ਐਸ਼ ਅਸ਼ੋਕ ਭੌਰਾ
ਇੱਛਾਵਾਂ ਦੀ ਦੁਨੀਆਂ ਵਿਚ ਸੁਪਨਿਆਂ ਦਾ ਰਾਜ ਹੁੰਦਾ ਹੈ ਪਰ ਕਈਆਂ ਦੇ ਸੁਪਨੇ ਹਨੇਰੇ ਨੇ ਨਿਗਲ ਲਏ ਹੁੰਦੇ ਹਨ, ਤੇ ਕੁਝ ਲੋਕਾਂ ਦੀਆਂ ਇੱਛਾਵਾਂ ਦੀ ਤਾਂ ਇੱਛਾ ਵੀ ਪੂਰੀ ਨਹੀਂ ਹੋਈ ਹੁੰਦੀ। ਮਹਾਨ ਗਾਇਕ ਬਰਕਤ ਸਿੱਧੂ ਦੀ ਕਲਾਤਮਿਕ ਜ਼ਿੰਦਗੀ ਦੁਆਲੇ ਸੰਗੀਤ-ਪਸੰਦ ਲੋਕ ਪਟਵਾਰੀ ਵਾਂਗ ਅਜਿਹੀ ਹੀ ਜਰੀਬ ਸੁੱਟਣਗੇ। ਇਸ ਦਰਵੇਸ਼ ਗਾਇਕ ਦਾ ਸਫ਼ਰ ਮੁੱਕ ਗਿਆ ਹੈ। ਉਹ ਮਿਥੇ ‘ਟੇਸ਼ਣ’ ਉਤੇ ਪਹੁੰਚ ਗਿਆ ਹੈ ਜਿਥੋਂ ਕਿਸੇ ਨੇ ਵੀ ਵਾਪਿਸ ਪਰਤਣਾ ਨਹੀਂ ਹੁੰਦਾ। ਉਹਦੀ ਜ਼ਿੰਦਗੀ ਦੀ ਵਾਰਤਾਲਾਪ ਤੋਂ ਪਹਿਲਾਂ ਜਨਾਜ਼ਾ ਚੁੱਕਣ ਦੀਆਂ ਘੜੀਆ ‘ਤੇ ਝਾਤ ਮਾਰਦੇ ਹਾਂæææ
ਪੰਜਾਬੀ ਦੀ ਇਕ ਲੋਕ ਬੋਲੀ ਦੀ ਸਤਰ ਹੈ, ‘ਮੋਗੇ ਵਿਚ ਇਕ ਸਾਧੂ ਰਹਿੰਦਾ, ਬੜੀ ਸੁਣੀਂਦੀ ਸੋਭਾ।’æææਮੈਨੂੰ ਸਾਧੂ ਦੇ ਰਹਿਣ ਬਾਰੇ ਤਾਂ ਪਤਾ ਨਹੀਂ, ਪਰ ਇਹ ਜ਼ਰੂਰ ਜਾਣਦਾ ਹਾਂ ਕਿ ਮੋਗੇ ਬਰਕਤ ਸਿੱਧੂ ਨਾਂ ਦਾ ਸਾਈਂ, ਫਕੀਰ ਤੇ ਸੰਤ ਰਹਿੰਦਾ ਰਿਹਾ ਹੈ। ਜਿਹੜੇ ਉਹਨੂੰ ਨੇੜਿਉਂ ਜਾਣਦੇ ਹਨ, ਉਹ ਮੇਰੇ ਇਨ੍ਹਾਂ ਅਲੰਕਾਰਾਂ ਨੂੰ ਬੌਣੇ ਕਹਿਣਗੇ, ਤੇ ਇਹ ਵੀ ਹੋ ਸਕਦਾ ਕਿ ਕਈ ਸੋਚਣ ਕਿ ਚਲੋ ਸ਼ਰਧਾਂਜਲੀਆਂ ਇਵੇਂ ਹੀ ਦਿੱਤੀਆਂ ਜਾਂਦੀਆਂ ਹਨ। ਕਈ ਅਖ਼ਬਾਰਾਂ ਨੇ ਲਿਖਿਆ ਹੈ, ‘ਨਹੀਂ ਰਿਹਾ ਮੋਗੇ ਦਾ ਮਾਣ’, ਪਰ ਸੱਚੀ ਗੱਲ ਇਹ ਹੈ ਕਿ ਸਾਰੀ ਉਮਰ ਸੰਗੀਤ ਦੀ ਮੁਕੰਮਲ ਤਸਵੀਰ ਦਾ ਚਿਹਰਾ ਉਦਾਸਿਆ ਤੇ ਉਤਰਿਆ ਹੀ ਰਿਹਾ। ਠੀਕ ਹੈ, ਪੰਜਾਬ ਸਰਕਾਰ ਨੇ ਉਹਦੇ ਇਲਾਜ ਦੇ ਖਰਚ ਲਈ ਡੂਢ ਲੱਖ ਦਿੱਤਾ, ਪਰ ਉਹਦਾ ਮੂੰਹ ਵੇਖਣ ਲਈ ਮੁੱਖ ਮੰਤਰੀ ਨੇ ਤਾਂ ਕੀ, ਮੰਤਰੀਆਂ ਨੇ ਵੀ ਆਪਣੇ ਪੀæਏæ ਭੇਜ ਦਿੱਤੇ, ਜਾਂ ਗਾਉਣ ਵਾਲਿਆਂ ਦਾ ਬਾਪੂ ਜਗਦੇਵ ਸਿੰਘ ਜੱਸੋਵਾਲ ਬਿਮਾਰ ਅਵਸਥਾ ਵਿਚ ਪੁੱਜਿਆ, ਤੇ ਜਾਂ ਗਾਇਕ ਸਾਬਰ ਕੋਟੀ; ਪੂਰਨ ਸ਼ਾਹਕੋਟੀ ਸਾਰਾ ਦਿਨ ਰਿਹਾ। ਨਹਾ ਕੇ ਵੀ ਆਵਾਜ਼ਾਂ ਆਉਂਦੀਆਂ ਰਹੀਆਂ, ਅਹੁ ਕਾਰ ਵੇਖ ਲਓ, ਐਧਰੋਂ ਆਵਾਜ਼ ਆਉਂਦੀ ਐ, ਪਰ ਸਪੁਰਦ-ਏ-ਖਾਕ ਕਰਨ ਤੱਕ ਨਾ ਕੋਈ ਗਾਇਕ ਆਇਆ ਤੇ ਨਾ ਰਾਜ ਗਾਇਕ। ਹਾਂ, ਇੰਨਾ ਗਰੂਰ ਹੈ ਕਿ ਗੀਤਕਾਰ ਧਰਮ ਕੰਮੇਆਣਾ ਭਾਸ਼ਾ ਵਿਭਾਗ ਦਾ ਸਹਾਇਕ ਨਿਰਦੇਸ਼ਕ ਬਣ ਕੇ ਫੁੱਲ ਭੇਟ ਕਰ ਗਿਆ। ਬਰਕਤ ਸਿੱਧੂ ਦੇ ਉਹ ਦੋਵੇਂ ਪੁੱਤਰ ਸੁਰਿੰਦਰ ਤੇ ਮਹਿੰਦਰ ਵੀ ਆ ਗਏ, ਜਿਹੜੇ ਉਹਨੂੰ ਆਖਰੀ ਸਾਹ ਤੱਕ ਪੁੱਛਦੇ ਰਹੇ, ‘ਮਾਲ-ਛਾਲ ਕਿਥੇ ਐ ਬਾਪੂæææ ਵੰਡ ਦੇ ਸਭ ਨੂੰ ਇਕੋ ਜਿਹਾ’, ਤੇ ਘਰਦਿਆਂ ਦੀ ਸਤਾਈ ਹੋਈ ਇਹ ਆਤਮਾ ਹਸਪਤਾਲ ਤੋਂ ਬਾਅਦ ਆਪਣੇ ਮਿੱਤਰ ਦੇ ਘਰ ਆਖਰੀ ਘੜੀਆਂ ਗਿਣਦੀ ਰਹੀ। ਛੋਟੇ ਪੁੱਤ ਰਜਿੰਦਰ ਨੇ ਬਾਪੂ ਦੀ ਲਾਜ ਰੱਖੀ ਅਤੇ ਸਾਂਭ-ਸੰਭਾਲ ਕੀਤੀ।
ਮੋਗੇ ਦੇ ਇਸ ਮਾਣ ਨੇ ਆਪਣੇ ਆਖਰੀ ਸਾਹ ਤੱਕ ਨਾ ਆਪਣਾ ਕਬੀਲਾ ਛੱਡਿਆ, ਨਾ ਦਸਮੇਸ਼ ਨਗਰ ਦਾ ਉਹ ਗਲੀ-ਮੁਹੱਲਾ। ਘਰ ਦੇ ਚੜ੍ਹਦੇ ਪਾਸੇ ਕੋਈ ਛੱਜ ਬਣਾਈ ਜਾਂਦਾ ਸੀ, ਲਹਿੰਦੇ ਪਾਸੇ ਢੇਰਾਂ ਤੋਂ ‘ਕੱਠੇ ਕੀਤੇ ਲਫਾਫਿਆਂ ਦਾ ਢੇਰ, ਨੰਗ-ਧੜੰਗੇ ਘੁੰਮਦੇ ਬੱਚੇ, ਢਾਰਿਆਂ ਵਰਗੇ ਮਕਾਨ, ਗੰਦਗੀ ਨਾਲ ਨੱਕੋ-ਨੱਕ ਭਰੀਆਂ ਗਲੀਆਂ-ਨਾਲੀਆਂæææ ਤੇ ਇਥੇ ਹੀ ਵਸਦਾ ਰਿਹਾ ਸਾਡਾ ਮਹਾਨ ਸੂਫੀ ਗਾਇਕ ਬਰਕਤ ਸਿੱਧੂ। ਮੇਰੇ ਵਾਂਗ ਹੋਰ ਵੀ ਬੜੇ ਲੋਕਾਂ ਨੇ ਉਹਨੂੰ ਕਿਹਾ, ‘ਛੱਡਦੇ ਇਹ ਮੁਹੱਲਾ, ਚੱਲ ਰਹਿ ਲੈ ਲੁਧਿਆਣੇ’, ਪਰ ਉਹ ਕਹਿ ਦਿੰਦਾ ਸੀ ਕਿ ਜਾਨ ਆਪਣਿਆਂ ਵਿਚ ਸੁਖਾਲੀ ਨਿਕਲਦੀ ਐ। ਉਂਜ, ਹਕੀਕਤ ਇਹ ਹੈ ਕਿ ਇਸ ਮਹਾਨ ਗਾਇਕ ਦੀ ਜ਼ਿੰਦਗੀ ਦੇ ਅੰਤਿਮ ਮਹੀਨੇ ਬਹੁਤ ਮਾੜੇ ਗੁਜ਼ਰੇ। ਹੋਣੀ ਨੇ ਤੜਫਾ-ਤੜਫਾ ਕੇ ਨਹੀਂ, ਮਧੋਲ-ਮਧੋਲ ਕੇ ਉਹਦੀ ਜਾਨ ਕੱਢੀ। ਆਖਰੀ ਸਾਹਾਂ ‘ਤੇ ਜਿਨ੍ਹਾਂ ਨੇ ਉਹਦਾ ਸਰੀਰ ਵੇਖਿਆ, ਉਹ ਜਾਣਦੇ ਹਨ ਕਿ ‘ਸਗਲਾ ਖਾਇਆ ਮਾਸੁ’ ਦੇ ਅਰਥ ਕੀ ਹੁੰਦੇ ਹਨ।
ਜੇ ਹੰਸ ਸ਼ਾਗਿਰਦ ਨਾ ਹੁੰਦਾ ਅਤੇ ਸਲੀਮ ਪੁੱਤ ਨਾ ਹੁੰਦਾ, ਤਾਂ ਸੂਫੀ ਗਾਇਨ ਦੀ ਰੀਝ ਨੇ ਪੂਰਨ ਸ਼ਾਹਕੋਟੀ ਨੂੰ ਵੀ ਹਾਉਕੇ ਭਰਨ ਲਾ ਦੇਣਾ ਸੀ। ਸਾਰਿਆਂ ਦਾ ਮੁੱਲ ਗੁਲਾਮ ਅਲੀ ਜਾਂ ਜਗਜੀਤ ਸਿੰਘ ਵਾਂਗ ਨਹੀਂ ਪੈਂਦਾ। ਪੰਜਾਬ ਦੇ ਸੂਫੀ ਗਵੱਈਆਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਤਾਂ ਵੀ ਨਹੀਂ ਹੋ ਸਕੀ, ਕਿਉਂਕਿ ਲੁੱਚ-ਪਹੁ ਗਾਇਕਾਂ ਨੇ ਲੋਕਾਂ ਦੀਆਂ ਜੇਬਾਂ ਵਿਚ ਸਿੱਧੇ ਹੱਥ ਪਾ ਲਏ ਸਨ। ਬਰਕਤ ਸਿੱਧੂ ਮਰ ਤਾਂ ਗਿਆ, ਪਰ ਉਹ ਜ਼ਮੀਰ ਮਾਰ ਨੇ ਜਿਉਂਦਾ ਨਹੀਂ ਰਿਹਾ। ਉਹਨੇ ‘ਘਰੇ ਆਉਣ ਨਾ ਦਿੰਦੀਆਂ ਰੰਨਾਂ ਜੋ ਕਸ਼ਮੀਰ ਦੀਆਂ’ ਗਾ ਕੇ ਮਰਦੇ ਨੇ ਅੱਕ ਤਾਂ ਚੱਬਿਆ ਸੀ, ਪਰ ਪਹਿਲੀ ਵਾਰ ਸ਼ਰਾਬ ਪੀਣ ਵਾਲੇ ਵਾਂਗ ਛੇਤੀ ਹੀ ਸਭ ਕੁਝ ਉਲਟੀ ਰਾਹੀਂ ਬਾਹਰ ਕੱਢ ਦਿੱਤਾ। ਫਿਰ ਉਹਨੇ ਸਰੀਰ ਤਾਂ ਛੱਡ ਦਿੱਤਾ, ਉਹ ਰਾਹ ਨਹੀਂ ਛੱਡਿਆ ਜਿਥੋਂ ਸੰਗੀਤ ਦੇ ਮੰਦਿਰ ਵੱਲ ਸਿੱਧੀਆਂ ਪੌੜੀਆਂ ਚੜ੍ਹਦੀਆਂ ਸਨ।
ਕਰੀਬ 27-28 ਸਾਲ ਮੈਂ ਬਰਕਤ ਨੂੰ ਮਿਲਦਾ ਰਿਹਾਂ। ਉਹ ਮੇਰੇ ਪਿੰਡ ਆ ਕੇ ਵੀ ਰਿਹਾ, ਉਹਦੀਆਂ ਮਹਿਫਿਲਾਂ ਵੀ ਕਰਵਾਈਆਂ। ਉਹਨੂੰ ਸਨਮਾਨ ਮਿਲਦੇ ਵੀ ਵੇਖੇ ਪਰ ਉਹ ਅੰਦਰੋਂ ਗੁਲਾਬ ਦਾ ਫੁੱਲ ਨਹੀਂ ਬਣ ਸਕਿਆ। ਕੈਨੇਡਾ ਸਮੇਤ ਕਈ ਵਿਦੇਸ਼ੀ ਦੌਰਿਆਂ ਨਾਲ ਉਹ ਮਾਣ ਦੇ ਨਾਲ-ਨਾਲ ਚਾਰ ਛਿੱਲੜ ਵੀ ਲੈ ਕੇ ਗਿਆ, ਪਰ ਉਦਾਸੀ ਦੀਆਂ ਝੀਤਾਂ ਵਾਲੇ ਤਖ਼ਤੇ ਫਿਰ ਵੀ ਬਦਲੇ ਨਾ ਗਏ।
