ਜਿਨ੍ਹਾਂ ਪਾਠਕਾਂ ਦਾ ਖੇਤਾਂ ਨਾਲ ਵਾਹ ਰਿਹਾ ਹੈ, ਖਾਸ ਕਰਕੇ ਜਿਹੜੇ ਇਲਾਕਿਆਂ ਵਿਚ ਗੰਨਾ ਬੀਜਿਆ ਜਾਂਦਾ ਹੈ, ਉਹ ਜਾਣਦੇ ਹਨ ਕਿ ਘੁਲਾੜੀ ਜਾਂ ਵੇਲਣੇ ‘ਤੇ ਨਿਕਲੇ ਤਾਜ਼ਾ ਰਸ ਜਾਂ ਰਹੁ ਅਤੇ ਤੱਤੇ ਗੁੜ ਦਾ ਕੀ ਸਵਾਦ ਹੁੰਦਾ ਹੈ? ਬਥੇਰੇ ਪਾਠਕ ਇਹ ਮੰਨਣਗੇ ਕਿ ਉਸ ਤੱਤੇ ਗੁੜ ਤੋਂ ਦੀ ਸੌ ਨਿਆਮਤਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਟਾਈਮਜ਼ ਵਿਚ ਛਪਦੇ ‘ਆਖ ਤਸਵੀਰਾਂ ਬੋਲਦੀਆਂ’ ਕਾਲਮ ਵਿਚ ਛਪਦੀਆਂ ਤਸਵੀਰਾਂ ਉਪਰ ਜਗਮੀਤ ਸਿੰਘ ਪੰਧੇਰ ਦੀਆਂ ਲਿਖੀਆਂ ਕੈਪਸ਼ਨਾਂ ਪਾਠਕਾਂ ਨੇ ਪੜ੍ਹੀਆਂ ਹੀ ਹੋਣਗੀਆਂ। ਇਸ ਕਹਾਣੀ ਵਿਚ ਸ਼ ਪੰਧੇਰ ਨੇ ਉਸ ਤੱਤੇ ਗੁੜ ਦੀ ਗੱਲ ਕੀਤੀ ਹੈ ਜਿਸ ਨੂੰ ਅਮਰੀਕਾ ਬੈਠੇ ਅਸੀਂ ਜਿਵੇਂ ਤਰਸ ਹੀ ਗਏ ਹਾਂ। -ਸੰਪਾਦਕ
ਜਗਮੀਤ ਸਿੰਘ ਪੰਧੇਰ
ਫੋਨ: 91-98783-37222
ਫੌਜ ਵਿਚੋਂ ਪੈਨਸ਼ਨ ਲੈ ਕੇ ਆਏ ਵਿਹੜੇ ਵਾਲੇ ਨਾਜਰ ਫੌਜੀ ਨੇ ਆਪਣੀ ਜੋੜੀ ਪੂੰਜੀ ਨਾਲ ਆਰਥਿਕ ਤੌਰ ‘ਤੇ ਟੁੱਟੇ ਇਕ ਜੱਟ ਕੋਲੋਂ ਇੱਕ ਕਿੱਲਾ ਜ਼ਮੀਨ ਖਰੀਦ ਲਈ। ਖੇਤ ਵਿਚ ਕਮਾਦ ਪਹਿਲਾਂ ਹੀ ਬੀਜਿਆ ਹੋਇਆ ਸੀ। ਕੱਸੀ ਦਾ ਪਾਣੀ ਲਗਦਾ ਸੀ। ਨਾਜਰ ਫੌਜੀ ਦੇ ਟੱਬਰ ਦੇ ਕੁੱਲ ਚਾਰ ਜੀਅ ਸਨ। ਨਾਜਰ, ਉਹਦੇ ਘਰ ਵਾਲੀ ਤੇਜੋ ਅਤੇ ਉਨ੍ਹਾਂ ਦੇ ਦੋ ਛੋਟੇ-ਛੋਟੇ ਪੁੱਤ ਮੀਤਾ ਅਤੇ ਜੀਤਾ। ਜ਼ਮੀਨ ਦੇ ਖੁਦ ਮਾਲਕ ਬਣਨ ਦਾ ਹੌਸਲਾ ਮਾਨੋ ਨਾਜਰ ਤੇ ਤੇਜੋ ਨੂੰ ਉਡਾਈ ਫਿਰਦਾ ਸੀ। ਦੋਵਾਂ ਨੇ ਰਲ ਕੇ ਐਨੀ ਮਿਹਨਤ ਕੀਤੀ ਕਿ ਸਾਰੇ ਕਮਾਦ ਦੇ ਖੇਤ ਵਿਚ ਕੋਈ ਕੱਖਾਂ ਦੀ ਤਿੜ੍ਹ ਦੇਖਣ ਨੂੰ ਵੀ ਨਹੀਂ ਸੀ ਲੱਭਦੀ। ਕਮਾਦ ਦੇ ਹਰੇਕ ਮੇੜ੍ਹੇ ਨੂੰ ਪਲੋਸ ਪਲੋਸ ਕੇ ਪਾਲਿਆ, ਉਨ੍ਹਾਂ ਦੋਵਾਂ ਜੀਆਂ ਨੇ ਰਲ ਕੇ। ਖੇਤ ਦੇ ਕੋਲੋਂ ਲੰਘਣ ਵਾਲਾ ਖੜ੍ਹ-ਖੜ੍ਹ ਕੇ ਵੇਖਦਾ। ਬਹੁਤੇ ਜੱਟ ਅੰਦਰੋ ਅੰਦਰੀ ਭਾਵੇਂ ਖਾਰ ਹੀ ਖਾਂਦੇ ਪਰ ਮੂੰਹੋਂ ਉਹ ਵੀ ਨਾਜਰ ਫੌਜੀ ਦੀ ਸਿਫ਼ਤ ਕਰਨੋਂ ਨਾ ਰਹਿ ਸਕਦੇ।
“ਬਈ ਊਂ ਤਾਂ ਕਮਾਲ ਕਰ’ਤੀ ਫੌਜੀ ਨੇ! ਨੇੜੇ ਤੇੜੇ ਇੱਖ ਤਾਂ ਨੀ ਇਹਦੇ ਨਾਲ ਦਾ ਕਿਸੇ ਦਾ,” ਇਕ ਦੇ ਮੂੰਹੋਂ ਨਿਕਲਦਾ।
