ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ

ਡਾæ ਗੁਰਨਾਮ ਕੌਰ, ਕੈਨੇਡਾ
ਜਨੁ ਨਾਨਕੁ ਹਰਿ ਕਰਤੈ
ਆਪਿ ਬਹਿ ਟਿਕਿਆ
ਆਪੇ ਪੈਜ ਰਖੈ ਪ੍ਰਭੁ ਸੋਈ
ਇਸ ਸਲੋਕ ਵਿਚ ਗੁਰੂ ਰਾਮਦਾਸ ਸਤਿਗੁਰੂ ਵੱਲੋਂ ਆਪਣੇ ਜੀਵਨ ਕਾਲ ਵਿਚ ਹੀ ਗੁਰਗੱਦੀ ਦਿੱਤੇ ਜਾਣ ਦੀ ਵਡਿਆਈ ਅਤੇ ਸ਼ੋਭਾ ਦਸ ਰਹੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਸਤਿਗੁਰੁ ਜਿਸ ਮਨੁੱਖ ਨੂੰ ਆਪ ਵਡਿਆਈ ਦਿੰਦਾ ਹੈ ਅਰਥਾਤ ਆਪਣੇ ਜੀਵਨ ਕਾਲ ਵਿਚ ਹੀ ਤਿਲਕ ਦੇ ਕੇ ਗੁਰ-ਗੱਦੀ ਤੇ ਬਿਰਾਜਮਾਨ ਕਰ ਦਿੰਦਾ ਹੈ, ਜ਼ਿੰਮੇਵਾਰੀ ਸੌਂਪ ਦਿੰਦਾ ਹੈ, ਉਸ ਮਨੁੱਖ ਦੀ ਅੱਗੋਂ ਦੁਨੀਆਂ ਵਾਲੇ ਵੀ ਸ਼ੋਭਾ ਕਰਦੇ ਹਨ, ਉਸ ਨੂੰ ਸਨਮਾਨ ਦਿੰਦੇ ਹਨ। ਉਸ ਅੱਗੇ ਦੁਨੀਆਂ ਵਾਲੇ ਆ ਕੇ ਆਪਣਾ ਸੀਸ ਝੁਕਾਉਂਦੇ ਹਨ, ਚਰਨ ਬੰਦਨਾਂ ਕਰਦੇ ਹਨ ਅਤੇ ਜਿਹੜਾ ਕੋਈ ਵੀ ਉਸ ਦੇ ਚਰਨੀਂ ਲੱਗਦਾ ਹੈ ਉਸ ਦੀ ਕੀਰਤੀ, ਜਸ ਸੰਸਾਰ ਵਿਚ ਚਾਰੇ ਪਾਸੇ ਫੈਲ ਜਾਂਦਾ ਹੈ। ਜਿਸ ਦੇ ਮਸਤਕ ਉਤੇ ਪੂਰਾ ਗੁਰੂ ਆਪਣਾ ਹੱਥ ਧਰਦਾ ਹੈ, ਉਹ ਪੂਰਾ ਗੁਣਵਾਨ ਬਣ ਜਾਂਦਾ ਹੈ, ਸੰਪੂਰਨ ਹੋ ਜਾਂਦਾ ਹੈ ਅਤੇ ਖੰਡ ਬ੍ਰਹਿਮੰਡ ਦੇ ਸਾਰੇ ਜੀਵ ਉਸ ਨੂੰ ਨਮਸਕਾਰ ਕਰਦੇ ਹਨ। ਸਤਿਗੁਰੁ ਦੀ ਸ਼ੋਭਾ ਦਿਨੋ-ਦਿਨ ਵਧਦੀ ਜਾਂਦੀ ਹੈ ਅਤੇ ਹੋਰ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਉਸ ਦੀ ਵਡਿਆਈ ਦੀ ਉਚਤਾ ਤੱਕ ਪਹੁੰਚ ਨਹੀਂ ਸਕਦਾ। ਆਪਣੇ ਸੇਵਕ ਨਾਨਕ ਨੂੰ ਅਕਾਲ ਪੁਰਖ ਸਿਰਜਣਹਾਰ ਨੇ ਆਪ ਹੀ ਮਾਣ ਬਖਸ਼ਿਆ ਹੈ ਅਤੇ ਆਪ ਹੀ ਉਹ ਕਰਤਾ ਪੁਰਖ ਲਾਜ ਰੱਖਦਾ ਹੈ,
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ॥
ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ॥
ਤਿਸੁ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ
ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ॥
ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ॥
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ॥੩॥ (ਪੰਨਾ ੩੦੯)
ਅੱਗੇ ਪਉੜੀ ਵਿਚ ਗੁਰੂ ਰਾਮਦਾਸ ਮਨੁੱਖੀ ਸਰੀਰ ਦਾ ਵਰਣਨ ਕਰਦੇ ਹੋਏ ਦੱਸਦੇ ਹਨ ਕਿ ਮਨੁੱਖ ਦਾ ਸਰੀਰ ਸਮਝੋ ਇੱਕ ਤਰ੍ਹਾਂ ਦਾ ਸੁੰਦਰ ਕਿਲਾ ਹੈ ਜਿਸ ਵਿਚ ਸੁੰਦਰ ਬਾਜ਼ਾਰ ਵੀ ਸਜੇ ਹੋਏ ਹਨ। ਇਥੇ ਗਿਆਨ ਇੰਦਰੀਆਂ ਨੂੰ ਹੱਟੀਆਂ ਅਰਥਾਤ ਦੁਕਾਨਾਂ ਦੀਆਂ ਕਤਾਰਾਂ ਕਿਹਾ ਹੈ। ਇਸ ਬਾਜ਼ਾਰ ਵਿਚ ਵਾਪਾਰ ਕਿਸ ਚੀਜ਼ ਦਾ ਹੁੰਦਾ ਹੈ? ਕਿਹੜਾ ਸੌਦਾ ਵਿਹਾਜਿਆ ਜਾਂਦਾ ਹੈ? ਇਹ ਵਾਪਾਰ ਜਾਂ ਸੌਦਾ ਹੈ ਪਰਮਾਤਮਾ ਦੇ ਨਾਮ ਦਾ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਅਗਵਾਈ ਵਿਚ ਚੱਲ ਕੇ ਇਸ ਨਾਮ ਦਾ ਵਾਪਾਰ ਕਰਦੇ ਹਨ, ਉਹ ਨਾਮ-ਰੂਪੀ ਸੌਦੇ ਨੂੰ ਸੰਭਾਲ ਲੈਂਦੇ ਹਨ। ਮਨੁੱਖੀ ਸਰੀਰ ਦੇ ਅੰਦਰ ਹੀ ਇਸ ਨਾਮ ਦਾ ਖ਼ਜ਼ਾਨਾ ਹੈ ਅਤੇ ਇਸ ਦਾ ਵਣਜ ਮਨੁੱਖੀ ਸਰੀਰ ਦੇ ਅੰਦਰ ਹੀ ਕੀਤਾ ਜਾ ਸਕਦਾ ਹੈ (ਨਾਮ ਦਾ ਨਿਵਾਸ ਮਨੁੱਖ ਦੇ ਸਰੀਰ ਦੇ ਅੰਦਰ ਹੀ ਹੈ) ਅਤੇ ਇਹ ਨਾਮ ਹੀ ਕੀਮਤੀ ਹੀਰੇ ਅਤੇ ਜਵਾਹਾਰਾਤ ਆਦਿ ਹੈ ਜਿਸ ਨੇ ਮਨੁੱਖ ਦੇ ਨਾਲ ਨਿਭਣਾ ਹੈ। ਜਿਹੜੇ ਮਨੁੱਖ ਆਪਣੇ ਅੰਤਰ ਆਤਮੇ ਨੂੰ ਛੱਡ ਕੇ, ਆਪਣੇ ਸਰੀਰ ਨੂੰ ਛੱਡ ਕੇ ਇਸ ਨੂੰ ਲੱਭਣ ਲਈ ਬਾਹਰ ਹੋਰ ਥਾਂਵਾਂ ‘ਤੇ ਜਾਂਦੇ ਹਨ, ਉਹ ਮੂਰਖ ਹਨ ਅਤੇ ਮਨੁੱਖੀ ਸਰੀਰ ਵਿਚ ਆਏ ਹੋਏ ਭੂਤਨੇ ਹਨ। ਅਜਿਹੇ ਮਨੁੱਖ ਭਰਮ ਵਿਚ ਫਸੇ ਹੋਏ ਬਾਹਰ ਜੰਗਲਾਂ ਵਿਚ ਭਉਂਦੇ ਫਿਰਦੇ ਹਨ, ਉਸੇ ਤਰ੍ਹਾਂ ਜਿਸ ਤਰ੍ਹਾਂ ਮਿਰਗ, ਜਿਸ ਦੀ ਧੁਨੀ ਵਿਚ ਕਸਤੂਰੀ ਹੁੰਦੀ ਹੈ ਪਰ ਅਗਿਆਨ ਵਸ ਉਹ ਇਸ ਦੀ ਭਾਲ ਲਈ ਜੰਗਲ ਦੀਆਂ ਝਾੜੀਆਂ ਵਿਚ ਭੱਜਿਆ ਫਿਰਦਾ ਹੈ,
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ॥
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ॥
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ॥
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ॥
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ॥੧੫॥ (ਪੰਨਾ ੩੦੯)
ਅਗਲੇ ਸਲੋਕ ਵਿਚ ਪੂਰੇ ਗੁਰੂ ਦੀ ਨਿੰਦਾ ਕਰਨ ਵਾਲੇ ਦੀ ਹਾਲਤ ਦੱਸੀ ਹੈ ਕਿ ਜਿਹੜੇ ਲੋਕ ਸਮਰੱਥ ਗੁਰੂ ਦੇ ਗੁਣਾਂ ਨੂੰ ਨਾ ਸਮਝਦਿਆਂ ਉਸ ਦੀ ਨਿੰਦਾ ਕਰਦੇ ਹਨ, ਉਹ ਕਦੇ ਵੀ ਸੁਖ ਦੀ ਨੀਂਦ ਨਹੀਂ ਸੌਂਦੇ। ਦੁੱਖਾਂ ਨੂੰ ਗੁਰੂ ਸਾਹਿਬ ਨੇ ਘੋਰ ਨਰਕ-ਰੂਪੀ ਖੂਹ ਕਿਹਾ ਹੈ ਜਿਸ ਵਿਚ ਡਿਗੇ ਹੋਏ ਇਹ ਮਨੁੱਖ ਸਦਾ ਹੀ ਸੰਤਾਪ ਭੋਗਦੇ ਹਨ। ਦੁਖ-ਰੂਪੀ ਇਸ ਖੂਹ ਵਿਚ ਡਿੱਗੇ ਹੋਇਆਂ ਦੀ ਕੂਕ ਪੁਕਾਰ ਨੂੰ ਫਿਰ ਕੋਈ ਨਹੀਂ ਸੁਣਦਾ ਅਤੇ ਇਸ ਦੁੱਖ ਤੋਂ ਔਖੇ ਹੋ ਕੇ ਉਹ ਰੋਂਦੇ ਹਨ। ਅਜਿਹੇ ਮਨੁੱਖ ਇਹ ਸੰਸਾਰ ਅਤੇ ਅਗਲਾ ਸੰਸਾਰ- ਦੋਵੇਂ ਗੁਆ ਬੈਠਦੇ ਹਨ, ਰੱਬ ਦੀ ਬੰਦਗੀ ਰੂਪ ਲਾਹਾ ਅਤੇ ਮਨੁੱਖਾ-ਜਨਮ ਰੂਪ ਮੂਲ ਨਿੰਦਕ ਇਹ ਦੋਵੇਂ ਗੁਆ ਲੈਂਦੇ ਹਨ। ਉਨ੍ਹਾਂ ਦਾ ਹਾਲ ਤੇਲੀ ਦੇ ਬੈਲ ਵਾਲਾ ਹੁੰਦਾ ਹੈ ਜਿਸ ਨੂੰ ਹਰ ਰੋਜ਼ ਕੋਹਲੂ ਅੱਗੇ ਜੋਇਆ ਜਾਂਦਾ ਹੈ। ਬੈਲ ਦੀ ਤਰ੍ਹਾਂ ਇਨ੍ਹਾਂ ਨੂੰ ਵੀ ਹਰ ਚੜ੍ਹਦੇ ਸੂਰਜ ਅਕਾਲ ਪੁਰਖ ਦੇ ਹੁਕਮ ਵਿਚ ਜੋਇਆ ਜਾਂਦਾ ਹੈ ਅਰਥਾਤ ਨਿੰਦਕ ਹਰ ਰੋਜ਼ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ,
ਜੋ ਨਿੰਦਾ ਕਰੇ ਸਤਿਗੁਰਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ॥
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ॥
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ॥
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ॥
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ॥
