ਮਾਲਕ ਵੱਲ ਵਾਪਸੀ

ਪ੍ਰੋæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਮੇਰੇ ਬੱਚਿਆਂ ਦੇ ਮਾਸੀ-ਮਾਸੜ ਮੁਦਕੀ ਦੇ ਲਾਗੇ ਲੋਹਾਮ ਜੀਤ ਸਿੰਘ ਵਾਲਾ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਘੋੜੇ-ਘੋੜੀਆਂ ਪਾਲਣ-ਵੇਚਣ ਦਾ ਕੰਮ-ਕਾਜ ਵੀ ਕਰਦਾ ਹੈ। ਗਜ਼ਬ ਦੇ ਸੁਹਣੇ ਪਸ਼ੂ ਦੇਖੇ। ਚੰਗੀਆਂ ਕੀਮਤਾਂ ਤਾਰਨ ਵਾਲੇ ਗਾਹਕ ਆਉਂਦੇ-ਜਾਂਦੇ ਰਹਿੰਦੇ ਹਨ। ਮੈਂ ਪੁੱਛਿਆ, ਅਜੇ ਵੀ ਆਦਮੀ ਨੂੰ ਘੋੜ ਸਵਾਰੀ ਦਾ ਖਬਤ ਕਿਉਂ ਹੈ?
ਉਨ੍ਹਾਂ ਕਿਹਾ, ਦੋ ਚੀਜਾਂ ਦੀ ਸ਼ਾਨ ਕਦੀ ਖਤਮ ਨਹੀਂ ਹੋਵੇਗੀ- ਇਕ ਘੋੜੇ ਦੀ ਦੂਜੀ ਕਿਰਪਾਨ ਦੀ। ਰਾਕਟ ਉਪਰ ਗ੍ਰਹਿਆਂ ਦੀ ਸੈਰ ਹੋ ਰਹੀ ਹੈ ਪਰ ਘੋੜਸਵਾਰੀ ਘੋੜਸਵਾਰੀ ਹੈ। ਇਸੇ ਤਰ੍ਹਾਂ ਅੱਖੋਂ-ਪਰੋਖੇ ਦੂਰ ਦੇਸਾਂ ਤਕ ਮਾਰ ਕਰਨ ਵਾਲੇ ਹਥਿਆਰ ਬਣ ਗਏ ਹਨ ਤਾਂ ਵੀ ਸੂਰਮਗਤੀ ਅਤੇ ਸਆਨ ਦੀ ਨਿਸ਼ਾਨੀ ਪਵਿੱਤਰ ਕਿਰਪਾਨ ਰਹੇਗੀ। ਕੇਵਲ ਸਿੱਖਾਂ ਵਿਚ ਨਹੀਂ, ਦੁਨੀਆਂ ਦੇ ਹਰੇਕ ਖਿੱਤੇ ਵਿਚ ਹਰ ਧਰਮ ਦੇ ਲੋਕ ਕਿਰਪਾਨ ਅਤੇ ਘੋੜੇ ਨੂੰ ਪਿਆਰ ਕਰਦੇ ਹਨ ਤੇ ਕਰਨਗੇ।
ਪੱਚੀ ਕੁ ਸਾਲ ਪਹਿਲਾਂ ਘੋੜੀ ਨੇ ਵਛੇਰਾ ਦਿੱਤਾ, ਗਜ਼ਬ। ਹਲਕੇ ਨੀਲੇ ਰੰਗ ਦੀ ਸੂਖਮ ਰੰਗਤ। ਅੱਖਾਂ ਲਿਸ਼ਕਵੀਆਂ ਪੂਰੀਆਂ ਨੀਲੀਆਂ। ਦੂਰੋਂ-ਨੇੜਿਓਂ ਲੋਕ ਉਸ ਨੂੰ ਦੇਖਣ ਆਉਣ ਲੱਗੇ। ਧੁੰਮਾਂ ਪੈ ਗਈਆਂ। ਇਕ ਦਿਨ ਕੋਈ ਗਾਹਕ ਆਇਆ, ਜਿੰਨੇ ਪੈਸੇ ਮਾਲਕਾਂ ਨੇ ਮੰਗੇ ਦੇ ਕੇ ਲੈ ਗਿਆ।
ਇਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਪਤਾ ਲਗਦੀ ਲਗਦੀ ਖਬਰ ਪਿੰਡ ਵਿਚ ਫੈਲ ਗਈ। ਪਿੰਡ ਉਦਾਸ ਹੋਇਆ। ਬੈਠਕਾਂ ਹੋਣ ਲੱਗ ਪਈਆਂ। ਮਹੀਨੇ ਕੁ ਬਾਅਦ ਮੁਹਤਬਰ ਬੰਦੇ ਇਨ੍ਹਾਂ ਦੀ ਹਵੇਲੀ ਪੁਜੇ ਤੇ ਕਿਹਾ, ਕਾਹਨੂੰ ਵੇਚਣਾ ਸੀ ਵਛੇਰਾ? ਏਨਾ ਸੁਹਣਾ ਸੀ। ਤੁਹਾਡੇ ਕੋਲ ਪੈਸਿਆਂ ਦੀ ਘਾਟ ਐ ਕੋਈ? ਪਿੰਡ ਨੇ ਫੈਸਲਾ ਕੀਤੈ ਕਿ ਮੁੜਵਾ ਕੇ ਲਿਆਵਾਂਗੇ। ਤੁਹਾਨੂੰ ਤਾਂ ਨੀ ਕਹਿੰਦੇ ਕਿ ਪੈਸੇ ਵਾਪਸ ਕਰੋ, ਅਸੀਂ ਉਗਰਾਹੀ ਕਰਾਂਗੇ। ਥੋੜੇ ਬਹੁਤੇ ਜੇ ਵਾਧੂ ਮੰਗੇ ਤਾਂ ਵਾਧੂ ਪੈਸੇ ਵੀ ਦੇ ਦਿਆਂਗੇ। ਇਹ ਤਾਂ ਮਹਾਰਾਜ ਦਸਮ ਪਾਤਸ਼ਾਹ ਦੀ ਸਵਾਰੀ ਸੀ ਜਿਹੜੀ ਆਪਣੇ ਪਿੰਡ ਆ ਉਤਰੀ। ਅਸੀਂ ਅਨੰਦਪੁਰ ਸਾਹਿਬ ਚੜ੍ਹਾ ਕੇ ਆਵਾਂਗੇ। ਸਾਨੂੰ ਖਰੀਦਦਾਰ ਦਾ ਨਾਮ ਪਤਾ ਦੱਸ ਦਿਉ, ਏਸ ਲਈ ਆਏ ਆਂ।
ਪਰ ਇਨ੍ਹਾਂ ਨੇ ਤਾਂ ਨਾ ਨਾਮ ਪੁੱਛਿਆ ਸੀ ਗਾਹਕ ਦਾ ਨਾ ਪਿੰਡ। ਹੁਣ ਕੀ ਕਰੀਏ? ਬਣ ਗਈ ਗੱਲ। ਸੌਦਾ ਨਿਬੇੜ ਕੇ ਉਹ ਬੰਦਾ ਮੁਦਕੀ ਤੋਂ ਟੈਂਪੂ ਲਿਆਇਆ ਸੀ ਜਿਸ ਵਿਚ ਚੜ੍ਹਾ ਕੇ ਵਛੇਰਾ ਲੈ ਕੇ ਗਿਐ। ਟੈਂਪੂ ਯੂਨੀਅਨ ਚੱਲੀਏ। ਯੂਨੀਅਨ ਵਾਲਿਆਂ ਤੋਂ ਪਤਾ ਲੱਗ ਗਿਆ। ਜਿਹੜਾ ਟੈਂਪੂ ਵਛੇਰਾ ਛੱਡ ਕੇ ਆਇਆ ਸੀ ਉਸੇ ਵਿਚ ਸਵਾਰ ਹੋ ਕੇ ਪੰਚਾਇਤ ਵਛੇਰੇ ਦੇ ਖਰੀਦਦਾਰ ਕੋਲ ਪੁੱਜ ਗਈ।
ਉਸ ਨੂੰ ਕਿਹਾ, ਮਹੀਨਾ ਪਹਿਲਾਂ ਤੂੰ ਲੋਹਾਮੋ ਵਛੇਰਾ ਲਿਆਇਐਂ ਸਰਦਾਰਾ। ਸਾਰਾ ਪਿੰਡ ਪਛਤਾ ਰਿਹੈ। ਤੇਰੇ ਅਗੇ ਮਿੰਨਤ ਐ ਸਾਡੀ। ਵਛੇਰਾ ਮੋੜ ਦੇਹ। ਅਸੀਂ ਕਿਹੜਾ ਰੱਖਣੈ। ਅਨੰਦਪੁਰ ਸਾਹਿਬ ਚੜ੍ਹਾ ਕੇ ਆਵਾਂਗੇ। ਵਾਧੂ ਪੈਸੇ ਲੈ ਲੈ, ਤੇਰਾ ਨਾਮ ਵੀ ਅਰਦਾਸ ਵਿਚ ਬੋਲਾਂਗੇ। ਬੰਦਾ ਹੱਸ ਪਿਆ, ਕਿਹਾ, ਜਿਸ ਦੀ ਕਿਸਮਤ ਵਿਚ ਲਿਖਿਆ ਹੋਵੇ, ਭਾਈਓ ਉਸੇ ਦੇ ਹੱਥੋਂ ਮਹਾਰਾਜ ਸੇਵਾ ਲੈਂਦੇ ਨੇ। ਮੈਂ ਸੋਚਿਆ, ਜੇ ਦੇਰ ਕਰ ਦਿਤੀ, ਫੇਰ ਕਿਤੇ ਮੇਰਾ ਮੋਹ ਨਾ ਪੈ ਜਾਵੇ, ਇਸ ਕਰਕੇ ਦਸ ਪੰਦਰਾਂ ਦਿਨਾਂ ਬਾਅਦ ਹੀ ਮੈਂ ਵਛੇਰੇ ਨੂੰ ਅਨੰਦਪੁਰ ਸਾਹਿਬ ਚੜ੍ਹਾ ਆਇਆਂ। ਜਿਥੇ ਜਾਣ ਯੋਗ ਸੀ, ਉਹ ਉਥੇ ਹੀ ਗਿਐ, ਤੁਹਾਡੇ ਰਾਹੀਂ ਨਾ ਸਹੀ ਮੇਰੇ ਰਾਹੀਂ ਚਲਾ ਗਿਆ, ਏਸ ਵਿਚ ਫਰਕ ਕੀ? ਜਿਸ ਦੀ ਚੀਜ਼ ਸੀ, ਉਸ ਕੋਲ ਜਾਣੀ ਹੀ ਸੀ।
