ਉਮਰ ਕੈਦੀ ਪੁਲਿਸ ਕੈਟ ਪਿੰਕੀ ਦੀ ਰਿਹਾਈ ‘ਤੇ ਛਿੜਿਆ ਵਿਵਾਦ

ਚੰਡੀਗੜ੍ਹ: ਡੀæਜੀæਪੀ ਸੁਮੇਧ ਸੈਣੀ ਦੇ ਨੇੜਲੇ ਰਹੇ ਪੁਲਿਸ ਕੈਟ ਗੁਰਮੀਤ ਸਿੰਘ ਉਰਫ ਪਿੰਕੀ ਦੀ ਅਗਾਊਂ ਰਿਹਾਈ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਵਕੀਲ ਵੀ ਉਮਰ ਕੈਦੀ ਪਿੰਕੀ ਦੀ ਰਿਹਾਈ ਤੇ ਕੁਝ ਕੈਦੀਆਂ ਨੂੰ ਨਾਭਾ ਦੀ ਖੁੱਲ੍ਹੀ ਜੇਲ੍ਹ ਵਿਚ ਭੇਜਣ ਬਾਰੇ ਸੁਆਲ ਉਠਾ ਰਹੇ ਹਨ ਤੇ ਇਸ ਦੀ ਕਾਨੂੰਨੀ ਵੈਧਤਾ ਬਾਰੇ ਕਿੰਤੂ-ਪ੍ਰੰਤੂ ਕਰ ਰਹੇ ਹਨ। ਨਾਭਾ ਜੇਲ੍ਹ ਵਿਚ ਗਏ ਕੈਦੀਆਂ ਦੀ ਰਿਹਾਈ ਛੇਤੀ ਹੋ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਇਸ ਰਿਹਾਈ ‘ਤੇ ਸੁਆਲ ਕਰ ਰਹੇ ਹਨ। ਲੁਧਿਆਣਾ ਦੇ ਅਵਤਾਰ ਸਿੰਘ ਉਰਫ ਗੋਲਾ ਦੀ ਹੱਤਿਆ ਦੇ ਦੋਸ਼ੀ ਪਿੰਕੀ ਦੀ ਰਿਹਾਈ ‘ਤੇ ਚਰਚਾ ਛਿੜ ਪਈ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਦੀ ਰਿਹਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਹੋ ਜਿਹੇ ਰੂਲ ਸਾਰੇ ਕੇਸਾਂ ਵਿਚ ਲਾਗੂ ਹੋਣੇ ਚਾਹੀਦੇ ਹਨ। ਲੰਬਾ ਸਮਾਂ ਪਹਿਲਾਂ ਕੈਦ ਪੂਰੀ ਕੱਟ ਚੁੱਕੇ ਕਿੰਨੇ ਹੀ ਸਿੱਖ ਕੈਦੀ ਹਾਲੇ ਵੀ ਜੇਲ੍ਹਾਂ ਵਿਚ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਸਰਕਾਰ ਨੂੰ ਇਸ ਫੈਸਲੇ ‘ਤੇ ਮੁੜ ਗੌਰ ਕਰਨ ਲਈ ਕਿਹਾ ਹੈ ਕਿਉਂਕਿ ਇਸ ਨਾਲ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਠੇਸ ਲੱਗੀ ਹੈ। ਵੱਖ-ਵੱਖ ਜੇਲ੍ਹਾਂ ਵਿਚ ਸੜ ਰਹੇ ਸਿੱਖ ਕੈਦੀਆਂ ਦੀ ਰਿਹਾਈ ਲਈ 42 ਦਿਨ ਭੁੱਖ ਹੜਤਾਲ ਕਰ ਚੁੱਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਆਪਣੇ ਬੰਦਿਆਂ ਦੀ ਰਿਹਾਈ ਲਈ ਸਰਕਾਰ ਕੋਲ ਸਾਰੇ ਅਧਿਕਾਰ ਹਨ। ਇਕ ਪਾਸੇ ਸਰਕਾਰ ਪਿੰਕੀ ਵਰਗਿਆਂ ਨੂੰ ਰਿਹਾਅ ਕਰਵਾ ਰਹੀ ਹੈ ਤੇ ਵੱਡੀ ਗਿਣਤੀ ਸਿੱਖ ਦੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਸੜ ਰਹੇ ਹਨ। ਕਈ ਕੇਸਾਂ, ਵਿਵਾਦਾਂ ਕਾਰਨ ਚਰਚਾ ਵਿਚ ਰਹੇ ਪਿੰਕੀ ਨੇ ਸੱਤ ਜਨਵਰੀ 2001 ਨੂੰ ਮਾਇਆ ਨਗਰ ਲੁਧਿਆਣਾ ਦੇ ਤਿੰਨ ਭੈਣਾਂ ਦੇ ਇਕੱਲੇ ਭਰਾ 21 ਸਾਲਾ ਅਵਤਾਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪਿੰਕੀ ਉਦੋਂ ਪੁਲਿਸ ਵਿਚ ਇੰਸਪੈਕਟਰ ਸੀ। ਅਵਤਾਰ ਸਿੰਘ ਦਾ ਕਸੂਰ ਇਹ ਸੀ ਕਿ ਉਸ ਨੇ ਗਲੀ ਵਿਚ ਕਾਰ ‘ਤੇ ਸ਼ਰਾਬ ਦੀ ਬੋਤਲ ਰੱਖ ਕੇ ਪੀ ਰਹੇ ਪਿੰਕੀ ਤੇ ਉਸ ਦੇ ਗੰਨਮੈਨਾਂ ਤੋਂ ਰਾਹ ਮੰਗ ਲਿਆ ਸੀ। ਪਿੰਕੀ ਨੇ ਇਸ ਲੜਕੇ ਦੇ ਪਰਿਵਾਰ ਨੂੰ ਡਰਾਵੇ-ਧਮਕੀਆਂ ਦਿੱਤੀਆਂ। ਸਮਝੌਤੇ ਲਈ ਦਬਾਅ ਪਾਏ। ਅਵਤਾਰ ਸਿੰਘ ਦੇ ਪਰਿਵਾਰ ਦੇ ਵਕੀਲ ਰਜਿੰਦਰ ਸਿੰਘ ਬੈਂਸ ਨੇ ਪਿੰਕੀ ਦੀ ਰਿਹਾਈ ਨੂੰ ਗੈਰਕਾਨੂੰਨੀ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਬਾਰੇ ਸਪਸ਼ਟ ਕਰੇ। ਨਾਮਵਰ ਵਕੀਲ ਨਵਕਿਰਨ ਸਿੰਘ ਨੇ ਵੀ ਇਸ ‘ਤੇ ਇਤਰਾਜ਼ ਕੀਤਾ ਤੇ ਕਿਹਾ ਕਿ ਸਰਕਾਰ ਇਹ ਦੱਸੇ ਕਿ ਕਿਸ ਮਾਪਦੰਡ ਤਹਿਤ ਕੈਦੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਨਾਭਾ ਜੇਲ੍ਹ ਭੇਜ ਕੇ ਉਨ੍ਹਾਂ ਦੀ ਛੇਤੀ ਰਿਹਾਈ ਕਰ ਰਹੀ ਹੈ। ਇਹ ਨਿਰਾ ਆਪਹੁਦਰਾਪਣ ਹੈ। ਜੇਲ੍ਹ ਅਧਿਕਾਰੀ ਇਸ ਫੈਸਲੇ ਦੀ ਪੈਰਵੀ ਕਰਦੇ ਹਨ। ਐਸ਼ਜੀæਪੀæਸੀæ ਦੇ ਕਾਰਜਕਾਰੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਦਲ ਖਾਲਸਾ ਦੇ ਪ੍ਰਧਾਨ ਐਚæਐਸ਼ ਧਾਮੀ ਨੇ ਵੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿੰਕੀ ਬਹੁਤਾ ਸਮਾਂ ਤਾਂ ਪੈਰੋਲ ਜਾਂ ਫਰਲੋ ‘ਤੇ ਬਾਹਰ ਹੀ ਰਹਿੰਦਾ ਰਿਹਾ ਹੈ। ਨੌਜਵਾਨ ਅਵਤਾਰ ਸਿੰਘ ਦੇ ਬੁੱਢੇ ਮਾਪੇ ਅਮਰੀਕ ਸਿੰਘ ਤੇ ਚਰਨਜੀਤ ਕੌਰ ਅਨੁਸਾਰ ਉਨ੍ਹਾਂ ਦੀ ਜ਼ਿੰਦਗੀ ਅਦਾਲਤਾਂ ਦੇ ਗੇੜਿਆਂ ਵਿਚ ਲੰਘ ਗਈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਉਤੇ ਪਿੰਕੀ ਦੀ ਪੁਸ਼ਤਪਨਾਹੀ ਦੇ ਦੋਸ਼ ਲਾਉਂਦਿਆਂ ਉਨ੍ਹਾਂ ਪੁੱਛਿਆ ਕਿ ਕੀ ਜੇਕਰ ਉਹ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੱਤਿਆ ਕਰਦਾ ਤਾਂ ਕੀ ਉਹ ਉਸ ਨੂੰ ਇੰਨੀ ਛੇਤੀ ਰਿਹਾਅ ਕਰ ਦਿੰਦੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਕੁਝ ਘਰ ਦਾ ਵੇਚ ਕੇ ਪਿੰਕੀ ਵਿਰੁੱਧ ਕੇਸ ਚਲਾਇਆ ਸੀ। ਅਮਰੀਕ ਸਿੰਘ ਨੇ ਕਿਹਾ ਕਿ ਪਿੰਕੀ ਨੇ ਉਸ ਨੂੰ ਮਾਮਲਾ ਠੱਪ ਕਰਨ ਲਈ ਦੋ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਪੈਸੇ ਨਾਲ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਉਣਾ ਸੀ।
__________________________________________________
ਬੱਬਰ ਖਾਲਸਾ ਦਾ ਮੈਂਬਰ ਸੀ ਗੁਰਮੀਤ ਸਿੰਘ ਪਿੰਕੀ
ਗੁਰਮੀਤ ਸਿੰਘ ਪਿੰਕੀ ਕਦੇ ਬੱਬਰ ਖਾਲਸਾ ਦਾ ਸਰਗਰਮ ਮੈਂਬਰ ਸੀ ਪਰ ਬਾਅਦ ਵਿਚ ਪੁਲਿਸ ਹੱਥੇ ਚੜ੍ਹ ਗਿਆ ਤੇ ਉਸ ਦੀ ਆੜੀ ਐਸ਼ਐਸ਼ਪੀæ ਸੁਮੇਧ ਸੈਣੀ (ਹੁਣ ਡੀæਜੀæਪੀ) ਨਾਲ ਪੈ ਗਈ। ਉਸ ਦੀ ਮਦਦ ਨਾਲ ਪੁਲਿਸ ਨੇ ਦਰਜਨਾਂ ਸਿੱਖਾਂ ਨੂੰ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ। ਬਾਅਦ ਵਿਚ ਪਿੰਕੀ ਪੁਲਿਸ ਵਿਚ ਭਰਤੀ ਹੋ ਗਿਆ।
2001 ਵਿਚ ਉਸ ਨੇ ਲੁਧਿਆਣੇ ਵਿਚ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ। 2006 ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਪਰ ਸਰਕਾਰ ਨੇ ਸੱਤ ਸਾਲ ਵਿਚ ਹੀ ਉਸ ਦੀ ਸਜ਼ਾ ਮੁਆਫ ਕਰ ਦਿੱਤੀ ਅਤੇ 24 ਜੁਲਾਈ 2014 ਨੂੰ ਉਹ ਰਿਹਾਅ ਹੋ ਗਿਆ।
____________________________________________________
ਸਿੱਖ ਜਥੇਬੰਦੀਆਂ ਨੇ ਬਾਦਲ ਨੂੰ ਘੇਰਿਆ
ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਪਿੰਕੀ ਨੂੰ ਸੱਤ ਸਾਲਾਂ ਵਿਚ ਹੀ ਰਿਹਾਈ ਦੇਣ ਦੇ ਮਾਮਲੇ ‘ਤੇ ਸਿੱਖ ਜਥੇਬੰਦੀਆਂ ਨੇ ਬਾਦਲ ਸਰਕਾਰ ਨੂੰ ਘੇਰ ਲਿਆ ਹੈ। ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਦਰਜਨਾਂ ਸਿੱਖਾਂ ਨੂੰ ਪੁਲਿਸ ਮੁਕਾਬਲੇ ਵਿਚ ਮਰਵਾਉਣ ਵਾਲੇ ਪਿੰਕੀ ਦੀ ਸਜ਼ਾ ਮੁਆਫ ਕਰ ਸਕਦੀ ਹੈ ਤਾਂ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ‘ਤੇ ਚੁੱਪ ਕਿਉਂ ਧਾਰੀ ਬੈਠੀ ਹੈ। ਅਕਾਲੀ ਦਲ ਦੇ ਹਮਾਇਤੀ ਰਹੇ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੂੰਮਾ ਨੇ ਕਿਹਾ ਹੈ ਸਿੱਖਾਂ ਦੇ ਕਾਤਲ ਦੀ ਰਿਹਾਈ ਨਾਲ ਬਾਦਲ ਸਰਕਾਰ ਦਾ ਪੰਥ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਹੋਣ ਦੇ ਬਾਵਜੂਦ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਤੇ ਸਿੱਖਾਂ ਦੇ ਕਾਤਲਾਂ ਦੀ ਰੱਜ ਕੇ ਹਮਾਇਤ ਕੀਤੀ ਜਾ ਰਹੀ ਹੈ ਜਦ ਕਿ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੱਡੀ ਗਿਣਤੀ ਸਿੱਖ ਜੇਲ੍ਹਾਂ ਕੱਟ ਰਹੇ ਹਨ।
ਇਹ ਪਹਿਲੀ ਵਾਰ ਹੋਇਆ ਹੈ ਜਦੋਂ ਦਮਦਮੀ ਟਕਸਾਲ ਨੇ ਕਿਸੇ ਮੁੱਦੇ ‘ਤੇ ਬਾਦਲ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਉਧਰ ਦਲ ਖਾਲਸਾ ਨੇ ਵੀ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਦਲ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪਿੰਕੀ ਨੇ ਡੀæਜੀæਪੀæ ਸੈਣੀ ਦੇ ਇਸ਼ਾਰੇ ‘ਤੇ ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਦੀ ਰਿਹਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਹੋ ਜਿਹੇ ਰੂਲ ਸਾਰੇ ਕੇਸਾਂ ਵਿਚ ਲਾਗੂ ਹੋਣੇ ਚਾਹੀਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਸਰਕਾਰ ਨੂੰ ਇਸ ਫੈਸਲੇ ‘ਤੇ ਮੁੜ ਗੌਰ ਕਰਨ ਲਈ ਕਿਹਾ ਹੈ।

Be the first to comment

Leave a Reply

Your email address will not be published.