ਗੁਰੂ ਸਾਹਿਬ ਦੱਸਦੇ ਹਨ ਕਿ ਸਭ ਦੇ ਮਾਲਕ ਪਰਮਾਤਮਾ ਕੋਲੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ, ਜੋ ਕੁਝ ਵੀ ਜਿੱਥੇ ਵੀ ਹੋ ਰਿਹਾ ਹੈ, ਉਹ ਸਭ ਕੁਝ ਜਾਣਦਾ ਹੈ। ਮਨੁੱਖ ਜਿਸ ਕਿਸਮ ਦਾ ਵੀ ਬੀਜ ਬੀਜਦਾ ਹੈ ਉਸ ਨੂੰ ਉਹੋ ਜਿਹੀ ਫਸਲ ਕੱਟਣੀ ਪੈਂਦੀ ਹੈ ਅਰਥਾਤ ਜਿਸ ਕਿਸਮ ਦੇ ਵੀ ਕਰਮ ਕਰਦਾ ਹੈ ਉਸ ਨੂੰ ਉਸ ਦਾ ਉਹੋ ਜਿਹਾ ਹੀ ਫਲ ਖਾਣਾ ਪੈਂਦਾ ਹੈ। ਇਹ ਅਕਾਲ ਪੁਰਖ ਦਾ ਹੁਕਮ ਹੈ। ਬਾਬਾ ਫਰੀਦ ਨੇ ਵੀ ਕਿਹਾ ਹੈ ਕਿ ਜੇ ਕੋਈ ਜੱਟ ਬੀਜਦਾ ਤਾਂ ਕਿੱਕਰ ਦਾ ਦਰੱਖਤ ਹੈ ਪਰ ਉਸ ਦਾ ਫਲ ਦਾਖਾਂ (ਸੌਗੀ) ਲੈਣਾ ਚਾਹੁੰਦਾ ਹੈ ਅਤੇ ਇਸੇ ਤਰ੍ਹਾਂ ਕੱਤਦਾ ਤਾਂ ਉਨ ਹੈ ਪਰ ਪਹਿਨਣਾ ਪੱਟ (ਰੇਸ਼ਮ) ਚਾਹੁੰਦਾ ਹੈ- ਇਹ ਸੰਭਵ ਨਹੀਂ ਹੈ, ਤਰਕਹੀਣ ਹੈ। ਜਿਹੋ ਜਿਹਾ ਕਰਮ ਮਨੁੱਖ ਕਰੇਗਾ ਉਸੇ ਤਰ੍ਹਾਂ ਦਾ ਜੀਵਨ ਉਸ ਨੂੰ ਮਿਲੇਗਾ। ਜਿਸ ਮਨੁੱਖ ‘ਤੇ ਉਸ ਦੇ ਕੀਤੇ ਚੰਗੇ ਕਰਮਾਂ ਕਾਰਨ ਅਕਾਲ ਪੁਰਖ ਦੀ ਮਿਹਰ ਹੋ ਜਾਂਦੀ ਹੈ, ਉਸ ਨੂੰ ਫਿਰ ਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਂਦੀ ਹੈ, ਗੁਰੂ ਦੇ ਚਰਨ ਧੋਣ ਦਾ ਅਵਸਰ ਪ੍ਰਾਪਤ ਹੋ ਜਾਂਦਾ ਹੈ। ਉਹ ਸਤਿਗੁਰ ਦੀ ਸੰਗਤ ਵਿਚ, ਉਸ ਦੀ ਸਿੱਖਿਆ ‘ਤੇ ਚੱਲ ਕੇ ਉਸੇ ਤਰ੍ਹਾਂ ਸੰਸਾਰ ਸਾਗਰ ਨੂੰ ਪਾਰ ਕਰ ਜਾਂਦਾ ਹੈ ਜਿਸ ਤਰ੍ਹਾਂ ਲੱਕੜੀ ਦੇ ਸੰਗ ਲੋਹਾ ਵੀ ਪਾਣੀ ‘ਤੇ ਤਰ ਜਾਂਦਾ ਹੈ। ਗੁਰੂ ਮਹਾਰਾਜ ਆਪਣੇ ਮਨ ਨੂੰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਵਾਸਤੇ ਕਹਿੰਦੇ ਹਨ ਕਿਉਂਕਿ ਉਸ ਦੇ ਨਾਮ ਦਾ ਸਿਮਰਨ ਕੀਤਿਆਂ ਆਤਮਕ ਸੁੱਖ ਮਿਲਦਾ ਹੈ,
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ॥
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ॥
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ॥
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ॥੧॥ (ਪੰਨਾ ੩੦੯)