ਗੱਲ 1988 ਦੇ ਅਗਸਤ ਮਹੀਨੇ ਦੀ ਹੈ, ਜਦੋਂ ਉਹਦੇ ਘਰ ਮੈਂ ਪਹਿਲੀ ਵਾਰ ਉਹਨੂੰ ਮਿਲਣ ਗਿਆ ਸਾਂ। ਮੋਗੇ ਜਾ ਕੇ ਪਤਾ ਲੱਗਾ ਕਿ ਉਹ ਲੋਹਗੜ੍ਹ ਰੋਡ ‘ਤੇ ਕਾਲੋਨੀਆਂ ਵਿਚ ਮਕਾਨ ਬਣਾ ਰਿਹਾ ਹੈ ਧਰਮਕੋਟ। ਉਦੋਂ ਮੈਂ ‘ਅਜੀਤ’ ਵਿਚ ਹਫ਼ਤਾਵਾਰੀ ਕਾਲਮ ‘ਸੁਰ ਸੱਜਣਾਂ ਦੀ’ ਲਿਖਦਾ ਸਾਂ। ਉਹਦੀ ਪਤਨੀ ਨਾਲ ਵੀ ਗੱਲਾਂ ਕਰਨੀਆਂ ਸਨ। ਮੇਰੇ ਨਾਲ ਦੇ ਪਿੰਡ ਪੱਲੀ ਝਿੱਕੀ ਦਾ ਮੁੰਡਾ ਗੁਰਚਰਨ ਗਾਉਣ ਵਾਲਿਆਂ ਦੀਆਂ ਫੋਟੋਆਂ ਖਿੱਚਣ ਖਾਤਰ ਨਾਲ ਤੁਰ ਪੈਂਦਾ ਸੀ। ਅਸੀਂ ਦੋਵੇਂ ਜਦੋਂ ਲੱਭਦੇ ਲੋਹਗੜ੍ਹ ਰੋਡ ‘ਤੇ ਪੁੱਜੇ ਤਾਂ ਬਰਕਤ ਮੰਜੇ ‘ਤੇ ਤਰਪਾਲ ਦੀ ਝੁੱਗੀ ਪਾ ਕੇ ਬਾਕੀ ਕਬੀਲੇ ਵਾਲਿਆਂ ਨਾਲ ਕੱਚੀ ਮਿੱਟੀ ਨਾਲ ਪੱਕੀਆਂ ਇੱਟਾਂ ਦੀ ਚਣਾਈ ਕਰਾ ਰਿਹਾ ਸੀ। ਦੁਪਹਿਰਾ ਟਿਕਿਆ ਪਿਆ ਸੀ। ਉਹਦੀ ਪਤਨੀ ਹੰਸੋ ਮਸਰਾਂ ਦੀ ਦਾਲ ਨੂੰ ਤੜਕਾ ਲਾ ਕੇ ਰੋਟੀਆਂ ਪਕਾ ਰਹੀ ਸੀ ਰੜੇ ਮੈਦਾਨ ‘ਚ। ਉਹ ਮੇਰੇ ਨਾਲ ਗਲਵੱਕੜੀ ਹੋਇਆ ਕਹਿਣ ਲੱਗਾ, “ਅਸ਼ੋਕ ਗੱਲਾਂ ਫੇਰ ਕਰਾਂਗੇ, ਪਹਿਲਾਂ ਪ੍ਰਸ਼ਾਦਾ ਛਕ।’ ਭੁੱਖ ਦੀ ਦੁਹਾਈ ਪਾਉਣ ਵਾਲਾ ਗੁਰਚਰਨ ਜਾਤੀ ਅਭਿਮਾਨ ਵਿਚ ‘ਮੈਂ ਤਾਂ ਰੱਜਿਆ ਪਿਐਂ’ ਕਹਿ ਕੇ ਮੁੱਕਰ ਗਿਆ। ਇਸ ਗੱਲ ਨੂੰ ਬਰਕਤ ਵੀ ਸਮਝ ਗਿਆ ਸੀ। ਜਦੋਂ ਮੈਂ ਰੋਟੀਆਂ ਤੇ ਮਸਰਾਂ ਦੀ ਦਾਲ, ਆਚਾਰ ਨਾਲ ਖਾ ਕੇ ਡਕਾਰ ਮਾਰਿਆ ਤਾਂ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ‘ਅੱਜ ਤੋਂ ਆਪਣੀ ਯਾਰੀ ਪੱਕੀ’ ਕਹਿ ਕੇ ਮੇਰਾ ਮੱਥਾ ਚੁੰਮ ਲਿਆ। ਤੇ ਫਿਰ ਹੁਣ ਤੱਕ ਅਸੀਂ ਤਬਲੇ ਦੀ ਤਾਲ ‘ਤੇ ਪੈਰਾਂ ਦੀ ਧਮਕ ਵਾਂਗ ਘਿਓ-ਖਿਚੜੀ ਰਹੇ।
