ਤੂੰਬੀ, ਭਗਤਾ ਤੇ ਭਸੂੜੀ

‘ਪੰਜਾਬ ਟਾਈਮਜ਼’ ਦੇ 16 ਅਗਸਤ ਵਾਲੇ ਅੰਕ ਵਿਚ ਤੂੰਬੀ ਬਾਰੇ ਕੁਲਦੀਪ ਤੱਖਰ ਦਾ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਛਾਪਿਆ ਸੀ। ਇਸ ਲੇਖ ਵਿਚ ਤੂੰਬੀ ਦੇ ਸੁਰਾਂ ਨਾਲ ਰਿਸ਼ਤੇ ਬਾਰੇ ਚਰਚਾ ਕੀਤੀ ਗਈ ਸੀ। ਸਾਡੇ ਕਾਲਮਨਵੀਸ ਤਰਲੋਚਨ ਸਿੰਘ ਦੁਪਾਲਪੁਰ ਨੇ ਇਸ ਲੇਖ ਨੂੰ ਆਧਾਰ ਬਣਾ ਕੇ ਆਪਣੇ ਇਸ ਕਾਲਮ ਵਿਚ ਕੁਝ ਟਿੱਪਣੀਆਂ ਤੂੰਬੀ ਬਾਰੇ ਕੀਤੀਆਂ ਹਨ। ਇਸ ਵਿਸ਼ੇ ਬਾਰੇ ਆਈਆਂ ਹੋਰ ਉਮਦਾ ਟਿੱਪਣੀਆਂ ਨੂੰ ਵੀ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ ਤਾਂ ਕਿ ਸੰਗੀਤ ਬਾਰੇ ਬਹਿਸ-ਮੁਬਾਹਿਸਾ ਅਗਾਂਹ ਤੋਰਿਆ ਜਾ ਸਕੇ। -ਸੰਪਾਦਕ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੰਜਾਬ ਦਾ ਲੋਕ ਸਾਜ਼ ਕਹੀ ਜਾਂਦੀ ਤੂੰਬੀ ਦੇ ਨਾਲ-ਨਾਲ ਲਾਲ ਚੰਦ ਯਮਲੇ ਦਾ ਸਿੱਧਾ ਅਤੇ ਇਕ-ਦੋ ਹੋਰ ਜਣਿਆਂ ਦਾ ਜ਼ਰਾ ਪਰਦੇ ਨਾਲ ‘ਤੂੰਬਾ-ਤੂੰਬਾ’ ਉਡਾਉਂਦਾ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਪਿਛਲੇ ਹਫਤੇ ਦੇ ‘ਪੰਜਾਬ ਟਾਈਮਜ਼’ (16 ਅਗਸਤ 2014) ਵਿਚ ਪੜ੍ਹਿਆ। ਯਮਲੇ ਦਾ ‘ਰੂਹਾਨੀ ਝਲਕਾਂ’ ਮਾਰਦਾ ਬੜਾ ਮਸ਼ਹੂਰ ਗੀਤ ਹੈ, ‘ਜੰਗਲ ਦੇ ਵਿਚ ਖੂਹਾ ਲਵਾ ਦੇ, ਉਤੇ ਰਖਾ ਦੇ ਡੋਲ਼ææਸਖੀਆ ਨਾਮ ਸਾਂਈਂ ਦਾ ਬੋਲ।’ ਖੂਹਾਂ ਉਤੋਂ ਮੁਟਿਆਰਾਂ ਪਾਣੀ ਭਰਦੀਆਂ ਹੁੰਦੀਆਂ ਹਨ ਅਤੇ ਬਲਦਾਂ-ਬੋਤਿਆਂ ਨਾਲ ਗਿੜਦੇ ਹਲਟ ਮੈਂ ਦੇਖੇ ਹੋਏ ਨੇ। ਖੂਹ ਵਿਚ ਜਦੋਂ ਕਿਸੇ ਦਾ ਡੋਲ-ਬਾਲਟੀ ਡਿਗ ਪੈਂਦਾ, ਤਾਂ ਲੱਜ ਨਾਲ ਕੁੰਡਾ ਬੰਨ੍ਹ ਕੇ ਖੂਹ ਦਾ ਪਾਣੀ ਖੰਘਾਲਿਆ ਜਾਂਦਾ ਸੀ। ਲੋਹੇ ਦੀ ਫੁੱਟ ਕੁ ਲੰਮੀ ਪੱਤੀ ਦੇ ਦੁਪਾਸੀਂ ਕੁੰਢੀਆਂ ਮੁੱਛਾਂ ਵਾਂਗ ਮਰੋੜੀਆਂ ਹੋਈਆਂ ਲੋਹੇ ਦੀਆਂ ਹੀ ਕੁੰਡੀਆਂ ਵਿਚ, ਡੋਲ ਜਾਂ ਬਾਲਟੀ ਦਾ ਕੜਾ ਫਸ ਜਾਂਦਾ, ਤੇ ਪਾਣੀ ਭਰਨ ਦਾ ਕੰਮ ਦੁਬਾਰਾ ਚੱਲ ਪੈਂਦਾ।
ਸ੍ਰੀ ਕੁਲਦੀਪ ਤੱਖਰ ਦੇ ਇਸ ਲੇਖ ਨੇ ਮੇਰੇ ਉਤੇ ਬਾ-ਐਨ੍ਹ ਕੁੰਡੇ ਵਾਲੀ ਕਲਾ ਹੀ ਵਰਤਾ ਦਿੱਤੀ। ਮੇਰੇ ਦਿਲ ਦੇ ਖੂਹ ਵਿਚ ਵਰ੍ਹਿਆਂ ਦੇ ਡਿੱਗੇ ਹੋਏ ਤੂੰਬੀ ਦੇ ਵਿਰੋਧ ਦੇ ਕਿੱਸੇ, ਇਸ ਲੇਖ ਨੇ ਇਕੋ ਝਟਕੇ ਨਾਲ ਬਾਹਰ ਕੱਢ ਸੁੱਟੇ। ਤੂੰਬੀ ਜਾਂ ਤੂੰਬੀ ਵਾਦਨ ਦੇ ਵਿਰੋਧ ਵਿਚ ਲਿਖਿਆ ਸ੍ਰੀ ਤੱਖਰ ਦਾ ਲੇਖ ਸ਼ਾਇਦ ਬਹੁਤੇ ਪਾਠਕਾਂ ਨੂੰ ਅਜੀਬ ਜਿਹਾ ਲੱਗੇ; ਕਿਉਂਕਿ ਤੂੰਬੀ ਦੀ ਟੁਣਕਾਰ ਨੇ ਪੰਜਾਬੀਆਂ ਨੂੰ ਇਸ ਕਦਰ ਮੋਹਿਆ ਹੋਇਆ ਹੈ ਕਿ ਕਈਆਂ ਤੋਂ ਇਹਦੇ ਖਿਲਾਫ਼ ਬੋਲਿਆ-ਚੱਲਿਆ ਬਰਦਾਸ਼ਤ ਹੀ ਨਹੀਂ ਹੋਣਾ।
