ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਚ ਲੰਘੇ ਦਿਨੀਂ ਪ੍ਰਸਿੱਧ ਅਦਾਕਾਰਾ ਤੇ ਚਿੱਤਰਕਾਰ ਨੀਤਾ ਮੋਹਿੰਦਰਾ ਵੱਲੋਂ ਕੀਤੇ ਨਿਵੇਕਲੇ ਉਪਰਾਲੇ ਦੀ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਨੀਤਾ ਮੋਹਿੰਦਰਾ ਨੇ ਸਿੱਖ ਇਤਿਹਾਸ ਵਿਚਲੀਆਂ ਮਹਾਨ ਬੀਬੀਆਂ ਦੇ ਚਰਿੱਤਰ ਨੂੰ ਰੰਗਾਂ ਰਾਹੀਂ ਪੇਸ਼ ਕਰਨ ਦੀ ਲਾਮਿਸਾਲ ਕੋਸ਼ਿਸ਼ ਕੀਤੀ ਹੈ ਤੇ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਹੈ।
ਆਪਣੀ ਇਸ ਕੋਸ਼ਿਸ਼ ਬਾਰੇ ਨੀਤਾ ਮੋਹਿੰਦਰਾ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਉਹ ਦੂਰਦਰਸ਼ਨ ‘ਤੇ ਰਾਜ ਬੱਬਰ ਵੱਲੋਂ ਪੇਸ਼ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਵਿਚ ਰਾਣੀ ਸਦਾ ਕੌਰ ਦੀ ਭੂਮਿਕਾ ਨਿਭਾਅ ਰਹੀ ਸੀ। ਆਪਣੀ ਭੂਮਿਕਾ ਦੀ ਤਿਆਰੀ ਕਰਦਿਆਂ ਉਹ ਇਹ ਜਾਣ ਕੇ ਬਹੁਤ ਹੈਰਾਨ ਹੋਈ ਕਿ ਸਿੱਖ ਪੰਥ ਨਾਲ ਸਬੰਧਿਤ ਬੀਬੀਆਂ ਵਿਚਾਰਕ ਪੱਖੋਂ ਅੱਜ ਦੀਆਂ ਔਰਤਾਂ ਤੋਂ ਵੀ 200 ਸਾਲ ਅਗਾਂਹ ਸਨ।
ਉਨ੍ਹਾਂ ਦੱਸਿਆ ਕਿ ਇਸ ਹੈਰਾਨਗੀ ਨੇ ਹੀ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਤੇ ਉਹ ਇਨ੍ਹਾਂ ਮਹਾਨ ਔਰਤਾਂ ਬਾਰੇ ਜਾਣਕਾਰੀ ਇਕੱਤਰ ਕਰਨ ਵਿਚ ਜੁਟ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਾਨ ਔਰਤਾਂ ਦੀਆਂ ਤਸਵੀਰਾਂ ਨੂੰ ਤਿਆਰ ਕਰਨ ਲਈ ਜਿੱਥੇ ਉਸ ਨੇ ਵੱਡੇ ਪੱਧਰ ‘ਤੇ ਖੋਜ ਕੀਤੀ ਹੈ, ਉੱਥੇ ਹੀ ਇਤਿਹਾਸਕ ਦਸਤਵੇਜਾਂ ਨੂੰ ਆਧਾਰ ਵੀ ਬਣਾਇਆ ਹੈ। ਨੀਤਾ ਮੋਹਿੰਦਰਾ ਦੀ ਇਸ ਅਨੋਖੀ ਕਲਾਕਾਰੀ ਦੀ ਪ੍ਰਦਰਸ਼ਨੀ ਇਸ ਤੋਂ ਪਹਿਲਾਂ ਪੰਜਾਬ ਕਲਾ ਭਵਨ ਦਿੱਲੀ ਵਿਚ ਵੀ ਲੱਗ ਚੁੱਕੀ ਹੈ। ਨੀਤਾ ਮੋਹਿੰਦਰਾ ਹੁਣ ਤੱਕ ਅੱਠ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ 17 ਟੀæਵੀ ਸੀਰੀਅਲਾਂ ਤੇ 34 ਸਟੇਜ ਨਾਟਕਾਂ ਵਿਚ ਭੂਮਿਕਾ ਨਿਭਾਅ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਿੱਖ ਪੰਥ ਦੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਦੀ ਮਾਤਾ ਤ੍ਰਿਪਤਾ ਜੀ, ਭੈਣ ਬੇਬੇ ਨਾਨਕੀ, ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ, ਗੁਰੂ ਅਮਰਦਾਸ ਦੀ ਬੇਟੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਬੀਬੀ ਭਾਨੀ, ਗੁਰੂ ਤੇਗ ਬਹਾਦਰ ਦੀ ਪਤਨੀ ਮਾਤਾ ਗੁਜਰੀ, ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖਣ ਵਾਲੇ ਸਿੰਘਾਂ ਨੂੰ ਭੁੱਲ ਬਖਸ਼ਾਉਣ ਲਈ ਤਿਆਰ ਕਰਨ ਵਾਲੀ ਮਾਈ ਭਾਗੋ ਤੇ ਅੰਮ੍ਰਿਤ ਤਿਆਰ ਕਰਨ ਵਾਲੀ ਮਾਤਾ ਸਾਹਿਬ ਕੌਰ ਬਾਰੇ ਬੇਮਿਸਾਲ ਜਾਣਕਾਰੀ ਹਾਸਲ ਕਰਕੇ ਉਪਰੋਕਤ ਬੀਬੀਆਂ ਦੇ ਚਿੱਤਰ ਬਣਾਏ ਤੇ ਉਨ੍ਹਾਂ ਚਿੱਤਰਾਂ ਨੂੰ ਆਪਣੀ ਪ੍ਰਦਰਸ਼ਨੀ ਦਾ ਹਿੱਸਾ ਬਣਾਇਆ।
Leave a Reply