ਹੰਸੋ ਚਾਰ ਕੁ ਸਾਲ ਪਹਿਲਾਂ ਤੁਰ ਗਈ ਸੀ। ਉਹ ਆਖਦੀ ਹੁੰਦੀ ਸੀ, ‘ਰੱਬ ਜਿਥੇ ਰੱਖਦੈ, ਉਥੇ ਰਹਿਣਾ ਪੈਂਦਾ।’ ਕਰੀਬ ਛੱਬੀ ਸਾਲ ਪਹਿਲਾਂ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਸੀ ਤਾਂ ਉਹ ਆਂਹਦੀ ਸੀ, ‘ਮੇਰੇ ਪਤੀ ਦੇਵ ਕੋਲ ਬੜਾ ਕੁਛ ਹੈ, ਪਰ ਗਰੀਬ ਘਰਾਂ ‘ਚ ਜੰਮਣ ਦਾ ਸੰਤਾਪ ਵੀ ਤਾਂ ਭੋਗਣਾ ਪੈਂਦਾ। ਇਥੇ ਵਾਹ-ਵਾਹ ਕਰ ਕੇ ਤੁਰ ਜਾਂਦੇ ਆ, ਕੌਣ ਕਿਸੇ ਨੂੰ ਪੁੱਛਦਾ?’ ਤੇ ਇਹ ਸੱਚ ਹੀ ਸਾਬਤ ਹੋਇਆ ਕਿ ਲੋਕ ਸਿਰਫ ਸ਼ਰਧਾਂਜਲੀਆਂ ਦੇਣ ਦੇ ਹੀ ਆਦੀ ਹੋ ਗਏ ਹਨ।
ਸਾਲ 1994 ਵਿਚ ਉਹ ਮੈਨੂੰ ਜਲੰਧਰ ਦੂਰਦਰਸ਼ਨ ਦੇ ਵਿਹੜੇ ਵਿਚ ਮਿਲਿਆ। ਮੈਂ ਅੰਦਰ ਜਾ ਰਿਹਾ ਸਾਂ ਤੇ ਉਹ ਦੁਰਗਾ ਦੱਤ ਸਵਿਤੋਜ ਨਾਲ ਰਿਕਾਰਡਿੰਗ ਕਰ ਕੇ ਪਰਤ ਰਿਹਾ ਸੀ। ਕਹਿਣ ਲੱਗ, ‘ਤੇਰੇ ਨਾਲ ਇਕ ਗੱਲ ਕਰਨੀ ਐਂ।’
ਉਤਸੁਕਤਾ ਨਾਲ ਮੈਂ ਪੁੱਛਿਆ, ‘ਸੁੱਖ ਹੈ?’
‘ਹੱਥ ਤੰਗ ਐ ਕਾਫੀ ਇਨ੍ਹਾਂ ਦਿਨਾਂ ਵਿਚ। ਦੋ ਕੁ ਮਹਿਫਿਲਾਂ ਦਾ ਪ੍ਰਬੰਧ ਕਰ।’ ਕੰਟੀਨ ਵਿਚ ਚਾਹ ਪੀਂਦਿਆਂ ਉਹ ਓਦਰਿਆ ਜਿਹਾ ਬੋਲਿਆ।
‘ਪਰ ਇਕ ਸ਼ਰਤ ਐ।’
‘ਸਭ ਮਨਜ਼ੂਰ ਨੇæææ ਦੱਸ।’
‘ਮੇਰੇ ਘਰ ਰਹਿਣਾ ਪਵੇਗਾ ਪੰਜ ਦਿਨ।’
ਉਹ ਹੱਸ ਪਿਆ, ‘ਦੱਸ਼ææ ਇਹ ਵੀ ਕੋਈ ਸ਼ਰਤ ਐ। ਅਨਪੜ੍ਹ ਜਿਹਾ ਬੰਦਾ ਮੈਂ। ਪੜ੍ਹਿਆਂ-ਲਿਖਿਆਂ ਨਾਲ, ਤੇ ਉਹ ਵੀ ਪੱਤਰਕਾਰਾਂ ਨਾਲ ਰਹਾਂ, ਹੋਰ ਮੈਨੂੰ ਖਰਬੂਜ਼ੇ ਚਾਹੀਦੇ।’
ਖ਼ੈਰ! ਉਹ ਰਿਹਾ ਤਾਂ ਦੋ ਦਿਨ, ਪਰ ਮਹਿਫ਼ਿਲ ਮੈਂ ਇਕ ਹੀ ਕਰਵਾ ਸਕਿਆ ਬੰਗੇ। ਉਂਜ, ਉਨ੍ਹਾਂ ਦਿਨਾਂ ਵਿਚ ਰੁਪਿਆ ਜ਼ਰੂਰ ਸੋਲਾਂ-ਸਤਾਰਾਂ ਹਜ਼ਾਰ ਬਣ ਗਿਆ ਹੋਵੇਗਾ।
ਅੱਜ ਦੇ ਯੁੱਗ ਵਿਚ ਹਉਮੈ ਸੰਤਾਂ ਤੇ ਸਾਧੂਆਂ ਦੇ ਨੱਕ ‘ਤੇ ਬੈਠੀ ਹੈ ਪਰ ਉਹ ਸਬਰ ਵਾਲਾ ਸੀ। ਜੋ ਕੁਝ ਉਹਦੇ ਕੋਲ ਸੀ, ਹਾਲਾਤ ਨੇ ਪੂਰੇ ਦਾ ਪੂਰਾ ਅੰਦਰੋਂ ਨਹੀਂ ਨਿਕਲਣ ਦਿੱਤਾ।