“ਓਏ ਹੋਵੇ ਵੀ ਕਿਉਂ ਨਾ ਭਾਈ। ਫੌਜੀ ਤੇ ਫੌਜਣ ਦਿਨ ਰਾਤ ਇੱਖ ‘ਚ ਈ ਵੜੇ ਰਹਿੰਦੇ ਨੇ,” ਦੂਜਾ ਗੁੱਝੇ ਮਖੌਲ ਨਾਲ ਸਿਫ਼ਤ ਕਰ ਜਾਂਦਾ।
ਘੁਲਾੜੀਆਂ ਚੱਲ ਪਈਆਂ। ਪਹਿਲਾਂ ਪਿੰਡ ਦੇ ਜੱਟਾਂ ਨੇ ਆਪਣੇ-ਆਪਣੇ ਕਮਾਦ ਪੀੜੇ ਅਤੇ ਆਖਰ ਤੇ ਵਾਰੀ ਮਿਲੀ ਨਾਜਰ ਫੌਜੀ ਨੂੰ। ਸਾਰਾ ਟੱਬਰ ਇਕ ਅਜੀਬ ਤਰ੍ਹਾਂ ਦੇ ਚਾਅ ਨਾਲ ਪੱਬਾਂ ਭਾਰ ਹੋਇਆ ਪਿਆ ਸੀ। ਤੇਜੋ ਆਗਾਂ ਦਾ ਲਾਲਚ ਦੇ ਕੇ ਗੰਨੇ ਘੜਨ ਵਾਲੀਆਂ ਔਰਤਾਂ ਨੂੰ ਵਿਹੜੇ ‘ਚੋਂ ਇਕੱਠੀਆਂ ਕਰਕੇ ਵਾਢੇ ‘ਚ ਲਿਜਾ ਰਹੀ ਸੀ ਅਤੇ ਨਾਜਰ ਆਪਣੇ ਘਰਾਂ ਦੇ ਬੰਦਿਆਂ ਨੂੰ ਇਕੱਠੇ ਕਰ ਰਿਹਾ ਸੀ। ਸਾਰੇ ਪਿੰਡ ਵਿਚ ਗੁੜ ਦਾ ਮਾਹਿਰ ਪਕਾਵਾ ਇੱਕ ਬੰਦਾ ਸੀ, ਉਹ ਸੀ ਤੋਖੀ ਝਿਊਰ। ਸਾਰੇ ਪਿੰਡ ਦਾ ਗੁੜ ਉਸੇ ਨੇ ਪਕਾਇਆ ਸੀ ਪਰ ਨਾਜਰ ਫੌਜੀ ਦੀ ਵਾਰੀ ਵੇਲੇ ਉਹ ਨਖ਼ਰੇ ਕਰਨ ਲੱਗ ਪਿਆ।
“ਲੈ ਬਈ ਚਾਚਾ, ਤੂੰ ਹੁਣ ਮੇਰੀ ਮਦਾਦ ਕਰਨੀ ਐਂ। ਸਾਨੂੰ ਤਾਂ ਕੋਈ ਹਿਸਾਬ-ਕਿਤਾਬ ਨੀ ਹੈਗਾ। ਅਸੀਂ ਤਾਂ ਤੇਰੀ ਕਮਾਨ ਥੱਲੇ ਈ ਚੱਲਾਂਗੇ।” ਨਾਜਰ ਫੌਜੀ ਨੇ ਤੋਖੀ ਨੂੰ ਅੱਧ ਕੁ ਦਾ ਹੋ ਕੇ ਬੇਨਤੀ ਕੀਤੀ।
“ਨਾ ਬਈ ਫੌਜੀਆ। ਮੇਰੀ ਤਾਂ ਬੇਵਾਹ ਐ ਹੁਣ। ਜਵਾਬ ਤਾਂ ਤੈਨੂੰ ਕੋਈ ਨੀ ਸੀ ਪਰ ਕੀ ਕਰਾਂ, ਬੀਹ ਟੈਂਟੇ ਨੇ ਕੱਲੀ ਜਾਨ ਨੂੰ। ਕੱਲ੍ਹ ਨੂੰ ਵੱਡੀ ਕੁੜੀ ਨੂੰ ਵਿਦਾ ਕਰਨੈ। ਉਹਦਾ ਕੋਈ ਲੀੜ੍ਹੇ ਕੱਪੜੇ ਦਾ ਜੁਗਾੜ ਵੀ ਕਰਨਾ ਪੈਣਾ। ਤੂੰ ਤਾਂ ਭਾਈ ਹੁਣ ਕਿਸੇ ਹੋਰ ਬੰਦੇ ਦਾ ਇੰਤਜ਼ਾਮ ਕਰ ਲੈ।” ਤੋਖੀ ਨੇ ਗੁੱਝੇ ਢੰਗ ਨਾਲ ਗਰਜ ਭਰਿਆ ਬਹਾਨਾ ਬਣਾਇਆ।
“ਨਾ ਬਈ ਚਾਚਾ, ਤੈਥੋਂ ਬਿਨਾਂ ਹੈ ਨੀ ਕੋਈ ਪਾਰਖੂ। ਔਖਾ-ਸੌਖਾ ਤੂੰ ਹੀ ਸਾਂਭ ਇਹ ਡਿਊਟੀ ਤਾਂ। ਕੁੜੀ ਖਾਤਰ ਲੀੜੇ-ਕੱਪੜੇ ਦਾ ਵੀ ਕੋਈ ਨਾ ਕੋਈ ਜੁਗਾੜ ਮੈਂ ਕਰ ਦੂੰ ਗਾ। ਪਰ ਤੂੰ ਮੇਰਾ ਡੰਗ ਸਾਰ ਕਿਵੇਂ ਨਾ ਕਿਵੇਂ।” ਨਾਜਰ ਫੌਜੀ ਨੇ ਤੋਖੀ ਦੀ ਰਮਜ਼ ਪਛਾਣ ਕੇ ਨਾਂਹ ਕਰਨ ਦੇ ਬਹਾਨੇ ਦਾ ਰਾਹ ਬੰਦ ਕਰ ਦਿੱਤਾ।
