ਮਾਸਟਰ ਦੀ ਕਬਰ

ਸਿਰਕੱਢ ਪੱਤਰਕਾਰ ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਵੀ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਰਹੇ ਆਪਣੇ ਹਰਮਨਪਿਆਰੇ ਕਾਲਮ ‘ਜਗਤ ਤਮਾਸ਼ਾ’ ਵਾਂਗ ਨਿਵੇਕਲੇ ਰੰਗ ਨਾਲ ਹਾਜ਼ਰ ਹੈ। ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਹਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਇਕੱਲੇ ਨੰਗਲ ਸ਼ਾਮਾ ਪਿੰਡ ਬਾਰੇ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਨ੍ਹਾਂ ਪਿੰਡਾਂ ਦੀ ਤਾਸੀਰ ਬਦਲ ਗਈ ਹੈ ਅਤੇ ਤੱਤ ਵੀ ਬਦਲ ਰਿਹਾ ਹੈ। ਦਲਬੀਰ ਨੇ ਇਹ ਰਚਨਾ ਧੜਕਦੇ ਦਿਲ ਨਾਲ ਕੀਤੀ ਹੋਈ ਹੈ, ਇਸੇ ਲਈ ਇਸ ਨੂੰ ਪੜ੍ਹਨ-ਸੁਣਨ ਵਾਲੇ ਦਾ ਦਿਲ ਵੀ ਉਸ ਰੌਂਅ ਵਿਚ ਧੜਕਣ ਲਗਦਾ ਹੈ। ਐਤਕੀਂ ‘ਮਾਸਟਰ ਦੀ ਕਬਰ’ ਨਾਂ ਦੇ ਅਧਿਆਇ ਵਿਚ ਉਸ ਨੇ ਵਹਿਮਾਂ-ਭਰਮਾਂ ਉਤੇ ਬੜੀ ਤਿੱਖੀ ਚੋਟ ਕੀਤੀ ਹੈ। -ਸੰਪਾਦਕ

ਦਲਬੀਰ ਸਿੰਘ
ਖੱਬੇ ਪਾਸੇ ਮਾਸਟਰ ਦੀ ਸਮਾਧ ਜਾਂ ਕਬਰ ਦਿਖਾਈ ਨਹੀਂ ਦੇ ਰਹੀ। ਇਸ ਦੇ ਸਾਹਮਣੇ ਮਕਾਨ ਉਸਰ ਗਏ ਹਨ ਜਿਸ ਕਾਰਨ ਇਹ ਲੁਕ ਗਈ ਹੈ। ਪਹਿਲਾਂ ਇਸ ਥਾਂ ਨੂੰ ਪਿੰਡ ਦੇ ਲੋਕ ਬਹੁਤ ‘ਸਖਤ’ ਮੰਨਦੇ ਹੁੰਦੇ ਸਨ। ਅਸਲ ਵਿਚ ਇਹ ਸਮਾਧ ਨਹੀਂ ਹੈ, ਸਿਰਫ਼ ਕਬਰ ਹੈ। ਕਿਸ ਦੀ ਹੈ?æææ ਕਿਸੇ ਨੂੰ ਨਹੀਂ ਪਤਾ। ਇਹ ਗੱਲ ਤਾਂ ਪੱਕੀ ਹੈ ਕਿ ਕਿਸੇ ਮੁਸਲਮਾਨ ਦੀ ਕਬਰ ਹੈ ਜਿਹੜਾ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿਚ ਰਹਿੰਦਾ ਹੋਵੇਗਾ। ਜ਼ਰੂਰ ਹੀ ਕੋਈ ਮੋਹਤਬਰ ਬੰਦਾ ਹੋਵੇਗਾ। ਤਦੇ ਤਾਂ ਪਿੰਡ ਵਿਚ ਉਸ ਦੀ ਪੱਕੀ ਕਬਰ ਬਣੀ ਹੋਈ ਹੈ; ਵਰਨਾ ਪਿੰਡ ਵਿਚ ਮੁਸਲਮਾਨ ਤਾਂ ਬਹੁਤ ਹੁੰਦੇ ਹੋਣਗੇ ਅਤੇ ਉਹ ਮਰੇ ਵੀ ਹੋਣਗੇ। ਇਸ ਕਬਰ ਉਤੇ ਹਰ ਤੀਜੇ ਚੌਥੇ ਸਾਲ ਪਿੰਡ ਦੇ ਹੀ ਗੁਆਂਢੀ ਹਰੀਜਨ ਪਰਿਵਾਰਾਂ ਵੱਲੋਂ ਸਫੈਦੀ ਕਰਵਾ ਦਿੱਤੀ ਜਾਂਦੀ ਸੀ। ਲਗਭਗ ਹਰ ਵੀਰਵਾਰ ਵਾਲੀ ਸ਼ਾਮ ਇਥੇ ਕੋਈ ਨਾ ਕੋਈ ਤੀਵੀਂ ਦੀਵਾ ਜਗਾ ਦਿਆ ਕਰਦੀ ਸੀ।
ਇਸ ਕਬਰ ਦੇ ਸਾਹਮਣੇ ਕੱਚੇ ਰਸਤੇ ਉਤੇ ਮਹੀਨੇ ਵਿਚ ਇਕ-ਅੱਧੀ ਵਾਰੀ ਕੋਈ ਨਾ ਕੋਈ ਟੂਣਾ ਕੀਤਾ ਹੋਇਆ ਮਿਲਦਾ ਸੀ। ਹਰੇ ਸਲਵਾੜ੍ਹ ਦੇ ਨਾਲ ਪਿੱਤਲ ਦੇ ਪੱਤੇ ਉਤੇ ਸੰਧੂਰ, ਠੂਠੀ, ਫੁੱਲੀਆਂ ਦੇ ਨਾਲ ਕੁਝ ਪੈਸੇ ਵੀ ਰੱਖੇ ਹੁੰਦੇ ਸਨ। ਪਹਿਲਾਂ ਪਹਿਲ ਅਸੀਂ ਇਸ ਤਰ੍ਹਾਂ ਦੇ ਟੂਣੇ ਤੋਂ ਬਹੁਤ ਡਰਦੇ ਸਾਂ। ਆਮ ਤੌਰ ਉਤੇ ਇਸ ਦੇ ਪਾਸੇ ਤੋਂ ਦੀ ਲੰਘ ਕੇ ਜਾਂਦੇ ਸਾਂ। ਡਰ ਇਹ ਸੀ ਕਿ ਜੇ ਟੂਣਾ ਉਲੰਘ ਦਿੱਤਾ, ਤਾਂ ਟੂਣਾ ਕਰਨ ਵਾਲੇ ਜਾਂ ਵਾਲੀ ਦੇ ਮਗਰ ਪਿਆ ਪਰੇਤ ਉਲੰਘਣਾ ਵਾਲੇ ਦੇ ਮਗਰ ਪੈ ਜਾਏਗਾ, ਪਰ ਇਕ ਦਿਨ ਲਹਿੰਬਰ ਗੱਪੀ ਨੇ ਟੂਣੇ ਉਤੇ ਰੱਖਿਆ ਸਵਾ ਰੁਪਿਆ ਚੁੱਕਿਆ, ਫੁੱਲੀਆਂ ਅਤੇ ਖੰਡ ਚੁੱਕ ਕੇ ਮੂੰਹ ਵਿਚ ਪਾਈ ਅਤੇ ਟੂਣੇ ਨੂੰ ਠੁੱਡਾ ਮਾਰ ਕੇ ਖਿਲਾਰ ਦਿੱਤਾ। ਅਸੀਂ ਦੋ ਦਿਨ ਤਕ ਉਸ ਦੇ ਮਰਨ ਦੀ ਉਡੀਕ ਕਰਦੇ ਰਹੇ, ਪਰ ਉਹ ਤਾਂ ਨੌ-ਬਰ-ਨੌ ਸੀ। ਇਸ ਲਈ ਉਸ ਦਿਨ ਤੋਂ ਬਾਅਦ ਸਾਡਾ ਵੀ ਟੂਣਿਆਂ ਵਿਚੋਂ ਡਰ ਖਤਮ ਹੋ ਗਿਆ।