ਸੱਚ ਇਹ ਵੀ ਹੈ ਕਿ ਇਸ ਫਨਕਾਰ ਦੀਆਂ ਦੋਵੇਂ ਲੱਤਾਂ ਜੰਮਦਿਆਂ ਹੀ ਗਰੀਬੀ ਦੀ ਦਲ-ਦਲ ਵਿਚ ਫਸ ਗਈਆਂ ਸਨ। ਕਈ ਵਾਰ ਉਹ ਹਫ਼ਤਾ-ਹਫ਼ਤਾ ਕੱਚੀਆਂ ਸਬਜ਼ੀਆਂ ਖਾ ਕੇ ਹੀ ਗੁਜ਼ਾਰਾ ਕਰ ਲੈਂਦਾ ਸੀ। ਕਿਸੇ ਵੇਲੇ ਨਕੋਦਰ ਦੀ ‘ਟੂਰਨ ਟਾਕੀਜ਼’ ਬੜੀ ਮਸ਼ਹੂਰ ਸੀ ਜਿਥੇ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੂਰਨ ਸ਼ਾਹਕੋਟੀ ਤੇ ਬਰਕਤ ਸਿੱਧੂ ਗਾਉਂਦੇ ਹੁੰਦੇ ਸਨ। ਦੋ-ਚਾਰ ਰੁਪਏ ਬਣ ਜਾਂਦੇ ਸਨ। ਬਰਕਤ ਗਾਉਂਦਾ ਹੁੰਦਾ ਸੀ ‘ਰੱਸੀ ਉਤੇ ਟੰਗਿਆ ਦੁਪੱਟਾ ਮੇਰੇ ਢੋਲ ਨੇ’ ਜਾਂ ‘ਖੜ੍ਹੀ ਹੋ ਕੇ ਗੱਲ ਸੁਣ ਜਾ, ਤੇਰੇ ਮਗਰ ਕਿਸੇ ਨਹੀਂ ਆਉਣਾ।’ ਉਦੋਂ ਉਹਦੀ ਜਾਣ-ਪਛਾਣ ਤਾਂ ਬਣ ਗਈ ਸੀ, ਪਰ ਘੱਟ ਪੜ੍ਹਿਆ-ਲਿਖਿਆ ਹੋਣ ਕਾਰਨ ਉਹ ਬਾਰਾਂ ਕੁ ਸਾਲ ਤਾਂ ਫਿਰ ਡਰਾਮੇ ਵਾਲਿਆਂ ਨਾਲ ਪੇਟੀ ਹੀ ਵਜਾਉਂਦਾ ਰਿਹਾ।
ਬੁਲ੍ਹੇ ਸ਼ਾਹ ਤੋਂ ਰਣਧੀਰ ਸਿੰਘ ਚੰਦ ਤੱਕ ਮਹਾਨ ਸੂਫੀ ਤੇ ਪੰਜਾਬੀ ਸ਼ਾਇਰਾਂ ਨੂੰ ਗਾਉਣ ਵਾਲੇ ਬਰਕਤ ਸਿੱਧੂ ਨੇ ਜਿੰਨਾ ਵੀ ਗਾਇਆ, ਨਾ ਸਿਰਫ਼ ਚੱਜ ਦਾ ਗਾਇਆ ਸਗੋਂ ਉਹ ਗਾਇਆ ਜਿਹਦੇ ਨਾਲ ਪੰਜਾਬੀ ਜ਼ੁਬਾਨ ਨੂੰ ਸਹੀ ਮਾਅਨਿਆਂ ਵਿਚ ਬਰਕਤ ਨੇ ਬਰਕਤਾਂ ਦਿੱਤੀਆਂ ਹਨ। ਉਹਦਾ ਅੰਦਾਜ਼ ਮਕਬੂਲ ਸੀ, ਸੁਰ ਮਕਬੂਲ ਸੀ ਤੇ ਸਰਕਾਰਾਂ ਤਾਂ ਸੁਕਰਾਤ ਨੂੰ ਵੀ ਜ਼ਹਿਰ ਪਿਆਉਂਦੀਆਂ ਰਹੀਆਂ ਹਨæææ ਬਰਕਤ ਸਿੱਧੂ ਨੂੰ ਨਾ ਪੁੱਛਣ ਦੇ ਉਲਾਂਭੇ ਬਹੁਤੇ ਨਹੀਂ ਦਿੱਤੇ ਜਾਣੇ ਚਾਹੀਦੇ, ਕਿਉਂਕਿ ਫਕੀਰਾਂ ਨਾਲ ਧੁਰੋਂ ਹੀ ਇੱਦਾਂ ਹੁੰਦੀ ਆਈ ਹੈ। ਉਹਦੀਆਂ ਅਨੇਕਾਂ ਸੰਗੀਤਕ ਵੰਨਗੀਆਂ ਵਿਗਿਆਨ ਦੇ ਡੱਬੇ ਵਿਚ ਸੰਗੀਤ ਦੇ ਬੁਰਕੇ ਹੇਠ ਬੰਦ ਨੇ, ਪਰ ਕਮਾਲ ਦੇ ਰੰਗਾਂ ਵਿਚ,