“ਚੱਲ ਚੰਗਾ ਫੇਰ ਮੱਲਾ, ਜੇ ਤੂੰ ਬਹੁਤਾ ਖਹਿੜੇ ਪੈਨੈਂ ਤਾਂ ਮੈਂ ਕਿਹੜਾ ਤੈਥੋਂ ਬਾਹਰ ਆਂ।” ਜਿੰਮੇਵਾਰੀ ਸਾਂਭਦੇ ਹੋਏ ਤੋਖੀ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਫੌਜੀ ਨੇ ਕਿੰਨੀ ਛੇਤੀ ਉਸ ਦੀ ਰਮਜ਼ ਸਮਝ ਲਈ ਸੀ।
ਘੁਲਾੜੀ ਚੱਲ ਪਈ। ਬੇਲਣਿਆਂ ਵਿਚ ਗੰਨੇ ਲੱਗਣ ਲੱਗ ਪਏ। ਪੀੜੇ ਹੋਏ ਗੰਨੇ ਦੇ ਰਸ ਦੀ ਤਤੀਰੀ ਪੀਪੇ ਵਿਚ ਡਿੱਗਣ ਲੱਗੀ ਅਤੇ ਤੱਥੇ ਦੂਜੇ ਪਾਸੇ ਇਕੱਠੇ ਹੋਣ ਲੱਗੇ। ਰਸ ਨਾਲ ਭਰੇ ਹੋਏ ਬਾਹੇ ਇੱਕ ਇੱਕ ਕਰਕੇ, ਕੜਾਹੇ ਉਪਰ ਰੱਖੀ ਹੋਈ ਟੋਕਰੀ ਵਿਚ ਵਿਛਾਏ ਮਲਮਲ ਦੇ ਕੱਪੜੇ ਵਿਚੋਂ ਪੁਣ ਕੇ ਕੜਾਹੇ ਵਿਚ ਪੈਣ ਲੱਗੇ। ਕੜਾਹੇ ਥੱਲੇ ਖੋਰੀ ਦੀ ਅੱਗ ਲਟ-ਲਟ ਬਲਣ ਲੱਗੀ। ਗਰਮ ਹੋ ਰਹੇ ਰਸ ਦੇ ਉਪਰ ਆਉਂਦੀ ਮੈਲ ਨੂੰ ਤੋਖੀ ਝਿਊਰ ਨਾਲ ਦੀ ਨਾਲ ਲਾਹ ਕੇ ਬਾਹਰ ਰੱਖੇ ਇੱਕ ਪੀਪੇ ਵਿਚ ਪਾਈ ਜਾਂਦਾ। ਅੱਗ ਦੇ ਸੇਕ ਨਾਲ ਗਾੜ੍ਹੇ ਹੋ ਰਹੇ ਰਸ ਵਿਚੋਂ ਉਠ ਰਹੀਆਂ ਬੁਲਬਲੀਆਂ ਵਿਚੋਂ ਪੈਦਾ ਹੋ ਰਹੀ ਮਿਠਾਸ ਦੀ ਮਹਿਕ ਚੁਫੇਰੇ ਨੂੰ ਨਸ਼ਿਆ ਰਹੀ ਸੀ।
ਰੋਟੀ ਲੈ ਕੇ ਆਈ ਤੇਜੋ ਨੇ ਸਭ ਤੋਂ ਪਹਿਲਾਂ ਤੋਖੀ ਝਿਊਰ ਨੂੰ ਆਵਾਜ਼ ਮਾਰੀ, “ਆ ਜੋ ਚਾਚਾ ਜੀ, ਪਹਿਲਾਂ ਤੁਸੀਂ ਪ੍ਰਸ਼ਾਦਾ ਲੈ ਲੋ।”
“ਨਈਂ ਭਾਈ ਮੈਂ ਤਾਂ ਘਰੋਂ ਖਾ ਕੇ ਆਇਆ ਸੀ, ਤੂੰ ਏਨ੍ਹਾਂ ਨੂੰ ਦੇਹ।” ਤੋਖੀ ਨੇ ਆਪਣੇ ਮੂੰਹ ਵੱਲ ਆਉਂਦੀ ਭਾਫ਼ ਨੂੰ ਅੱਖਾਂ ਮੂਹਰੇ ਹੱਥ ਕਰਕੇ ਰੋਕਦੇ ਹੋਏ ਮੂੰਹ ਜਿਹਾ ਵੱਟ ਕੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ।
ਇਕੱਲਾ-ਇਕੱਲਾ ਜਾਣਾ ਰੋਟੀ ਖਾਣ ਬਾਅਦ ਮੁੜ ਆਪਣੇ-ਆਪਣੇ ਕੰਮ ‘ਤੇ ਲਗਦਾ ਰਿਹਾ। ਸਭ ਤੋਂ ਪਿੱਛੋਂ ਨਾਜਰ ਫੌਜੀ ਪੀਪੇ ‘ਚ ਪਏ ਪਾਣੀ ਨਾਲ ਹੱਥ ਧੋ ਕੇ ਰੋਟੀ ਖਾਣ ਲਈ ਤੇਜੋ ਕੋਲ ਆ ਬੈਠਾ। ਦੋਵਾਂ ਦੀਆਂ ਅੱਖਾਂ ਮਿਲੀਆਂ ਤਾਂ ਉਨ੍ਹਾਂ ਨੂੰ ਇਕ ਖਾਸ ਤਰ੍ਹਾਂ ਦੀ ਖੁਸ਼ੀ ਭਰੀ ਤਸੱਲੀ ਇਕ-ਦੂਜੇ ਦੇ ਚਿਹਰੇ ‘ਤੇ ਝਲਕਦੀ ਨਜ਼ਰ ਆਈ।
“ਲੈ ਹੁਣ ਇਉਂ ਕਰ, ਦੋਨਾਂ ਜੁਆਕਾਂ ਨੂੰ ਰਸ ਨਾਲ ਫੁੱਲ ਕਰ ਦੇਹ ਪਹਿਲਾਂ ਤਾਂ। ਔਹ ਦੇਖ, ਐਵੇਂ ਗੰਨਿਆਂ ਨਾਲ ਜਬਾੜੇ ਪੜਵਾਈ ਜਾਂਦੇ ਐ। ਨਾਲੇ ਤੂੰ ਆਪ ਪੀ ਲੈ ਦੋ ਗਿਲਾਸ।” ਤੇਜੋ ਤੋਂ ਰਾਟੀ ਫੜਦੇ ਹੋਏ ਨਾਜਰ ਫੌਜੀ ਨੇ ਮੀਤੇ ਤੇ ਜੀਤੇ ਵੱਲ ਇਸ਼ਾਰਾ ਕਰਕੇ ਆਖਿਆ।