ਇਸੇ ਤਰ੍ਹਾਂ ਹੀ ਮਾਸਟਰ ਦੀ ਕਬਰ ਤੋਂ ਡਰ ਵੀ ਇਕ ਵਾਰੀ ਲਹਿੰਬਰ ਗੱਪੀ ਨੇ ਹੀ ਖਤਮ ਕਰਵਾਇਆ। ਅਸੀਂ ਤਾਂ ਛੋਟੇ ਹੁੰਦੇ ਕਬਰ ਵੱਲ ਮਸਤਕ ਝੁਕਾ ਕੇ ਲੰਘਦੇ ਸਾਂ। ਇਕ ਦਿਨ ਅਸੀਂ ਸਾਰੇ ਦਿਨ ਛਿਪੇ ਟੋਲੀਆਂ ਬਣਾ ਕੇ ਲੁਕਣ ਮੀਟੀ ਖੇਡ ਰਹੇ ਸਾਂ ਕਿ ਸਾਡੀ ਟੋਲੀ ਮਾਸਟਰ ਦੀ ਸਮਾਧ ਕੋਲ ਆ ਲੁਕੀ। ਮੇਰੀ ਉਮਰ 10-12 ਸਾਲ ਦੀ ਹੋਵੇਗੀ ਅਤੇ ਲਹਿੰਬਰ ਦੀ 14-15 ਦੀ, ਪਰ ਤਿੰਨ ਸਾਲਾਂ ਦੇ ਫਰਕ ਦੇ ਬਾਵਜੂਦ ਉਹ ਬਹੁਤ ਵੱਡਾ ਦਿਖਾਈ ਦਿੰਦਾ ਸੀ। ਜਦੋਂ ਅਸੀਂ ਕਬਰ ਕੋਲ ਲੁਕੇ ਹੋਣ ਨਾਲ ਪਰੇਤ ਦੇ ਕਾਬੂ ਆਉਣ ਬਾਰੇ ਡਰ ਪ੍ਰਗਟ ਕੀਤਾ ਤਾਂ ਲਹਿੰਬਰ ਨੇ ਪਜਾਮੇ ਦਾ ਪਹੁੰਚਾ ਚੁੱਕ ਕੇ ਕਬਰ ਉਤੇ ਪਿਸ਼ਾਬ ਕਰ ਦਿੱਤਾ। ਅਸੀਂ ਇਕ ਦਮ ਦਹਿਲ ਗਏ ਸਾਂ। ਸਾਡਾ ਵਿਚਾਰ ਸੀ ਕਿ ਕਬਰ ‘ਸਖਤੀ’ ਹੋਣ ਕਾਰਨ ਲਹਿੰਬਰ ਉਸੇ ਵੇਲੇ ਹੀ ਫੁੜਕ ਕੇ ਡਿੱਗ ਪਏਗਾ, ਪਰ ਉਸ ਨੂੰ ਕੁਝ ਨਾ ਹੋਇਆ। ਅਸੀਂ ਸੋਚਦੇ ਸੀ ਕਿ ਕਬਰ ਵਿਚਲਾ ਪਰੇਤ ਉਸ ਨੂੰ ਬਖਸ਼ੇਗਾ ਨਹੀਂ, ਪਰ ਲਹਿੰਬਰ ਨੂੰ ਤਾਂ ਤਾਪ ਤਕ ਨਹੀਂ ਚੜ੍ਹਿਆ। ਇਸ ਤੋਂ ਬਾਅਦ ਸਾਡਾ ਵੀ ਕਬਰ ਤੋਂ ਡਰ ਜਾਂਦਾ ਰਿਹਾ। ਫਿਰ ਅਸੀਂ ਵੀ ਕਈ ਡਰਨ ਵਾਲਿਆਂ ਦਾ ਡਰ ਖਤਮ ਕਰਨ ਲਈ ਕਬਰ ਉਤੇ ਕਈ ਵਾਰੀ ਪਿਸ਼ਾਬ ਕੀਤਾ। ਪਹਿਲੀ-ਪਹਿਲੀ ਵਾਰ ਰਤਾ ਕੁ ਦਹਿਲ ਸੀ। ਫਿਰ ਇਹ ਗੱਲ ਸਾਧਾਰਨ ਵਰਗੀ ਹੋ ਗਈ ਸੀ। ਫਿਰ ਤਾਂ ਟੂਣਾ ਚੁੱਕਣ ਵਿਚ ਵੀ ਪਹਿਲ ਕਰਨ ਲਈ ਸ਼ਰਤਾਂ ਲਗਦੀਆਂ ਸਨ।
ਟੂਣਾ ਚੁੱਕਣ ਦੇ ਮਾਮਲੇ ਤੋਂ ਚੇਤਾ ਆਇਆ ਕਿ ਜਦੋਂ 1978 ਵਿਚ ਮੈਂ ਜ਼ਿੰਦਗੀ ਵਿਚ ਪਹਿਲੀ ਵਾਰੀ ਪਹਾੜੀਆਂ ਦੇਖਣ ਲਈ ਕਸੌਲੀ ਗਿਆ ਤਾਂ ਮੇਰੇ ਨਾਲ ਪੀæਏæਯੂæ ਵਾਲੇ ਰਣਜੀਤ ਸਿੰਘ ਥਾਂਦੀ ਅਤੇ ਭਾਅ ਜੀ ਸਾਧੂ ਸਿੰਘ ਵੀ ਸਨ। ਮੰਕੀ ਪੁਆਇੰਟ ਨਾਂ ਦੀ ਸਿੱਧੀ ਅਤੇ ਕਸੌਲੀ ਦੀ ਸਭ ਤੋਂ ਉਚੀ ਪਹਾੜੀ ਉਤੇ ਹਨੂੰਮਾਨ ਜੀ ਦੇ ਨਾਂ ਉਤੇ ਚੌਂਤਰਾ ਜਿਹਾ ਬਣਾਇਆ ਹੋਇਆ ਸੀ ਜਿਸ ਨੂੰ ਹਨੂੰਮਾਨ ਦਾ ਮੰਦਰ ਕਹਿੰਦੇ ਸਨ। ਪਹਾੜੀ ਉਤੇ ਚੜ੍ਹਨ ਵਾਲੇ ਸ਼ਰਧਾਲੂ ਲੋਕ ਉਥੇ ਦਸੀ-ਪੰਜੀ, ਚੁਆਨੀ-ਅਠਿਆਨੀ ਆਦਿ ਚੜ੍ਹਾ ਜਾਂਦੇ ਸਨ।
ਅਸੀਂ ਸਾਰੇ ਹੀ ਨਾਸਤਕ ਸਾਂ। ਇਸ ਲਈ ਅਸੀਂ ਉਥੇ ਭਾਨ ਦੇ ਰੂਪ ਵਿਚ ਪਏ ਸਾਢੇ ਸੱਤ ਰੁਪਏ ਦੇ ਕਰੀਬ ਪੈਸੇ ਚੁੱਕ ਲਏ ਅਤੇ ਹੇਠਾਂ ਉਤਰ ਕੇ ਇਸ ਨੂੰ ਸ਼ਰਾਬ ਦੀ ਬੋਤਲ ਵਾਲੀ ਰਕਮ ਵਿਚ ਪਾ ਲਿਆ। ਕਈ ਸਾਲਾਂ ਮਗਰੋਂ ਫਿਰ ਗਿਆ ਤਾਂ ਮੰਦਰ ਦੇ ਪ੍ਰਬੰਧਕਾਂ ਨੇ ਛੋਟਾ ਜਿਹਾ ਮੰਦਰ ਉਸਾਰ ਕੇ ਲੋਹੇ ਦੀ ਖਿੜਕੀ ਲਾ ਦਿੱਤੀ ਸੀ। ਇਸ ਵਿਚੋਂ ਦੀ ਪੈਸੇ ਸੁੱਟੇ ਜਾ ਸਕਦੇ ਸਨ ਪਰ ਕੱਢਣ ਲਈ ਹੱਥ ਨਹੀਂ ਸੀ ਪੈ ਸਕਦਾ। ਨਾਸਤਕਾਂ ਨਾਲੋਂ ਮੰਦਰ ਦੇ ਪੁਜਾਰੀਆਂ ਕੋਲ ਵਧੇਰੇ ਜੁਗਤਾਂ ਹੁੰਦੀਆਂ ਹਨ!
ਹੁਣ ਮਾਸਟਰ ਦੀ ਕਬਰ ਦੇ ਆਲੇ-ਦੁਆਲੇ ਕਿਉਂਕਿ ਘਰ ਬਣ ਗਏ ਹਨ, ਇਸ ਲਈ ਪਹਿਲੀ ਨਜ਼ਰੇ ਇਹ ਦਿਖਾਈ ਨਹੀਂ ਦਿੱਤੀ। ਰਤਾ ਕੁ ਤਰੱਦਦ ਕਰਨ ਉਤੇ ਪਤਾ ਲੱਗਾ ਕਿ ਕਬਰ ਤਕ ਨਿੱਕੀ ਜਿਹੀ ਗਲੀ (ਰਸਤਾ) ਛੱਡੀ ਗਈ ਹੈ ਜਿਸ ਦੇ ਪਾਰ ਕਬਰ ਹਾਲੇ ਮੌਜੂਦ ਹੈ। ਪਿੰਡ ਵਿਚ ਤਾਂ ਕਿਸੇ ਨੂੰ ਇਹ ਗਿਆਨ ਵੀ ਨਹੀਂ ਕਿ ਇਹ ਕਬਰ ਕਿਸ ਦੀ ਹੈ। ਛੋਟੇ ਹੁੰਦਿਆਂ ਦਾਦਾ ਜੀ ਮੇਲਾ ਸਿੰਘ ਨੂੰ ਪੁੱਛਿਆ ਸੀ। ਉਨ੍ਹਾਂ ਵੀ ਸਿਰਫ ਇੰਨਾ ਹੀ ਦੱਸਿਆ ਸੀ ਕਿ ਇਹ ਕਬਰ ਕਿਸੇ ਮੁਸਲਮਾਨ ਮਾਸਟਰ ਦੀ ਹੈ। ਇਹ ਮਾਸਟਰ ਕਦੋਂ ਮਰਿਆ? ਇਹ ਕਿਉਂ ਮਸ਼ਹੂਰ ਸੀ? ਉਸ ਨੇ ਕੀ ਕਾਰਨਾਮੇ ਕੀਤੇ ਸਨ? ਇਸ ਬਾਰੇ ਹੋਰ ਕੁਝ ਵੀ ਪਤਾ ਨਹੀਂ ਸੀ।