ਮੇਰੇ ਇਸ ਲੇਖ ਦਾ ਮਕਸਦ ਤੂੰਬੀ ਨੂੰ ਸੁਰਾਂ ਤੋਂ ਸੱਖਣੀ ਕਹਿ ਕੇ ਇਸ ਦਾ ‘ਭੋਗ ਪਾਉਣ ਦੀ’ ਹਮਾਇਤ ਕਰਨਾ ਨਹੀਂ। ਸਾਜ਼ ਸੰਗੀਤ ਦਾ ਗਿਆਨ ਨਾ ਹੋਣ ਕਰ ਕੇ ਮੈਂ ਇਸ ਵਿਸ਼ੇ ‘ਤੇ ਕੁਝ ਨਹੀਂ ਕਹਿ ਸਕਦਾ। ਨਾ ਹੀ ਤੂੰਬੀ ਦੇ ‘ਉਸਤਾਦ’ ਯਮਲੇ ਨੂੰ ਛੁਟਿਆਉਣਾ ਜਾਂ ਵਡਿਆਉਣਾ ਹੀ ਹੈ। ਤੂੰਬੀ ਨੂੰ ਦੂਜੇ ਸੰਗੀਤਕ ਸਾਜ਼ਾਂ ਦੇ ਬਰਾਬਰ ਬਹਾਲਣਾ ਹੈ ਜਾਂ ਉਠਾਲਣਾ ਹੈ, ਇਹ ਤਾਂ ਮਰਹੂਮ ਯਮਲਾ ਜੀ ਦੀ ਗਾਇਕੀ ਬਾਰੇ ਸੰਗੀਤ ਤੇ ਸੁਰਾਂ ਦੇ ਸੋਝੀਵਾਨ ਹੀ ਕੁਝ ਕਹਿਣਗੇ; ਮੈਂ ਤਾਂ ਸਿਰਫ਼ ਕੁਝ ਦੇਖੀਆਂ/ਸੁਣੀਆਂ ਵਰਣਨ ਕਰ ਕੇ ਇਹ ਦਰਸਾਉਣਾ ਹੈ ਕਿ ਸ੍ਰੀ ਤੱਖਰ ਦਾ ਤੂੰਬੀ ਵਿਰੋਧੀ ਲੇਖ, ਕੋਈ ਨਿਵੇਕਲੀ ਗੱਲ ਨਹੀਂ। ਧਾਰਮਿਕ ਜੋੜ ਮੇਲਿਆਂ, ਖਾਸ ਕਰ ਕੇ ਗੁਰਦੁਆਰਿਆਂ ਵਿਚ ਹੁੰਦੇ ਸਮਾਗਮਾਂ ਮੌਕੇ ਤੂੰਬੀ ਵਜਾਉਣ ਦਾ ਵਿਰੋਧ ਕਈ ਦਹਾਕੇ ਪਹਿਲੋਂ ਹੁੰਦਾ ਰਿਹਾ ਹੈ।
ਸਭ ਤੋਂ ਪਹਿਲੀ ਮਿਸਾਲ ਦੂਰ-ਦੂਰ ਤੱਕ ਜੋੜੇ ਮੇਲਿਆਂ, ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦੇ ਰੱਜ ਕੇ ਰਸੀਏ ਅਤੇ ਰਾਗੀਆਂ, ਢਾਡੀਆਂ ਤੇ ਪ੍ਰਚਾਰਕਾਂ ਦੇ ਪਾਰਖੂ ਸ੍ਰੋਤੇ ਰਹੇ ਮੇਰੇ ਭਾਈਆ ਜੀ, ਤੂੰਬੀ ਦਾ ਨਾਂ ਸੁਣਦਿਆਂ ਹੀ ਨੱਕ-ਮੂੰਹ ਚਾੜ੍ਹਦੇ ਸਨ। ਆਪਣੇ ਜ਼ਮਾਨੇ ਵਿਚ ਉਹ ਇਕ ਵਾਰ ਆਪਣੇ ਕਿਸੇ ਦੋਸਤ ਨੂੰ ਹੋਲਾ-ਮਹੱਲਾ ਦਿਖਾਉਣ ਲਈ ਸ੍ਰੀ ਅਨੰਦਪੁਰ ਸਾਹਬਿ ਲੈ ਗਏ। ਵਾਪਸ ਆ ਕੇ ਖਿਝ-ਖਿਝ ਕੇ ਦੱਸਣ, “ਮੂਰਖ ਕਿਸੇ ਥਾਂ ਦਾæææਜਿਸ ਕਿਸੇ ਦੀਵਾਨ ‘ਚੋਂ ਤੂੰਬੀ ਦੀ ‘ਤੁਣਕ ਤੁਣਕ’ ਕੰਨੀਂ ਪਵੇ, ਉਥੇ ਥਾਂਏਂ ਈ ਪੈਰ ਗੱਡ ਲਵੇæææਮੈਂ ਬਥੇਰਾ ਕਹਾਂ ਕਿ ਜਿਥੇ ਕੋਈ ਚੱਜ ਦਾ ਰਾਗੀ-ਢਾਡੀ ਲੱਗਾ ਹੋਵੇਗਾ, ਉਸ ਦੀਵਾਨ ਵਿਚ ਬੈਠਾਂਗੇæææਪਰ ਕਿਥੇ ਜੀ?