ਸੁਣ ਹੇ ਝਨਾਂ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀਂ

ਮਹਿਬੂਬ ਸ਼ਾਇਰ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਜਾਦੂ

ਸ਼ਾਇਰ ਸੁਰਜੀਤ ਪਾਤਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਨਿਵੇਕਲਾ ਸਥਾਨ ਹੈ। ਦਹਾਕਿਆਂ ਤੋਂ ਉਹ ਆਪਣੇ ਇਸ ਕਰਮ ਖੇਤਰ ਵਿਚ ਆਪਣੀਆਂ ਰਚਨਾਵਾਂ ਦਾ ਛੱਟਾ ਲਗਾਤਾਰ ਦੇ ਰਿਹਾ ਹੈ। ਉਹਦੀ ਸ਼ਾਇਰੀ ਧਿਆਨ ਖਿੱਚਦੀ ਹੈ, ਇਹ ਤੁਹਾਡੀ ਸੋਚ ਦੀ ਫਿਰਕੀ ਘੁਮਾਉਂਦੀ ਹੈ। ਉਹਦੀ ਕਵਿਤਾ ਵਿਚ ਸੰਗੀਤ ਦਾ ਝਰਨਾ ਸਾਵਣ ਦੀ ਝੜੀ ਵਾਂਗ ਫੁਹਾਰਾਂ ਛੱਡਦਾ ਪ੍ਰਤੀਤ ਹੁੰਦਾ ਹੈ। ਇਸੇ ਕਰ ਕੇ ਜਦੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਉਹਦੀ ਸ਼ਾਇਰੀ ਅਤੇ ਗਾਇਨ ਦਾ ਪ੍ਰੋਗਰਾਮ ਚੱਲਿਆ ਤਾਂ ਇਸ ਝਰਨੇ ਦੀ ਸਾਂ-ਸਾਂ ਸਰੋਤਿਆਂ ਦੇ ਕੰਨਾਂ ਵਿਚ ਸੰਗੀਤ ਬਣ-ਬਣ ਉਤਰਦੀ ਰਹੀ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਸਾਡੇ ਆਪਣੇ ਗੁਰਦਿਆਲ ਸਿੰਘ ਬੱਲ ਨੇ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਇਸ ਜਾਦੂ ਬਾਰੇ ਉਚੇਚੀ ਰਿਪੋਰਟ ਸਾਨੂੰ ਲਿਖ ਭੇਜੀ ਹੈ। ਬੱਲ ਦਾ ਇਸ ਪ੍ਰੋਗਰਾਮ ਬਾਰੇ ਇਹ ਬਿਆਨ ਪ੍ਰੋਗਰਾਮ ਜਿੰਨਾ ਹੀ ਵੇਗਮੱਤਾ ਅਤੇ ਦਿਲਚਸਪ ਹੈ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਮਨੁੱਖੀ ਜੀਵਨ ਦਾ ਵਰਤਾਰਾ ਬੜਾ ਔਖਾ ਤੇ ਜੋਖਮ ਭਰਿਆ ਸਿਲਸਿਲਾ ਹੈ। ਇਸ ਜੋਖਮ ਨੂੰ ਸਹਿਣਯੋਗ ਬਣਾਉਣ ਲਈ ਆਦਮੀ ਦਾਰਸ਼ਨਿਕ ਪ੍ਰਬੰਧ ਖੜ੍ਹੇ ਕਰਦਾ ਹੈ, ਸੁਪਨਿਆਂ ਦਾ ਆਸਰਾ ਲੈਂਦਾ ਹੈ, ਮੈਜਿਕ ਈਜਾਦ ਕਰਦਾ ਹੈ, ਤਾਜ ਮਹੱਲ ਬਣਾਉਂਦਾ ਹੈ, ਸੰਗੀਤ ਦੀ ਸਿਰਜਣਾ ਕਰਦਾ ਹੈ ਅਤੇ ਕਦੀ ਵਿਸ਼ਵ ਕੱਪ ਫੁੱਟਬਾਲ ਵਰਗੇ ਨਜ਼ਾਰੇ ਬੰਨ੍ਹਦਾ ਹੈ। ਇਹ ਸਭ ਅਡੰਬਰ ਇਨਸਾਨ ਦੀ ਜ਼ਿੰਦਗੀ ਨੂੰ ਅਰਥ ਦੇਣ, ਸਹਿਣਯੋਗ ਬਣਾਉਣ ਦੀ ਸਦੀਵੀ ਸਿੱਕ ਦੇ ਪਰਤੌ ਮਾਤਰ ਹੀ ਤਾਂ ਹਨ। ਹਾਲ ਹੀ ਵਿਚ ਵਿਸ਼ਵ ਕੱਪ ਦੇ ਜਲਵਿਆਂ ਨੇ ਲੋਕਾਂ ਨੂੰ ਅਨੰਦਿਤ ਕਰੀ ਰੱਖਿਆ। ਲੋੜ ਮਹਿਸੂਸ ਹੋ ਰਹੀ ਸੀ ਕਿ ਸਰੀਰਕ ਫੁੱਟਬਾਲ ਅਤੇ ਖੇਡ ਕਲਾ ਨਾਲ ਤ੍ਰਿਪਤੀ ਬਥੇਰੀ ਹੋ ਗਈ, ਹੁਣ ਕੋਈ ਨਵਾਂ ਮਾਧਿਅਮ ਸਾਹਮਣੇ ਆਵੇ।æææਤੇ ਮਨ ਦੀ ਇਹ ਖਾਹਿਸ਼ ਪੂਰੀ ਹੋਈ ਜਦੋਂ ਬਰੈਂਪਟਨ (ਕੈਨੇਡਾ) ਵਿਚ ਪੰਜਾਬੀ ਜ਼ੁਬਾਨ ਦੇ ਸਾਡੇ ਸਮਿਆਂ ਦੇ ਪਿਆਰੇ ਸ਼ਾਇਰ ਸੁਰਜੀਤ ਪਾਤਰ ਦੀ ਹਾਜ਼ਰੀ ਵਿਚ ਦੇਵ ਦਿਲਦਾਰ ਨੇ ਕਦੀ ਇਕ, ਤੇ ਕਦੀ ਦੂਜੇ ਰਾਗ ਵਿਚ ਉਨ੍ਹਾਂ ਦੀਆਂ ਗਜ਼ਲਾਂ ਤੇ ਗੀਤਾਂ ਨੂੰ ਸੁਹਜਮਈ ਅੰਦਾਜ਼ ਵਿਚ ਗਾ ਕੇ ਧੰਨ-ਧੰਨ ਕਰਵਾ ਦਿਤੀ। ਪ੍ਰੋਗਰਾਮ ਦਾ ਸੂਤਰਧਾਰ ਰੇਡੀਓ ‘ਸਰਗਮ’ ਟੋਰਾਂਟੋ ਵਾਲਾ ਡਾæ ਬਲਵਿੰਦਰ ਸੀ। ਸਾਰੇ ਪ੍ਰੋਗਰਾਮ ਦੌਰਾਨ ਉਹਨੂੰ ਵਿਆਹ ਵਾਲੇ ਮੁੰਡੇ ਵਾਂਗ ਚਾਅ ਚੜ੍ਹਿਆ ਹੋਇਆ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਮੈਡਮ ਸੰਦੀਪ ਨੇ ਬੜੇ ਚਾਅ ਨਾਲ ਕੀਤੀ ਅਤੇ ਪਹਿਲਾਂ ਪਾਤਰ-ਕਾਵਿ ਦੇ ਮੁੱਖ ਗਾਇਕ ਦੇਵ ਦਿਲਦਾਰ, ਤੇ ਫਿਰ ਪਾਤਰ ਦੇ ਛੋਟੇ ਭਾਈ ਉਪਕਾਰ ਸਿੰਘ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਤੁਰੰਤ ਬਾਅਦ ਸੁਰਜੀਤ ਪਾਤਰ ਜਦੋਂ ਸਟੇਜ ‘ਤੇ ਆਇਆ ਤਾਂ ਰੋਜ਼ ਥਿਏਟਰ ਵਿਚ ਬੈਠੇ ਸਭ ਲੋਕ ਆਪਣੇ ਮਹਿਬੂਬ ਸ਼ਾਇਰ ਦੇ ਸੁਆਗਤ ਵਜੋਂ ਆਪ-ਮੁਹਾਰੇ ਹੀ ਸੀਟਾਂ ਤੋਂ ਉਠ ਕੇ ਖੜ੍ਹੇ ਹੋ ਗਏ। ਫਿਰ ਪਾਤਰ ਨੇ ਜਦੋਂ ‘ਵੀਰੋ, ਭੈਣੋ, ਪੁੱਤਰੋ, ਧੀਓæææਮੈਂ ਆਪਣਾ ਪਿਆਰ, ਸਤਿਕਾਰ, ਅਦਬ, ਮੋਹ ਭੇਟ ਕਰਦਾ ਹਾਂæææਬਰੈਂਂਪਟਨ ਦੀ ਧਰਤੀ, ਇਸ ਦੇ ਰੁੱਖਾਂ, ਪੰਛੀਆਂ, ਪੌਣ-ਪਾਣੀ ਨੂੰ ਨਮਸਕਾਰ ਕਰਦਾ ਹਾਂ’, ਕਿਹਾ ਤਾਂ ਪਹਿਲਾਂ ਤਾਂ ਸੰਨਾਟਾ ਜਿਹਾ ਛਾ ਗਿਆ, ਪਰ ਤੁਰੰਤ ਬਾਅਦ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਇਹ ਵਿੰਹਦਿਆਂ ਮੇਰੇ ਮਨ ‘ਚ ਮੱਲੋ-ਮੱਲੀ ਸਵਾਮੀ ਵਿਵੇਕਾ ਨੰਦ ਦੇ ਕਰੀਬ ਸਵਾ ਸੌ ਸਾਲ ਪਹਿਲਾਂ ਸ਼ਿਕਾਗੋ ਦੇ ਕਿਸੇ ਹਾਲ ਅੰਦਰ ਦਿਤੇ ਭਾਸ਼ਨ ਬਾਰੇ ਪੜ੍ਹੇ-ਸੁਣੇ ਪ੍ਰਵਚਨ ਦੀ ਯਾਦ ਆ ਗਈ। ਸਵਾਮੀ ਜੀ ਨੇ ਭਾਸ਼ਣ ਤੋਂ ਪਹਿਲਾਂ ‘ਭੈਣੋ ਤੇ ਭਰਾਵੋ’ ਕਹਿ ਕੇ ਜਦੋਂ ਆਪਣਾ ਭਾਸ਼ਣ ਅਰੰਭਿਆ ਸੀ, ਤਾਂ ਸ਼ਾਇਦ ਇਸੇ ਤਰ੍ਹਾਂ ਦਾ ਕੌਤਿਕ ਹੋਇਆ ਹੋਵੇਗਾ। ਪਾਤਰ ਦਾ ਕੌਤਿਕ ਉਸ ਤਰ੍ਹਾਂ ਦਾ ਸੀ ਜਾਂ ਨਹੀਂ, ਰੱਬ ਜਾਣੇ ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਪਾਤਰ ਅਤੇ ਉਸ ਦੇ ਸਾਥੀਆਂ ਦੀ ਹਾਜ਼ਰੀ ਨਾਲ ਮਾਹੌਲ ਵਿਚ ਕੋਈ ਲੈਅ ਜਿਹੀ ਤਾਰੀ ਹੋ ਗਈ ਸੀ।
ਮਹਿਬੂਬ ਸ਼ਾਇਰ ਪਾਤਰ ਦੇ ਰੂ-ਬ-ਰੂ ਪ੍ਰੋਗਰਾਮ ਪਹਿਲਾਂ ਵੀ ਬਥੇਰੇ ਵੇਖੇ ਹੋਏ ਸਨ, ਪਰ ਇਥੇ ਰੂ-ਬ-ਰੂ ਦਾ ਆਪਣਾ ਹੀ ਰੰਗ ਸੀ। ਸਟੇਜ ਪਿਛੇ ਪਰਦੇ ਉਪਰ ਪਾਤਰ ਦੇ ਪਿੰਡ, ਉਸ ਦੀ ਮਾਂ, ਬਾਪ, ਭੈਣਾਂ, ਭਰਾ, ਉਸ ਦੀ ਜ਼ਿੰਦਗੀ ਤੇ ਕਲਾ ਦੇ ਨਿਕਾਸ ਤੇ ਵਿਕਾਸ ਨੂੰ ਦਰਸਾਉਂਦੀ ਫਿਲਮ ਚੱਲ ਰਹੀ ਸੀ। ਸਟੇਜ ਉਪਰ ਇਕ ਪਾਸੇ ਸੁਰਜੀਤ ਖੁਦ ਅਤੇ ਦੂਜੇ ਪਾਸੇ ਉਸ ਦਾ ਯਾਰ ਡਾæ ਬਲਵਿੰਦਰ ਸਿੰਘ ਕੁਰਸੀਆਂ ਉਪਰ ਬੈਠੇ ਹੋਏ ਸਨ। ਵਿਚਾਲੇ ਆਪੋ-ਆਪਣੇ ਆਸਣਾਂ ‘ਤੇ ਅੱਗੇ-ਪਿੱਛੇ ਦੇਵ ਦਿਲਦਾਰ ਅਤੇ ਉਪਕਾਰ ਸਿੰਘ ਬਿਰਾਜਮਾਨ ਸਨ।
ਪਾਤਰ ਦੇ ਮਾਈਕ ਤੋਂ ਪਾਸੇ ਹੁੰਦਿਆਂ ਹੀ ਡਾæ ਬਲਵਿੰਦਰ ਨੇ ਗਜ਼ਲ ਦੀ ਸਿਨਫ ਬਾਰੇ ਖੁਦ ਪਾਤਰ ਦੇ ਆਪਣੇ ਸ਼ਬਦਾਂ ਵਿਚ ਉਸ ਦੇ ਸਿਧਾਂਤ ਦਾ ਖੁਲਾਸਾ ਇਹ ਕਹਿੰਦਿਆਂ ਕੀਤਾ:
