ਲੁਧਿਆਣਾ: ਪੰਜਾਬ ਸਰਕਾਰ ਦੀ ਢਿੱਲ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਕਾਰਨ ਸੂਬੇ ਵਿਚ ਰੇਤ ਮਾਫੀਏ ਦੀ ਚਾਂਦੀ ਹੈ। ਸੂਬਾ ਸਰਕਾਰ ਵੱਲੋਂ ਭਾਵੇਂ ਅਜਿਹੇ ਲੋਕਾਂ ਖ਼ਿਲਾਫ ਸਖਤ ਕਾਰਵਾਈ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਬਿੱਲਕੁਲ ਉਲਟ ਹੈ। ਆਮ ਚੋਣਾਂ ਵਿਚ ਰੇਤ ਤੇ ਡਰੱਗ ਮਾਫ਼ੀਏ ਦੇ ਮੁੱਦੇ ਕਾਰਨ ਹਾਕਮ ਧਿਰ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਸੀ ਪਰ ਸਰਕਾਰ ਨੇ ਬੀਤੇ ਤੋਂ ਕੋਈ ਵੀ ਸਬਕ ਨਹੀਂ ਸਿੱਖਿਆ। ਸੂਬੇ ਵਿਚ ਇਸ ਸਮੇਂ ਵੀ ਰੇਤ ਮਾਫ਼ੀਆ ਸਰਕਾਰ ਦੀ ਰਹਿਮ ਦਿਲੀ ਦਾ ਰੱਜ ਕੇ ਫਾਇਦਾ ਉਠਾ ਰਿਹਾ ਹੈ। ਰੇਤ ਮਾਫ਼ੀਏ ਵੱਲੋਂ ਜਿਥੇ ਇਸ ਧੰਦੇ ਨਾਲ ਕਰੋੜਾਂ ਤੋਂ ਅਰਬਾਂ ਰੁਪਏ ਤੱਕ ਦੀ ਕਮਾਈ ਕੀਤੀ ਜਾ ਰਹੀ ਹੈ, ਉਥੇ ਸੋਨੇ ਦੇ ਭਾਅ ਵਿਕ ਰਹੀ ਰੇਤ ਨੇ ਬਹੁਗਿਣਤੀ ਗਰੀਬ ਤੇ ਮੱਧਵਰਗੀ ਲੋਕਾਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਵੀ ਰੇਤ ਵਿਚ ਹੀ ਮਿਲਾ ਦਿੱਤਾ ਹੈ।
ਰੇਤ ਮਾਫੀਏ ਵੱਲੋਂ ਕੀਤੀ ਜਾ ਰਹੀ ਕਮਾਈ ਤੇ ਇਸ ਮਾਫ਼ੀਏ ਦੇ ਪੁਲਿਸ, ਸਿਵਲ ਪ੍ਰਸ਼ਾਸਨ ਤੇ ਸਿਆਸੀ ਆਗੂਆਂ ਤੋਂ ਲੈ ਕੇ ਆਮ ਲੋਕਾਂ ਤੱਕ ਫੈਲੇ ਜਾਲ ਬਾਰੇ ਤੱਥ ਖੋਜੀਏ ਤਾਂ ਸਨਸਨੀਖੇਜ਼ ਪ੍ਰਗਟਾਵੇ ਸਾਹਮਣੇ ਆਉਂਦੇ ਹਨ। ਉੱਚ ਅਦਾਲਤਾਂ ਵੱਲੋਂ ਸਖ਼ਤ ਹੁਕਮਾਂ ਦੇ ਬਾਵਜੂਦ ਇਹ ਧੰਦਾ ਹਮੇਸ਼ਾ ਬੇਰੋਕ ਚੱਲਦਾ ਆ ਰਿਹਾ, ਹੁਣ ਤਾਂ ਗੱਲ ਇਥੋਂ ਤੱਕ ਪਹੁੰਚ ਗਈ ਹੈ ਕਿ ਮਾਈਨਿੰਗ ਵਿਭਾਗ ਦੇ ਕਾਨੂੰਨ ਮੁਤਾਬਕ ਭਾਵੇਂ ਮੀਂਹ ਦੇ ਦਿਨਾਂ ਵਿਚ ਰੇਤੇ ਦੇ ਟੱਕ ਬੰਦ ਕਰ ਦਿੱਤੇ ਜਾਂਦੇ ਹਨ ਪਰ ਇਸ ਵਾਰ ਇਨ੍ਹਾਂ ਦਿਨਾਂ ਵਿਚ ਵੀ ਸਤਲੁਜ ਦਰਿਆ ਵਿਚ ਸ਼ਰੇਆਮ ਨਾਜਾਇਜ਼ ਟੱਕ ਚਲਾ ਕੇ ਰੇਤ ਮਾਫੀਆ ਪ੍ਰਤੀ ਦਿਨ ਲੱਖਾਂ ਰੁਪਏ ਕਮਾ ਰਿਹਾ ਹੈ। ਸਰਕਾਰੀ ਛਤਰ-ਛਾਇਆ ਹੇਠ ਲੁਧਿਆਣਾ ਜ਼ਿਲ੍ਹੇ ਵਿਚ ਪਰਜੀਆਂ ਪੁਆਇੰਟ, ਗੋਰਸੀਆਂ ਖ਼ਾਨ ਮੁਹੰਮਦ, ਕੋਟਉਮਰਾ, ਭੂੰਦੜੀ ਤੇ ਅੱਕੂਵਾਲ ਵਿਖੇ ਚੱਲ ਰਹੇ ਨਾਜਾਇਜ਼ ਟੱਕਾਂ ਤੋਂ ਹਰ ਰੋਜ਼ ਸੈਂਕੜੇ ਟਿੱਪਰ, ਟਰੱਕ ਤੇ ਟਰਾਲੀਆਂ ਭਰਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਤੇ ਇਹ ਸਭ ਕੁਝ ਮਾਈਨਿੰਗ ਵਿਭਾਗ ਦੇ ਅਧਿਕਾਰੀ ਕੋਲ ਬੈਠ ਦੇਖ ਰਹੇ ਹਨ। ਇਸ ਬਾਰੇ ਤੱਥ ਖੋਜਣ ‘ਤੇ ਇਹ ਵੀ ਸਾਹਮਣੇ ਆਇਆ ਕਿ ਚੰਡੀਗੜ੍ਹ ਬੈਠੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਦੇ ਪੱਚੀ ਟਿੱਪਰ ਜਗਰਾਉਂ ਦੇ ਇਕ ਨਾਮੀ ਡਾਕਟਰ ਦੇ ਨਾਂ ਹੇਠ ਚੱਲ ਰਹੇ ਹਨ ਤੇ ਇਹ ਅਧਿਕਾਰੀ ਤੇ ਡਾਕਟਰ ਤੇ ਇਨ੍ਹਾਂ ਦੇ ਸਾਥੀ ਹੁਣ ਤੱਕ ਰੇਤ ਤੋਂ ਕਰੋੜਾਂ ਰੁਪਏ ਕਮਾ ਚੁੱਕੇ ਹਨ। ਬੇਟ ਇਲਾਕੇ ਵਿਚ ਚੱਲ ਰਹੇ ਟੱਕਾਂ ਤੋਂ ਜਾਅਲੀ ਪਰਚੀਆਂ ਰਾਹੀਂ ਭਰੇ ਜਾ ਰਹੇ ਟਰੱਕ, ਟਿੱਪਰ ਤੇ ਟਰਾਲੀਆਂ ਹਰਿਆਣਾ ਸੂਬੇ ਦੇ ਪਿੰਡਾਂ ਤੱਕ ਰੇਤ ਦੀ ਸਮਗਲਿੰਗ ਕੀਤੀਆਂ ਜਾਂਦੀਆਂ ਹਨ। 