-ਗੋਰੀ ਮੈਂ ਜਾਣਾ ਪਰਦੇਸ
ਮੈਂ ਜਾਣਾ ਤੇਰੇ ਨਾਲ਼ææ
-ਨਿਮਾਣਿਆਂ ਦੀ ਰੱਬਾ-ਰੱਬਾ ਹੋਈ
ਭੱਠ ਪਵੇ ਤੇਰੀ ਚਿੱਟੀ ਚਾਦਰ
ਚੰਗੀ ਫਕੀਰਾਂ ਦੀ ਲੋਈæææ
-ਮੂਰਤਾਂ ਬਣਾਉਣ ਵਾਲਾ
ਕਿਹੜੀ ਖੇਡੇ ਪੈ ਗਿਆ
ਮਿੱਟੀ ਦਾ ਬਣਾ ਕੇ ਬੁੱਤ
ਆਪ ਵਿਚ ਪੈ ਗਿਆæææ
-ਮੈਂਡਾ ਦਿਲ ਰਾਂਝਣ ਮੰਗੇæææ
æææ ਤੇ ਸੰਗੀਤ ਦੀ ਦੁਨੀਆਂ ਵਿਚ ਇਹ ਕਮਾਲ ਹੁੰਦੀ ਹੀ ਰਹੇਗੀ।
ਜਦੋਂ ਉਹ ਕੁਝ ਦਿਨ ਮੇਰੇ ਘਰ ਪਿੰਡ ਭੌਰੇ ਰਿਹਾ ਤਾਂ ਅਸੀਂ ਅੱਧੀ-ਅੱਧੀ ਰਾਤ ਤੱਕ ਗੱਲਾਂ ਕਰਦੇ ਰਹਿੰਦੇ। ਬਹਾਨੇ ਨਾਲ ਆਪਣੇ ਉਸਤਾਦ ਕੇਸਰ ਸਿੰਘ ਦੀ ਗੱਲ ਕਰਦਿਆਂ ਉਹ ਦੱਸਣ ਲੱਗਾ ਕਿ ਗੁਰੂ ਦੀ ਸਾਰੀ ਰਾਗ ਵਿਦਿਆ ਤਾਂ ਖਾਨੇ ਪੈ ਗਈ, ਪਰ ਇਕ ਗੱਲ ਸਮਝ ਨਹੀਂ ਆਉਂਦੀ ਕਿ ਉਸਤਾਦ ਆਖਦਾ ਹੁੰਦਾ ਸੀ, ‘ਔਖੇ ਕੰਮ ਹਰ ਕੋਈ ਨਹੀਂ ਕਰ ਸਕਦਾ, ਇਸ ਲਈ ਔਖੇ ਕੰਮ ਕਰੋ, ਦੁਨੀਆਂ ਤੁਹਾਨੂੰ ਸੌਖਾ ਕਰ ਦੇਵੇਗੀ।’ ਡੀæਐਮæਸੀæ ਲੁਧਿਆਣੇ ਉਹਦੇ ਇਕ ਚੇਲੇ ਜਤਿੰਦਰ ਜੀਤ ਰਾਹੀਂ ਬਿਮਾਰੀ ਦੇ ਦਿਨਾਂ ਵਿਚ ਹਾਲ ਪੁੱਛਦਿਆਂ ਮੈਂ ਇਹ ਘਟਨਾ ਯਾਦ ਕਰਾ ਕੇ ਪੁੱਛਿਆ, ‘ਦੁਨੀਆਂ ਨੇ ਕੁਝ ਸੁਖਾਲਾ ਵੀ ਕੀਤਾ?’ ਉਹ ਲੰਮਾ ਹਾਉਕਾ ਭਰ ਕੇ ਕਹਿਣ ਲੱਗਾ, ‘ਜਾਂਦੀ ਵਾਰ ਤਾਂ ਰੱਜ ਕੇ ਔਖਾ ਹੋ ਰਿਹਾ ਹਾਂ, ਹੁਣ ਉਸਤਾਦ ਨੂੰ ਜਾ ਕੇ ਪੁੱਛਾਂਗਾ ਕਿ ਮੈਂ ਤਾਂ ਲੋਕਾਂ ਨੂੰ ਖੰਡ ਖੁਆਉਂਦਾ ਰਿਹਾ, ਮੇਰੀਆਂ ਨਾਸਾਂ ਨੂੰ ਕੌੜੀਆਂ ਮਿਰਚਾਂ ਦਾ ਧੂੰਆਂ ਕਿਉਂ ਚੜ੍ਹਾਈ ਰੱਖਿਆ।’