“ਨਿਆਣਿਆਂ ਨੂੰ ਪਿਆ ਦਿੰਨੀ ਆਂ। ਮੇਰਾ ਤਾਂ ਚਲ ਕੀ ਐ?” ਤੇਜੋ ਨੇ ਬਾਕੀ ਰੋਟੀਆਂ ਪੋਣੇ ਵਿਚ ਵਲੇਟਦਿਆਂ, ਟੇਢੀ ਅੱਖ ਨਾਲ ਨਾਜਰ ਵੱਲ ਝਾਕਦੇ ਹੋਏ ਕਿਹਾ।
“ਲੈ ਕਿਉਂ ਤੇਰਾ ਕਿਉਂ ਨੀ ਕੁਸ਼? ਸਾਰਾ ਘਰ-ਬਾਰ ਤੇਰਾ, ਔਹ ਖੇਤ ਤੇਰਾ, ਆਹ ਜੁਆਕ ਤੇਰੇ, ਔਰæææਔਰæææਔਰ ਹਮ ਵੀ ਤੇਰੇ।” ਮੂੰਹ ਵਿਚ ਬੁਰਕੀ ਪਾਉਂਦੇ ਹੋਏ ਫੌਜੀ ਨੇ ਤੇਜੋ ਨੂੰ ਛੇੜਖਾਨੀ ਭਰੀ ਟਕੋਰ ਮਾਰੀ।
“ਚਲ ਛੱਡ ਪਰ੍ਹੇ ਜੀ। ਤੂੰ ਤਾਂ ਹੋਰ ਈ ਗੱਲ ਬਣਾ ਲੀ।” ਤੇਜੋ ਮੁਸਕਰਾਉਂਦੀ ਹੋਈ ਜੁਆਕਾਂ ਨੂੰ ਰਸ ਪਿਲਾਉਣ ਦੇ ਬਹਾਨੇ ਉਠ ਕੇ ਚਲੀ ਗਈ।
ਤੇਜੋ ਨੇ ਚੁੰਨੀ ਦੇ ਲੜ ਨਾਲ ਪੁਣ ਕੇ ਦੋਵਾਂ ਜੁਆਕਾਂ ਨੂੰ ਰਸ ਦੇ ਗਿਲਾਸ ਭਰ ਕੇ ਫੜਾ ਦਿੱਤੇ ਅਤੇ ਜੁਆਕ ਗਟਾਗਟ ਰਸ ਅੰਦਰ ਸੁੱਟ ਕੇ ਡੱਕਾਰ ਮਾਰਦੇ ਹੋਏ ਕੜਾਹੇ ਵੱਲ ਨੂੰ ਦੁੜੰਗੇ ਮਾਰ ਗਏ ਕਿAੁਂਕਿ ਉਨ੍ਹਾਂ ਦੀ ਅਸਲ ਨੀਤ ਤਾਂ ਤੱਤੇ ਗੁੜ ਵਿਚ ਸੀ। ਤੇਜੋ ਦਾ ਜੀਅ ਤਾਂ ਕੀਤਾ ਰਸ ਪੀਣ ਨੂੰ ਪਰ ਆਲੇ-ਦੁਆਲੇ ਤੁਰੇ ਫਿਰਦੇ ਬੰਦਿਆਂ ਤੋਂ ਜਕ ਕੇ ਮਨ ਮਾਰ ਲਿਆ। ਮੀਤਾ ਤੇ ਜੀਤਾ ਦੂਰ ਖੜ੍ਹੇ ਕੜਾਹੇ ਵਿਚ ਉਠਦੇ ਬੁਲਬਲਿਆਂ ਵਿਚੋਂ ਨਿਕਲਦੀ ਮਿਠਾਸ ਭਰੀ ਭਾਫ਼ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਰਹੇ। ਕੜਾਹੇ ਦੇ ਸਿਰਹਾਣੇ ਬੈਠਾ ਤੋਖੀ ਜਦੋਂ ਉਨ੍ਹਾਂ ਵੱਲ ਕੌੜ ਜਿਹਾ ਝਾਕਦਾ ਤਾਂ ਦੋਵੇਂ ਨਿਆਣੇ ਡਰਦੇ ਹੋਏ ਜਾਣ ਬੁਝ ਕੇ ਦੂਜੇ ਪਾਸੇ ਵੇਖਣ ਲੱਗ ਪੈਂਦੇ। ਅਖੀਰ ਉਨ੍ਹਾਂ ਤੋਂ ਰਿਹਾ ਨਾ ਗਿਆ। ਭਾਂਡਿਆਂ ਦੀ ਸੁੱਕ-ਮਾਂਜ ਕਰਦੀ ਤੇਜੋ ਦੇ ਮੋਢੇ ਲੱਗ ਕੇ ਪੁੱਛਣ ਲੱਗੇ, “ਬੇਬੇ, ਗੁੜ ਕਦੋਂ ਕੁ ਬਣ ਜੂ?”
“ਮੈਨੂੰ ਤਾਂ ਪਤਾ ਨੀ ਪੁੱਤ, ਔਹ ਥੋਡਾ ਬਾਬਾ ਬੈਠਾ ਨਾ, ਕੜਾਹੇ ਕੋਲ ਉਹਨੂੰ ਪੁੱਛ ਲੋ ਜਾ ਕੇ।” ਤੇਜੋ ਨੇ ਤੋਖੀ ਵੱਲ ਇਸ਼ਾਰਾ ਕਰਕੇ ਜੁਆਕਾਂ ਨੂੰ ਉਸ ਵੱਲ ਤੋਰ ਦਿੱਤਾ।
ਦੋਵੇਂ ਨਿਆਣੇ ਇਕ ਦੂਜੇ ਦਾ ਹੱਥ ਫੜੀ, ਡਰਦੇ ਡਰਦੇ ਤੋਖੀ ਦੇ ਕੋਲ ਜਾਣ ਦੀ ਬਜਾਏ ਦੂਰ ਖੜ੍ਹੇ ਹੀ ਇਕ ਦੂਜੇ ਨੂੰ ‘ਤੂੰ ਪੁੱਛ’, ‘ਤੂੰ ਪੁੱਛ’ ਦੀਆਂ ਉਂਗਲਾਂ ਲਾਉਂਦੇ ਰਹੇ। ਤੋਖੀ ਵੀ ਤਾੜ ਗਿਆ ਕਿ ਕੋਈ ਗੱਲ ਐ।
