ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੋਂ ਮਨੁੱਖੀ ਅਧਿਕਾਰ ਕਮਿਸ਼ਨ ਖਫ਼ਾ

ਚੰਡੀਗੜ੍ਹ: ਕੈਂਸਰ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਨਾ ਦੇਣ ਬਦਲੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਤਲਬ ਕੀਤਾ ਹੈ। ਕਮਿਸ਼ਨ ਵੱਲੋਂ ਡਾਇਰੈਕਟਰ ‘ਤੇ ਦੋ ਵਾਰ ਭੇਜੇ ਨੋਟਿਸਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਹੈ।
ਮਿਲੀ ਜਾਣਕਾਰੀ ਮੁਤਾਬਕ ਲੋਕ ਸਭਾ ਮੈਂਬਰ ਤੇ ਭਾਜਪਾ ਦੇ ਮਨੁੱਖੀ ਅਧਿਕਾਰ ਸੈੱਲ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਵੱਲੋਂ ਕੈਂਸਰ ਨਾਲ ਵਧ ਰਹੀਆਂ ਮੌਤਾਂ ਬਾਰੇ ਭੇਜੀ ਰਿਪੋਰਟ ਬਾਰੇ ਕਮਿਸ਼ਨ ਨੇ ਡਾਇਰੈਕਟਰ ਸਿਹਤ ਸੇਵਾਵਾਂ ਤੋਂ ਪਹਿਲੀ ਵਾਰ 15 ਮਾਰਚ ਤੇ ਦੂਜੀ ਵਾਰ 21 ਅਗਸਤ ਨੂੰ ਜਾਣਕਾਰੀ ਮੰਗੀ ਸੀ ਪਰ ਦੋਵੇਂ ਵਾਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਕਮਿਸ਼ਨ ਨੇ ਇਸ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਡਾਇਰੈਕਟਰ ਦਾ ਇਹ ਵਰਤਾਰਾ ਆਮ ਹੋ ਚੁੱਕਿਆ ਹੈ।
ਕਮਿਸ਼ਨ ਨੂੰ ਭੇਜੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੋਗਾ ਜ਼ਿਲ੍ਹੇ ‘ਚ ਪਿਛਲੇ ਦਹਾਕੇ ਦੌਰਾਨ ਕੈਂਸਰ ਨਾਲ ਇਕ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਿਨਾਂ ਵੱਡੀ ਗਿਣਤੀ ਲੋਕ ਗੁਰਦੇ ਰੋਗ, ਅੱਖਾਂ ਦੀ ਬਿਮਾਰੀ ਤੇ ਨਿੰਪੁਸਕਤਾ ਨਾਲ ਜੂਝ ਰਹੇ ਹਨ। ਇਹ ਵੀ ਕਿਹਾ ਗਿਆ ਹੈ ਕਿ ਸਿਹਤ ਵਿਭਾਗ ਦੇ ਅੰਕੜੇ ਵੀ ਦੱਸਦੇ ਹਨ ਕਿ ਮੋਗਾ ਜ਼ਿਲ੍ਹੇ ‘ਚ ਸਾਲ 2001 ਤੋਂ 2009 ਤੱਕ ਕੈਂਸਰ ਨਾਲ 793 ਮੌਤਾਂ ਹੋ ਚੁੱਕੀਆਂ ਹਨ ਤੇ ਪਿਛਲੇ ਦੋ ਸਾਲਾਂ ਦੌਰਾਨ ਢਾਈ ਸੌ ਤੋਂ ਵੱਧ ਲੋਕਾਂ ਨੂੰ ਇਸ ਲਾਇਲਾਜ ਬਿਮਾਰੀ ਨੇ ਨਿਗਲ ਲਿਆ ਹੈ।