ਭਾਰਤ ਵਿਚ ਹੋਰ ਪਤਾ ਨਹੀਂ ਕਿੰਨੇ ਪਿੰਡਾਂ ਤੇ ਸ਼ਹਿਰਾਂ ਵਿਚ ਇਸ ਤਰ੍ਹਾਂ ਦੀਆਂ ਬੇਨਾਮ ਕਬਰਾਂ ਹੋਣਗੀਆਂ ਜਿਥੇ ਉਸ਼ਟੰਡੀ ਲੋਕ ਹਰਾ ਝੰਡਾ ਲਾ ਕੇ ਆਂਢ-ਗੁਆਂਢ ਦੀ ਜ਼ਮੀਨ ਉਤੇ ਕਬਜ਼ਾ ਕਰ ਲੈਂਦੇ ਹਨ, ਪਰ ਮੇਰੇ ਪਿੰਡ ਦੇ ਲੋਕ ਧਰਮੀ ਹੋਣ ਦੇ ਬਾਵਜੂਦ ਪਖੰਡੀ ਨਹੀਂ ਹਨ। ਉਹ ਹਰ ਸਾਧ-ਸੰਤ ਦੀ ਸੇਵਾ ਜ਼ਰੂਰ ਕਰਦੇ ਹਨ ਪਰ ਚਲਾਕ ਲੋਕਾਂ ਨੂੰ ਪਛਾਣ ਲੈਂਦੇ ਹਨ। ਉਹ ਗੁੱਗੇ ਪੀਰ ਦੇ ਉਪਾਸ਼ਕ ਹਨ ਪਰ ਗੁੱਗੇ ਦੀ ਜਿਹੜੀ ਮਟੀ ਦਲਿਤਾਂ (ਹਰੀਜਨਾਂ) ਦੇ ਵਿਹੜੇ ਬਣੀ ਹੋਈ ਹੈ, ਉਸ ਉਤੇ ਵੀ ਸਿਰਫ਼ ਗੁੱਗਾ ਨੌਮੀ ਵਾਲੇ ਦਿਨੀਂ ਹੀ ਰੌਣਕ ਹੁੰਦੀ ਹੈ। ਬਾਕੀ ਦਾ ਸਾਲ ਉਥੇ ਚੇਲਿਆਂ ਦਾ ਕੋਈ ਟੱਬਰ ਹੀ ਦੀਵਾ ਬਾਲਦਾ ਹੈ।
ਨੰਗਲ ਸ਼ਾਮਾ ਦੇ ਲੋਕਾਂ ਦੇ ਆਮ ਤੌਰ ਉਤੇ ਸਾਧਾਂ-ਸੰਤਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਇਕ ਹੋਰ ਉਦਾਹਰਣ ਸਾਡੇ ਪਿੰਡ ਵਿਚ ਹੁੰਦਾ ‘ਜਨਮਾ’ ਹੈ। ਪੀੜ੍ਹੀ-ਦਰ-ਪੀੜ੍ਹੀ ਇਹ ਪ੍ਰਥਾ ਚਲੀ ਆ ਰਹੀ ਹੈ ਕਿ ਜੋੜਾਂ ਦੇ ਦਰਦਾਂ ਵਾਲੇ ਮਰੀਜ਼ ਹਰ ਸ਼ਨਿਚਰਵਾਰ ਪਿੰਡ ਚੌਕੀ ਭਰਨ ਆਉਂਦੇ ਹਨ। ਪਿੰਡ ਦੇ ਨੌਜਵਾਨ ਉਨ੍ਹਾਂ ਨੂੰ ‘ਝਾੜਾ’ ਕਰਦੇ ਹਨ ਜਿਸ ਨੂੰ ਪਿੰਡ ਵਿਚ ‘ਜਨਮਾ’ ਕਹਿੰਦੇ ਹਨ। ਮਰੀਜ਼ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਅਹਾਤੇ ਵਿਚ ਬੈਠਦੇ ਹਨ। ਤਿੰਨ ਹਫਤਿਆਂ ਮਗਰੋਂ ਹੀ ਉਹ ਠੀਕ-ਠਾਕ ਹੋ ਜਾਂਦੇ ਹਨ।