ਨਗਰ ਨਿਵਾਸੀਆਂ ਪਾਸੋਂ ਇਹ ਘਟਨਾ ਸੁਣੀ ਤਾਂ ਮੈਂ ਦੇਖਿਆ, ਘਟਨਾਵਾਂ ਕਿਵੇਂ ਆਪਣੇ ਆਪ ਨੂੰ ਦੁਹਰਾਉਂਦੀਆਂ ਹਨ। ਢਾਈ ਹਜ਼ਾਰ ਸਾਲ ਪਹਿਲਾਂ ਮੱਧ ਭਾਰਤ ਵਿਚ ਵੀ ਇਉਂ ਵਾਪਰਿਆ। ਹੋਇਆ ਇਹ ਕਿ ਤਲਾਬ ਕਿਨਾਰੇ ਝੌਂਪੜੀ ਪਾ ਕੇ ਭੀਲ ਰਹਿੰਦਾ ਸੀ ਕਿ ਪੀਣ ਯੋਗ ਪਾਣੀ ਨੂੰ ਕੋਈ ਗੰਦਾ ਨਾ ਕਰੇ, ਨਿਗਰਾਨੀ ਰੱਖੇ। ਸਰਦੀਆਂ ਆ ਚੁੱਕੀਆਂ ਸਨ। ਕੰਵਲ ਦੇ ਫੁੱਲ ਲੋਪ ਹੋ ਗਏ ਸਨ ਪਰ ਬੇਮੌਸਮਾ ਇਕ ਕੰਵਲ ਅਜੇ ਵੀ ਖਿੜਿਆ ਹੋਇਆ ਸੀ।
ਭੀਲ ਕੋਲ ਇਕ ਬੰਦਾ ਆਇਆ ਤੇ ਕਿਹਾ, ਇਹ ਫੁੱਲ ਕੱਢ ਲਿਆ ਤੇ ਮੈਨੂੰ ਦੇ ਦੇਹ। ਮੈਂ ਤੈਨੂੰ ਚਾਂਦੀ ਦਾ ਰੁਪਈਆ ਦਿਆਂਗਾ। ਭੀਲ ਅਜੇ ਕੱਪੜੇ ਉਤਾਰ ਹੀ ਰਿਹਾ ਸੀ ਕਿ ਦੂਜਾ ਆਦਮੀ ਆਇਆ ਤੇ ਕਿਹਾ, ਫੁੱਲ ਮੈਨੂੰ ਦੇਹ। ਮੈਂ ਤੈਨੂੰ ਸੋਨੇ ਦੀ ਅਸ਼ਰਫੀ ਦਿਆਂਗਾ। ਪਹਿਲਾ ਬੋਲਿਆ, ਜੇ ਇਹ ਗੱਲ ਐ ਤਾਂ ਮੈਂ ਗਿਆਰਾਂ ਅਸ਼ਰਫੀਆਂ ਦਿੰਨਾਂ। ਮੈਨੂੰ ਦੇਹ ਭਾਈ। ਗਰੀਬ ਭੀਲ ਬੋਲਿਆ, ਇਹ ਤਾਂ ਟਕੇ ਦਾ ਵੀ ਨਹੀਂ। ਬੱਚਿਆਂ ਨੂੰ ਮੈਂ ਮੁਫਤੋ ਮੁਫਤ ਕੱਢ ਕੇ ਦੇ ਦਿਆਂ ਕਰਦਾਂ। ਅੱਜ ਇਸ ਦੀ ਕੀਮਤ ਏਨੀ ਕਿਉਂ?
ਬੰਦਿਆਂ ਨੇ ਦੱਸਿਆ, ਨਾਲ ਦੇ ਪਿੰਡ ਮਹਾਰਾਜ ਗੌਤਮ ਸਿਧਾਰਥ ਪ੍ਰਵਚਨ ਕਰਨ ਆ ਰਹੇ ਹਨ। ਕੰਵਲ ਉਨ੍ਹਾਂ ਨੂੰ ਪਿਆਰੇ ਲਗਦੇ ਹਨ। ਸਾਨੂੰ ਕਿਤੋਂ ਕੰਵਲ ਨਹੀਂ ਲੱਭਾ। ਕੇਵਲ ਤੁਹਾਡੇ ਤਲਾਬ ਵਿਚ ਹੈ। ਅਸੀਂ ਹਰ ਕੀਮਤ ‘ਤੇ ਇਹ ਹਾਸਲ ਕਰਨਾ ਹੈ।
