ਨਾਨਕੁ ਤਿਨ ਕੈ ਸੰਗਿ ਸਾਥਿ

ਗੁਰੂ ਨਾਨਕ ਦੇਵ ਮਨੁੱਖਤਾ ਦੇ ਰਾਹ ਦਸੇਰਾ ਹਨ। ਉਨ੍ਹਾਂ ਦੇ ਜੀਵਨ ਇਤਿਹਾਸ ਅਤੇ ਉਪਦੇਸ਼ਾਂ ਤੋਂ ਇਹ ਗੱਲ ਸਪੱਸ਼ਟ ਹੈ ਕਿ ਉਨ੍ਹਾਂ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਹੰਭਲਾ ਮਾਰਿਆ। ਉਨ੍ਹਾਂ ਦਾ ਜਨਮ 1469 ਈਸਵੀ ਵਿਚ ਪਾਕਿਸਤਾਨ ਦੇ ਵਰਤਮਾਨ ਨਗਰ ਸ੍ਰੀ ਨਨਕਾਣਾ ਸਾਹਿਬ ਵਿਚ ਹੋਇਆ। ਸਿੱਖ ਇਤਿਹਾਸ ਵਿਚੋਂ ਉਨ੍ਹਾਂ ਦੇ ਜੀਵਨ ਵਿਚ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਨਿਵੇਕਲੇ ਮਹੱਤਵ ਦੇ ਲਖਾਇਕ ਤੱਤ ਦ੍ਰਿਸ਼ਟਮਾਨ ਹੋ ਜਾਂਦੇ ਹਨ। ਉਨ੍ਹਾਂ ਨੇ ਮੁੱਢ ਤੋਂ ਹੀ ਮਨੁੱਖੀ ਏਕਤਾ, ਬਰਾਬਰੀ ਤੇ ਧਾਰਮਿਕ ਸਹਿ-ਹੋਂਦ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ ਹੋਇਆ ਸੀ। ਉਨ੍ਹਾਂ ਦਾ ਆਗਮਨ ਅਜਿਹੇ ਯੁੱਗ ਵਿਚ ਹੋਇਆ ਜਦ ਉੱਤਰ-ਪੱਛਮੀ ਭਾਰਤ ਅਧੋਗਤੀ ਦਾ ਸ਼ਿਕਾਰ ਸੀ। ਇਸ ਅਧੋਗਤੀ ਦਾ ਵਰਣਨ ਉਨ੍ਹਾਂ ਆਪਣੀ ਪਾਵਨ ਬਾਣੀ ਵਿਚ ਕਈ ਥਾਵਾਂ ‘ਤੇ ਕੀਤਾ ਹੈ। ਉਨ੍ਹਾਂ ਸਿੱਖ ਧਰਮ ਨੂੰ ਸਿਰਫ ਅਧਿਆਤਮਿਕਤਾ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਇਸ ਧਰਮ ਨੂੰ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜਿਉਣ ਦੇ ਯੋਗ ਬਣਾਇਆ। ਉਨ੍ਹਾਂ ਦਾ ਸੁਨੇਹਾ ਬੜਾ ਸਰਲ ਅਤੇ ਸਪਸ਼ਟ ਸੀ ਅਤੇ ਲੋਕਾਂ ਨੇ ਉਨ੍ਹਾਂ ਦੇ ਹਰ ਸੱਦੇ ਨੂੰ ਭਰਪੂਰ ਹੁੰਗਾਰਾ ਭਰਿਆ।
ਗੁਰੂ ਨਾਨਾਕ ਦੇ ਸਮੇਂ ਹਿੰਦੁਸਤਾਨ ਵਿਚ ਬ੍ਰਾਹਮਣਾਂ, ਕਾਜ਼ੀਆਂ ਅਤੇ ਜੋਗੀਆਂ ਦਾ ਬੋਲਬਾਲਾ ਸੀ। ਇਹ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਗਰਦਾਨਦੇ ਸਨ, ਪਰ ਸ੍ਰੀ ਗੁਰੂ ਨਾਨਕ ਦੇ ਵਿਚਾਰ ਅਨੁਸਾਰ ਇਹ ਧਰਮ ਤੋਂ ਅਸਲੋਂ ਹੀ ਸੱਖਣੇ ਸਨ। ਇਨ੍ਹਾਂ ਨੇ ਆਪਣੇ ਸੁਆਰਥ ਖ਼ਾਤਰ ਧਾਰਮਿਕ ਭੇਖ ਅਪਣਾਇਆ ਹੋਇਆ ਸੀ ਅਤੇ ਇਹ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਇਸ ਦਾ ਜ਼ਿਕਰ ਗੁਰੂ ਨਾਨਾਕ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਕੀਤਾ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਗੁਰੂ ਨਾਨਕ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਇਸਤਰੀ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਅਜਿਹੀ ਹਾਲਤ ਵਿਚ ਇਸਤਰੀ ਨੇ ਵੀ ਅਧੀਨਗੀ ਨੂੰ ਆਪਣੇ ਜੀਵਨ ਦਾ ਜਮਾਂਦਰੂ ਅੰਗ ਸਵੀਕਾਰ ਕਰ ਲਿਆ ਸੀ। ਉਨ੍ਹਾਂ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ‘ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ। ਇਸਤਰੀ ਦੇ ਮਾਣ-ਸਤਿਕਾਰ ਅਤੇ ਵਡਿਆਈ ਦੇ ਹੱਕ ਵਿਚ ਬੁਲੰਦ ਕੀਤੀ ਆਵਾਜ਼ ਉਨ੍ਹਾਂ ਦੀ ਬਾਣੀ ਵਿਚੋਂ ਨਿਹਾਰੀ ਜਾ ਸਕਦੀ ਹੈ। ਉਨ੍ਹਾਂ ਦਾ ਫਰਮਾਨ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ
ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥ (ਪੰਨਾ 473)
ਇਸੇ ਤਰ੍ਹਾਂ ਗੁਰੂ ਨਾਨਾਕ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ। ਇਹ ਨਹੀਂ ਕਿ ਉਨ੍ਹਾਂ ਨੇ ਲੋਕਾਂ ਨੂੰ ਹੀ ਉਪਦੇਸ਼ ਕੀਤਾ, ਸਗੋਂ ਇਸ ‘ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ। ਉਹ ਫ਼ਰਮਾਉਂਦੇ ਹਨ:
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥ (ਪੰਨਾ 15)
ਗੁਰੂ ਨਾਨਕ ਨੇ ਵਹਿਮਾਂ-ਭਰਮਾਂ ਦਾ ਖੰਡਨ ਕਰ ਕੇ ਮੂਲ-ਮੰਤਰ ਵਿਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ। ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਨੇ ਸਚਿਆਰ ਮਨੁੱਖ ਦੀ ਅਵਸਥਾ ਬਿਆਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਾਮ ਸਿਮਰਨ ਦੁਆਰਾ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਮਨ ਜਾਗ੍ਰਿਤ ਹੋ ਜਾਂਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਆਪਣੇ ਮਨ ਨੂੰ ਟਿਕਾਈ ਰੱਖਦੇ ਹਨ, ਉਹ ਉਸੇ ਵਿਚ ਅਭੇਦ ਹੋ ਜਾਂਦੇ ਹਨ ਅਤੇ ਨਾਮ ਮਾਰਗ ਉਪਰ ਚੱਲ ਕੇ ਸਰਬੱਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ:
ਜਿਨੀ ਨਾਮੁ ਧਿਆਇਆ
ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ
ਕੇਤੀ ਛੁਟੀ ਨਾਲਿ॥ (ਪੰਨਾ 8)
ਗੁਰੂ ਨਾਨਾਕ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਪਵਿੱਤਰ ਕਮਾਈ ਉਹੀ ਹੈ ਜਿਹੜੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੀਤੀ ਗਈ ਹੋਵੇ। ਝੂਠ ਬੋਲ ਕੇ ਅਤੇ ਠੱਗੀ ਮਾਰ ਕੇ ਕੀਤੀ ਕਮਾਈ ਹੱਕ-ਸੱਚ ਦੀ ਕਮਾਈ ਨਹੀਂ ਕਹੀ ਜਾ ਸਕਦੀ। ਰਿਸ਼ਵਤ ਲੈ ਕੇ ਜਾਂ ਭ੍ਰਿਸ਼ਟ ਤਰੀਕੇ ਨਾਲ ਕੀਤੀ ਕਮਾਈ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੈ। ਇਥੇ ਹੀ ਬਸ ਨਹੀਂ, ਹੱਕ-ਸੱਚ ਦੀ ਕੀਤੀ ਕਮਾਈ ਨੂੰ ਵੰਡ ਛਕਣ ਦਾ ਉਪਦੇਸ਼ ਵੀ ਗੁਰੂ ਨਾਨਕ ਦਾ ਵਿਲੱਖਣ ਸਿਧਾਂਤ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
‘ਕਿਛੁ ਹਥਹੁ ਦੇਇ’ ਦਾ ਇਹ ਸਿਧਾਂਤ ਦੂਜੇ ਧਾਰਮਿਕ ਮੱਤਾਂ ਦੇ ਦਾਨ ਆਦਿ ਦੇ ਸਿਧਾਂਤ ਨਾਲੋਂ ਵਿਲੱਖਣ ਅਰਥ ਰੱਖਦਾ ਹੈ ਕਿਉਂਕਿ ਦੂਜੇ ਮੱਤਾਂ ਵਿਚ ਦਾਨ ਆਪਣੇ ਨਿੱਜੀ ਹਿੱਤ ਜਾਂ ਅਗਲੇ ਜਨਮ ਵਿਚ ਚੰਗੇ ਫਲ ਦੀ ਕਾਮਨਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ, ਪਰ ਗੁਰੂ ਸਾਹਿਬ ਨੇ ਦਾਨ ਦੇ ਅਰਥ ਕਿਸੇ ਮਕਸਦ ਦੀ ਪੂਰਤੀ ਜਾਂ ਵਿਅਕਤੀਗਤ ਲਾਭ ਨੂੰ ਮੁੱਖ ਰੱਖ ਕੇ ਨਹੀਂ ਕੀਤੇ ਸਗੋਂ ਉਨ੍ਹਾਂ ਦੇ ਇਸ ਸਿਧਾਂਤ ਵਿਚੋਂ ‘ਸਰਬੱਤ ਦੇ ਭਲੇ’ ਦੀ ਖਾਹਿਸ਼ ਉਜਾਗਰ ਹੁੰਦੀ ਹੈ। ਵੰਡ ਛਕਣ ਜਾਂ ਲੋੜਵੰਦਾਂ ਦੀ ਸਹਾਇਤਾ ਕਰਨ ਬਾਰੇ ਗੁਰੂ ਜੀ ਦੇ ਹੁਕਮ ਨਾਲ ਸ਼ਰਤ ਇਹ ਹੈ ਕਿ ਇਹ ਸਹਾਇਤਾ ਮਿਹਨਤ ਅਥਵਾ ‘ਘਾਲਿ’ ਦੀ ਕਮਾਈ ਵਿਚੋਂ ਹੋਣੀ ਚਾਹੀਦੀ ਹੈ।
ਨਾਨਾਕ ਪਾਤਸ਼ਾਹ ਦੇ ਉਪਦੇਸ਼ਾਂ ਵਿਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਉਜਾਗਰ ਹੁੰਦੀ ਹੈ। ਉਹ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗਦਰਸ਼ਕ ਸਨ ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗਦਰਸ਼ਨ ਕਰ ਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ ਜੋ ਸਦੀਵੀ ਸੇਧ ਦੇਣ ਵਾਲੇ ਹਨ।

Be the first to comment

Leave a Reply

Your email address will not be published.