ਜੇ ਕੋਈ ਹੋਰ ਪਿੰਡ ਹੁੰਦਾ ਤਾਂ ਖਬਰੇ ਇਸ ਕੰਮ ਲਈ ਕੋਈ ਮੜ੍ਹੀ, ਮੱਠ, ਗੁਰਦੁਆਰਾ ਜਾਂ ਸ਼ਿਵਾਲਾ ਬਣ ਜਾਂਦਾ। ਇਹ ਵੀ ਹੋ ਸਕਦਾ ਸੀ ਕਿ ਕੋਈ ਮਹੰਤ, ਫਕੀਰ ਜਾਂ ਭਾਈ ਇਸ ਉਤੇ ਕਬਜ਼ਾ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਸ਼ੁਰੂ ਕਰ ਦਿੰਦਾ, ਪਰ ਨੰਗਲ ਸ਼ਾਮਾ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਅਤੇ ਨਾ ਹੀ ਹੋਣ ਦਿੱਤੀ ਹੈ। ਕਿਸੇ ਸ਼ਰਾਰਤੀ ਨੇ ਇਸ ਤਰ੍ਹਾਂ ਦਾ ਯਤਨ ਵੀ ਨਹੀਂ ਕੀਤਾ। ਜੇ ਕਿਸੇ ਨੇ ਕੀਤਾ ਹੁੰਦਾ ਤਾਂ ਜ਼ਰੂਰ ਹੀ ਲੋਕਾਂ ਨੇ ਉਸ ਦਾ ਮੂੰਹ ਤੋੜ ਜਵਾਬ ਦੇਣਾ ਸੀ। ਇਹੀ ਕਾਰਨ ਹੈ ਕਿ ਮਾਸਟਰ ਦੀ ਕਬਰ ਉਤੇ ਸਿਵਾ ਕਿਸੇ ਵੀਰਵਾਰ ਨੂੰ ਦੀਵਾ ਜਗਾਉਣ ਦੀ ਚਲੀ ਆ ਰਹੀ ਪਿਰਤ ਪੂਰੀ ਕਰਨ ਦੇ, ਹੋਰ ਕੋਈ ਅਡੰਬਰ ਨਹੀਂ ਰਚਿਆ ਗਿਆ। ਮੈਂ ਆਪਣੀ ਧੀ ਨੂੰ ਦੱਸਦਾ ਹਾਂ ਕਿ ਧਾਰਮਿਕ ਹੋਣ ਦੇ ਬਾਵਜੂਦ ਮੇਰੇ ਪਿੰਡ ਦੇ ਲੋਕ ਕਰਮਕਾਂਡੀ ਨਹੀਂ ਹਨ। ਉਹ ਧਾਰਮਿਕ ਜ਼ਰੂਰ ਹਨ, ਧਰਮ ਦੇ ਮਾਮਲੇ ਵਿਚ ਉਹ ਲੜਦੇ ਵੀ ਹਨ ਪਰ ਸਾਰੇ ਹੀ ਗੁਰਦੁਆਰੇ ਜਾਂਦੇ ਹਨ। ਇਕੋ ਗੁਰੂ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਪਿੰਡ ਦੇ ਲੋਕਾਂ ਨੇ ਪਹਿਲਾਂ ਮਾਸਟਰ ਦੀ ਕਬਰ ਦੇ ਕੁਝ ਅੱਗੇ ਕਰ ਕੇ ਦੂਜਾ ਗੁਰਦੁਆਰਾ ਬਣਾਇਆ ਸੀ। ਅੱਜ ਕੱਲ੍ਹ ਤੀਜੀ ਥਾਂ ਉਤੇ ਵੀ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ।
ਮੈਂ ਬੇਟੀ ਨੂੰ ਦੱਸਦਾ ਹਾਂ ਕਿ ਖੱਬੇ ਪਾਸੇ ਪੀਲੇ ਰੰਗ ਦੀ ਜਿਹੜੀ ਇਮਾਰਤ ਹੈ, ਉਹ ਪਿੰਡ ਦਾ ਦੂਜਾ ਗੁਰਦੁਆਰਾ ਹੈ। ਅੱਜ ਕੱਲ੍ਹ ਇਸ ਨੂੰ ‘ਛੋਟਾ ਗੁਰਦੁਆਰਾ’ ਕਿਹਾ ਜਾਂਦਾ ਹੈ, ਪਰ ਸੱਠਵਿਆਂ ਵਿਚ ਜਦੋਂ ਇਸ ਦੀ ਉਸਾਰੀ ਕੀਤੀ ਗਈ ਸੀ ਤਾਂ ਇਸ ਨੂੰ ਹਰੀਜਨਾਂ ਜਾਂ ‘ਵਿਹੜੇ ਵਾਲਿਆਂ’ ਦਾ ਗੁਰਦੁਆਰਾ ਕਿਹਾ ਜਾਂਦਾ ਸੀ। ਕੁਝ ਲੋਕ ਤਾਂ ਇਸ ਨੂੰ ਚਮਾਰਾਂ ਦਾ ਗੁਰਦੁਆਰਾ ਵੀ ਕਹਿੰਦੇ ਸਨ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪਿੰਡ ਦੇ ਵੱਡੇ ਗੁਰਦੁਆਰੇ ਦੇ ਹਾਲ ਦੇ ਬਾਹਰ ਹਰੀਜਨਾਂ ਜਾਂ ਦਲਿਤਾਂ ਦੇ ਆਪਣੇ ਹਾਣੀਆਂ ਨੂੰ ਮੈਂ ਜੋੜਿਆਂ ਵਾਲੀ ਥਾਂ ਵਿਚ ਬੈਠ ਕੇ ਕੜਾਹ ਪ੍ਰਸ਼ਾਦ ਲੈਂਦੇ ਦੇਖਿਆ ਸੀ।
ਸਿੱਖੀ ਦੇ ਸਿਧਾਂਤਾਂ ਦੀ ਬਹੁਤ ਸਮਝ ਨਾ ਹੋਣ ਦੇ ਬਾਵਜੂਦ ਮੈਨੂੰ ਇਹ ਗੱਲ ਬਹੁਤ ਔਖੀ ਲਗਦੀ ਸੀ ਕਿ ਹਰੀਜਨਾਂ ਨੂੰ ਗੁਰਦੁਆਰੇ ਵਿਚ ਨਾ ਜਾਣ ਦਿੱਤਾ ਜਾਵੇ ਪਰ ਪਿੰਡ ਦੇ ਜੱਟਾਂ ਅਤੇ ਤਰਖਾਣਾਂ ਦੇ ਪੁਰਖਾਂ ਦੀ ਹਾਜ਼ਰੀ ਵਿਚ ਮੈਂ ਇਸ ਦਾ ਵਿਰੋਧ ਨਹੀਂ ਸੀ ਕਰ ਸਕਦਾ ਪਰ ਕੁਝ ਸਾਲਾਂ ਮਗਰੋਂ ਪਹਿਲੀ ਵਾਰੀ ਮੈਂ ਹੀ ਇਹ ਕੀਤਾ ਸੀ ਕਿ ਇਕ ਹਰੀਜਨ ਸਹਿਪਾਠੀ ਨੂੰ ਨਾਲ ਲੈ ਕੇ ਵੱਡੇ ਗੁਰਦੁਆਰੇ ਦੇ ਹਾਲ ਵਿਚ ਦਾਖਲ ਹੋਇਆ ਸਾਂ। ਕੁਝ ਕੁ ਅੱਖਾਂ ਵਿਚ ਇਤਰਾਜ਼ੀਆ ਸੰਕੇਤ ਉਠੇ ਸਨ ਪਰ ਸਿਰਫ਼ ਇੰਨਾ ਹੀ। ਇਸ ਤੋਂ ਵੱਧ ਕੁਝ ਨਹੀਂ ਸੀ ਹੋਇਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਉਦੋਂ ਤੱਕ ਮੈਂ ਗੁਰਦੁਆਰੇ ਦੇ ਭਾਈ ਗਿਆਨੀ ਹੀਰਾ ਸਿੰਘ ਦਾ ਚੇਲਾ ਬਣ ਗਿਆ ਸਾਂ ਅਤੇ ਉਹ ਮੇਰੀ ਇਸ ਦਲੀਲ ਨਾਲ ਸਹਿਮਤ ਹੋ ਗਏ ਸਨ ਕਿ ਸਿੱਖੀ ਮਨੁੱਖ ਤੇ ਮਨੁੱਖ ਵਿਚ ਫਰਕ ਨਹੀਂ ਸਮਝਦੀ। ਇਹ ਦਲੀਲ ਮੈਂ ਕਮਿਊਨਿਸਟਾਂ ਤੋਂ ਵੀ ਸਿੱਖੀ ਸੀ। ਇਸ ਮਗਰੋਂ ਭਾਵੇਂ ਦਲਿਤ ਲੋਕ ਬਹੁਤੀ ਗਿਣਤੀ ਵਿਚ ਵੱਡੇ ਗੁਰਦੁਆਰੇ ਵਿਚ ਨਹੀਂ ਸਨ ਆਉਂਦੇ ਪਰ ਇਨ੍ਹਾਂ ਦੇ ਆਉਣ ਉਤੇ ਰੋਕ ਨਹੀਂ ਸੀ।
ਦੂਜਾ ਜਾਂ ਛੋਟਾ ਜਾਂ ਹਰੀਜਨਾਂ ਦਾ ਜਾਂ ਰਵਿਦਾਸ ਗੁਰਦੁਆਰਾ ਭਾਵੇਂ ਨਿਰੋਲ ਦਲਿਤਾਂ ਨੇ ਉਸਾਰਿਆ ਸੀ, ਇਸ ਵਿਚ ਮਦਦ ਪਿੰਡ ਦੇ ਹੋਰ ਲੋਕਾਂ ਨੇ ਵੀ ਦਿੱਤੀ ਸੀ। ਇਸ ਦੀ ਕਾਰ ਸੇਵਾ ਵਿਚ ਮੈਂ ਵੀ ਹਿੱਸਾ ਲਿਆ ਸੀ। ਮਗਰੋਂ ਭਾਵੇਂ ਮੈਂ ਪਿੰਡ ਦਾ ‘ਮੰਨਿਆ ਪ੍ਰਮੰਨਿਆ’ ਅਖੰਡ ਪਾਠੀ ਹੋ ਗਿਆ ਸਾਂ, ਫਿਰ ਵੀ ਇਸ ਗੁਰਦੁਆਰੇ ਵਿਚ ਪਾਠ ਕਰਨ ਦਾ ਮੌਕਾ ਸਿਰਫ਼ ਇਕੋ ਵਾਰੀ ਲੱਗਾ ਸੀ।
ਖ਼ੈਰ! ਮਾਸਟਰ ਦੀ ਕਬਰ ਬਾਰੇ ਦੱਸਣ ਤੋਂ ਬਾਅਦ ਜਦੋਂ ਮੈਂ ਇਸ ਗੁਰਦੁਆਰੇ ਬਾਰੇ ਆਪਣੀ ਬੇਟੀ ਨੂੰ ਦੱਸ ਰਿਹਾ ਸਾਂ ਤਾਂ ਉਸ ਨੇ ਇਸ ਗੁਰਦੁਆਰੇ ਦੇ ਸਾਹਮਣੇ ਵੱਲ ਇਕ ਕਮਰੇ ਉਤੇ ਲੱਗੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ ਇਸ ਬਾਰੇ ਪੁੱਛਿਆ। ਇਸ ਬਾਰੇ ਤਾਂ ਮੈਨੂੰ ਵੀ ਨਹੀਂ ਸੀ ਪਤਾ। ਇਹ ਤਾਂ ਮੇਰੀ ਗੈਰ-ਹਾਜ਼ਰੀ ਵਿਚ ਉਸਰਿਆ ਕੋਈ ਮੰਦਰ ਜਿਹਾ ਹੈ। ਦਲਿਤਾਂ ਦਾ ਲਹਿੰਬਰ ਜਿਹੜਾ ਬਿਜਲੀ ਬੋਰਡ ਵਿਚ ਲਾਈਨਮੈਨ ਹੈ, ਪਰ ਨਾਲ ਦੀ ਨਾਲ ਗੁਰਦੁਆਰੇ ਦੇ ਸਾਹਮਣੇ ਵਾਲੀ ਕੋਠੜੀ ਵਿਚ ਸਾਈਕਲਾਂ ਦੀ ਦੁਕਾਨ ਕਰਦਾ ਸੀ, ਵੀ ਇਸ ਬਾਰੇ ਵੇਰਵੇ ਵਿਚ ਦੱਸਣ ਤੋਂ ਇਨਕਾਰ ਕਰਦਾ ਹੈ। ਉਹ ਸਿਰਫ ਇੰਨਾ ਹੀ ਕਹਿੰਦਾ ਹੈ ਕਿ ‘ਇਹ ਵੀ ਨਵਾਂ ਸ਼ੋਸ਼ਾ ਹੀ ਹੈ।’ ਮੈਂ ਹੈਰਾਨ ਹਾਂ ਕਿ ਜਿਸ ਪਿੰਡ ਵਿਚ ਸਦੀਆਂ ਤੋਂ ਕੋਈ ਮੰਦਰ ਨਹੀਂ ਸੀ, ਉਥੇ ਕਿਹੜੀ ਸ਼ਰਾਰਤ ਜਾਂ ਲੋੜ ਹੇਠ ਇਹ ਮੰਦਰ ਉਸਾਰਿਆ ਗਿਆ ਹੈ?
(ਚੱਲਦਾ)

Be the first to comment

Leave a Reply

Your email address will not be published.