ਅੱਗੇ ਦੋ ਪੰਕਤੀਆਂ ਵਿਚ ਗੁਰੂ ਰਾਮਦਾਸ ਦਾ ਰਚਿਆ ਸਲੋਕ ਹੈ। ਗੁਰਬਾਣੀ ਵਿਚ ਗੁਰੂ ਦੇ ਰਸਤੇ ‘ਤੇ ਚੱਲ ਕੇ ਪਤੀ-ਪਰਮਾਤਮਾ ਦੇ ਪ੍ਰੇਮ ਨੂੰ ਪਾ ਲੈਣ ਵਾਲੇ ਮਨੁੱਖ ਲਈ ‘ਸੁਹਾਗਣ’ ਇਸਤਰੀ ਦਾ ਚਿੰਨ੍ਹ ਵਰਤਿਆ ਹੈ। ਇਸ ਸਲੋਕ ਵਿਚ ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਜਿਨ੍ਹਾਂ ਜੀਵਾਂ ਨੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਪ੍ਰਕਾਸ਼-ਰੂਪ ਪਰਮਾਤਮਾ-ਪਤੀ ਨੂੰ ਪਾ ਲਿਆ ਹੈ, ਉਹ ਚੰਗੇ ਭਾਗਾਂ ਵਾਲੀਆਂ ਅਤੇ ਸੁਹਾਗਣ ਇਸਤਰੀਆਂ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਪਰਮਾਤਮ-ਨਾਮ ਵਿਚ ਲੀਨ ਹੋਇਆਂ ਮਨੁੱਖ ਦੇ ਅੰਦਰਲੀ ਰੱਬੀ ਜੋਤਿ ਜਗ ਪੈਂਦੀ ਹੈ,
ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ॥
ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ॥੨॥ (ਪੰਨਾ ੩੦੯)
ਇਸ ਤੋਂ ਅੱਗੇ ਪਉੜੀ ਵਿਚ ਗੁਰੂ ਰਾਮਦਾਸ ਨੇ ਮਨੁੱਖ ਦੇ ਸਰੀਰ ਨੂੰ ਧਰਮ ਕਮਾਉਣ ਦਾ ਸਥਾਨ ਕਿਹਾ ਹੈ ਜਿਸ ਵਿਚ ਰੱਬੀ ਜੋਤਿ ਦਾ ਨਿਵਾਸ ਹੈ, ਜਿਸ ਵਿਚ ਅਕਾਲ ਪੁਰਖ ਜੋਤਿ-ਸਰੂਪ ਹੋ ਕੇ ਸਮਾਇਆ ਹੋਇਆ ਹੈ। ਇਸ ਮਨੁੱਖੀ ਸਰੀਰ ਵਿਚ ਦੈਵੀ ਗੁਣ-ਰੂਪੀ ਕੀਮਤੀ ਰਤਨ ਅਰਥਾਤ ਰੱਬੀ ਗੁਣ-ਰੂਪ ਜਵਾਹਰਾਤ ਛੁਪੇ ਹੋਏ ਹਨ, ਜਿਨ੍ਹਾਂ ਦੀ ਖੋਜ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਕੀਤੀ ਜਾ ਸਕਣੀ ਸੰਭਵ ਹੈ ਅਰਥਾਤ ਇਨ੍ਹਾਂ ਗੁਣਾਂ ਨੂੰ ਅਮਲੀ ਰੂਪ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਦਿੱਤਾ ਜਾਂਦਾ ਹੈ। ਕੋਈ ਵਿਰਲਾ ਗੁਰੂ ਦਾ ਸੇਵਕ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਗੁਰੂ ਦੀ ਸਹਾਇਤਾ ਨਾਲ ਇਨ੍ਹਾਂ ਗੁਣਾਂ ਦੀ ਖੋਜ ਕਰਕੇ, ਅਧਿਆਤਮਕ ਵਿਚਾਰਾਂ ਰਾਹੀਂ ਇਨ੍ਹਾਂ ਨੂੰ ਲੱਭ ਲੈਂਦਾ ਹੈ। ਜਦੋਂ ਮਨੁੱਖ ਇਨ੍ਹਾਂ ਗੁਣਾਂ ਦੀ ਖੋਜ ਕਰ ਲੈਂਦਾ ਹੈ, ਫਿਰ ਉਸ ਨੂੰ ਸਾਰੀ ਸ੍ਰਿਸ਼ਟੀ ਵਿਚ ਉਸ ਇੱਕ ਅਕਾਲ ਪੁਰਖ ਦੀ ਜੋਤਿ ਵਸੀ ਹੋਈ ਨਜ਼ਰ ਆਉਂਦੀ ਹੈ। ਉਸ ਨੂੰ ਅਨੁਭਵ ਹੁੰਦਾ ਹੈ ਕਿ ਇਸ ਸਾਰੀ ਰਚਨਾ ਵਿਚ ਪਰਮਾਤਮਾ ਜੋਤਿ-ਸਰੂਪ ਹੋ ਕੇ ਸਮਾਇਆ ਹੋਇਆ ਹੈ, ਸਾਰੇ ਜੀਵ ਇੱਕੋ ਜੋਤਿ ਨਾਲ ਰੁਸ਼ਨਾਏ ਹੋਏ ਹਨ ਜਿਵੇਂ ਤਾਣੇ ਅਤੇ ਪੇਟੇ ਵਿਚ ਇਕੋ ਕਿਸਮ ਦਾ ਸੂਤਰ ਜਾਂ ਧਾਗਾ ਹੁੰਦਾ ਹੈ। ਇਸ ਅਨੁਭਵ ਉਪਰੰਤ ਉਹ ਗੁਰੂ ਦਾ ਸੇਵਕ ਹਰ ਇੱਕ ਵਿਚ ਇੱਕ ਅਕਾਲ ਪੁਰਖ ਨੂੰ ਦੇਖਦਾ ਹੈ, ਉਸ ਇੱਕ ਅਕਾਲ ਪੁਰਖ ‘ਤੇ ਭਰੋਸਾ ਕਰਦਾ ਹੈ ਅਤੇ ਆਪਣੇ ਕੰਨਾਂ ਨਾਲ ਉਸ ਇੱਕ ਅਕਾਲ ਪੁਰਖ ਦੀਆਂ ਹੀ ਗੱਲਾਂ ਨੂੰ ਸੁਣਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਤੂੰ ਵੀ ਉਸ ਇੱਕ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਕਰ, ਉਸ ਦੇ ਨਾਮ ਵਿਚ ਧਿਆਨ ਲਗਾ ਕੇ ਰੱਖ ਤਾਂ ਤੇਰੀ ਇਹ ਨਾਮ ਦੀ ਸੇਵਾ ਉਸ ਅਕਾਲ ਪੁਰਖ ਦੇ ਦਰ ‘ਤੇ ਕਬੂਲ ਜ਼ਰੂਰ ਹੋਵੇਗੀ, ਤੇਰੀ ਸੇਵਾ ਪ੍ਰਵਾਨ ਚੜ੍ਹੇਗੀ,
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥
ਸਭੁ ਆਤਮਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ॥
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ॥
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ॥੧੬॥ (ਪੰਨਾ ੩੦੯-੧੦)
ਗੁਰੂ ਰਾਮਦਾਸ ਅਗਲੇ ਸਲੋਕ ਵਿਚ ਫੁਰਮਾਉਂਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰ ਵੱਸ ਰਹੀ ਉਸ ਰੱਬੀ ਜੋਤਿ ਦਾ ਅਨੁਭਵ ਕਰ ਲਿਆ ਹੈ, ਸਮਝੋ ਦੁਨੀਆਂ ਦੇ ਸਾਰੇ ਪਦਾਰਥਾਂ ਦਾ ਸੁਆਦ ਉਨ੍ਹਾਂ ਦੇ ਅੰਦਰ ਹੈ। ਭਾਵ ਜਿਨ੍ਹਾਂ ਪਰਮਾਤਮਾ ਦੇ ਨਾਮ ਨੂੰ ਅਨੁਭਵ ਕਰ ਲਿਆ ਹੈ ਉਹ ਫਿਰ ਦੁਨਿਆਵੀ ਪਦਾਰਥਾਂ ਦੇ ਸੁਆਦ ਮਗਰ ਨਹੀਂ ਦੌੜਦੇ। ਉਹ ਉਜਲ ਮੁਖੜਿਆਂ ਨਾਲ ਅਕਾਲ ਪੁਰਖ ਦੇ ਦਰਵਾਜੇ ‘ਤੇ ਜਾਂਦੇ ਹਨ ਅਰਥਾਤ ਉਨ੍ਹਾਂ ਦੇ ਮੁਖ ਪਵਿੱਤਰ ਹੁੰਦੇ ਹਨ, ਰੱਬੀ ਨੂਰ ਨਾਲ ਰੁਸ਼ਨਾਏ ਹੁੰਦੇ ਹਨ ਅਤੇ ਅਜਿਹੇ ਭਗਤ-ਜਨਾਂ ਦੇ ਦਰਸ਼ਨ ਕਰਨਾ ਹਰ ਕੋਈ ਲੋਚਦਾ ਹੈ। ਜਿਹੜੇ ਉਸ ਭੈ-ਰਹਿਤ ਅਕਾਲ ਪੁਰਖ ਦਾ ਧਿਆਨ ਧਰਦੇ ਹਨ, ਉਨ੍ਹਾਂ ਦੇ ਆਪਣੇ ਅੰਦਰੋਂ ਵੀ ਹਰ ਤਰ੍ਹਾਂ ਦੇ ਭੈ ਮੁੱਕ ਜਾਂਦੇ ਹਨ, ਅਜਿਹੇ ਮਨੁੱਖ ਉਸ ਨਿਰਭੈ ਦਾ ਸਿਮਰਨ ਕਰਕੇ ਆਪ ਵੀ ਭੈ-ਰਹਿਤ ਹੋ ਜਾਂਦੇ ਹਨ, ਆਪਣੇ ਅੰਦਰੋਂ ਹਰ ਤਰ੍ਹਾਂ ਦੇ ਭੈ ਖਤਮ ਕਰ ਦਿੰਦੇ ਹਨ। ਉਸ ਉਤਮ ਪਰਮਾਤਮਾ ਦਾ ਸਿਮਰਨ ਉਹੀ ਕਰਦੇ ਹਨ ਜਿਨ੍ਹਾਂ ਦੇ ਕੀਤੇ ਚੰਗੇ ਕਰਮਾਂ ਦੇ ਕਾਰਨ ਚੰਗੇ ਸੰਸਕਾਰ ਬਣ ਜਾਂਦੇ ਹਨ, ਜਿਨ੍ਹਾਂ ਦੇ ਕੀਤੇ ਚੰਗੇ ਕਰਮਾਂ ਕਰਕੇ ਧੁਰ ਦਰਗਾਹ ਤੋਂ ਉਨ੍ਹਾਂ ਦੇ ਭਾਗ ਵਿਚ ਪਰਮਾਤਮਾ ਦਾ ਸਿਮਰਨ ਕਰਨਾ ਲਿਖਿਆ ਹੁੰਦਾ ਹੈ,
ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ॥
ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ॥
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ॥
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ॥
ਅਜਿਹੇ ਮਨੁੱਖ ਜਿਨ੍ਹਾਂ ਨੇ ਆਪਣੇ ਅੰਦਰ ਰੱਬੀ ਜੋਤਿ ਦਾ ਅਨੁਭਵ ਕਰ ਲਿਆ ਹੈ, ਉਨ੍ਹਾਂ ਨੁੰ ਰੱਬੀ ਦਰਗਾਹ ਵਿਚ ਸਿਰੋਪਾਉ ਮਿਲਦਾ ਹੈ, ਸਤਿਕਾਰ ਦਿੱਤਾ ਜਾਂਦਾ ਹੈ। ਉਹ ਆਪ ਆਪਣੇ ਪਰਿਵਾਰ ਸਮੇਤ ਔਗੁਣਾਂ ਤੋਂ ਬਚ ਜਾਂਦੇ ਹਨ ਅਤੇ ਸੰਸਾਰ ਸਾਗਰ ਤੋਂ ਪਾਰ ਨਿਕਲ ਜਾਂਦੇ ਹਨ ਅਤੇ ਆਪਣੇ ਚੰਗੇ ਰਸਤੇ ‘ਤੇ ਤੋਰ ਕੇ ਸਾਰੇ ਸੰਸਾਰ ਨੂੰ ਮੰਦੇ ਕੰਮਾਂ ਤੋਂ ਬਚਾ ਲੈਂਦੇ ਹਨ। ਗੁਰੂ ਮਹਾਰਾਜ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦਾ ਮੇਲ ਵੀ ਅਜਿਹੇ ਜਨਾਂ ਨਾਲ ਕਰਵਾਏ ਤਾਂ ਕਿ ਉਹ ਅਜਿਹੇ ਬੰਦਿਆਂ ਨੂੰ ਦੇਖ ਦੇਖ ਕੇ ਜੀਵਣ,
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ॥
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੇ ਸਭੁ ਜਗਤੁ ਛਡਾਹਿ॥
