਤ-ਦਿਨ ਘਿਰੇ ਰਹਿਣ ਨਾਲ ਭਾਗਵਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਪੜ੍ਹਨ ਅਤੇ ਸੋਚਣ ਦਾ ਸ਼ਾਇਦ ਵਕਤ ਨਹੀਂ ਲੱਗਦਾ ਹੋਵੇਗਾ। ਫਿਰ ਵੀ ਗੱਲ ਮੋਹਨ ਭਾਗਵਤ ਦੀ ਨਹੀਂ, ਨਰਿੰਦਰ ਮੋਦੀ ਦੇ ਭਾਸ਼ਣ ਦੀ ਹੈ, ਜਿਹੜਾ ਲਾਲ ਕਿਲ੍ਹੇ ਦੀ ਕੰਧ ਤੋਂ ਦਿੱਤਾ ਗਿਆ ਤੇ ਜਿਸ ਵਿਚ ਇਸ਼ਾਰੇ ਮੋਦੀ ਵੱਲੋਂ ਮੁਲਕ ਤੋਂ ਵੱਧ ਮੋਹਨ (ਭਾਗਵਤ) ਵੱਲ ਕੀਤੇ ਹੋਏ ਕਈ ਲੋਕਾਂ ਨੂੰ ਨਜ਼ਰ ਆ ਗਏ ਹਨ।
ਪਿਛਲੇ ਦਿਨੀਂ ਜਦੋਂ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਨਵੇਂ ਪ੍ਰਧਾਨ ਵਜੋਂ ਅਮਿਤ ਸ਼ਾਹ ਦੀ ਤਾਜਪੋਸ਼ੀ ਕੀਤੀ ਜਾ ਰਹੀ ਸੀ, ਪ੍ਰਧਾਨ ਮੰਤਰੀ ਮੋਦੀ ਨੇ ਪਾਰਲੀਮੈਂਟ ਚੋਣ ਦੀ ਜਿੱਤ ਲਈ ਅਮਿਤ ਸ਼ਾਹ ਨੂੰ ‘ਮੈਨ ਆਫ ਦਾ ਮੈਚ’ ਕਰਾਰ ਦੇ ਦਿੱਤਾ ਸੀ। ਇਸ ਦੇ ਚੌਵੀ ਘੰਟੇ ਲੰਘਣ ਤੋਂ ਪਹਿਲਾਂ ਮੋਹਨ ਭਾਗਵਤ ਦਾ ਬਿਆਨ ਆ ਗਿਆ ਕਿ ਇਹ ਜਿੱਤ ਕਿਸੇ ਇੱਕ ਜਾਂ ਦੋ ਬੰਦਿਆਂ ਦੀ ਨਹੀਂ, ਭਾਰਤ ਦੇ ਲੋਕਾਂ ਦੀ ਹੈ, ਜਿਹੜੇ ਪਿਛਲੀ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਇੰਨੇ ਤੰਗ ਸਨ ਕਿ ਸਰਕਾਰ ਬਦਲਣਾ ਚਾਹੁੰਦੇ ਸਨ। ਭਾਗਵਤ ਨੇ ਮੋਦੀ ਦੇ ਕਹੇ ਦੀ ਕਾਟ ਜਿਵੇਂ ਅਗਲੇ ਦਿਨ ਕੀਤੀ, ਉਸ ਤੋਂ ਸਾਫ ਲੱਗਦਾ ਸੀ ਕਿ ਉਸ ਨੂੰ ਮੋਦੀ ਤੇ ਅਮਿਤ ਸ਼ਾਹ ਦਾ ਉਭਰਨਾ ਪਸੰਦ ਨਹੀਂ। ਮੋਦੀ ਦਾ ਉਭਾਰ ਨਾਪਸੰਦ ਕਰਨ ਵਾਲੇ ਸਿਰਫ ਉਹ ਹੀ ਨਹੀਂ, ਮੋਦੀ ਸਾਹਿਬ ਵੀ ਮੋਹਨ ਭਾਗਵਤ ਦਾ ਹੱਦਾਂ ਤੋਂ ਅੱਗੇ ਲੰਘਣ ਲਈ ਯਤਨ ਕਰਨਾ ਪਸੰਦ ਨਹੀਂ ਕਰ ਰਹੇ। ਉਹ ਹੁਣ ਪਹਿਲਾਂ ਵਾਲੇ ਮੋਦੀ ਨਹੀਂ, ਪ੍ਰਧਾਨ ਮੰਤਰੀ ਮੋਦੀ ਹਨ, ਜਿਸ ਨੇ ਦੇਸ਼ ਦੇ ਲੋਕਾਂ ਨੂੰ ਆਪਣੀ ਨੇਕ-ਚੱਲਣੀ ਪੇਸ਼ ਕਰਨੀ ਤੇ ਖੁਦ ਸਰਬ ਸਾਂਝਾ ‘ਪ੍ਰਧਾਨ ਸੇਵਕ’ ਬਣ ਕੇ ਪੇਸ਼ ਹੋਣਾ ਹੈ, ਤਾਂ ਕਿ ਪਿਛੋਕੜ ਤੋਂ ਖਹਿੜਾ ਛੁਡਾਇਆ ਜਾ ਸਕੇ। ਇਹ ਗੱਲ ਲਾਲ ਕਿਲ੍ਹੇ ਵਾਲੇ ਭਾਸ਼ਣ ਤੋਂ ਸਾਫ ਹੋ ਗਈ ਹੈ।
ਆਜ਼ਾਦੀ ਦਿਵਸ ਤੋਂ ਪਹਿਲੀ ਸ਼ਾਮ ਦੇਸ਼ ਵਾਸੀਆਂ ਨੂੰ ਸੰਦੇਸ਼ ਦੇਣ ਦੀ ਰਸਮ ਪੂਰੀ ਕਰਨ ਲਈ ਜਦੋਂ ਅੱਜ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਬੋਲੇ, ਉਨ੍ਹਾਂ ਵੀ ਜਨੂੰਨ ਤੋਂ ਸਾਵਧਾਨ ਕੀਤਾ ਸੀ। ਮੁਖਰਜੀ ਨੇ ਕਿਹਾ ਸੀ ਕਿ ‘ਜਨੂੰਨੀ ਬਾਦਸ਼ਾਹ ਔਰੰਗਜ਼ੇਬ ਨੇ ਦੂਸਰੇ ਧਰਮਾਂ ਦੇ ਲੋਕਾਂ ਉਤੇ ਜਜ਼ੀਆ ਲਾ ਦਿੱਤਾ ਸੀ, ਇਹ ਉਸ ਤੋਂ ਪਹਿਲਾਂ ਅਕਬਰ ਤੇ ਸ਼ਾਹ ਜਹਾਂ ਵੀ ਲਾ ਸਕਦੇ ਸਨ, ਪਰ ਉਨ੍ਹਾਂ ਇਹੋ ਜਿਹੀ ਕੋਈ ਵੰਡ ਸਮਾਜ ਵਿਚ ਨਹੀਂ ਸੀ ਪੈਣ ਦਿੱਤੀ ਤੇ ਸਾਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।’ ਕਈ ਲੋਕ ਸੋਚਦੇ ਸਨ ਕਿ ਨਰਿੰਦਰ ਮੋਦੀ ਇਸ਼ਾਰੇ ਵਿਚ ਇਸ ਦੀ ਕਾਟ ਕਰਨਗੇ। ਉਨ੍ਹਾਂ ਨੇ ਇਹੋ ਜਿਹੀ ਕਾਟ ਵੱਲ ਜਾਣ ਦੀ ਥਾਂ ਨੇਪਾਲ ਦੇ ਮਾਓਵਾਦੀਆਂ ਦੇ ਹਥਿਆਰ ਛੱਡ ਕੇ ਲੋਕਤੰਤਰ ਵੱਲ ਮੁੜਨ ਦਾ ਕਿੱਸਾ ਛੋਹ ਕੇ ਇਹ ਕਹਿ ਦਿੱਤਾ ਕਿ ਭਾਰਤ ਵਿਚ ਸਮਰਾਟ ਅਸ਼ੋਕ ਹੋਇਆ ਹੈ, ਜਿਸ ਨੇ ਇੱਕ ਜੰਗ ਲੜਨ ਪਿੱਛੋਂ ਖੂਨ-ਖਰਾਬੇ ਤੋਂ ਤੌਬਾ ਕਰ ਲਈ ਤੇ ਅਮਨ ਦਾ ਮਸੀਹਾ ਬਣ ਗਿਆ ਸੀ। ਇਸ ਦੇ ਪਿੱਛੋਂ ਮੋਦੀ ਇਹ ਕਹਿਣ ਲੱਗ ਪਏ ਕਿ ਅਸੀਂ ਜਾਤੀਵਾਦ ਅਤੇ ਫਿਰਕੂਪੁਣੇ ਦੀਆਂ ਕਈ ਕਿਸਮਾਂ ਦੀ ਹਿੰਸਾ ਹੁੰਦੀ ਵੇਖੀ ਹੈ, ਅਸੀਂ ਬਹੁਤ ਲੜਾਈਆਂ ਲੜ ਲਈਆਂ, ਬਹੁਤ ਲੋਕਾਂ ਦੀ ਜਾਨ ਗਈ, ਪਿੱਛੇ ਮੁੜ ਕੇ ਵੇਖੋ, ਕੀ ਕਿਸੇ ਨੂੰ ਕੁਝ ਮਿਲਿਆ ਹੈ? ਸਾਲਾਂ-ਬੱਧੀ ਹੋਏ ਖੂਨ-ਖਰਾਬੇ ਨਾਲ ਭਾਰਤ ਮਾਤਾ ਨੂੰ ਕੇਵਲ ਗਹਿਰੇ ਜ਼ਖਮ ਦਿੱਤੇ ਹਨ। ਫਿਰ ਗੱਲ ਇਥੇ ਮੁਕਾ ਦਿੱਤੀ ਕਿ ਗਲਤੀਆਂ ਨੂੰ ਭੁੱਲ ਜਾਈਏ ਤੇ ਹੁਣ ਸਾਰੇ ਮਿਲ ਕੇ ਅੱਗੇ ਚੱਲੀਏ। ਇਹ ਮੋਦੀ ਦਾ ਚੋਣਾਂ ਦਾ ਚੈਨਲ ਚੱਲਣ ਤੋਂ ਵੱਖਰੀ ਕਥਾ ਹੈ।
ਹੁਣ ਮੋਦੀ ਇੱਕ ਜੰਗ ਲੜਨ ਪਿੱਛੋਂ ਅਮਨ ਦਾ ਮਸੀਹਾ ਬਣੇ ਸਮਰਾਟ ਅਸ਼ੋਕ ਵਾਲੇ ਅਵਤਾਰ ਵਿਚ ਆਉਣਾ ਤੇ ਪਿਛੋਕੜ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹਨ ਤੇ ਸ਼ਾਇਦ ਉਸ ਪਿਛੋਕੜ ਦੇ ਉਨ੍ਹਾਂ ਸਾਥੀਆਂ ਵਾਲੀ ਸੰਗਤ ਤੋਂ ਵੀ, ਜਿਨ੍ਹਾਂ ਦੇ ਹਾਲੇ ‘ਅੱਛੇ ਦਿਨ’ ਨਹੀਂ ਆਏ ਤੇ ਮੋਦੀ ਦੇ ‘ਅੱਛੇ ਦਿਨ’ ਆਏ ਉਹ ਬਰਦਾਸ਼ਤ ਨਹੀਂ ਕਰ ਰਹੇ। ਬਾਕੀ ਦਾ ਭਾਸ਼ਣ ਤਾਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੀ, ਪ੍ਰਧਾਨ ਮੰਤਰੀ ਦੇ ਵਿਅਕਤਿਤਵ ਅੰਦਰਲੇ ਨਰਿੰਦਰ ਮੋਦੀ ਦੇ ਦਿਲ ਦੀ ਗੱਲ ਬੱਸ ਏਨੀ ਸੀ, ਜਿਹੜੀ ਉਸ ਨੇ ਕਹਿ ਦਿੱਤੀ ਹੈ। ਭਾਰਤ ਦੇ ਲੋਕ ਉਸ ਨੂੰ ਕਾਲਿੰਗਾ ਦੀ ਜੰਗ ਪਿੱਛੋਂ ਅਮਨ ਵਾਲਾ ਮਸੀਹਾ ਬਣੇ ਸਮਰਾਟ ਅਸ਼ੋਕ ਵਜੋਂ ਪ੍ਰਵਾਨ ਕਰ ਲੈਣਗੇ, ਇਹ ਗੱਲ ਸੋਚਣੀ ਹਾਲ ਦੀ ਘੜੀ ਔਖੀ ਹੈ।
Leave a Reply