ਵਿਦੇਸ਼ੀ ਦੌਰਿਆਂ ਦੇ ਸ਼ੌਕੀਨ ਅਫਸਰਾਂ ਦੀ ਆਈ ਸ਼ਾਮਤ

ਚੰਡੀਗੜ੍ਹ: ਲੰਬੀ ਛੁੱਟੀ ਲੈ ਕੇ ਵਿਦੇਸ਼ੀ ਦੌਰਿਆਂ ਦਾ ਅਨੰਦ ਮਾਣ ਰਹੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਾਮਤ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰੀ ਮੁਲਾਜ਼ਮਾਂ ਤੇ ਅਫ਼ਸਰਾਂ ਵੱਲੋਂ ਸੇਵਾ ਨਿਯਮਾਂ ਦੀ ਉਲੰਘਣਾ ਕਰਕੇ ਵਿਦੇਸ਼ਾਂ ਦੀ ਇਮੀਗਰੇਸ਼ਨ ਹਾਸਲ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਮੀਡੀਆ ਵਿਚ ਆਈਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਸ਼ ਬਾਦਲ ਨੇ ਮੁੱਖ ਸਕੱਤਰ ਐਸ਼ਕੇæ ਸੰਧੂ ਨੂੰ ਇਸ ਮਾਮਲੇ ‘ਤੇ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਹੈ। ਉਧਰ ਵਿਦੇਸ਼ਾਂ ਵਿਚ ਸਹੂਲਤਾਂ ਦਾ ਆਨੰਦ ਮਾਣ ਰਹੇ ਅਫ਼ਸਰਾਂ ਨੇ ਵੀ ਭੱਜ ਨੱਠ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਡੀæਆਈæਜੀæ ਰੈਂਕ ਦੇ ਦੋ ਸੀਨੀਅਰ ਪੁਲਿਸ ਅਫ਼ਸਰਾਂ ਵੱਲੋਂ ਪੰਜ ਸਾਲਾ ਸਵੈ ਰੁਜ਼ਗਾਰ ਛੁੱਟੀ ਦੀ ਸਹੂਲਤ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕੁੜਿੱਕੀ ਵਿਚ ਆਏ ਅਫ਼ਸਰਾਂ ਨੇ ਸਰਕਾਰ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੀਡੀਆ ਰਿਪੋਰਟ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼ ਬਾਦਲ ਨੇ ਕਿਹਾ ਹੈ ਕਿ ਸਰਕਾਰੀ ਵਿਭਾਗਾਂ ਵਿਚ ਇਹ ਕੀ ਹੋ ਰਿਹਾ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਮੁੱਖ ਸਕੱਤਰ ਨੇ ਤੁਰੰਤ ਪੰਜਾਬ ਵਿਜੀਲੈਂਸ ਬਿਊਰੋ ਦੀ ਡਾਇਰੈਕਟਰ ਵੀæ ਨੀਰਜਾ ਨਾਲ ਇਸ ਮਾਮਲੇ ‘ਤੇ ਮੀਟਿੰਗ ਵੀ ਕੀਤੀ। ਸ਼ ਸੰਧੂ ਨੇ ਮੁੱਖ ਮੰਤਰੀ ਵੱਲੋਂ ਨੋਟਿਸ ਲੈਣ ਤੇ ਵਿਜੀਲੈਂਸ ਅਧਿਕਾਰੀਆਂ ਨਾਲ ਮੀਟਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੇ ਮੁੱਖ ਸਕੱਤਰ ਦੇ ਧਿਆਨ ਵਿਚ ਲਿਆਂਦਾ ਕਿ ਸਰਕਾਰੀ ਅਫ਼ਸਰਾਂ ਵੱਲੋਂ ਅਣ ਐਲਾਨੀ ਜਾਇਦਾਦ ਨੂੰ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ। ਵਿਜੀਲੈਂਸ ਨੇ ਕੁਝ ਐਫ਼ਆਈæਆਰæ ਦਾ ਹਵਾਲਾ ਵੀ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਦਿੱਤਾ। ਵਿਜੀਲੈਂਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦਰਜ ਹੋਣ ‘ਤੇ ਤਫ਼ਤੀਸ਼ ਦੌਰਾਨ ਵਿਦੇਸ਼ਾਂ ਵਿਚ ਬੇਹਿਸਾਬ ਸੰਪਤੀ ਬਣਾਉਣ, ਰੁਜ਼ਗਾਰ ਹਾਸਲ ਕਰਨ ਤੇ ਵਿਦੇਸ਼ਾਂ ਤੋਂ ਐਨæਆਰæਆਈæ ਖਾਤਿਆਂ ਰਾਹੀਂ ਧਨ ਮੰਗਵਾਉਣ ਦੇ ਤੱਥ ਹਾਸਲ ਹੋਏ ਹਨ। ਵਿਜੀਲੈਂਸ ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਪਿਛਲੇ ਇਕ ਸਾਲ ਦੇ ਵੱਧ ਸਮੇਂ ਤੋਂ ਵਿਦੇਸ਼ ਗਏ ਮੁਲਾਜ਼ਮਾਂ ਤੇ ਅਫ਼ਸਰਾਂ ਬਾਰੇ ਵਿਭਾਗਾਂ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ ਪਰ ਕੋਈ ਵੀ ਵਿਭਾਗ ਜਾਣਕਾਰੀ ਨਹੀਂ ਦੇ ਰਿਹਾ।
ਸ਼ ਸੰਧੂ ਤੇ ਸ੍ਰੀਮਤੀ ਨੀਰਜਾ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਮੁੜ ਤੋਂ ਸਮੁੱਚੇ ਵਿਭਾਗਾਂ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੀ ਸਰਗਰਮੀ ਤੋਂ ਬਾਅਦ ਵਿਜੀਲੈਂਸ ਬਿਊਰੋ ਵੀ ਹਰਕਤ ਵਿਚ ਆ ਗਿਆ ਹੈ। ਸ਼ ਸੰਧੂ ਦਾ ਕਹਿਣਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਤੋਂ ਇਸ ਮਾਮਲੇ ‘ਤੇ ਪੂਰੀ ਜਾਣਕਾਰੀ ਲਈ ਗਈ ਹੈ ਤੇ ਇਸ ਦੀ ਪੜਤਾਲ ਕਰਨਾ ਸਿਰਫ਼ ਵਿਜੀਲੈਂਸ ਦਾ ਹੀ ਕੰਮ ਨਹੀਂ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਸਰਕਾਰ ਇਸ ਮਾਮਲੇ ਬਾਰੇ ਗੰਭੀਰ ਹੈ। ਸਾਰੇ ਵਿਭਾਗਾਂ ਤੋਂ ਜਾਣਕਾਰੀ ਹਾਸਲ ਕਰਕੇ ਚੋਰ ਮੋਰੀਆਂ ਬੰਦ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਲਾਭ ਲੈ ਕੇ ਮੁਲਾਜ਼ਮ ਤੇ ਅਫ਼ਸਰ ਵਿਦੇਸ਼ ਜਾ ਰਹੇ ਹਨ ਤੇ ਵਿਦੇਸ਼ਾਂ ਵਿਚ ਧਨ ਭੇਜ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਦੋ ਹਜ਼ਾਰ ਤੋਂ ਵੱਧ ਮੁਲਾਜ਼ਮ ਤੇ ਅਫ਼ਸਰਾਂ ਵੱਲੋਂ ਸੇਵਾ ਨਿਯਮਾਂ ਦੀ ਉਲੰਘਣਾ ਕਰਕੇ ਵਿਦੇਸ਼ਾਂ ਵਿਚ ਪੀæਆਰæ ਇਮੀਗਰੇਸ਼ਨ ਜਾਂ ਗਰੀਨ ਕਾਰਡ ਦੀ ਸਹੂਲਤ ਲਈ ਹੋਈ ਹੈ। ਸੇਵਾ ਨਿਯਮਾਂ ਨੂੰ ਤੋੜਨ ਵਾਲਿਆਂ ਵਿਚ ਸੂਬੇ ਦੇ ਆਈæਏæਐਸ਼, ਆਈæਪੀæਐਸ਼, ਪੀæਸੀæਐਸ਼ ਤੇ ਪੀæਪੀæਐਸ਼ ਅਫ਼ਸਰ ਵੀ ਸ਼ਾਮਲ ਹਨ। ਇਨ੍ਹਾਂ ਅਫ਼ਸਰਾਂ ਨੇ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਪਣੇ ਬਚਾਅ ਲਈ ਸਰਕਾਰ ਤੱਕ ਪਹੁੰਚ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply

Your email address will not be published.