ਗਜ਼ਲ ਇਕ ਲਹਿਰ ਦੇ ਉਛਲਣ ਦਾ ਨਾਂ ਹੈ।
ਕਿਨਾਰੇ ਖੋਰ ਕੇ ਪਰਤਣ ਦਾ ਨਾਂ ਹੈ।
ਸ਼ਰਾ ਦੀ ਚਾਰਦੀਵਾਰੀ ਦੇ ਅੰਦਰ,
ਗਜ਼ਲ ਤਾਂ ਇਸ਼ਕ ਦੇ ਤੜਪਣ ਦਾ ਨਾਂ ਹੈ।
ਗਜ਼ਲ ਸੀਮਤ ਸੁਰਾਂ ਦੇ ਸਾਜ਼ ਵਿਚੋਂ,
ਅਸੰਖਾਂ ਹੀ ਧੁਨਾਂ ਦੇ ਸਿਰਜਣ ਦਾ ਨਾਂ ਹੈ।
ਪਾਤਰ ਤਾਂ ਧਨ ਹੈ ਹੀ, ਡਾæ ਬਲਵਿੰਦਰ ਦੀ ਅਦਾਇਗੀ ਵੀ ਕਮਾਲ ਸੀ। ਇਸ ਤੋਂ ਵੱਧ ਢੁਕਵੀਂ ਗਜ਼ਲ ਕਾਵਿ ਰੂਪ ਦੀ ਸਾਰਥਿਕਤਾ/ਪ੍ਰਸੰਗਿਕਤਾ ਦੀ ਪਰਿਭਾਸ਼ਾ ਭਲਾ ਹੋਰ ਕੋਈ ਕੀ ਕਰੇਗਾ!
ਫਿਰ ਡਾæ ਬਲਵਿੰਦਰ ਨੇ ਦੇਵ ਦਿਲਦਾਰ ਨੂੰ ਬੁਲਾਇਆ ਅਤੇ ਉਸ ਨੇ ਸ਼ੁਰੂਆਤ ‘ਪਵਣੁ ਗੁਰੂ ਪਾਣੀ ਪਿਤਾ’ ਦੇ ਉਸ ਮਹਾਂ ਵਾਕ ਨਾਲ ਕੀਤੀ ਜੋ ਆਸਤਿਕ ਜਾਂ ਸਾਡੇ ਵਰਗੇ ਨਾਸਤਿਕ ਸਿੱਖ ਭਾਈਚਾਰੇ ਦੇ ਹਰ ਬਸ਼ਰ ਦੀ ਰੂਹ ਵਿਚ ਉਤਰਿਆ ਹੋਇਆ ਹੈ। ਇਸ ਤੋਂ ਤੁਰੰਤ ਬਾਅਦ ਦੇਵ ਨੇ ਪਾਤਰ ਦੀ ਜਾਣੇ-ਪਛਾਣੇ ਬੋਲਾਂ:
ਸੁੰਨੇ-ਸੁੰਨੇ ਰਾਹਾਂ ਵਿਚ ਕੋਈ-ਕੋਈ ਪੈੜ ਏ
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏæææ
ਵਾਲੀ ਗਜ਼ਲ ਰਾਗ ਪਹਾੜੀ ਵਿਚ ਗਾ ਕੇ ਸੁਣਾਈ। ਇਹ ਗਜ਼ਲ ਪਾਤਰ ਦੇ ਸਿਰਜਣਾਤਮਿਕ ਸਫਰ ਦੇ ਉਸੇ ਉਦਾਸ ਦੌਰ ਨਾਲ ਸਬੰਧਤ ਹੈ ਜਿਸ ਵਿਚ ਉਹਨੇ
ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ
ਮੱਥੇ ਉਤੇ ਮੌਤ ਦਸਤਖਤ ਕਰ ਗਈ ਹੈ
ਚਿਹਰੇ ਉਤੇ ਯਾਰ ਪੈੜਾਂ ਛੱਡ ਗਏ ਨੇæææ
ਬੋਲਾਂ ਵਾਲੀ ਆਪਣੀ ਬੇਹੱਦ ਚਰਚਿਤ ਅਤੇ ਬਹੁ-ਪਰਤੀ ਅਰਥਾਂ ਵਾਲੀ ਕਵਿਤਾ ਲਿਖੀ ਸੀ।
ਦੇਵ ਦਿਲਦਾਰ ਤੋਂ ਬਾਅਦ ਉਪਕਾਰ ਨੇ:
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇæææ
ਵਾਲੀ ਪਾਤਰ ਦੀ ਪਛਾਣ ਨੂੰ ਸਭ ਤੋਂ ਵੱਧ ਪਰਿਭਾਸ਼ਤ ਕਰਨ ਵਾਲੀ ਗਜ਼ਲ ਦਾ ਪਾਠ ਕੀਤਾ। ਇਹ ਗਜ਼ਲ ਖੁਦ ਪਾਤਰ ਦੇ ਮੂੰਹੋਂ ਸੁਣੀ ਹੋਈ ਹੈ। ਹੰਸ ਰਾਜ ਹੰਸ ਨੇ ਇਸਨੂੰ ਬਹੁਤ ਸੋਹਣਾ ਗਾਇਆ ਹੈ, ਪਰ ਉਪਕਾਰ ਦੀ ਅਵਾਜ਼ ਅਤੇ ਸੰਜਮ ਦਾ ਆਪਣਾ ਅਨੂਠਾ/ਅਲੋਕਾਰ ਰੰਗ ਸੀ। ਉਪਕਾਰ ਨੂੰ ਮੈਂ ਕਦੀ ਮਿਲਿਆ ਨਹੀਂ, ਉਸ ਨੂੰ ਵੇਖਿਆ ਵੀ ਪਹਿਲੀ ਹੀ ਵਾਰ ਸੀ, ਤੇ ਲਗਦਾ ਇੰਜ ਸੀ ਕਿ ਕਾਇਨਾਤ ਦੀ ਸਾਰੀ ‘ਜੈਂਟਲਨੈੱਸ’ ਖੁਦ ਹੀ ਬੰਦੇ ਦਾ ਰੂਪ ਧਾਰ ਕੇ ਸਟੇਜ ‘ਤੇ ਆ ਉਤਰੀ ਹੋਵੇ।
ਉਪਕਾਰ ਜਦੋਂ ਗਜ਼ਲ ਦੇ ਇਹ ਬੋਲ:
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ
ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇæææ
ਬੋਲ ਰਿਹਾ ਸੀ; ਅਰਥਾਂ ਅਤੇ ਭਾਵਾਂ ਦੇ ਸੰਚਾਰ ਨੇ ਸਰੋਤਿਆਂ ਨੂੰ ਸੁੰਨ ਕਰ ਕੇ ਰੱਖ ਦਿਤਾ ਸੀ। ਉਪਕਾਰ ਦੇ ਗਾਇਨ ਤੋਂ ਬਾਅਦ ਡਾæ ਬਲਵਿੰਦਰ ਨੇ ਪਾਤਰ ਦੇ ਜੀਵਨ ਬਾਰੇ ਅਹਿਮ ਵੇਰਵੇ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਫਿਰ ਪਾਤਰ ਨੂੰ ਖੁਦ ਆਪਣੀ ਅਵਾਜ਼ ਵਿਚ ਕੁਝ ਗਜ਼ਲਾਂ ਸੁਣਾਉਣ ਦੀ ਗੁਜਾਰਿਸ਼ ਕੀਤੀ।
ਸੁਰਜੀਤ ਪਾਤਰ ਨੇ ਪ੍ਰਸ਼ੰਸਕਾਂ ਦੀ ਮੰਗ ਉਤੇ ‘ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ’ ਬੋਲਾਂ ਵਾਲੀ ਆਪਣੀ ਪਹਿਲੀ ਅਤੇ ਪਿਆਰੀ ਗਜ਼ਲ ਬਹੁਤ ਹੀ ਪੁਰ-ਸੋਜ਼ ਅੰਦਾਜ਼ ਵਿਚ ਸੁਣਾਈ। ਹੈਰਾਨੀ ਹੋ ਰਹੀ ਸੀ, ਪਾਤਰ ਦੇ ਗਾਇਨ ਦੀ ਲਰਜ਼ਿਸ਼ ਵਾਲੀ ਲੈਅ ਵਿਚ ਪਿਛਲੇ ਤਿੰਨ-ਚਾਰ ਦਹਾਕਿਆਂ ਪਿਛੋਂ ਜ਼ਰਾ ਜਿਤਨਾ ਵੀ ਫਰਕ ਨਹੀਂ ਸੀ ਪਿਆ।
ਪਾਤਰ ਦੇ ਮਾਈਕ ਛੱਡਦਿਆਂ ਹੀ ਡਾæ ਬਲਵਿੰਦਰ ਨੇ ਸਟੇਜ ਪਿਛਲੀ ਸਕਰੀਨ ਤੋਂ ਪਾਤਰ ਦੇ ਫਰਜ਼ੰਦ ਮਨਰਾਜ ਪਾਤਰ ਦਾ ਗਾਇਨ ਪੇਸ਼ ਕਰਨ ਲਈ ਸੰਕੇਤ ਦਿੱਤਾ। ਮਨਰਾਜ ਖੁਦ ਭਾਵੇਂ ਹਾਜ਼ਰ ਨਹੀਂ ਸੀ, ਪਰ ਉਸ ਦੀ ਆਵਾਜ਼ ਵਿਚ:
ਨਿੱਤ ਸੂਰਜਾਂ ਨੇ ਚੜ੍ਹਨਾ ਨਿੱਤ ਸੂਰਜਾਂ ਨੇ ਲਹਿਣਾ।
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ।
ਇਕ-ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ,
ਇਹ ਸਿਲਸਿਲਾ ਜੁਗ-ਜੁਗ ਏਦਾਂ ਹੀ ਚੱਲਦਾ ਰਹਿਣਾ।
æææ
ਸੁਣ ਹੇ ਝਨਾਂ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀਂ।
ਤੇਰੇ ਪਾਣੀਆਂ ‘ਤੇ ਤਰਨੀ, ਇਸ ਪਿਆਰ ਦੀ ਕਹਾਣੀ।
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ,
ਨਿੱਤ ਲਹਿਰਾਂ ਤੇਰੀਆਂ ਨੇ, ਪਾ-ਪਾ ਕੇ ਸ਼ੋਰ ਕਹਿਣਾæææ
ਸ਼ਬਦ ਸੁਣਦਿਆਂ ਲਗਦਾ ਇਉਂ ਸੀ ਜਿਵੇਂ ਮਨਰਾਜ ਖੁਦ ਹੀ ਨਹੀਂ; ਬਲਕਿ ਸੂਰਜ, ਸਾਗਰ, ਜੁੱਗ, ਰੁੱਤਾਂ ਅਤੇ ਝਨਾਂ ਦੇ ਪਾਣੀ, ਸਭ ਖੁਦ ਹੀ ਪਾਤਰ ਦੇ ਅੰਦਾਜ਼ੇ-ਬਿਆਂ ਦਾ ਲੁਤਫ ਲੈਣ ਲਈ ਬਰੈਂਪਟਨ ਦੇ ਰੋਜ਼ ਥਿਏਟਰ ਅੰਦਰ ਚਲੇ ਆਏ ਹੋਵਣ।
ਮਨਰਾਜ ਤੋਂ ਬਾਅਦ ਉਸ ਦੀ ਮਾਂ ਭੁਪਿੰਦਰ ਦੀ ਆਵਾਜ਼ ਵਿਚ:
ਇਹ ਜੋ ਚੰਨ ਚਾਨਣੀ ਹੈ
ਇਹ ਜੋ ਤਾਰਿਆਂ ਦੀ ਲੋ ਹੈ
ਪੜ੍ਹੀਏ ਤਾਂ ਤੇਰਾ ਖਤ ਹੈ
ਸੁਣੀਏ ਤਾਂ ਤੇਰੀ ਸੋ ਹੈæææ
ਸੁਬਕ ਜਿਹੀ ਲਿਰਕ ਸੁਣਾਈ ਗਈ।
ਦੁਬਾਰਾ ਖੁਦ ਸੁਰਜੀਤ ਪਾਤਰ ਦੀ ਵਾਰੀ ਆ ਗਈ। ਸਭ ਤੋਂ ਪਹਿਲਾਂ ਬਰੈਂਪਟਨ ਵਾਸੀ ਪ੍ਰਤੀਕ ਸਿੰਘ ਦੀ ਜ਼ੋਰਦਾਰ ਸਿਫਾਰਸ਼ ‘ਤੇ ਬਾਈ ਜੀ ਨੇ ‘ਖਤਾਂ ਦੀ ਉਡੀਕ’ ਵਾਲੀ ਨਜ਼ਮ ਸੁਣਾਈ। ਫਿਰ ਉਹਨੇ ਖੁਦ ਆਪਣੀ ਪਸੰਦ ਅਨੁਸਾਰ ‘ਅਕੂੰ ਦੇ ਨਰਸਰੀ ਗੀਤ’ ਵਾਲੀ ਚਰਚਿਤ ਨਜ਼ਮ ਦਾ ਪਾਠ ਕੀਤਾ ਅਤੇ ਇਸ ਦੀ ਸਿਰਜਣਾ ਦੇ ਅਮਲ ਦੀ ਪਿਛੋਕੜ ਸਰੋਤਿਆਂ ਨਾਲ ਸਾਂਝੀ ਕੀਤੀ। ਇਨਸਾਨੀ ਜੀਵਨ ਵਿਚ ਕਵਿਤਾ ਦੀ ਅਹਿਮੀਅਤ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਕੁੱਝ ਵਰ੍ਹੇ ਪਹਿਲਾਂ ਕੋਲੰਬੀਆ ਵਿਚ ਹਰ ਸਾਲ ਹੁੰਦੇ ਕੌਮਾਂਤਰੀ ਕਵਿਤਾ ਉਤਸਵ ਦੀ ਯਾਤਰਾ ਦੌਰਾਨ ਹੋਏ ਆਪਣੇ ਅਨੁਭਵ ਵਿਸਥਾਰ ਵਿਚ ਸਾਂਝੇ ਕੀਤੇ। ਉਨ੍ਹਾਂ ਕਿਹਾ, ਕੋਲੰਬੀਆ ਵਿਚ ਪਗੜੀ ਵਾਲਾ ਬੰਦਾ ਕੋਈ ਦੀਂਹਦਾ ਨਹੀਂ ਹੈ। ਮੇਰੀ ਪਗੜੀ ਵੇਖ ਕੇ ਇਕ ਨੰਨ੍ਹਾ ਜਿਹਾ ਬੱਚਾ ਉਸ ਕੋਲ ਆਉਂਦਾ ਹੈ, ਤੇ ਪੁੱਛਦਾ ਹੈ ਕਿ ਉਹ ਕੋਈ ਜਾਦੂਗਰ ਹੈ।æææ ਤੇ ਫਿਰ ਬੱਚੇ ਦੇ ਅਸਚਰਜ ਦੇ ਪ੍ਰਤੀਕਰਮ ਵਜੋਂ ਬਾਬਿਆਂ ਨੇ ਜੋ ਕਵਿਤਾ ਦੇ ਰੂਪ ਜਵਾਬ ਬਣਾਇਆ, ਉਹ ਸਰੋਤਿਆਂ ਨਾਲ ਸਾਂਝਾ ਕੀਤਾ। ਬਹੁਤ ਹੀ ਪਿਆਰੀ ਕਵਿਤਾ ਸੀ ਉਹ, ਤੇ ਲੋਕਾਂ ਨੂੰ ਬਹੁਤ ਪਸੰਦ ਆਈ; ਬਾਈ ਬਲਜਿੰਦਰ ਲੇਲਣਾ ਜੋ ਸਮਾਗਮ ਦੇ ਪ੍ਰਬੰਧਕਾਂ ਵਿਚੋਂ ਸਨ, ਨੇ ਗੱਲਬਾਤ ਹੋਣ ‘ਤੇ ਪਹਿਲੀ ਗੱਲ ਹੀ ਇਹ ਆਖੀ ਕਿ ਉਨ੍ਹਾਂ ਨੂੰ ਸਾਹਿਤ ਦੇ ਕਵਿਤਾ ਰੂਪ ਦਾ ਜ਼ਿਆਦਾ ਭੇਤ ਨਹੀਂ ਸੀ, ਪਰ ਪਾਤਰ ਦੀ ਕਵਿਤਾ ਕਮਾਲ ਦੀ ਸੀ । ਸਮਾਗਮ ਵਿਚ ਮੇਰੇ ਨਾਲ ਗਏ ਸਾਥੀ ਹਰਜੀਤ ਗਿੱਲ ਜਗਦੇਵ ਕਲਾਂ ਦੀ ਵੀ ਇਹੋ ਰਾਏ ਸੀ।
ਕੋਲੰਬੀਆ ਯਾਤਰਾ ਦੇ ਜ਼ਿਕਰ ਤੋਂ ਤੁਰੰਤ ਬਾਅਦ ਸੁਰਜੀਤ ਪਾਤਰ ਨੇ ਪਟਿਆਲਾ ਯੂਨੀਵਰਸਿਟੀ ਵਿਚ ਸਾਲ 1966 ਤੋਂ 68 ਤਕ ਆਪਣੀ ਐਮæਏæ ਦੀ ਪੜ੍ਹਾਈ ਦੇ ਦਿਨਾਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਥੋਂ ਦੇ ਦੰਤ-ਕਥਾਈ ਭੂਤਵਾੜੇ ਨਾਲ ਸਬੰਧਤ ਹਸਤੀਆਂ, ਖਾਸ ਕਰ ਕੇ ਹਰਦਿਲਜੀਤ ਸਿੰਘ (ਲਾਲੀ ਬਾਬਾ) ਵਰਗੇ ਮਹਾਂ ਭੂਤ ਕਿਸਮ ਦੇ ਲੋਕਾਂ ਦੀ ਉਨ੍ਹਾਂ ਦੀ ਸਿਰਜਣਾ ਦ੍ਰਿਸ਼ਟੀ ਵਿਚ ਕੈਸੀ ਅਹਿਮੀਅਤ ਸੀ।