“ਕੀ ਗੱਲ ਆ ਓਏ? ਐਥੇ ਖੜ੍ਹੇ ਕੂਹਣੀਓਂ-ਕੂਹਣੀ ਹੋਈ ਜਾਨੇ ਓਂ? ਤੋਖੀ ਨੇ ਤਲਖੀ ਨਾਲ ਪੁੱਛਿਆ।
“ਨਹੀਂ ਬਾਬਾ, ਆਹ ਕਹਿੰਦੈ ਬਈ ਗੁੜ੍ਹ ਕਦੋਂ ਕੁ ਬਣ ਜੂ?” ਮੀਤੇ ਨੇ ਗੱਲ ਜੀਤੇ ਸਿਰ ਪਾ ਦਿੱਤੀ।
“ਹਾਲੇ ਨੀ ਬਣਦਾ। ਬਹੁਤ ਟੈਮ ਲੱਗੂ ਹਾਲੇ ਜਾਓ ਭੱਜੋ ਤੁਸੀਂ ਘਰ ਨੂੰ।” ਤੋਖੀ ਨੇ ਖਿਝ ਭਰੇ ਬੋਲਾਂ ਨਾਲ ਨਿਆਣਿਆਂ ਨੂੰ ਝਿੜਕ ਦਿੱਤਾ।
ਤੋਖੀ ਝਿਊਰ ਦੀ ਚੁਭਵੀਂ ਆਵਾਜ਼, ਤੇਜੋ ਦੇ ਕੰਨੀਂ ਪੈ ਤਾਂ ਗਈ ਪਰ ਉਹ ਚੁੱਪ ਕੀਤੀ, ਵੱਟ ਜਿਹਾ ਖਾ ਕੇ ਭਾਂਡੇ ਇਕੱਠੇ ਕਰਨ ਲੱਗ ਪਈ।
ਨਿਆਣੇ ਨਿਰਾਸ਼ ਜਿਹੇ ਹੋ ਕੇ ਫੇਰ ਤੇਜੋ ਕੋਲ ਆ ਖੜ੍ਹੇ। “ਬੇਬੇ, ਬਾਬਾ ਤਾਂ ਕਹਿੰਦੈ ਹਾਲੇ ਨੀ ਬਣਦਾ ਗੁੜ੍ਹ ਬਹੁਤਾ ਟੈਮ ਲੱਗੂ।”
“ਫੇਰ ਮੈਂ ਕੀ ਕਰਾਂ? ਐਥੇ ਬੈਠੇ ਰਹੋ। ਜਦੋਂ ਬਣ ਗਿਆ ਆਪਦੇ ਪਿਓ ਨੂੰ ਆਖ ਦਿਓ।” ਤੇਜੋ ਦੇ ਬੋਲਾਂ ਵਿਚੋਂ ਔਖ ਜੁਆਕਾਂ ‘ਤੇ ਨਿਕਲ ਗਈ ਅਤੇ ਉਹ ਭਾਂਡੇ, ਬਾਲਟੀ ਵਿਚ ਰੱਖ ਕੇ ਤੇਜ਼ੀ ਨਾਲ ਘਰ ਵੱਲ ਤੁਰ ਪਈ।
“ਤੇਜੋ! ਬਿੰਦ ਕੁ ਅਟਕ ਜਾ, ਤੱਤਾ ਗੁੜ੍ਹ ਲੈ ਜੀਂ। ਕਿਤੇ ਆਂਢੀ-ਗੁਆਂਢੀ ਦੇ ਮੂੰਹ ਪਊ, ਚੰਗਾ ਹੁੰਦੈ।” ਨਾਜਰ ਨੇ ਤੇਜੋ ਨੂੰ ਤੁਰਦੀ ਦੇਖ ਦੂਰੋਂ ਹੀ ਉਚੀ ਆਵਾਜ਼ ਵਿਚ ਹਾਕ ਮਾਰੀ।
“ਨਹੀਂ ਸਰ ਜੂ, ਤੂੰ ਈ ਲੈ ਆਈਂ। ਮੇਰੇ ਤਾਂ ਸੌ ਧੰਦੇ ਪਏ ਨੇ ਕਰਨ ਆਲੇ।” ਤੇਜੋ ਨੇ ਪਿੱਛੇ ਮੁੜੇ ਬਿਨਾਂ ਹੀ ਜਵਾਬ ਦਿੱਤਾ। ਫੌਜੀ ਨੂੰ ਉਸ ਦੇ ਬੋਲਾਂ ਵਿਚ ਨਾਰਾਜ਼ਗੀ ਤਾਂ ਝਲਕੀ ਪਰ ਕਾਰਨ ਪੱਲੇ ਨਾ ਪਿਆ। ਦਿਮਾਗ ‘ਤੇ ਬਹੁਤਾ ਜੋਰ ਦੇਣ ਦੀ ਬਜਾਏ ਉਹ ਮੁੜ ਆਪਣੇ ਕੰਮ ਲੱਗ ਗਿਆ।
ਤੋਖੀ ਨੇ ਮਕਸੂਦ ਨੂੰ ਕੜਾਹੇ ‘ਚੋਂ ਉਪਰ ਚੁੱਕ ਕੇ ਉਸ ਤੋਂ ਡਿਗਦੀ ਗਾੜ੍ਹੀ ਧਾਰ ਨੂੰ ਪੂਰੇ ਗਹੁ ਨਾਲ ਦੇਖਿਆ ਅਤੇ ਉਂਗਲਾਂ ਨਾਲ ਪੱਤ ਦੀ ਜਾਚ ਕਰਕੇ ਨਾਜਰ ਨੂੰ ਹਾਕ ਮਾਰੀ।
“ਲੈ ਬਈ ਫੌਜੀਆ ਆਓ ਹੁਣ, ਲਉ ਵਾਖਰੂ ਦਾ ਨਾਉਂ। ਪੱਤ ਨੂੰ ਗੰਡ ‘ਚ ਪਾ ਦਿਓ। ਹੁਣ ਵੱਤ ਐ।”
ਛਟੀਆਂ ਦੀ ਬਣੀ ਕੁੱਲੀ ਵਿਚ ਪਏ ਗੰਡ ਵਿਚ ਕੜਾਹਾ ਉਲੱਦ ਦਿੱਤਾ ਗਿਆ।