ਰਿਪੋਰਟ ਅਨੁਸਾਰ ਧਰਤੀ ਹੇਠਲੇ ਪਾਣੀ ‘ਚ ਯੂਰੇਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ। ਜ਼ਿਲ੍ਹੇ ਭਰ ‘ਚ ਇਕ ਲਿਟਰ ਪਾਣੀ ਪਿੱਛੇ 15000 ਤੋਂ 35000 ਮਿਲੀ ਗ੍ਰਾਮ ਯੂਰੇਨੀਅਮ ਹੈ ਜਦਕਿ ਇੰਡੀਅਨ ਬਿਊਰੋ ਆਫ਼ ਸਟੈਂਡਰਡ ਦੇ ਪੇਮਾਨੇ ਅਨੁਸਾਰ 0 ਤੋਂ 500 ਮਿਲੀਗ੍ਰਾਮ ਹੋਣਾ ਚਾਹੀਦਾ ਹੈ। ਦੂਸ਼ਿਤ ਪਾਣੀ ਦੀ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੇਰੇ ਮਾਰ ਪੈ ਰਹੀ ਹੈ। ਸਿਹਤ ਵਿਭਾਗ ਵੱਲੋਂ 2012 ਦੇ ਦੂਜੇ ਮਹੀਨੇ ਧਰਤੀ ਹੇਠਲੇ ਪਾਣੀ ਦੇ 374 ਨਮੂਨੇ ਲਏ ਗਏ ਸਨ ਜਿਨ੍ਹਾਂ ਵਿਚੋਂ 177 ਫੇਲ੍ਹ ਹੋ ਗਏ ਸਨ।
ਰਿਪੋਰਟ ‘ਚ ‘ਸੈਂਟਰਲ ਵਾਟਰ ਬੋਰਡ’ ਦੇ ਤਾਜ਼ਾ ਸਰਵੇ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਭਰ ਦੇ ਧਰਤੀ ਹੇਠਲੇ ਪਾਣੀ ਵਿਚ ਵਧੇਰੇ ਫਲੋਰਾਈਡ ਹੈ ਤੇ ਇਹ ਪੀਣ ਯੋਗ ਨਹੀਂ ਹੈ। ਇਥੇ ਹੀ ਬੱਸ ਨਹੀਂ ‘ਭਾਬਾ ਆਟੌਮਿਕ ਰਿਸਰਚ ਸੈਂਟਰ’ ਵੱਲੋਂ ਵੀ ਪਾਣੀ ਦੀ ਜਾਂਚ ਕੀਤੀ ਗਈ, ਜਿਸ ‘ਚ ਆਮ ਨਾਲੋਂ ਦੁੱਗਣੀ ਮਾਤਰਾ ਵਿਚ ਯੂਰੇਨੀਅਮ ਪਾਇਆ ਗਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਬਲਾਕ ਮੋਗਾ ਤੇ ਬਾਘਾਪੁਰਾਣਾ ਦੀ ਹਾਲਤ ਸਭ ਤੋਂ ਜ਼ਿਆਦਾ ਮਾੜੀ ਹੈ। ਜ਼ਿਲ੍ਹੇ ‘ਚ ਫਸਲਾਂ ਲਈ ਵਧੇਰੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਬਿਮਾਰੀ ਦੇ ਲਗਾਤਾਰ ਵਧਣ ਦਾ ਕਾਰਨ ਬਣ ਰਿਹਾ ਹੈ। ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਾਇਰੈਕਟਰ ਨੂੰ ਸਬੰਧਤ ਅਧਿਕਾਰੀਆਂ ਸਮੇਤ ਤਲਬ ਕਰ ਲਿਆ ਹੈ। ਕਮਿਸ਼ਨ ਦੇ ਮੈਂਬਰ ਐਲ਼ਆਰæ ਰੂਜ਼ਮ ਅਤੇ ਬਲਵਿੰਦਰ ਸਿੰਘ ਨੇ ਕੇਸ ਦੀ ਅਗਲੀ ਸੁਣਵਾਈ 28 ਦਸੰਬਰ ਲਈ ਮੁਕਰਰ ਕੀਤੀ ਹੈ।

Be the first to comment

Leave a Reply

Your email address will not be published.