æææਤੂੰਬੀ-ਅਲਗੋਜ਼ੇ ਵੱਜਦੇ ਸੁਣ ਕੇ, ਲੂਰੀਆਂ ਲੈਣ ਲੱਗ ਪਿਆ ਕਰੇ ਕਮਲਾæææ।”
ਮੇਲਿਆਂ-ਮਸ੍ਹਾਵਿਆਂ ਤੋਂ ਮੁੜ ਕੇ ਪਿੰਡ ਜੁੜਦੀਆਂ ਯਾਰਾਂ-ਬੇਲੀਆਂ ਦੀਆਂ ਮਹਿਫ਼ਿਲਾਂ ਵਿਚ ਉਹ ਕਿਸੇ ਥਾਂ ਵੱਜਦੇ ਸੁਣੇ ਹੋਏ ਤਬਲੇ, ਹਾਰਮੋਨੀਅਮ, ਸਾਰੰਗੀ, ਮਰਦੰਗ ਜਾਂ ਢੱਡਾਂ ਆਦਿ ਸਾਜ਼ਾਂ ਦੀਆਂ ਸਿਫ਼ਤਾਂ ਤਾਂ ਬਥੇਰੀਆਂ ਕਰਦੇ, ਪਰ ਤੂੰਬੀ ਜਾਂ ਅਲਗੋਜ਼ਿਆਂ ਦੀ ਸਿਫ਼ਤ ਨਈਂ; ਹਾਂ, ਨਿਖੇਧੀ ਜ਼ਰੂਰ ਸੁਣਦੇ ਸਾਂ ਅਸੀਂ ਉਨ੍ਹਾਂ ਦੇ ਮੂੰਹੋਂ। ਹੋਰ ਤਾਂ ਹੋਰ, ਜਦੋਂ ਕੁ ਕੁਲਦੀਪ ਮਾਣਕ ਚਮਕਿਆ, ਤੇ ਅਸੀਂ ਉਹਦੀਆਂ ਗਾਈਆਂ ਕਲੀਆਂ ਦੀਆਂ ਟੇਪਾਂ ਭਰਵਾਂ ਕੇ ਲਿਆਉਣ ਲੱਗ ਪਏ, ਤਾਂ ਭਾਈਆ ਜੀ ਟਿੱਚਰ ਵਜੋਂ ‘ਤੁੰਗ-ਤੁੰਗ’ ਕਰਦਿਆਂ ਮਾਣਕ ਨੂੰ ‘ਐਵੇਂ ਕਿੱਲ੍ਹ ਕਿੱਲ੍ਹ ਕੇ ਗਾਉਣ ਵਾਲਾ ਛੋਕਰਾ’ ਕਹਿੰਦੇ ਹੁੰਦੇ ਸੀ। ਟੇਪ ਵਿਚ ਵੱਜਦੇ ਮਾਣਕ ਦੇ ਗੀਤ ਸੁਣ ਕੇ ਸਾਨੂੰ ਝੂਮਦਿਆਂ ਨੂੰ ਦੇਖ ਕੇ, ਉਹ ਸਾਨੂੰ ਵੀ ਮਖੌਲ ਕਰਨ ਲੱਗ ਪੈਂਦੇ। ਜਦ ਕਦੇ ਗੀਤ-ਸੰਗੀਤ ਦਾ ਜ਼ਿਕਰ ਛਿੜਦਾ ਤਾਂ ਉਨ੍ਹਾਂ ਅਕਸਰ ਇਹ ‘ਫਤਵਾ’ ਸੁਣਾ ਦੇਣਾ, “ਤੂੰਬੀ-ਤੂੰਬੇ ਵਾਲਾ ਵੀ ਕੋਈ ‘ਗਵੱਈਆ’ ਹੁੰਦਾ ਐ ਭਲਾ?”