ਹਾਲ ਵਿਚ ਸਮਾਗਮ ਲਈ ਸਮਾਂ ਮੁਕੱਰਰ ਸੀ। ਦੋ-ਢਾਈ ਘੰਟਿਆਂ ਤਕ ਸਰੋਤੇ ਬਿਲਕੁਲ ਹੀ ਥੱਕੇ-ਅੱਕੇ ਨਹੀਂ ਸੀ। ਲੋਕ ਸਾਰੀ ਰਾਤ ਬੈਠ ਕੇ ਪਾਤਰ ਕਲਾਮ ਨੂੰ ਸੁਣਨ ਲਈ ਤਿਆਰ ਸਨ ਪਰ ਹਾਲ ਖਾਲੀ ਕਰਨ ਦਾ ਸਮਾਂ ਨਿਸਚਿਤ ਸੀ। ਪ੍ਰੋਗਰਾਮ ਦੇ ਦੂਜੇ ਅਤੇ ਅੰਤਿਮ ਦੌਰ ਵਿਚ ਉਪਕਾਰ ਨੇ ‘ਜ਼ਰਾ ਬਚ ਕੇ ਮੋੜ ਤੋਂ’ ਬੋਲਾਂ ਵਾਲਾ ਗੀਤ ਵੱਖਰੀ ਤਰ੍ਹਾਂ ਨਾਲ ਗਾ ਕੇ ਸੁਣਾਇਆ, ਤਾਂ ਮਨ ਵਿਚ ਕਿਧਰੇ ਆਸਾ ਸਿੰਘ ਮਸਤਾਨਾ ਦੇ ਅੰਦਾਜ਼ੇ-ਬਿਆਂ ਦੀਆਂ ਸੋਆਂ ਚੇਤਿਆਂ ਵਿਚ ਉਭਰ ਗਈਆਂ।
ਉਪਕਾਰ ਸਿੰਘ ਤੋਂ ਬਾਅਦ ਮਹਿਬੂਬ ਗਾਇਕ ਦੇਵ ਦਿਲਦਾਰ ਨੇ ‘ਜਗਾ ਦੇ ਮੋਮਬੱਤੀਆਂ, ਉਠ ਜਗਾ ਦੇ ਮੋਮਬੱਤੀਆਂ’ ਗਾਇਆ। ਦੇਵ ਦਾ ਅੰਦਾਜ਼ ਐਸਾ ਕਮਲੇ ਕਰ ਦੇਣ ਵਾਲਾ ਸੀ ਕਿ ਹਾਲ ਵਿਚ ਸ਼ਬਦ ਕੋਈ ਇਲਾਹੀ ਨ੍ਰਿਤ ਕਰਦੇ ਮਲੂਮ ਹੋ ਰਹੇ ਸਨ। ਜ਼ਰਾ ਅੱਗੇ ਵੇਖੋ:
ਇਹ ਤਾਂ ਇਥੇ ਵਗਦੀਆਂ ਈ ਰਹਿਣੀਆਂ ਪੌਣਾਂ ਕੁਪੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
æææ
ਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਆਸ ਭਰੀਆਂ ਮਾਣਮੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
æææ
ਪੌਣ ਵਿਚ ਵਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ
ਜ਼ਹਿਰ ਨੂੰ ਅੰਮ੍ਰਿਤ ‘ਚ ਬਦਲੀ ਜਾਣ ਪੱਤੀਆਂ
ਉਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਉਠ ਜਗਾ ਦੇ ਮੋਮਬੱਤੀਆਂæææ
æææ ਪਾਤਰ ਬਾਈ ਜੀ ਦੇ ਦੇਵ ਦਿਲਦਾਰ ਵਲੋਂ ਊਰਜਿਤ ਕੀਤੇ ਬੋਲ ਆਉਣ ਵਾਲੇ ਲੰਮੇ ਸਮੇਂ ਤਕ ਬਰੈਂਪਟਨ ਦੇ ਸਰੋਤਿਆਂ ਦੇ ਚੇਤਿਆਂ ਵਿਚ ਨ੍ਰਿਤ ਕਰਦੇ ਰਹਿਣਗੇ।

Be the first to comment

Leave a Reply

Your email address will not be published.