ਬਠਿੰਡਾ: ਮੀਂਹ ਘੱਟ ਪੈਣ ਕਾਰਨ ਭਾਵੇਂ ਦੇਸ਼ ਭਰ ਵਿਚ ਕਿਸਾਨਾਂ ਨੂੰ ਸੌਕੇ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਦੇ ਹਲਕੇ ਸਾਬੋ ਤਲਵੰਡੀ ਦੇ ਕਿਸਾਨ ਇਸ ਪੱਖੋਂ ਖੁਸ਼ਕਿਸਮਤ ਹਨ। ਦਰਅਸਲ ਜ਼ਿਮਨੀ ਚੋਣ ਹੋਣ ਕਾਰਨ ਸਾਰੀ ਅਕਾਲੀ ਲੀਡਰਸ਼ਿੱਪ ਨੇ ਹਲਕੇ ਵਿਚ ਡੇਰੇ ਲਾਏ ਹੋਏ ਹਨ ਤੇ ਹਲਕੇ ਦੇ ਲੋਕਾਂ ਦੀਆਂ ਤਕਲੀਫਾਂ ਬੜੇ ਨੇੜੇ ਹੋ ਕੇ ਸੁਣੀਆਂ ਜਾ ਰਹੀਆਂ ਹਨ। ਸਿੰਜਾਈ ਮਹਿਕਮੇ ਨੇ ਹਲਕਾ ਤਲਵੰਡੀ ਸਾਬੋ ਦੇ ਕਿਸਾਨੀ ਵੋਟ ਬੈਂਕ ਨੂੰ ਖੁਸ਼ ਕਰਨ ਖਾਤਰ ਕੋਟਲਾ ਬਰਾਂਚ ਨਹਿਰ ਵਿਚੋਂ ਸਿੱਧੀ ਪਾਈਪ ਪਵਾ ਦਿੱਤੀ ਹੈ। ਇਕੱਲਾ ਇਹੋ ਨਹੀਂ, ਨਾਲ ਲੱਗਦੇ ਪਿੰਡ ਮਾਹੀਨੰਗਲ ਦੇ ਕਿਸਾਨਾਂ ਲਈ ਇਸੇ ਕੋਟਲਾ ਬਰਾਂਚ ਵਿਚੋਂ ਗ਼ੈਰ-ਕਾਨੂੰਨੀ ਪਾਈਪ ਲਗਾ ਦਿੱਤੀ ਹੈ। ਕੋਟਲਾ ਬਰਾਂਚ ਵਿਚੋਂ ਰਾਤ ਵੇਲੇ ਕਿਸਾਨ ਸਿੱਧੀਆਂ ਪਾਈਪਾਂ ਲਾਉਣ ਲੱਗੇ ਹਨ ਤਾਂ ਜੋ ਜ਼ਿਮਨੀ ਚੋਣ ਦਾ ਲਾਹਾ ਲਿਆ ਜਾ ਸਕੇ।
ਕੋਟਲਾ ਬਰਾਂਚ ਵਿਚੋਂ ਪਾਈਪ ਲਗਾਉਣ ਮਗਰੋਂ ਜੋਧਪੁਰ ਰਜਵਾਹਾ ਵਿਚ ਪਾਣੀ ਪਾਉਣ ਖਾਤਰ ਕਿਸਾਨਾਂ ਨੇ ਜੇæਸੀæਬੀ ਮਸ਼ੀਨਾਂ ਲਿਆ ਕੇ ਨਹਿਰ ਤੋਂ ਰਜਵਾਹੇ ਤੱਕ ਕੱਚਾ ਚੌੜਾ ਖਾਲਾ ਪੁੱਟ ਲਿਆ। ਕਿਸਾਨਾਂ ਨੇ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਉਨ੍ਹਾਂ ਦੇ ਪਿੰਡ ਆਏ ਸਨ ਜਿਨ੍ਹਾਂ ਕੋਲ ਇਕੋ ਮੰਗ ਹੀ ਨਹਿਰੀ ਪਾਣੀ ਵਿਚ ਵਾਧੇ ਦੀ ਰੱਖੀ ਗਈ ਸੀ। ਉਨ੍ਹਾਂ ਨੇ ਮੌਕੇ ‘ਤੇ ਹਾਮੀ ਭਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਿੰਡ ਜੋਧਪੁਰ ਰਜਵਾਹੇ ਦੀ ਟੇਲ ‘ਤੇ ਪੈਂਦਾ ਹੈ। ਤਕਰੀਬਨ 20 ਵਰ੍ਹਿਆਂ ਤੋਂ ਪਾਣੀ ਵਿਚ ਵਾਧੇ ਦੀ ਮੰਗ ਕਰ ਰਹੇ ਹਨ ਪਰ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵੋਟਾਂ ਹੋਣ ਕਰਕੇ ਫੌਰੀ ਸੁਣਵਾਈ ਹੋ ਗਈ ਹੈ।
ਸਿੰਜਾਈ ਵਿਭਾਗ ਦੇ ਨਿਯਮਾਂ ਅਨੁਸਾਰ ਕੋਟਲਾ ਬਰਾਂਚ ਵਿਚੋਂ ਮੋਘਾ ਲਗਾ ਕੇ ਪਾਣੀ ਦੇਣ ਦੀ ਪ੍ਰਵਾਨਗੀ ਦੀ ਤਾਕਤ ਤਾਂ ਮੁੱਖ ਇੰਜੀਨੀਅਰ ਕੋਲ ਵੀ ਨਹੀਂ ਹੈ। ਤਕਰੀਬਨ ਛੇ ਮਹੀਨੇ ਦੀ ਪ੍ਰਕਿਰਿਆ ਮਗਰੋਂ ਨਵੇਂ ਮੋਘੇ ਆਦਿ ਦੀ ਪ੍ਰਵਾਨਗੀ ਸਿੰਜਾਈ ਵਿਭਾਗ ਦੇ ਸਕੱਤਰ ਵੱਲੋਂ ਸਿੰਜਾਈ ਮੈਨੂਅਲ ਆਰਡਰ ਦੀ ਧਾਰਾ 4æ2 ਤਹਿਤ ਦਿੱਤੀ ਜਾਂਦੀ ਹੈ। ਇਵੇਂ ਹੀ ਕੋਟਲਾ ਬਰਾਂਚ ‘ਤੇ ਇਕ ਪੁਰਾਣਾ ਮੋਘਾ ਨੰਬਰ 406060 ਲੱਗਾ ਹੋਇਆ ਹੈ। ਦੋ ਹਫਤੇ ਪਹਿਲਾਂ ਗ਼ੈਰ-ਕਨੂੰਨੀ ਤੌਰ ‘ਤੇ ਇਸ ਪੁਰਾਣੇ ਮੋਘੇ ਨਾਲ ਇਕ ਪਾਈਪ ਪਾ ਦਿੱਤੀ ਗਈ ਸੀ। ਹੁਣ ਪੁਰਾਣੇ ਮੋਘੇ ਦੇ ਨਾਲ ਇਕ ਨਵਾਂ ਮੋਘਾ ਚੱਲ ਰਿਹਾ ਹੈ ਤੇ ਮੋਘੇ ਦਾ ਪਾਣੀ ਵਧਾਉਣ ਲਈ ਕੋਟਲਾ ਬਰਾਂਚ ਵਿਚ ਬੋਰੀਆਂ ਨਾਲ ਬੰਨ੍ਹ ਮਾਰਿਆ ਹੋਇਆ ਸੀ। ਉਥੇ ਮੌਜੂਦ ਕਿਸਾਨ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਹੀ ਇਹ ਮੋਘਾ ਲਾਇਆ ਹੈ।
ਅਹਿਮ ਸੂਤਰਾਂ ਨੇ ਦੱਸਿਆ ਕਿ ਇਹ ਮੋਘਾ ਗ਼ੈਰ-ਕਾਨੂੰਨੀ ਹੈ ਜਿਸ ਦੀ ਵਿਭਾਗ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਹ ਮੋਘਾ ਪਿੰਡ ਮਾਹੀਨੰਗਲ ਦੇ ਕਿਸਾਨਾਂ ਵਾਸਤੇ ਲਗਾਇਆ ਗਿਆ ਹੈ। ਵੇਰਵਿਆਂ ਅਨੁਸਾਰ ਕੋਟਲਾ ਬਰਾਂਚ ਵਿਚ ਹਰੀਗੜ੍ਹ ਕੋਲ ਤਕਰੀਬਨ 1700 ਕਿਊਸਿਕ ਪਾਣੀ ਹੁੰਦਾ ਹੈ ਤੇ ਜੀਵਨ ਸਿੰਘ ਵਾਲਾ ਪਿੰਡ ਦੇ ਕੋਲ ਆ ਕੇ ਇਸ ਪਿੰਡ ਵਿਚ 400 ਕਿਊਸਿਕ ਪਾਣੀ ਚੱਲਦਾ ਹੈ। ਇਸ ਕੋਟਲਾ ਬਰਾਂਚ ਵਿਚੋਂ ਹੀ ਪਿੰਡ ਜੋਧਪੁਰ ਲਾਗਿਓਂ ਇਕ ਜੋਧਪੁਰ ਰਜਬਾਹਾ ਨਿਕਲਦਾ ਹੈ ਜੋ ਕਿ ਨਹਿਰ ਦੇ ਬਰਾਬਰ ਹੀ ਆਉਂਦਾ ਹੈ। ਨਹਿਰ ਵਿਚੋਂ ਪਾਣੀ ਸਿੱਧਾ ਰਜਵਾਹੇ ਵਿਚ ਪਾਇਆ ਗਿਆ ਹੈ। ਕੁਝ ਅਰਸਾ ਪਹਿਲਾਂ ਸਿੰਜਾਈ ਵਿਭਾਗ ਨੇ ਬਾਕਾਇਦਾ ਪ੍ਰਵਾਨਗੀ ਦੇ ਕੇ ਪਿੰਡ ਭਾਗੀਵਾਂਦਰ ਦੇ ਖੇਤਾਂ ਵਾਸਤੇ ਕੋਟਲਾ ਬਰਾਂਚ ਵਿਚੋਂ ਮੋਘਾ ਲਗਾਇਆ ਸੀ। ਪੁਰਾਣੇ ਮੋਘੇ ਦੀ ਪ੍ਰਵਾਨਗੀ ਦੇ ਖ਼ਿਲਾਫ਼ ਪਿੰਡ ਦੇ ਕਿਸਾਨ ਲਾਭ ਸਿੰਘ ਨੇ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ। ਜੀਵਨ ਸਿੰਘ ਵਾਲਾ ਦੇ ਕਿਸਾਨ ਵੀ ਇਸ ਤਰ੍ਹਾਂ ਦਾ ਪ੍ਰਬੰਧ ਮੰਗਦੇ ਸਨ ਪਰ ਸਰਕਾਰ ਨੇ ਸੁਣੀ ਨਹੀਂ। ਹੁਣ ਜਦੋਂ ਜ਼ਿਮਨੀ ਚੋਣ ਆ ਗਈ ਤਾਂ ਕਿਸਾਨਾਂ ਨੂੰ ਸਥਿਤੀ ਦਾ ਲਾਭ ਲੈਣ ਦਾ ਮੌਕਾ ਮਿਲ ਗਿਆ।
ਮਾਨਸਾ ਮੰਡਲ ਦੇ ਕਾਰਜਕਾਰੀ ਇੰਜਨੀਅਰ ਬਲਵੀਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਪਿੰਡ ਜੀਵਨ ਸਿੰਘ ਵਾਲਾ ਤੇ ਨਸੀਬਪੁਰਾ ਦੇ ਸ਼ਰਾਰਤੀ ਅਨਸਰਾਂ ਨੇ ਕੋਟਲਾ ਬਰਾਂਚ ਤੋੜ ਕੇ ਸਿੱਧੀ ਪਾਈਪ ਪਾ ਲਈ ਹੈ। ਉਨ੍ਹਾਂ ਨੇ ਖੁਦ ਵੀ ਮੌਕਾ ਦੇਖਿਆ। ਉਨ੍ਹਾਂ ਦੱਸਿਆ ਕਿ ਉਹ ਅਜਿਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਵਾਸਤੇ ਪੁਲਿਸ ਨੂੰ ਲਿਖ ਰਹੇ ਹਨ। ਸਿੰਜਾਈ ਵਿਭਾਗ ਨੇ ਕਿਸੇ ਨੂੰ ਲਿਖਤੀ ਜਾਂ ਜ਼ੁਬਾਨੀ ਪਾਈਪ ਲਾਉਣ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ ਜੋ ਪੁਰਾਣੇ ਮੋਘੇ ਕੋਲ ਪਾਈਪ ਪਾਈ ਗਈ ਹੈ, ਉਸ ਬਾਰੇ ਪਤਾ ਨਹੀਂ। ਉਹ ਇਹ ਵੀ ਚੈੱਕ ਕਰਨਗੇ। ਸਿੰਚਾਈ ਮਹਿਕਮੇ ਦੇ ਸਬੰਧਤ ਐਸ਼ਡੀæਓæ ਗੁਰਸਾਰਗ ਸਿੰਘ ਚਹਿਲ ਦਾ ਕਹਿਣਾ ਸੀ ਕਿ ਹੇਠਲੇ ਸਟਾਫ ਦੀ ਰਿਪੋਰਟ ਮਿਲਣ ਮਗਰੋਂ ਉਨ੍ਹਾਂ ਨੇ ਪੁਲਿਸ ਨੂੰ ਕੇਸ ਦਰਜ ਕਰਨ ਵਾਸਤੇ ਲਿਖ ਦਿੱਤਾ ਹੈ। ਦੂਜੇ ਪਾਸੇ ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਹਿਰ ਮਹਿਕਮੇ ਤਰਫ਼ੋਂ ਅਜਿਹੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।
Leave a Reply