10 ਤੋਂ 15 ਕਿਲੋਮੀਟਰ ਦੇ ਖੇਤਰ ਵਿਚ ਰੇਤ ਦੀ ਟਰਾਲੀ ਦੀ ਪਹੁੰਚ 13 ਤੋਂ 15 ਹਜ਼ਾਰ ਰੁਪਏ ਤੱਕ ਹੈ, ਜਦਕਿ ਰੇਤ ਦਾ ਇਕ ਟਿੱਪਰ ਬਠਿੰਡਾ ਤੇ ਮਾਨਸਾ ਦੇ ਪਿੰਡਾਂ ਵਿਚ ਪਹੁੰਚਾਉਣ ਦਾ ਰੇਟ 40 ਤੋਂ 50 ਹਜ਼ਾਰ ਰੁਪਏ ਤੱਕ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਬਾਰੇ ਦੇਖਿਆ ਜਾਵੇ ਤਾਂ ਪਿਛਲਾ ਕਾਫੀ ਸਮਾਂ ਇਸ ਖੇਤਰ ਵਿਚ ਰਿਹਾ ਜਗਰਾਉਂ ਦਾ ਇਕ ਅਧਿਕਾਰੀ ਥੋੜੇ ਹੀ ਸਮੇਂ ਵਿਚ ਕਰੋੜਾਂਪਤੀ ਬਣ ਗਿਆ ਹੈ ਤੇ ਇਸ ਅਧਿਕਾਰੀ ਦਾ ਮਾਰਬਲ ਤੇ ਟਾਇਲਾਂ ਬਣਾਉਣ ਦਾ ਕੰਮ ਪੰਜਾਬ ਤੋਂ ਬਾਹਰ ਹਿਮਾਚਲ ਤੱਕ ਫੈਲ ਚੁੱਕਾ ਹੈ। ਰੇਤ ਮਾਫ਼ੀਏ ਦੇ ਇਸ ਨਾਜਾਇਜ਼ ਧੰਦੇ ਨੂੰ ਨੱਥ ਪਾਉਣ ਲਈ ਅੱਖਾਂ ਮੀਚ ਕੇ ਸੇਵਾ ਨਿਭਾਅ ਰਹੇ ਮਾਈਨਿੰਗ ਵਿਭਾਗ ਦੇ ਦਰਿਆ ਕੰਢੇ ਬੈਠੇ ਇਕ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਸਦੀ ਨਜ਼ਰ ਵਿਚ ਸਭ ਠੀਕ ਚੱਲ ਰਿਹਾ ਸੀ। ਇਸ ਅਧਿਕਾਰੀ ਨੇ ਕਿਹਾ ਕਿ ਡੰਪ ਹੋਇਆ ਰੇਤਾ ਠੇਕੇਦਾਰਾਂ ਵੱਲੋਂ ਆਗਿਆ ਲੈ ਕੇ ਹੀ ਚੁੱਕਿਆ ਜਾ ਰਿਹਾ ਹੈ। ਜਦੋਂ ਇਸ ਅਧਿਕਾਰੀ ਨੂੰ ਚੱਲ ਰਹੇ ਮਾਈਨਿੰਗ ਦੇ ਕੰਮ ਦੀਆਂ ਤਸਵੀਰਾਂ ਦਿਖਾਈਆਂ ਤਾਂ ਇਸ ਅਧਿਕਾਰੀ ਨੇ ਕਿਹਾ ਕਿ ਛੇਤੀ ਹੀ ਇਸ ਬਾਰੇ ਕਾਰਵਾਈ ਹੋਵੇਗੀ।
_____________________________________________
ਆਧੁਨਿਕ ਤਕਨੀਕਾਂ ਨਾਲ ਬੇਰੋਕ ਹੁੰਦੀ ਹੈ ਪੁਟਾਈ