ਉਨ੍ਹੀਂ ਦਿਨੀਂ ਕਈ ਅਜਿਹੇ ਵਾਕਿਆ ਵੀ ਸੁਣਨ ਨੂੰ ਮਿਲਦੇ ਰਹਿੰਦੇ ਸਨ ਕਿ ਪਿੰਡਾਂ ਸ਼ਹਿਰਾਂ ਵਿਚ ਹੋਣ ਵਾਲੇ ਧਾਰਮਿਕ ਇਕੱਠਾਂ ਵਿਚ ਨਵਾਂ ਪੋਚ ਤੂੰਬੀਆਂ ਵਾਲੇ ਕਲਾਕਾਰਾਂ ਨੂੰ ਬੁਲਾਉਂਦਾ, ਪਰ ਬਜ਼ੁਰਗ ਬਾਬੇ, ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਤੂੰਬੀ ਵਾਲਾ ਕਲਾਕਾਰ ਲਾਉਣਾ ‘ਪੁਰਾਣੀ ਰਵਾਇਤ’ ਦੀ ਉਲੰਘਣਾ ਦੱਸਦੇ। ਕਈ ਥਾਂਈਂ ਖੱਪਖਾਨਾ ਵੀ ਹੁੰਦਾ।
ਤੂੰਬੀ ਹਮਾਇਤੀਆਂ ਅਤੇ ਵਿਰੋਧੀਆਂ ਦੇ ਆਪਸੀ ਬੋਲ-ਬੁਲਾਰੇ ਦੀ ਉਨ੍ਹਾਂ ਵੇਲਿਆਂ ਦੀ ਬੜੀ ਦਿਲਚਸਪ ਵਾਰਤਾ ਹੈ ਇਕ। ਰੋਪੜ-ਹੁਸ਼ਿਆਰਪੁਰ ਮਾਰਗ ਉਤੇ ਬਲਾਚੌਰ ਅਤੇ ਗੜ੍ਹਸ਼ੰਕਰ ਦਰਮਿਆਨ ਪਿੰਡ ਬਕਾਪੁਰ ਦੇ ਪਹਾੜ ਦੇ ਪਾਸੇ ਪਿੰਡ ਹੈ ਹਯਾਤਪੁਰ। ਇਸ ਪਿੰਡ ਦੇ ਨਾਲ ਲਗਦੇ ਪਿੰਡ ਐਮਾ ਵਿਖੇ ਸਾਡੀ ਰਿਸ਼ਤੇਦਾਰੀ ਹੋਣ ਕਰ ਕੇ, ਸਾਨੂੰ ਆਉਂਦਿਆਂ-ਜਾਂਦਿਆਂ ਇਸ ਗੱਲ ਦਾ ਪਤਾ ਲੱਗਾ। ਹਯਾਤਪੁਰ ਦੇ ਬਾਹਰਲੇ ਪਾਸੇ ਰਿਟਾਇਰਡ ਡੀæਐਸ਼ਪੀæ ਆਪਣੀ ਕੋਠੀ ਵਿਚ ਰਹਿੰਦਾ ਸੀ। ਉਹ ਇਸੇ ਪਿੰਡ ਦਾ ਵਸਨੀਕ ਸੀ। ਉਹਦੇ ਕਰੜੇ ਸੁਭਾਅ ਦੀਆਂ ਗੱਲਾਂ, ਸਾਡੇ ਰਿਸ਼ਤੇਦਾਰ ਗਾਹੇ-ਬਗਾਹੇ ਸਾਨੂੰ ਸੁਣਾਉਂਦੇ ਰਹਿੰਦੇ। ਇਕ ਦਫ਼ਾ ਉਸ ਦੇ ਆਪਣੇ ਪਿੰਡ ਹਯਾਤਪੁਰ ਦੇ ਗੁਰਦੁਆਰਾ ਸਾਹਿਬ ਵਿਚ ਗੁਰਪੁਰਬ ਮਨਾਇਆ ਜਾ ਰਿਹਾ ਸੀ। ਭੋਗ ਉਪਰੰਤ ਨਵੇਂ-ਨਵੇਂ ਉਠੇ ਮੁੰਡਿਆਂ ਨੇ ਤੂੰਬੀ ਵਾਲਾ ਕੋਈ ਗਾਇਕ ਸੱਦਿਆ ਹੋਇਆ ਸੀ। ਜਿਵੇਂ ਤੂੰਬੀ ਵਜਾਉਣ ਵਾਲੇ ਆਮ ਕਰ ਕੇ ਕਰਦੇ ਈ ਹੁੰਦੇ ਨੇ, ਤੂੰਬੀ ‘ਸੁਰ’ ਕਰਨ ਲਈ ਗਾਇਕ ‘ਤੁਣਕ-ਟੁਣਨ-ਟਿਊਂ-ਟੀਂਗ-ਲੀਂਗ’ ਵਰਗੀਆਂ ਆਵਾਜ਼ਾਂ ਕੱਢਣ ਲੱਗਾ। ਲਾਊਂਡ ਸਪੀਕਰਾਂ ਰਾਹੀਂ ਗੁਰਦੁਆਰੇ ਵੱਜਣ ਲੱਗੀ ਤੂੰਬੀ ਡੀæਐਸ਼ਪੀæ ਦੇ ਕੰਨੀਂ ਵੀ ਪੈ ਗਈ। ਉਨ੍ਹਾਂ ਉਸੇ ਵੇਲੇ ਚੌਕੀਦਾਰ ਨੂੰ ਗੁਰਦੁਆਰੇ ਭਜਾਇਆ। ਚੌਕੀਦਾਰ ਨੇ ਤੂੰਬੀ ਨਾ ਵਜਾਉਣ ਦਾ ਡੀæਐਸ਼ਪੀæ ਦਾ ਸੁਨੇਹਾ ਪ੍ਰਬੰਧਕਾਂ ਨੂੰ ਜਾ ਦਿੱਤਾ, ਪਰ ਮੁੰਡ੍ਹੀਰ ਨੇ ਅਣਸੁਣਿਆ ਕਰ ਦਿੱਤਾ ਅਤੇ ਵੱਜਦੀ ਤੂੰਬੀ ਦੀ ਲੈਅ ਸੁਣ ਕੇ ਬੀਨ ਮੋਹਰੇ ਸੱਪ ਵਾਂਗ ਮੇਲ੍ਹਣ ਲੱਗ ਪਏ।
ਸੁਨੇਹੇ ਉਤੇ ਅਮਲ ਨਾ ਹੋਇਆ ਦੇਖ ਕੇ, ਡੀæਐਸ਼ਪੀæ ਨੇ ਐਤਕੀਂ ਚੌਕੀਦਾਰ ਨੂੰ ਆਖਿਆ ਕਿ ਕਿਸੇ ਪ੍ਰਧਾਨ ਜਾਂ ਸਕੱਤਰ ਨੂੰ ਕਹਿਣ ਦੀ ਬਜਾਏ ਸਿੱਧਾ ਗਾਇਕ ਨੂੰ ਕਹਿ ਕੇ ਆ, ਕਿ ਭਾਈ ਸਿੱਖਾ, ਤੂੰਬੀ ਬੰਦ ਕਰ ਦੇ; ਹਾਰਮੋਨੀਅਮ ਨਾਲ ਕੋਈ ਸ਼ਬਦ ਪੜ੍ਹ ਲੈ, ਤੂੰਬੀ ਨਹੀਂ ਵੱਜਣੀ ਚਾਹੀਦੀ। ਚੌਕੀਦਾਰ ਨੇ ਆਪਣੇ ‘ਸਾਹਿਬ’ ਦਾ ਹੁਕਮ ਬਜਾ ਦਿੱਤਾ, ਪਰ ਹੁਕਮ ਉਤੇ ਤਾਮੀਲ ਫਿਰ ਵੀ ਨਾ ਹੋਈ। ਸਾਹਮਣੇ ਝੂਮ ਰਹੇ ਸ੍ਰੋਤੇ ਦੇਖ ਕੇ ਗਾਇਕ ਨੇ ਵੀ ਚੌਕੀਦਾਰ ਦੇ ਕਹੇ ‘ਤੇ ਕੰਨ ਨਾ ਧਰਿਆ। ਕਹਿੰਦੇæææਆਖਰ ਨੂੰ ਫਿਰ ਜਿਉਣੇ ਮੌੜ ਵਾਂਗ ਗੁੱਸਾ ਖਾ ਕੇ, ਰੂਲ ਹੱਥ ਫੜ ਡੀæਐਸ਼ਪੀæ ਸਿੱਧਾ ਈ ਗੁਰਦੁਆਰੇ ਜਾ ਪਹੁੰਚਿਆ। ਜਾਂਦਿਆਂ ਈ ਉਸ ਨੇ ਤੂੰਬੀ ਦਾ ਕਰ ਤਾਂ ਤੂੰਬਾ ਤੂੰਬਾæææ। ਵੈਸੇ ਇਸ ਡੀæਐਸ਼ਪੀæ ਬਾਰੇ ਇਹ ਦੱਸਣਾ ਵਿਸ਼ੇ ਤੋਂ ਬਾਹਰੀ ਗੱਲ ਹੋਵੇਗੀ ਕਿ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਇਹ ਵੀ ਖਾੜਕੂਆਂ ਦੇ ਗੁੱਸੇ ਦਾ ਸ਼ਿਕਾਰ ਬਣ ਗਿਆ ਸੀ।
ਕਾਫ਼ੀ ਪੁਣ-ਛਾਣ ਕਰਨ ਤੋਂ ਬਾਅਦ ਵੀ ਮੇਰੇ ਹੱਥ ਪੱਲੇ ਕੁਝ ਨਹੀਂ ਪਿਆ ਕਿ ਤੂੰਬੀ ਵਿਚਾਰੀ ਤੋਂ ਕੀ ਗੁਨਾਹ ਹੋਇਆ ਹੋਵੇਗਾ ਜੋ ਉਸ ਨੂੰ ਹਾਲੇ ਤੱਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠਲੇ ਕਿਸੇ ਗੁਰਦੁਆਰੇ ਦੀ ਸਟੇਜ ‘ਤੇ ਜਾਣ ਨਹੀਂ ਦਿੱਤਾ ਜਾਂਦਾ? ਮੇਰਾ ਖਿਆਲ ਹੈ ਕਿ ਕਿਸੇ ਅਜਿਹੀ ਮਿੱਥ-ਮਨੌਤ ਨੇ ਹੀ ਇਸ ਦਾ ਰਾਹ ਰੋਕ ਰੱਖਿਆ ਹੋਵੇਗਾ; ਜਿਵੇਂ ਇਕ ਸਮੇਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਮੂਹ ਰਾਗੀਆਂ ਨੇ ‘ਹਾਰਮੋਨੀਅਮ’ ਬਾਜੇ ਦਾ ਬਾਈਕਾਟ ਕਰ ਦਿੱਤਾ ਸੀ, ਅਖੇ ਇਹ ਤਾਂ ਨਚਾਰਾਂ ਦਾ ਸਾਜ਼ ਹੈ!
ਹੁਣ ਦੋ ਕੁ ਗੱਲਾਂ ਮਰਹੂਮ ਯਮਲਾ ਜੀ ਬਾਰੇ। ਉਸ ਦੇ ਪ੍ਰਸਿੱਧ ਹੋਣ ਪਿੱਛੇ ਨਿਰਾ ਇਹੀ ਕਾਰਨ ਨਹੀਂ ਹੋ ਸਕਦਾ ਕਿ ਉਦੋਂ ਗਿਣਵੇਂ-ਚੁਣਵੇਂ ਗਾਇਕ ਹੀ ਹੁੰਦੇ ਸਨ। ਅੱਜ ਵਾਂਗ ਦਲੀ ‘ਤੇ ਮਲੀ ਨਹੀਂ ਸੀ ਮਰਦੀ। ਵਾਕਿਆ ਹੀ ਉਸ ਦੀ ਗਾਇਕੀ ਵਿਚ ਮਿਠਾਸ ਸੀ ਜੋ ਸ੍ਰੋਤਿਆਂ ‘ਤੇ ਜਾਦੂ ਬਿਖੇਰ ਦਿੰਦੀ। ਇਹ ਉਨ੍ਹਾਂ ਦੀ ਹਰਮਨ-ਪਿਆਰਤਾ ਦਾ ਹੀ ਸਬੂਤ ਸੀ ਕਿ ਤਵਿਆਂ ਦੇ ਯੁੱਗ ਵਿਚ ਜਦ ਵੀ ਕਿਸੇ ਦੇ ਕੋਠੇ ਦੇ ਬਨੇਰੇ ਤੋਂ ਲਾਊਡ ਸਪੀਕਰ ਵੱਜਣਾ ਸ਼ੁਰੂ ਹੁੰਦਾ, ਤਾਂ ਪਹਿਲੀ ਆਵਾਜ਼ ਯਮਲੇ ਦੀ ਹੀ ਗੂੰਜਦੀ,
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ।
ਨੀਝਾਂ ਲਾ-ਲਾ ਵੇਂਹਦੀ ਦੁਨੀਆਂ ਸਾਰੀ ਏ।
