ਸਹਾਰਨਪੁਰ ਦੰਗੇ: ਜਾਂਚ ਰਿਪੋਰਟ ਵਿਚ ਭਾਜਪਾ ‘ਤੇ ਉਠੀ ਉਂਗਲ

ਲਖਨਊ: ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਇਮ ਕੀਤੀ ਸਹਾਰਨਪੁਰ ਦੰਗਿਆਂ ਦੀ ਜਾਂਚ ਬਾਰੇ ਕਮੇਟੀ ਨੇ ਭਾਜਪਾ ਦੇ ਇਕ ਸੰਸਦ ਮੈਂਬਰ ਨੂੰ ਇਸ ਕਾਰੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਨੇ ਇਸ ਰਿਪੋਰਟ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਹੈ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਇਹ ਸੱਤਾਧਾਰੀ ਸਮਾਜਵਾਦੀ ਪਾਰਟੀ ਵੱਲੋਂ ਆਪਣੀ ਨਾ-ਅਹਿਲੀਅਤ ਨੂੰ ਛੁਪਾਉਣ ਦਾ ਇਕ ਯਤਨ ਹੈ। ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨਰੇਸ਼ ਅਗਰਵਾਲ ਮੁਤਾਬਕ ਦੰਗਿਆਂ ਬਾਰੇ ਪੜਤਾਲੀਆ ਕਮੇਟੀ ਨੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਢਿੱਲਮੱਠ ਵੱਲ ਉਂਗਲ ਉਠਾਉਣ ਦੀ ਥਾਂ ਭਾਜਪਾ ਦੇ ਇਕ ਸੰਸਦ ਮੈਂਬਰ ਦਾ ਨਾਂ ਲਿਆ ਹੈ।
ਇਸ ਤੱਥ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਸਹਾਰਨਪੁਰ ਦੰਗਿਆਂ ਪਿੱਛੇ ਭਾਜਪਾ ਦੀ ਭੂਮਿਕਾ ਸੀ। ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ 26 ਜੁਲਾਈ ਨੂੰ ਹੋਈ ਹਿੰਸਾ ਕਾਰਨਾਂ ਦੀ ਪੜਤਾਲ ਬਾਰੇ ਉੱਤਰ ਪ੍ਰਦੇਸ਼ ਦੇ ਮੰਤਰੀ ਸ਼ਿਵਪਾਲ ਯਾਦਵ ਦੀ ਅਗਵਾਈ ਵਿਚ ਬਣਾਈ ਪੰਜ ਮੈਂਬਰੀ ਕਮੇਟੀ ਮੁਤਾਬਕ ਸਥਾਨਕ ਸੰਸਦ ਮੈਂਬਰ ਰਾਘਵ ਲਖਨਪਾਲ ਨੇ ਲੋਕਾਂ ਨੂੰ ਦੰਗਿਆਂ ਲਈ ਉਕਸਾਇਆ। ਇਹ ਜ਼ਿਕਰਯੋਗ ਹੈ ਕਿ ਇਸ ਹਿੰਸਾ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਦੁਕਾਨਾਂ ਤੇ ਹੋਰ ਕਾਰੋਬਾਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ।
ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਸ੍ਰੀ ਲਖਨਪਾਲ ਨੇ ਕਿਹਾ ਕਿ ਇਹ ਅਤਿ ਨੀਵੇਂ ਦਰਜੇ ਦੀ ਰਾਜਨੀਤੀ ਹੈ ਤੇ ਇਕ ਵਿਸ਼ੇਸ਼ ਫਿਰਕੇ ਨੂੰ ਖੁਸ਼ ਕਰਨ ਦਾ ਯਤਨ ਹੈ। ਸਹਾਰਨਪੁਰ ਦੰਗੇ ਜਿਨ੍ਹਾਂ ਵਿਚ ਇਕ ਵਿਸ਼ੇਸ਼ ਘੱਟ-ਗਿਣਤੀ ਫਿਰਕੇ ਨੂੰ ਬਹੁਗਿਣਤੀ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ, ਦੀ ਰਿਪੋਰਟ ਉਤੇ ਟਿੱਪਣੀ ਕਰਦਿਆਂ ਕਾਂਗਰਸ ਤੇ ਬਸਪਾ ਨੇ ਭਾਜਪਾ ਤੇ ਸਮਾਜਵਾਦੀ ਪਾਰਟੀ ਨੂੰ ਦੋਸ਼ੀ ਠਹਿਰਾਇਆ ਹੈ। ਦੋਵਾਂ ਪਾਰਟੀਆਂ ਨੇ ਕਿਹਾ ਕਿ ਭਾਜਪਾ ਤੇ ਸਮਾਜਵਾਦੀ ਪਾਰਟੀ ਨੇ ਫਿਰਕੂ ਤਣਾਅ ਵਧਣ ਵਿਚ ਯੋਗਦਾਨ ਪਾਇਆ।
ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਇਸ ਰਿਪੋਰਟ ਵਿਚ ਥੋੜ੍ਹੀ ਜਿਹੀ ਜਾਣਕਾਰੀ ਹੀ ਸਾਹਮਣੇ ਲਿਆਂਦੀ ਗਈ ਹੈ ਤੇ ਅਸਲ ਤੱਥਾਂ ਨੂੰ ਛੁਪਾਇਆ ਗਿਆ ਹੈ। ਸਮਾਜਵਾਦੀ ਪਾਰਟੀ ਤੇ ਭਾਜਪਾ ਦੋਵੇਂ ਹੀ ਇਨ੍ਹਾਂ ਦੰਗਿਆਂ ਲਈ ਦੋਸ਼ੀ ਹਨ। ਸਾਨੂੰ ਇਹ ਰਿਪੋਰਟ ਸਵੀਕਾਰ ਨਹੀਂ ਹੈ। ਕਾਂਗਰਸ ਨੇ ਇਸ ਰਿਪੋਰਟ ਉਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਪਣੇ ਕਹੇ ਸ਼ਬਦਾਂ ਨੂੰ ਪੂਰਾ ਕਰਨ ਕਿ ਫਿਰਕਾਪ੍ਰਸਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹੁਣ ਭਾਜਪਾ ਆਗੂ ਵਿਰੁੱਧ ਕਾਰਵਾਈ ਕਰਨ। ਕਾਂਗਰਸ ਆਗੂ ਰਾਸ਼ਿਦ ਅਲਵੀ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਮੁਰਾਦਾਬਾਦ, ਮੇਰਠ, ਸਹਾਰਨਪੁਰ ਵਿਚ ਹਿੰਸਾ ਪਿੱਛੇ ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਭਾਜਪਾ ਮੈਂਬਰਾਂ ਦੇ ਨਾਂ ਆ ਰਹੇ ਹਨ। ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਫਿਰਕੂ ਹਿੰਸਾ ਰੋਕਣ ਵਿਚ ਅਸਫਲ ਰਹੀ ਹੈ ਤੇ ਭਾਜਪਾ ਦੀ ਫਿਰਕੂ ਰਾਜਨੀਤੀ ਨੇ ਸੂਬੇ ਦਾ ਮਾਹੌਲ ਵਿਗਾੜ ਦਿੱਤਾ ਹੈ ਤੇ ਕੇਂਦਰ ਸਰਕਾਰ ਭਾਈਚਾਰਕ ਸਾਂਝ ਪੈਦਾ ਕਰਨ ਲਈ ਕਦਮ ਚੁੱਕੇ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਥਾਨਕ ਪ੍ਰਸ਼ਾਸਨ ਮੁੱਢਲੇ ਪੱਧਰ ਉਪਰ ਦੰਗਿਆਂ ਨੂੰ ਕਾਬੂ ਵਿਚ ਕਰਨ ਵਿਚ ਨਾਕਾਮ ਰਿਹਾ। ਪ੍ਰਸ਼ਾਸਨ ਉਸ ਸਮੇਂ ਹਰਕਤ ਵਿਚ ਆਇਆ ਜਦੋਂ ਹਿੰਸਾ ਸ਼ੁਰੂ ਹੋ ਚੁੱਕੀ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਵਿੱਤਰ ਰਮਜ਼ਾਨ ਦੇ ਮਹੀਨੇ ਦੌਰਾਨ ਪ੍ਰਸ਼ਾਸਨ ਨੂੰ ਝਗੜੇ ਵਾਲੇ ਸਥਾਨ ‘ਤੇ ਉਸਾਰੀ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ ਜਾਂ ਦੂਸਰੇ ਫਿਰਕੇ ਦੇ ਲੋਕਾਂ ਨੂੰ ਉਥੇ ਇਕੱਠੇ ਨਹੀਂ ਹੋਣ ਦੇਣਾ ਚਾਹੀਦਾ ਸੀ। ਕਮੇਟੀ ਨੇ ਸਹਾਰਨਪੁਰ ਤੋਂ ਭਾਜਪਾ ਸੰਸਦ ਮੈਂਬਰ ਰਾਘਵ ਲਖਨਪਾਲ ਉਪਰ ਦੋ ਫਿਰਕਿਆਂ ਵਿਚਾਲੇ ਤਣਾਅ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਉਧਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਉਸ ਨੇ ਅਜੇ ਰਿਪੋਰਟ ਨਹੀਂ ਦੇਖੀ ਪਰ ਇਹ ਸਮਾਜਵਾਦੀ ਪਾਰਟੀ ਵੱਲੋਂ ਤਿਆਰ ਕੀਤੀ ਗਈ ਹੈ। ਇਸ ਲਈ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ।
_________________
ਸ਼੍ਰੋਮਣੀ ਕਮੇਟੀ ਕਰੇਗੀ ਦੰਗਾ ਪੀੜਤਾਂ ਦੀ ਮਦਦ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਸਹਾਰਨਪੁਰ ਵਿਚ ਹੋਏ ਦੰਗਿਆਂ ਵਿਚ ਜਿਨ੍ਹਾਂ ਸਿੱਖਾਂ ਤੇ ਪੰਜਾਬੀਆਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਨੂੰ ਇਕ ਕਰੋੜ ਰੁਪਏ ਮਾਲੀ ਸਹਾਇਤਾ ਵਜੋਂ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਹਾਰਨਪੁਰ ਤੋਂ ਆਏ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਿੰਦਰ ਸਿੰਘ ਚੱਢਾ, ਸਤਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਬੱਗਾ ਨਾਲ ਮੁਲਾਕਾਤ ਕੀਤੀ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਖ਼ੁਦ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ। ਸ਼੍ਰੋਮਣੀ ਕਮੇਟੀ ਨੇ ਪੀੜਤ ਦੁਕਾਨਦਾਰਾਂ ਨੂੰ ਇਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਛੇਤੀ ਹੀ ਇਹ ਮਾਇਕ ਸਹਾਇਤਾ ਸਹਾਰਨਪੁਰ ਵਿਚ ਭੇਜੀ ਜਾਵੇਗੀ।

Be the first to comment

Leave a Reply

Your email address will not be published.