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ॥੧॥ (ਪੰਨਾ ੩੧੦)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਸਤਿਗੁਰ ਦੇ ਗੁਣਾਂ ਦਾ ਬਿਆਨ ਕਰਦੇ ਹਨ ਕਿ ਸਤਿਗੁਰ ਜਿਸ ਧਰਤੀ ‘ਤੇ ਆ ਕੇ ਬੈਠਦਾ ਹੈ, ਉਸ ਧਰਤੀ ਨੂੰ ਭਾਗ ਲੱਗ ਜਾਂਦੇ ਹਨ ਅਤੇ ਉਹ ਮੌਲ ਕੇ ਹਰੀ-ਭਰੀ ਹੋ ਜਾਂਦੀ ਹੈ। ਉਨ੍ਹਾਂ ਦੇ ਹਿਰਦੇ ਖਿੜ ਜਾਂਦੇ ਹਨ, ਚਿਹਰੇ ‘ਤੇ ਨੂਰ ਆ ਜਾਂਦਾ ਹੈ ਜਿਹੜੇ ਜੀਵ ਸਤਿਗੁਰ ਦਾ ਦਰਸ਼ਨ ਕਰ ਲੈਂਦੇ ਹਨ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਹੇ ਮਾਂ ਉਹ ਪਿਤਾ ਵੀ ਧੰਨ ਹੈ, ਉਹ ਕੁਲ ਵੀ ਧੰਨ ਹੈ ਅਤੇ ਮਾਤਾ ਵੀ ਧੰਨ ਹੈ ਜਿਸ ਨੇ ਸਤਿਗੁਰ ਨੂੰ ਜਨਮ ਦਿੱਤਾ ਹੈ। ਉਹ ਮਾਤਾ-ਪਿਤਾ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਘਰ ਸਤਿਗੁਰ ਦਾ ਜਨਮ ਹੋਇਆ ਹੈ। ਉਹ ਸਤਿਗੁਰ ਵੀ ਧੰਨ ਹੈ ਜਿਸ ਨੇ ਆਪ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਿਮਰਨ ਰਾਹੀਂ ਇਸ ਸੰਸਾਰ ਸਾਗਰ ਨੂੰ ਪਾਰ ਕਰ ਲਿਆ ਹੈ, ਜਿਨ੍ਹਾਂ ਨੇ ਉਸ ਦਾ ਦਰਸ਼ਨ ਕੀਤਾ ਹੈ, ਉਨ੍ਹਾਂ ਨੂੰ ਵੀ ਨਾਮ ਸਿਮਰਨ ਰਾਹੀਂ ਵਿਕਾਰਾਂ ਤੋਂ ਛੁਡਾ ਲਿਆ ਹੈ ਅਤੇ ਉਹ ਵੀ ਧੰਨ ਹੋ ਗਏ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਵੀ ਮਿਹਰ ਕਰਕੇ ਅਜਿਹੇ ਸਤਿਗੁਰ ਨਾਲ ਮਿਲਾ ਤਾਂ ਕਿ ਉਹ ਉਸ ਦੇ ਪੈਰ ਧੋਣ,
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥
ਧਨੁ ਧੰਨ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ॥
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ॥
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ॥੨॥ (ਪੰਨਾ ੩੧੦)

Be the first to comment

Leave a Reply

Your email address will not be published.