ਬਾਗੀਆਂ ਖਿਲਾਫ ਸਖਤ ਹੋਈ ਕਾਂਗਰਸ ਹਾਈਕਮਾਨ

ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ ਇਕਾਇਆਂ ਵਿਚ ਬਗਾਵਤ ਨੂੰ ਦੇਖਦਿਆਂ ਕਾਂਗਰਸ ਨੇ ਜਗਮੀਤ ਸਿੰਘ ਬਰਾੜ ਤੇ ਬੀਰੇਂਦਰ ਸਿੰਘ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਦੋਹਾਂ ਆਗੂਆਂ ‘ਤੇ ਗਾਜ਼ ਪਾਰਟੀ ਵਿਰੋਧੀ ਸਰਗਰਮੀਆਂ ਤੇ ਕਾਂਗਰਸ ਲੀਡਰਸ਼ਿਪ ਖ਼ਿਲਾਫ਼ ਜਨਤਕ ਤੌਰ ‘ਤੇ ਬੋਲਣ ਕਰਕੇ ਡਿੱਗੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਵੱਲੋਂ ਜਾਰੀ ਇਕ ਪੰਨੇ ਦੇ ਮੁਅੱਤਲੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਗਮੀਤ ਬਰਾੜ ਤੇ ਬੀਰੇਂਦਰ ਸਿੰਘ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਪਾਰਟੀ ਦੇ ਵਕਾਰ ਨੂੰ ਢਾਹ ਲਾ ਰਹੇ ਹਨ।
ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਤੱਥਾਂ ਦੇ ਆਧਾਰ ‘ਤੇ ਦੋਹਾਂ ਨੂੰ ਦੋਸ਼ੀ ਪਾਇਆ ਹੈ ਤੇ ਉਨ੍ਹਾਂ ਦੀ ਪਾਰਟੀ ਦੀ ਮੈਂਬਰਸ਼ਿਪ ਤੁਰੰਤ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਰੱਖਿਆ ਮੰਤਰੀ ਏæਕੇæ ਐਂਟਨੀ ਦੀ ਅਗਵਾਈ ਹੇਠਲੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਨੂੰ ਪ੍ਰਵਾਨ ਕਰ ਲਿਆ ਹੈ। ਸਰਬ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਤੇ ਸਾਬਕਾ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਬੀਰੇਂਦਰ ਸਿੰਘ ਖ਼ਿਲਾਫ਼ ਅਨੁਸ਼ਾਸਨੀ ਕਮੇਟੀ ਨੂੰ ਸ਼ਿਕਾਇਤਾਂ ਮਿਲੀਆਂ ਸਨ। ਕਮੇਟੀ ਨੇ ਦੋਹਾਂ ਆਗੂਆਂ ਦੇ ਪਾਰਟੀ ਵਿਰੋਧੀ ਬਿਆਨਾਂ ਦੀ ਪੜਤਾਲ ਕੀਤੀ ਤੇ ਫਿਰ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਸਨ। ਪਾਰਟੀ ਸੂਤਰਾਂ ਮੁਤਾਬਕ ਦੋਵੇਂ ਆਗੂਆਂ ਦੇ ਜਵਾਬ ਤਸੱਲੀਬਖਸ਼ ਨਹੀਂ ਸਨ। ਕਾਂਗਰਸ ਨੇ ਸਿਆਸੀ ਰਣਨੀਤੀ ਤਹਿਤ ਬੀਰੇਂਦਰ ਸਿੰਘ ਤੇ ਸ੍ਰੀ ਬਰਾੜ ਨੂੰ ਪਾਰਟੀ ਵਿਚੋਂ ਕੱਢਣ ਦੀ ਬਜਾਏ ਦੋਹਾਂ ਨੂੰ ਮੁਅੱਤਲ ਕੀਤਾ ਹੈ। ਬੀਰੇਂਦਰ ਸਿੰਘ ਹਰਿਆਣਾ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ। ਜੇਕਰ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਤਾਂ ਉਹ ਰਾਜ ਸਭਾ ਮੈਂਬਰ ਬਣੇ ਰਹਿ ਸਕਦੇ ਸਨ ਤੇ ਕਿਸੇ ਵੀ ਪਾਰਟੀ ਨੂੰ ਵੋਟ ਪਾ ਸਕਦੇ ਸਨ। ਕਾਂਗਰਸ ਦੇ ਆਲਾਮਿਆਰੀ ਸੂਤਰਾਂ ਨੇ ਕਿਹਾ ਕਿ ਮੁਅੱਤਲੀ ਕਾਰਨ ਬੀਰੇਂਦਰ ਸਿੰਘ ਨੂੰ ਕਾਂਗਰਸ ਦੇ ਹੱਕ ਵਿਚ ਹੀ ਭੁਗਤਣਾ ਪਏਗਾ। ਦਲਬਦਲੀ ਵਿਰੋਧੀ ਕਾਨੂੰਨ ਤਹਿਤ ਜੇਕਰ ਉਹ ਮੁਅੱਤਲੀ ਦੇ ਸਮੇਂ ਦੌਰਾਨ ਹੀ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਤਾਂ ਅਸੀਂ ਰਾਜ ਸਭਾ ਦੇ ਪ੍ਰੀਜ਼ਾਈਡਿੰਗ ਅਫਸਰ ਨੂੰ ਲਿਖ ਕੇ ਉਨ੍ਹਾਂ ਦੀ ਰਾਜ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰ ਸਕਦੇ ਹਾਂ।
ਇਕ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਜੇਕਰ ਕੋਈ ਆਗੂ ਆਪਣੇ ਵਤੀਰੇ ਲਈ ਮੁਆਫੀ ਮੰਗ ਲੈਂਦਾ ਹੈ ਤਾਂ ਉਸ ਦੀ ਮੁਅੱਤਲੀ ਨੂੰ ਵਾਪਸ ਲਿਆ ਜਾ ਸਕਦਾ ਹੈ। ਸ੍ਰੀ ਬੀਰੇਂਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ। ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸ੍ਰੀ ਹੁੱਡਾ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਜਨਤਕ ਤੌਰ ‘ਤੇ ਮੰਗ ਕਰਦੇ ਆ ਰਹੇ ਸਨ। ਜਦੋਂ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੀ ਇਕ ਨਾ ਸੁਣੀ ਤਾਂ ਉਨ੍ਹਾਂ ਭਾਜਪਾ ਨਾਲ ਸਾਂਝ ਵਧਾਉਣੀ ਸ਼ੁਰੂ ਕਰ ਦਿੱਤੀ ਸੀ।
ਉਧਰ ਸ੍ਰੀ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਕਿ ਦੋਵੇਂ ਕਾਂਗਰਸ ਆਗੂਆਂ ਨੂੰ ਪਾਰਟੀ ਦੀ ਕਮਾਨ ਛੱਡ ਕੇ ਲੋਕਾਂ ਨਾਲ ਰਾਬਤਾ ਬਣਾਉਣ ਲਈ ਦੇਸ਼ ਦਾ ਦੌਰਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਸੋਨੀਆ ਗਾਂਧੀ ‘ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਨੂੰ 10 ਸਾਲਾਂ ਬਾਅਦ ਬਦਲ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਸੋਨੀਆ ਗਾਂਧੀ 15 ਸਾਲਾਂ ਤੋਂ ਵੱਧ ਸਮੇਂ ਤੋਂ ਕਾਂਗਰਸ ਦੇ ਪ੍ਰਧਾਨ ਹਨ।
__________________________________________
ਚੌਧਰੀ ਬੀਰੇਂਦਰ ਭਾਜਪਾ ਵਿਚ ਸ਼ਾਮਲ
ਚੰਡੀਗੜ੍ਹ: ਕਾਂਗਰਸ ਵਿਚੋਂ ਮੁਅੱਤਲੀ ਤੋਂ ਬਾਅਦ ਹਰਿਆਣਾ ਕਾਂਗਰਸ ਦੇ ਕਦਾਵਰ ਨੇਤਾ ਚੌਧਰੀ ਬੀਰੇਂਦਰ ਸਿੰਘ ਆਪਣੀ ਪਤਨੀ ਤੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਇਹ ਐਲਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਕੀਤਾ।