ਭੀਲ ਨੇ ਹੱਥ ਜੋੜੇ, ਕਿਹਾ, ਜੀ ਮੈਨੂੰ ਗੰਵਾਰ ਨੂੰ ਏਸ ਗੱਲ ਦਾ ਪਤਾ ਨਹੀਂ ਸੀ। ਇਹ ਗੱਲ ਹੈ ਤਾਂ ਫੇਰ ਇਹ ਫੁੱਲ ਮੇਰਾ ਹੈ। ਤਥਾਗਤ ਸਾਕਯਮੁਨੀ ਦੇ ਚਰਨਾਂ ਵਿਚ ਖੁਦ ਰੱਖਾਂਗਾ। ਇਸ ਬਦਲੇ ਹਜ਼ਾਰ ਮੋਹਰਾਂ ਕੋਈ ਦਏ ਤਾਂ ਵੀ ਕੌਲ ਫੁੱਲ ਨਹੀਂ ਦਿਆਂਗਾ। ਕੰਵਲ ਦੀ ਤੇ ਸਿਧਾਰਥ ਦੀ ਕੋਈ ਕੀਮਤ ਨਹੀਂ।
ਇਸੇ ਤਰ੍ਹਾਂ ਦੀ ਮਿਲਦੀ-ਜੁਲਦੀ ਅਮਰਪਾਲੀ ਦੀ ਸਾਖੀ ਹੈ। ਸ਼ੱਕ ਵੰਸ਼ ਦਾ ਯੁਵਰਾਜ ਗੌਤਮ ਜਿਹੜਾ ਇਕ ਹਨੇਰੀ ਸੁੰਨਸਾਨ ਰਾਤ ਵਿਚ ਜੁਆਨ ਉਮਰੇ ਕਪਿਲਵਸਤੁ ਦੇ ਮਹਿਲ ਛੱਡ ਕੇ ਮੰਗਤਾ ਹੋ ਗਿਆ ਸੀ, ਇਨ੍ਹੀਂ ਦਿਨੀਂ ਰਾਜਗ੍ਰਹਿ ਨਾਂ ਦੇ ਸ਼ਹਿਰ ਵਿਚ ਟਿਕਿਆ ਹੋਇਆ ਸੀ। ਲੋਕ ਉਸ ਨੂੰ ਸਾਕਯਮੁਨੀ, ਮਹਾਮੁਨੀ, ਤਥਾਗਤ, ਮਹਾਂ ਸ਼੍ਰਮਣ, ਮਹਾਤਮਾ ਅਤੇ ਬੁੱਧ ਆਦਿ ਨਾਂਵਾਂ ਨਾਲ ਸੰਬੋਧਨ ਕਰਦੇ। ਉਸ ਨੂੰ ਪਤਾ ਸੀ ਕਿ ਹੁਣ ਸੰਸਾਰ ਤੋਂ ਵਿਦਾ ਹੋਣ ਦਾ ਸਮਾਂ ਆ ਗਿਆ ਹੈ। ਉਹ ਰਾਜਗ੍ਰਹਿ ਦੀ ਥਾਂ ਕੁਸ਼ੀਨਗਰ ਜਾ ਕੇ ਸਰੀਰ ਤਿਆਗਣ ਦਾ ਇੱਛੁਕ ਸੀ, ਜਿਸ ਸ਼ਹਿਰ ਨੂੰ ਉਹ ਪਿਆਰ ਨਾਲ ਕੁਸੀਨਾਰ ਕਿਹਾ ਕਰਦਾ ਸੀ। ਇਸ ਸ਼ਹਿਰ ਨੂੰ ਉਹ ਕਿਉਂ ਪਿਆਰ ਕਰਦਾ ਸੀ ਤੇ ਉਸ ਨੇ ਉਥੇ ਸਰੀਰ ਤਿਆਗਣ ਦਾ ਕਿਉਂ ਫੈਸਲਾ ਕੀਤਾ, ਕਿਸੇ ਨੂੰ ਪਤਾ ਨਹੀਂ। ਉਸ ਨੇ ਆਨੰਦ ਨੂੰ ਬੁਲਾਇਆ ਤੇ ਕਿਹਾ, ਕੁਸੀਨਾਰ ਜਾਣਾ ਹੈ ਆਨੰਦ। ਵੈਸ਼ਾਲੀ ਦੇ ਰਸਤੇ ਹੋ ਕੇ ਚੱਲਾਂਗੇ। ਉਹ ਤੁਰੇ ਤੇ ਵੈਸ਼ਾਲੀ ਨਗਰ ਅੱਪੜ ਗਏ। ਸਿਧਾਰਥ ਕਮਜ਼ੋਰ ਹੋ ਗਿਆ ਸੀ। ਵੈਸ਼ਾਲੀ ਪੁੱਜ ਕੇ ਆਨੰਦ ਨੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਤਾਂ ਮੰਨ ਗਿਆ।
ਸਾਬੱਥੀ (ਸੰਸਕ੍ਰਿਤ ਸ਼੍ਰਾਵਸਤੀ) ਸ਼ਹਿਰ ਦੀ ਸੁੰਦਰੀ, ਨਗਰਵਧੂ, ਨ੍ਰਿਤਕੀ ਤੇ ਗਾਇਕਾ ਅਮਰਪਾਲੀ, ਵੈਸ਼ਾਲੀ ਵਿਚ ਰਹਿ ਰਹੀ ਸੀ। ਇਥੇ ਉਸ ਦਾ ਵੱਡਾ ਬਾਗ ਸੀ ਜਿਸ ਵਿਚ ਆਲੀਸ਼ਾਨ ਹਵੇਲੀ ਸੀ ਤੇ ਹਵੇਲੀ ਵਿਚ ਬਹੁਤ ਸਾਰਾ ਧਨ। ਇਸ ਨ੍ਰਿਤਕੀ ਨੂੰ ਸੱਦਾ ਦੇਣ ਦੀ ਸਮਰਥਾ ਕੇਵਲ ਰਾਜਿਆਂ ਪਾਸ ਰਹਿ ਗਈ ਸੀ। ਲੋਕ ਉਸ ਦੇ ਨਾਚ ਅਤੇ ਗਾਉਣ ਨੂੰ ਪਸੰਦ ਕਰਦੇ ਪਰ ਇਹ ਕਿੱਤਾ ਸਤਿਕਾਰਯੋਗ ਨਹੀਂ ਸੀ, ਇਸ ਲਈ ਦੂਰ ਰਹਿੰਦੇ। ਉਹ ਬੁੱਧ ਪਾਸ ਆਈ। ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਬੁੱਧ ਆਪਣੇ ਭਿੱਖੂਆਂ ਸਮੇਤ ਉਸ ਦੀ ਹਵੇਲੀ ਆ ਕੇ ਭੋਜਨ ਛਕਣ। ਸਿਧਾਰਥ ਨੇ ਉਸ ਦੀ ਬੇਨਤੀ ਪ੍ਰਵਾਨ ਕੀਤੀ ਤਾਂ ਪ੍ਰਸੰਨਤਾ ਨਾਲ ਵਾਪਸ ਚਲੀ ਗਈ।