“ਬਾਪੂ, ਹੁਣ ਤਾਂ ਬਣ ਗਿਆ ਗੁੜ?” ਨਿਆਣਿਆਂ ਨੂੰ ਕਾਹਲ ਸੀ।
“ਆਹੋ ਪੁੱਤ, ਬਣ ਤਾਂ ਗਿਆ ਪਰ ਹਾਲੇ ਵੱਧ ਤੱਤਾ। ਮੂੰਹ ਮੱਚ ਜੂ। ਬਿੰਦ ਕੁ ਅਟਕ ਜੋ।” ਫੌਜੀ ਨਿਆਣਿਆਂ ਨੂੰ ਗੱਲ ਸਮਝਾ ਕੇ ਰਸ ਦੇ ਬਾਹੇ ਚੁੱਕ ਕੇ ਕੜਾਹੇ ‘ਤੇ ਪਈ ਟੋਕਰੀ ‘ਚ ਉਲਟਾਉਣ ਲੱਗ ਪਿਆ। ਕੁਝ ਚਿਰ ਪਿਛੋਂ ਤੋਖੀ ਕੜਾਹੇ ਕੋਲੋਂ ਉਠ ਕੇ ਗੰਡ ਕੋਲ ਚਲਾ ਗਿਆ ਅਤੇ ਚੰਡਣੀ ਗੰਡ ਵਿਚ ਫੇਰ ਕੇ ਪਰਖ ਕਰਨ ਲੱਗਾ।
“ਕਿਉਂ ਚਾਚਾ, ਕਿਵੇਂ ਐਂ? ਹੋਈਏ ਫਿਰ ਰੈਡੀ।” ਫੌਜੀ ਨੇ ਗੰਡ ਕੋਲੋਂ ਉਠ ਕੇ ਬਾਹਰ ਆਉਂਦੇ ਤੋਖੀ ਤੋਂ ਪੁੱਛਿਆ।
“ਨਹੀਂ, ਹਾਲੇ ਹੋਰ ਅਟਕ ਜੋ। ਹਾਲੇ ਨਾ ਛੇੜਿਉ। ਮੈਂ ਆਉਨਾਂ ਪਾਣੀ ਪੀ ਕੇ ਔਹ ਖੂਹ ਤੋਂ।” ਤੋਖੀ ਚਿਤਾਵਨੀ ਦੇ ਕੇ ਖਾਲ ਦੀ ਵੱਟ ਪੈ ਕੇ ਪਾਣੀ ਪੀਣ ਤੁਰ ਪਿਆ।
“ਪਾਣੀ ਤਾਂ ਚਾਚਾ ਔਥੇ ਘੜੇ ‘ਚ ਸੱਜਰਾ ਲਿਆ ਕੇ ਰੱਖਿਆ ਪਿਐ।” ਨਾਜਰ ਨੇ ਤੁਰੇ ਜਾਂਦੇ ਤੋਖੀ ਨੂੰ ਹਾਕ ਮਾਰੀ।
“ਨਹੀਂ ਕੋਈ ਨਾ, ਮੈਨੂੰ ਪਤੈ।” ਬਿਨਾਂ ਪਿੱਛੇ ਝਾਕੇ ਜਵਾਬ ਦੇ ਕੇ ਤੋਖੀ ਖੂਹ ਵੱਲ ਤੁਰਿਆ ਗਿਆ।
“ਦੋਵੇਂ ਨਿਆਣੇ ਹੁਣ ਫੇਰ ਹੌਸਲਾ ਜਿਹਾ ਫੜ ਕੇ ਨਾਜਰ ਕੋਲ ਆ ਗਏ। ਨਾਜਰ ਦੋਵਾਂ ਨੂੰ ਗੰਡ ਕੋਲ ਲੈ ਗਿਆ ਤੇ ਕਪਾਹ ਦੀ ਛਟੀ ਦਾ ਇੱਕ-ਇੱਕ ਡੱਕਾ ਫੜਾ ਕੇ ਗੰਡ ਕੋਲ ਬਿਠਾ ਦਿੱਤਾ ਤੇ ਉਨ੍ਹਾਂ ਨੂੰ ਇਕ ਥਾਂ ‘ਤੇ ਡੱਕਾ ਫੇਰ ਕੇ ਗੁੜ ਠੰਡਾ ਕਰਨ ਦਾ ਵੱਲ ਦੱਸ ਕੇ ਆਪਣੇ ਕੰਮ ਜਾ ਲੱਗਿਆ। ਦੋਵੇਂ ਜੁਆਕ ਆਪੋ-ਆਪਣੇ ਡੱਕਿਆਂ ਨੂੰ ਗੰਡ ਵਿਚ ਗੋਲ-ਗੋਲ ਘੁਮਾ ਕੇ ਗੁੜ ਠੰਢਾ ਕਰਨ ਦੀ ਖੇਡ ਵਿਚ ਰੁੱਝ ਗਏ। ਗੁੜ ਦਾ ਰੰਗ ਭੂਰਾ ਜਿਹਾ ਹੁੰਦਾ ਦੇਖ ਕੇ ਉਨ੍ਹਾਂ ਦੇ ਮੂੰਹ ‘ਚੋਂ ਲਾਲਾਂ ਡਿੱਗਣ ਲੱਗੀਆਂ। ਸੁਆਦ ਦੇਖਣ ਦੀ ਕਾਹਲ ‘ਚ ਮੀਤੇ ਤੋਂ ਰਿਹਾ ਨਾ ਗਿਆ। ਗੁੜ ਨਾਲ ਲਿਬੜਿਆ ਡੱਕਾ ਅਚਾਨਕ ਹੀ ਉਸ ਨੇ ਮੂੰਹ ਵਿਚ ਪਾ ਲਿਆ। ਬੱਸ ਫਿਰ ਕੀ ਸੀ, ‘ਤੱਤਾ ਗੁੜ’ ਬੁੱਲ੍ਹਾਂ ਨੂੰ ਚਿੰਬੜ ਗਿਆ। ਬੁੱਲ੍ਹਾਂ ‘ਤੇ ਤੇਜੀ ਨਾਲ ਹੱਥ ਘਸਾਉਂਦਾ ਜਦੋਂ ਉਹ ਟੱਪਣ ਜਿਹਾ ਲੱਗਾ ਤਾਂ ਜੀਤੇ ਨੇ ਟਕੋਰ ਮਾਰੀ, “ਕਿਉਂ ਆਈ ਲੱਜਤ? ਕਿੰਨਾ ਕੁ ਮਿੱਠੈ?”