ਜੀਂਦ ਵਿਚ ਨੌਜਵਾਨਾਂ ਦੀ ਜਥੇਬੰਦੀ ‘ਯੁਵਾ ਸ਼ਕਤੀ ਬਦਲਾਅ ਕੀ ਔਰ’ ਵੱਲੋਂ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਨੂੰ ਹੁੱਡਾ ਕਾਂਗਰਸ ਬਣਾ ਕੇ ਆਪਣੀ ਜੇਬ ਵਿਚ ਪਾ ਲਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ਿਲਾਫ਼ ਕੋਈ ਵੀ ਬੋਲਦਾ ਨਹੀਂ ਸੀ ਕਿਉਂਕਿ ਸਭ ਨੇ ਚੇਂਜ ਆਫ ਲੈਂਡ ਯੂਜ਼ (ਸੀæਐਲ਼ਯੂæ) ਕਰਵਾਏ ਸਨ। ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜਨ ਲਈ ਤਿਆਰ ਨਹੀਂ ਹਨ ਪਰ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਵਿਚ 41 ਸਾਲਾਂ ਦੇ ਰਾਜਨੀਤਕ ਸਫ਼ਰ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚੌਧਰੀ ਬੀਰੇਂਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਨਿੱਘਾ ਸੁਆਗਤ ਕਰਦਿਆ ਕਿਹਾ ਕਿ ਹਰਿਆਣਾ ਦੀ ਜਨਤਾ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਦੋਵਾਂ ਕੋਲੋਂ ਨਿਜਾਤ ਪਾਉਣਾ ਚਾਹੁੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਕੱਟਣ ਲਈ ਪੂਰੀ ਤਾਕਤ ਲਾ ਦੇਣ।
__________________________________________
ਹਾਈਕਮਾਨ ਦਾ ਫੈਸਲਾ ਤਾਨਾਸ਼ਾਹੀ ਵਾਲਾ: ਬਰਾੜ
ਜਗਮੀਤ ਸਿੰਘ ਬਰਾੜ ਨੇ ਪਾਰਟੀ ਦੇ ਇਸ ਫੈਸਲੇ ‘ਤੇ ਬੜਾ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਉਨ੍ਹਾਂ ਇਸ ਨੂੰ ਤਾਨਾਸ਼ਾਹੀ ਵਾਲਾ ਫੈਸਲਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਇਕ ਪਾਸੇ ਤਾਂ ਸਭ ਤੋਂ ਵੱਧ ਜਮਹੂਰੀ ਹੋਣ ਦਾ ਮਾਣ ਕਰਦੀ ਹੈ ਪਰ ਹੁਣ ਪਾਰਟੀ ਦੀ ਹਾਰ ਤੋਂ ਬਾਅਦ ਪਾਰਟੀ ਵਿਚ ਹੋਣ ਵਾਲੇ ਸੁਧਾਰਾਂ ਤੇ ਤਬਦੀਲੀਆਂ ਨੂੰ ਠੱਪ ਹੀ ਕਰ ਦਿੱਤਾ ਗਿਆ ਹੈ। ਉਨ੍ਹਾਂ ਆਪਣੇ-ਆਪ ਨੂੰ ਹਰਿਆਣਾ ਦੇ ਕਾਂਗਰਸ ਆਗੂ ਬੀਰੇਂਦਰ ਸਿੰਘ ਨਾਲ ਜੋੜਨ ‘ਤੇ ਵੀ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਬੀਰੇਂਦਰ ਸਿੰਘ ਵਾਂਗ ਮੈਂ ਤਾਂ ਭਾਜਪਾ ਜਾਂ ਕਿਸੇ ਹੋਰ ਪਾਰਟੀ ਨਾਲ ਸੰਪਰਕ ਨਹੀਂ ਕੀਤਾ ਹੈ।

Be the first to comment

Leave a Reply

Your email address will not be published.