ਰੇਤ ਮਾਫ਼ੀਏ ਵੱਲੋਂ ਦਰਿਆ ਵਿਚੋਂ ਰੇਤਾ ਕੱਢਣ ਲਈ ਆਧੁਨਿਕ ਤਕਨੀਕ ਨੂੰ ਅਪਣਾਇਆ ਜਾ ਰਿਹਾ ਹੈ ਤੇ ਜਿਥੇ ਦਿਨ-ਰਾਤ ਜੇæਸੀæਬੀæ ਮਸ਼ੀਨਾਂ ਰੇਤਾ ਭਰ ਰਹੀਆਂ ਹਨ, ਉਥੇ ਆਧੁਨਿਕ ਤਕਨੀਕ ਦੀਆਂ ਪੋਕਲਾਈਨ ਮਸ਼ੀਨਾਂ, ਜੋ ਕਿ ਕਿਸ਼ਤੀ ਵਿਚ ਫਿੱਟ ਹਨ। ਦਰਿਆ ਵਿਚੋਂ 40 ਫੁੱਟ ਤੱਕ ਡੂੰਘਾ ਰੇਤਾ ਪਾਈਪਾਂ ਰਾਹੀਂ ਬਾਹਰ ਕੱਢ ਕੇ ਸੁੱਟ ਰਹੀਆਂ ਹਨ, ਜਦੋਂਕਿ ਮਾਈਨਿੰਗ ਵਿਭਾਗ ਅਨੁਸਾਰ ਸਿਰਫ 10 ਫੁੱਟ ਤੱਕ ਰੇਤਾ ਚੁੱਕਿਆ ਜਾ ਸਕਦਾ ਹੈ।
ਇਸ ਸਮੇਂ ਭਾਵੇਂ ਦਰਿਆ ਦੇ ਆਸੇ-ਪਾਸਿਓਂ ਚੁੱਕੇ ਜਾ ਰਹੇ ਰੇਤੇ ਕਾਰਨ ਹੜ੍ਹ ਆਉਣ ਉੱਤੇ ਬੰਨ੍ਹ ‘ਤੇ ਬੈਠੇ ਪਿੰਡਾਂ ਦੇ ਰੁੜਨ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ ਪਰ ਸਬੰਧਤ ਪਿੰਡਾਂ ਦੇ ਲੋਕ ਇਸ ਬਾਰੇ ਬੇਖਬਰ ਹਨ। ਰੇਤ ਮਾਫ਼ੀਏ ਵੱਲੋਂ ਇਸ ਧੰਦੇ ਨੂੰ ਚਲਾਉਣ ਲਈ ਸਿਰਫ ਸਰਕਾਰੇ-ਦਰਬਾਰੇ ਹੀ ਪਹੁੰਚ ਨਹੀਂ ਰੱਖੀ ਜਾ ਰਹੀ, ਸਗੋਂ ਇਨ੍ਹਾਂ ਪਿੰਡਾਂ ਦੇ ਆਮ ਲੋਕਾਂ ਨੂੰ ਵੀ ਨਾਜਾਇਜ਼ ਟੱਕ ਚਲਾਉਣ ਲਈ 500 ਤੋਂ 1000 ਰੁਪਏ ਤੱਕ ਪ੍ਰਤੀ ਵਾਹਨ ਸੇਵਾ ਦੇ ਰੂਪ ਵਿਚ ਦਿੱਤੇ ਜਾ ਰਹੇ ਹਨ। ਸ਼ਾਇਦ ਇਨ੍ਹਾਂ ਗਰੀਬ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਜਿਸ ਟਾਹਣੀ ‘ਤੇ ਉਹ ਬੈਠੇ ਹਨ, ਉਸ ਟਾਹਣੀ ਨੂੰ ਉਹ ਖੁਦ ਹੀ ਕੱਟ ਰਹੇ ਹਨ।
Leave a Reply