ਪਿੰਡ ਐਮੇ ਵਿਚ ਹੀ ਹੋਏ ਇਕ ਵਿਆਹ ਮੌਕੇ ਦਾ ਸੀਨ ਮੈਨੂੰ ਹੁਣ ਤੱਕ ਯਾਦ ਹੈ। ਕੋਈ ਲਲਕਾਰੇ ਮਾਰਦਾ ਪੇਂਡੂ, ਘੜੀ-ਮੁੜੀ ਸਪੀਕਰ ਵਾਲੇ ਨੂੰ ਇਕ-ਇਕ ਰੁਪਿਆ ਇਨਾਮ ਵਜੋਂ ਦਿੰਦਾ ਹੋਇਆ, ਯਮਲੇ ਦਾ ਰਿਕਾਰਡ ਵਾਰ-ਵਾਰ ਲਗਾਈ ਜਾਂਦਾ ਸੀ। ਗੀਤ ਨਵਾਂ-ਨਵਾਂ ਚੱਲਿਆ ਸੀ: ਤੂੰਬਾ ਵੱਜਦਾ ਈ ਨਾ, ਤਾਰ ਤੋਂ ਬਿਨਾæææ।
ਰਹੀ ਗੱਲ ਯਮਲਾ ਜੀ ਨੂੰ ਉਸਤਾਦ ਕਹਿਣ ਜਾਂ ਨਾ ਕਹਿਣ ਦੀ। ਇਸ ਬਾਰੇ ਫੈਸਲਾ ਤਾਂ ਕੋਈ ਸੰਗੀਤ ਆਚਾਰੀਆ ਹੀ ਕਰ ਸਕਦਾ ਹੈ, ਜਾਂ ਉਨ੍ਹਾਂ ਦੇ ਪਰਿਵਾਰ-ਜਨ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਨੇ ਕਿਥੇ ‘ਸੰਗੀਤ ਵਿਦਿਆਲਾ’ ਖੋਲ੍ਹਿਆ ਹੋਇਆ ਸੀ ਜਿਥੋਂ ਸਿੱਖੇ ਹੋਏ ਸੈਂਕੜੇ ਸ਼ਾਗਿਰਦ, ਕੱਦੂ ਵਿਚ ਡੰਡੇ ਫ਼ਸਾਈ ਫ਼ਿਰਦੇ ਹਨ? ਇਕ ਸ੍ਰੀਮਾਨ ਜੀ ਤਾਂ ਖੁਦ ਨੂੰ ਯਮਲਾ ਜੀ ਦਾ ‘ਲਾਡਲਾ ਸ਼ਾਗਿਰਦ’ ਲਿਖਦੇ ਹਨ। ਇਹ ਤਾਂ ਹੁਣ ਰੱਬ ਹੀ ਜਾਣੇ ਕਿ ਲਾਲ ਚੰਦ ਜੀ ਦਾ ਲਾਡਲਾ ਸ਼ਾਗਿਰਦ ਇਹ ਸ੍ਰੀਮਾਨ ਹੀ ਸੀ, ਜਾਂ ਉਹ ਬੀਬੀ ‘ਲਾਡਲੀ ਸ਼ਾਗਿਰਦਣੀ’ ਹੋਵੇਗੀ, ਜਿਹਦੇ ਨਾਲ ਆਖਰੀ ਉਮਰੇ ਯਮਲਾ ਜੀ ਨੇ ਇਹ ‘ਇਸ਼ਕ ਹਕੀਕੀ’ ਗੀਤ ਗਾਇਆ ਸੀ:
ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ
ਜਿਨ ਤੇਰਾ ਹੋਣਾ ਏ ਸਹਾਈ, ਨੀ ਜਿੰਦੜੀਏæææ
ਸ਼ਾਗਿਰਦਾਂ ਤੋਂ ਸੁਣਿਆ ਹੈ ਕਿ ਇਸ ਗਾਇਕਾ ਬੀਬੀ ਨੇ ਇਸ ਗੀਤ ਦੀ ‘ਰਮਜ਼’ ਨੂੰ ਅਮਲੀ ਰੂਪ ਦਿੰਦਿਆਂ ‘ਜਗਤੇ’ ਨੂੰ ਛੱਡ ਕੇ ਜਦੋਂ ਭਗਤੇ ਨੂੰ ‘ਕਰ ਲਿਆ’ ਸੀ, ਤਦ ਭਗਤੇ ਦੇ ਘਰ ਵਿਚ ਭਸੂੜੀ ਪੈ ਗਈ ਸੀ।

Be the first to comment

Leave a Reply

Your email address will not be published.