“ਬੱਸ ਕਰ ਓਏ ਵੱਡਿਆ ਸਿਆਣਿਆਂ।” ਬੁੱਲ੍ਹਾਂ ਉਪਰ ਹੱਥ ਫੇਰਦੇ ਹੋਏ ਮੀਤੇ ਨੇ ਜੀਤੇ ਵੱਲ ਨੂੰ ਅੱਖਾਂ ਕੱਢੀਆਂ ਪਰ ਜੀਤੇ ਨੂੰ ਅੱਗੋਂ ਹੱਸਦਾ ਵੇਖ ਕੇ ਉਸ ਦਾ ਆਪਣਾ ਵੀ ਹਾਸਾ ਨਿਕਲ ਗਿਆ।
ਪਾਣੀ ਪੀ ਕੇ ਮੁੜਦਾ ਤੋਖੀ ਜਦੋਂ ਕੁੱਲੀ ਵਿਚ ਦਾਖ਼ਲ ਹੋਇਆ ਤਾਂ ਦੋਵੇਂ ਜੁਆਕ ਹਾਸਾ ਭੁੱਲ ਕੇ ਸਹਿਮ ਗਏ। ਗੰਡ ‘ਚ ਡੱਕੇ ਮਾਰਦੇ ਨਿਆਣਿਆਂ ਨੂੰ ਦੇਖ ਕੇ ਤੋਖੀ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। “ਓਏ ਆਹ ਕੀ ਲੋਹੜਾ ਮਾਰਿਆ ਫੌਜੀਆ? ਸਾਰੀ ਕਰੀ ਕਰਾਈ ਖੂਹ ‘ਚ ਪਾ’ਤੀ। ਸਾਰਾ ਗੰਡ ਭਿੱਟ ਤਾ। ਬਾਬੇ ਨੂੰ ਮੱਥਾ ਨੀ ਟੇਕਿਆ, ਸ਼ਹੀਦਾਂ ਦੀ ਭੇਲੀ ਨੀ ਕੱਢੀ, ਪਹਿਲਾਂ ਆਪ ਡੱਫਣ ਬਹਿ’ਗੇ। ਰਹਿ ਗਿਆ ਨਾ ਫੇਰ ਉਹੀæææ। ਹਟਾ ਨੀ ਸੀ ਹੁੰਦਾ, ਇਹਨੂੰ ਗੰਦੀ ‘ਲਾਦ ਨੂੰ?” ਫੌਜੀ ਦੀ ਬੁਰੀ ਤਰ੍ਹਾਂ ਝਾੜਝੰਬ ਕਰਕੇ ਤੋਖੀ ਨਿਆਣਿਆਂ ਨੂੰ ਟੁੱਟ ਕੇ ਪੈ ਗਿਆ। “ਚਲੋ ਓਏ, ਭੱਜੋ ਇਥੋਂ। ਸਾਲੇ ਸਵੇਰ ਦੇ ਨੀਤਾਂ ਦਖਾਈ ਜਾਂਦੇ ਐ?” ਨਿਆਣੇ ਸੁੰਗੜਦੇ ਜਿਹੇ ਕੁੱਲੀ ਵਿਚੋਂ ਬਾਹਰ ਨਿਕਲ ਗਏ। ਨਾਜਰ ਨੂੰ ਤੋਖੀ ‘ਤੇ ਗੁੱਸਾ ਤਾਂ ਆਇਆ ਪਰ ਗਰਜ ਨੇ ਉਸ ਦੇ ਗੁੱਸੇ ਨੂੰ ਕਾਬੂ ਕਰ ਲਿਆ।
“ਓ, ਚੱਲ ਨਿਆਣੇ ਨੇ ਚਾਚਾ, ਤਾਂ ਕੀ ਹੋ ਗਿਆ? ਕਾਹਨੂੰ ਤੱਤਾ ਹੁੰਨੈਂ? ਤੂੰ ਤਾਂ ਸਿਆਣੈਂ।” ਨਾ ਚਾਹੁੰਦੇ ਹੋਏ ਵੀ ਫੌਜੀ ਨੇ ਤੋਖੀ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ।
“ਅੱਛਾ! ਤੇਰੇ ਭਾਅ ਦਾ ਹਾਲੇ ਹੋਇਆ ਈ ਨੀ ਕੁਝ? ਸਾਰੀ ਕਰੀ ਕਰਾਈ ਖੂਹ ‘ਚ ਪਾ’ਤੀ। ਹਾਲੇ ਰੜਕ ਐ? ਚੱਲ ਭਾਈ ਠੀਕ ਐ, ਸਾਂਭੋ ਆਪਦਾ ਲਕਾ-ਤੁਕਾ, ਮੈਂ ਤਾਂ ਚੱਲਿਆਂ। ਮੈਥੋਂ ਨੀ ਐਹੋ ਜਿਹਾ ਚਘਲਖਾਨਾ ਦੇਖ ਹੁੰਦਾ।” ਤੋਖੀ ਆਪਣੇ ਮਨ ਦੀ ਭੜਾਸ ਕੱਢਦਾ ਜੁੱਤੀ ਪਾਉਣ ਲੱਗ ਪਿਆ।
“ਕਾਹਨੂੰ ਚਾਚਾ, ਹੁਣ ਵਿਚਾਲੇ ਡੋਬਾ ਦਿੰਨੈਂ? ਚੱਲ ‘ਗਾਹਾਂ ਤੋਂ ਜਿਵੇਂ ਤੇਰਾ ਆਡਰ ਹੋਊ ਓਕੂੰ ਕਰਲਾਂਗੇ।” ਫੌਜੀ ਨੇ ਮਨ ‘ਤੇ ਕਾਬੂ ਪਾ ਕੇ ਮਿੰਨਤ ਜਿਹੀ ਕੀਤੀ।
ਘੁਲਾੜੀ ‘ਚ ਗੰਨੇ ਲਾਉਂਦੇ ਨਾਜਰ ਦੇ ਚਾਚੇ ਦੇ ਪੁੱਤ ਘੁੱਦੂ ਤੋਂ ਹੋਰ ਬਰਦਾਸ਼ਤ ਨਾ ਹੋਇਆ ਤੇ ਉਹ ਗੰਨੇ ਛੱਡ ਕੇ ਉਠ ਖੜ੍ਹਾ ਹੋਇਆ।