ਇਹ ਖਬਰ ਲਿੱਛਵੀ ਸਮਰਾਟ ਨੂੰ ਮਿਲੀ ਤਾਂ ਉਸ ਨੂੰ ਦੁਖ ਹੋਇਆ। ਧਨ ਦੇ ਕੇ ਜਿਸ ਕੁੜੀ ਨੂੰ ਕੋਈ ਵੀ ਨੱਚਣ ਲਈ ਬੁਲਾ ਸਕਦਾ ਹੈ, ਸਾਕਯਮੁਨੀ ਸਿਧਾਰਥ ਉਸ ਦੇ ਘਰ ਜਾਣਗੇ? ਸਾਧ ਸੰਤ ਉਸ ਪਾਸਿਉਂ ਦੀ ਨਹੀਂ ਲੰਘਦੇ, ਰਾਜੇ ਤੇ ਰਾਜਕੁਮਾਰ ਉਧਰ ਨਹੀਂ ਜਾਂਦੇ, ਦਿਲ ਕਰੇ ਤਾਂ ਉਸ ਨੂੰ ਆਪਣੇ ਪਾਸ ਸੱਦ ਲੈਂਦੇ ਹਨ। ਪਰ ਇਹ ਸਾਧੂ ਜਿਹੜਾ ਯੁਵਰਾਜ ਵੀ ਹੈ, ਅਮਰਪਾਲੀ ਦੀ ਹਵੇਲੀ ਜਾਏਗਾ? ਲਿੱਛਵੀ ਦੁਖੀ ਹੋਇਆ। ਉਸ ਨੇ ਫੈਸਲਾ ਕੀਤਾ ਕਿ ਉਹ ਬੁੱਧ ਨੂੰ ਉਥੇ ਨਹੀਂ ਜਾਣ ਦਏਗਾ, ਪਰ ਉਸ ਪਾਸ ਇਹ ਕਹਿਣ ਦੀ ਹਿੰਮਤ ਨਹੀਂ ਸੀ ਕਿ ਜਾਏ ਤੇ ਮਨਾਹੀ ਕਰ ਦਏ, ਪਰ ਉਹ ਰੋਕੇਗਾ। ਬੁੱਧ ਪਾਸ ਗਿਆ, ਚਰਨੀ ਹੱਥ ਲਾਏ। ਬੁੱਧ ਨੇ ਬੈਠਣ ਦਾ ਇਸ਼ਾਰਾ ਕੀਤਾ ਤਾਂ ਧਰਤੀ ਉਤੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਕਹਿਣ ਲੱਗਾ, ਹੇ ਸਾਕਯਮੁਨੀ, ਮੇਰੀ ਇੱਛਾ ਹੈ ਆਪ ਨੂੰ ਪ੍ਰਸ਼ਾਦ ਛਕਾਵਾਂ ਸੰਘ ਸਮੇਤ। ਕੀ ਮਨਜ਼ੂਰ ਕਰੋਗੇ? ਬੁੱਧ ਨੇ ‘ਹਾਂ’ ਵਿਚ ਸਿਰ ਹਿਲਾਇਆ। ਸਿਧਾਰਥ ਨੇ ਫਿਰ ਪੁੱਛਿਆ, ਕਿਸ ਦਿਨ? ਲਿੱਛਵੀ ਨੇ ਉਹੀ ਦਿਨ ਕਿਹਾ ਜਿਹੜਾ ਅਮਰਪਾਲੀ ਲਈ ਨਿਸ਼ਚਿਤ ਹੋਇਆ ਸੀ।
ਬੁੱਧ ਨੇ ਕਿਹਾ, ਮਿੱਤਰ, ਇਸ ਦਿਨ ਅੰਬਾਪਾਲੀ ਦੀ ਹਵੇਲੀ ਜਾਵਾਂਗਾ। ਕੋਈ ਹੋਰ ਦਿਨ ਦੱਸੋ।
ਲਿੱਛਵੀ ਨੇ ਕਿਹਾ, ਤਾਂ ਅੱਜ ਅੰਬਾਪਾਲੀ ਵੱਡੀ ਹੈ, ਹੇ ਮਹਾਰਾਜ? ਅਸੀਂ ਸਭ ਉਸ ਤੋਂ ਛੋਟੇ ਰਹਿ ਗਏ ਹਾਂ?
ਬੁੱਧ ਨੇ ਕਿਹਾ, ਅਮਰਪਾਲੀ ਵੱਡੀ ਨਹੀਂ ਹੈ। ਤੁਸੀਂ ਅਤੇ ਮੈਂ ਵੱਡੇ ਨਹੀਂ ਹਾਂ। ਧਰਮ ਵੱਡਾ ਹੈ। ਇਕਰਾਰ, ਧਰਮ ਦੀ ਜੜ੍ਹ ਹੈ। ਮੈਂ ਉਥੇ ਇਕਰਾਰ ਅਨੁਸਾਰ ਜਾਵਾਂਗਾ। ਤੁਸੀਂ ਵੀ ਮੇਰੇ ਨਾਲ ਚੱਲਣਾ, ਸੰਘ ਚਲੇਗਾ।
ਲਿੱਛਵੀ ਅਮਰਪਾਲੀ ਪਾਸ ਗਿਆ ਤੇ ਕਹਿਣ ਲੱਗਾ, ਅਮਰਪਾਲੀ ਜੇ ਤੂੰ ਬੁੱਧ ਨੂੰ ਭੋਜਨ ਛਕਾਣ ਦਾ ਸੱਦਾ ਵਾਪਸ ਲੈ ਲਵੇਂ ਤਾਂ ਮੈਂ ਮਹਿਲ ਵਿਚ ਇਹ ਸੇਵਾ ਕਰ ਸਕਦਾ ਹਾਂ ਤੇ ਇਸ ਬਦਲੇ ਤੈਨੂੰ ਇਕ ਲੱਖ ਰੁਪਏ ਦੇਣ ਲਈ ਤਿਆਰ ਹਾਂ।
ਅਮਰਪਾਲੀ ਨੇ ਕਿਹਾ, ਲੱਖ ਰੁਪਏ ਤਾਂ ਕੀ, ਲੱਖ ਦੇਸ਼ ਵੀ ਉਸ ਖਾਣੇ ਬਦਲੇ ਨਹੀਂ ਲਵਾਂਗੀ ਮਹਾਰਾਜ। ਉਹ ਇਥੇ ਮੇਰੇ ਘਰ ਆਉਣਗੇ। ਉਹ ਅਮੁੱਲ ਸੁਗਾਤ ਹਨ।
ਸਭ ਅਮਰਪਾਲੀ ਦੀ ਹਵੇਲੀ ਲੰਗਰ ਛਕਣ ਗਏ। ਵਾਪਸ ਆਉਣ ਲੱਗੇ ਤਾਂ ਅਮਰਪਾਲੀ ਨੇ ਹੱਥ ਜੋੜ ਕੇ ਕਿਹਾ, ਮੇਰੀ ਇਕ ਪ੍ਰਾਰਥਨਾ ਹੈ ਸੁਆਮੀ। ਮੋੜਨੀ ਨਾਂਹ। ਘਣਾ ਫੈਲਿਆ ਇਹ ਵਿਸ਼ਾਲ ਬਾਗ ਮੈਂ ਆਪ ਦੇ ਚਰਨਾਂ ਵਿਚ ਭੇਂਟ ਕਰਦੀ ਹਾਂ। ਮੇਰਾ ਹੋਰ ਟਿਕਾਣਾ ਨਹੀਂ ਹੈ। ਜਿੰਨਾ ਚਿਰ ਸਾਹ ਹਨ, ਇਥੇ ਕੋਠੀ ਵਿਚ ਰਹਿਣ ਦੀ ਆਗਿਆ ਦੇ ਦਿਉ। ਮੇਰੇ ਪਿਛੋਂ ਕੋਠੀ, ਸਾਮਾਨ, ਧਨ, ਸਭ ਆਪਦਾ ਹੋਵੇ। ਬੁੱਧ ਨੇ ਉਸ ਦੀ ਬੇਨਤੀ ਮੰਨੀ ਤੇ ਬਾਗ ਸੰਘ ਨੂੰ ਦੇ ਦਿੱਤਾ। ਇਹ ਹਵੇਲੀ ਅਤੇ ਬਾਗ ਭਿਖਣੀਆਂ ਲਈ ਪਹਿਲਾ ਬੋਧ ਆਸ਼ਰਮ ਬਣਿਆ। ਇਸ ਘਟਨਾ ਪਿਛੋਂ ਅਮਰਪਾਲੀ ਕਿਸੇ ਦੀ ਹਵੇਲੀ ਜਾਂ ਮਹਿਲ ਵਿਚ ਨੱਚਣ ਗਾਉਣ ਨਹੀਂ ਗਈ। ਇਸ ਬਾਗ ਵਿਚ ਬੋਧਬਾਣੀ ਦਾ ਕੀਰਤਨ ਕਰਦੀ, ਉਪਾਸ਼ਕ ਸੁਣਦੇ। ਬਦਨਾਮ ਹਵੇਲੀ ਤੀਰਥ ਹੋ ਗਈ।

Be the first to comment

Leave a Reply

Your email address will not be published.