“ਓਏ ਫੌਜੀਆ, ਕਿਉਂ ਲੇਲ੍ਹੜੀਆਂ ਕੱਢੀ ਜਾਨੈਂ ਇਹਦੀਆਂ ਮਲੰਗ ਦੀਆਂ?” ਕੁਸ ਤਾਂ ਕਣ ਰੱਖ। ਜਾਣ ਦੇ, ਜੇ ਜਾਂਦੈ। ਮਸਾਂ ਤਾਂ ਦਿਨ ਆਇਐ। ਹੁਣ ਜੁਆਕ ਤਾਂ ਨੀ ਤਰਸਾਉਂਣੇ ਏਹਦੇ ਥੱਲੇ ਲੱਗ ਕੇ? ਕਦੋਂ ਦਾ ਮੈਂ ਇਹਦੇ ਮੂੰਹ ਵੰਨੀ ਦੇਖੀ ਜਾਨਾਂ।” ਘੁੱਦੂ ਨੇ ਰੜਕ ਭਰੀ ਚਣੌਤੀ ਨਾਲ ਦੋ ਟੁੱਕ ਫੈਸਲਾ ਕਰ ਦਿੱਤਾ।
“ਓਏ ਨਹੀਂ, ਮੈਂ ਤਾਂ ਸੋਚਦਾ ਸੀ ਬਈæææਬਈ ਆਪਾਂ ਨੂੰ ਹਸਾਬ ਨੀ। ਆਪਾਂ ਕਿਤੇ ਸਾਰੀ ਕਰੀ-ਕਰਾਈæææ?” ਫੌਜੀ ਦੇ ਬੋਲਾਂ ‘ਚੋਂ ਛੁਪਿਆ ਡਰ ਭਾਂਪ ਕੇ ਘੁੱਦੇ ਨੇ ਉਸ ਨੂੰ ਸਾਰੀ ਗੱਲ ਪੂਰੀ ਨਹੀਂ ਕਰਨ ਦਿੱਤੀ।
“ਛੱਡ ਪਰ੍ਹੇ ਯਾਰ, ਤੂੰ ਤਾਂ ਫੌਜੀ ਈ ਓ ਰਿਹਾ। ਸਾਰੀ ਉਮਰ ਕੱਢ’ਤੀ ਮੈ ਜੱਟਾਂ ਦੀਆਂ ਘੁਲਾੜੀਆਂ ‘ਤੇ। ਕੀ ਨੀ ਕਰ ਸਕਦੇ ਆਪਾਂ? ਇੱਕ ਅੱਧੀ ਵਾਰੀ ਜਾਣੀ ਮਾੜਾ ਮੋਟਾ ਫਰਕ ਰਹਿ ਜੂ। ‘ਗਾਹਾਂ ਨੂੰ ਏਹਦੇ ਅਰਗੇ ਘੜੰਮ ਚੌਧਰੀ ਦੇ ਮਗਰ-ਮਗਰ ਤਾਂ ਨੀ ਫਿਰਨਾ ਪਊ?” ਘੁੱਦੂ ਦੇ ਰੜਕਵੇਂ ਬੋਲਾਂ ਨੇ ਫੌਜੀ ਦਾ ਚਿੱਤ ਤਾਂ ਟਿਕਾਣੇ ਕਰ ਦਿੱਤਾ ਪਰ ਤੋਖੀ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ।
“ਦੇਖ ਲੂੰ ਮੈਂ ਤੈਨੂੰ ਵੱਡੇ ਪਕਾਵੇ ਨੂੰ?” ਤੋਖੀ ਬੁੜ ਬੁੜ ਕਰਦਾ ਘੁੱਦੂ ਵੱਲ ਅੱਖਾਂ ਕੱਢਦਾ ਹੋਇਆ ਤੁਰ ਚੱਲਿਆ।
“ਚਾਚਾ, ਤੱਤਾ ਤੱਤਾ ਗੁੜ ਤਾਂ ਲੈਂਦਾ ਜਾਹ ਜੁਆਕਾਂ ਵਾਸਤੇ।” ਫੌਜੀ ਨੇ ਪਿਛੋਂ ਆਵਾਜ਼ ਮਾਰੀ।
ਘੁੱਦੂ ਨੂੰ ਫੌਜੀ ‘ਤੇ ਗੁੱਸਾ ਤਾਂ ਬਹੁਤ ਆਇਆ ਪਰ ਉਸ ਦੇ ਖਾਨੇ ਇਹ ਗੱਲ ਨਾਂ ਪਈ ਕਿ ਫੌਜੀ ਨੇ ਤਰਸ ਕੀਤਾ ਹੈ ਕਿ ਮਖੌਲ?
ਬਿਨਾਂ ਪਿੱਛੇ ਝਾਕੇ ਅਤੇ ਬਿਨਾਂ ਕੋਈ ਜਵਾਬ ਦਿੱਤੇ ਤੋਖੀ ਨੇ ਗੁੱਸੇ ਵਿਚ ਆਪਣੀ ਚਾਲ ਕੁਝ ਹੋਰ ਤੇਜ਼ ਕਰ ਦਿੱਤੀ।
“ਚਾਚਾ, ਹੁਣ ਤਾਂ ਛੇਤੀ ਬਣ ਜਿਆ ਕਰੂ ਗੁੜ, ਹੁਣ ਤਾਂ ਬਾਬਾ ਚੱਲਿਆ ਗਿਆ?” ਗੁੜ ਦਾ ਲਿਬੜਿਆ ਡੱਕਾ ਮੂੰਹ ਵਿਚ ਪਾਉਂਦੇ ਹੋਏ ਮੀਤੇ ਨੇ ਚਿੱਤੋਂ ਖੁਸ਼ੀ ਜ਼ਾਹਰ ਕਰਦੇ ਬੜੀ ਉਤਸੁਕਤਾ ਨਾਲ ਘੁੱਦੂ ਵੱਲ ਝਾਕਦਿਆਂ ਪੁੱਛਿਆ।
“ਨਹੀਂ ਪੁੱਤ, ਵੱਧ ਕਣ ਆਲਾ ਵਧੀਆ ਗੁੜ ਬਣਾਉਣ ਨੂੰ ਟੈਮ ਤਾਂ ਲਗਦਾ ਈ ਹੁੰਦੈ। ਬਸ ਫਰਕ ਇਹ ਐ ਬਈ ਆਪਾਂ ਹੁਣ ਆਪਣੇ ਮਨ ਦੀ ਮਰਜ਼ੀ ਕਰਾਂਗੇ।” ਘੁੱਦੂ ਦੇ ਇਨ੍ਹਾਂ ਬੋਲਾਂ ਨਾਲ ਦੋਵਾਂ ਜਵਾਕਾਂ ਨੂੰ ਇੱਕ ਅਜੀਬ ਕਿਸਮ ਦਾ ਚਾਅ ਜਿਹਾ ਚੜ੍ਹ ਗਿਆ ਅਤੇ ਉਹ ਡੱਕੇ ਸੁੱਟ ਕੇ ਛੇਤੀ-ਛੇਤੀ ਅੱਧ ਚੰਡੇ ਤੱਤੇ ਗੁੜ ਦੀਆਂ ਪਿੰਨੀਆਂ ਵੱਟ ਕੇ ਛੜੱਪੇ ਮਾਰਦੇ ਆਪਦੀ ਬੇਬੇ ਨੂੰ ਨਵੀਂ ਗੱਲ ਸੁਣਾਉਣ ਲਈ ਘਰ ਵੱਲ ਭੱਜ ਗਏ।
Leave a Reply