ਕਰਜ਼ਾ ਲੈ ਕੇ ਤਾਂ ਚੱਲੋ ਵਿਆਜ ਹੱਥੋਂ ਤੰਗ ਹੋਣਾ ਹੀ ਹੁੰਦਾ ਹੈ ਪਰ ਜੇ ਬੁਢਾਪੇ ਵਿਚ ਆ ਕੇ ਔਲਾਦ ਵਿਆਜ ਵਾਂਗ ਆਣ ਚੁੰਬੜੇ, ਤਾਂ ਸਭ ਕੁਝ ਖਾਲੀ ਹੋ ਜਾਂਦਾ ਹੈ। ਬਰਕਤ ਸਿੱਧੂ ਤਾਂ ਚਲੋ ਦੁਨੀਆਂ ਵਾਂਗ ਖਾਲੀ ਹੱਥੀਂ ਗਿਆ ਹੀ ਹੈ, ਪਰ ਪੁੱਤਰਾਂ ਹੱਥੋਂ ਉਹਦਾ ਹਾਉਕਾ ਲੰਮਾ ਹੀ ਹੁੰਦਾ ਰਿਹਾ। ਬੋਹੜ ਥਾਂ ਟਾਹਲੀ ਵੀ ਨਹੀਂ ਲੱਗੀ। ਉਹ ਸਾਫ ਕਹਿ ਦਿੰਦਾ ਸੀ, ‘ਤਿੰਨਾਂ ਵਿਚੋਂ ਦੋ ਤਾਂ ਕਾਣੇ ਹੀ ਨਿਕਲੇ।’ ਉਹਦੀ ਇਕ ਧੀ ਸੀ ਸਾਰਿਆਂ ਤੋਂ ਵੱਡੀ ਬੁਖਾਲੀ। ਪੁੱਤ ਵਜਾਉਣ ਵਾਲੇ ਹੀ ਮਸਾਂ ਬਣੇ, ਗਾਉਣ ਵਾਲੇ ਕੀ ਬਣਨਾ ਸੀ।
ਜ਼ਿੰਦਗੀ ਨੂੰ ਜਿਵੇਂ ਦੋ-ਤਿੰਨ ਗੱਲਾਂ ਦੇ ਮੀਟਰ ਨਾਲ ਸਾਰੇ ਮਾਪਦੇ ਹਨ, ਉਹ ਪੈਮਾਨਾ ਇਉਂ ਹੈ ਕਿ ਬਰਕਤ ਸਿੱਧੂ ਦਾ ਜਨਮ ਸ਼ਾਹਕੋਟ ਲਾਗਲੇ ਪਿੰਡ ਕੀਨੀਆ ਵਿਚ ਹੋਇਆ, ਪਿਤਾ ਲਾਲ ਚੰਦ ਤੇ ਮਾਤਾ ਪਠਾਣੀ ਦੇ ਘਰ। ਵਿਆਹਿਆ ਉਹ ਹੰਸੋ ਨਾਲ ਨਿੱਕਾ ਹੁੰਦਾ ਗਿਆ। ਪੂਰਨ ਸ਼ਾਹਕੋਟੀ ਤੇ ਬਰਕਤ ਸਿੱਧੂ ਮੀਰ ਆਲਮਾਂ ਦੇ ਇਕੋ ਸੰਗੀਤਕ ਘਰਾਣੇ ਵਾਲੇ ਖੂਨ ਦੇ ਸਨ। ਬਰਕਤ ਨੂੰ ਇਸ ਕਰ ਕੇ ਵੱਡਾ ਸੂਫੀ ਗਾਇਕ ਨਹੀਂ ਕਿਹਾ ਜਾਂਦਾ ਕਿ ਉਹਨੇ ਹਿੰਦੋਸਤਾਨ ਦੀ ਹਰ ਵੱਡੀ ਸੰਗੀਤਕ ਮਹਿਫਿਲ ਵਿਚ ਗਾਇਆ, ਸਗੋਂ ਇਸ ਕਰ ਕੇ ਕਿ ਉਹ ਦਿਲ ਦਾ ਵੱਡਾ ਹੋਣ ਕਰ ਕੇ ਵਪਾਰੀ ਗਵੱਈਆ ਨਾ ਬਣਿਆ, ਤੇ ਦਰਵੇਸ਼ਾਂ ਤੇ ਫਕੀਰਾਂ ਵਾਲੀ ਕਤਾਰ ਵਿਚ ਲੱਗਾ ਰਿਹਾ।
‘ਹੱਥੀ ਢਿਲਕ ਗਈ ਮੇਰੇ ਚਰਖੇ ਦੀ’ ਗਾਉਣ ਵਾਲਾ ਬਰਕਤ ਸੰਨ 1946 ਵਿਚ ਜਨਮਿਆ, ਤੇ ਹੋਣੀ ਦੀ ਠਿੱਬੀ ਨੇ ਉਹਨੂੰ 16 ਅਗਸਤ 2014 ਵਿਚ ਠਿੱਬੀ ਮਾਰ ਕੇ ਪਹਿਲਾਂ ਮਧੋਲਿਆ, ਤੇ ਫਿਰ ਢਾਹ ਹੀ ਲਿਆ।
‘ਉਠ ਗਏ ਗੁਆਂਢੋਂ ਯਾਰ’ ਗਾਉਂਦਾ-ਗਾਉਂਦਾ ਸਾਡਾ ਇਹ ਮਿੱਤਰ, ਭਰਾ, ਉਸਤਾਦ, ਫਕੀਰ, ਦਰਵੇਸ਼, ਸੰਤ ਤੇ ਯਾਰ ਖੁਦ ਹੀ ਗੁਆਂਢੋਂ ਉੱਠ ਗਿਆ।
ਗਲਾਸੀ ਉਹ ਲਾ ਲੈਂਦਾ ਸੀ, ਪਰ ਭਰ ਕੇ ਨਹੀਂ। ਜੋ ਕਹਿਣਾ ਸੀ, ਉਹ ਕਹਿ ਦਿੰਦਾ ਸੀ, ਪਰ ਡਰ ਕੇ ਨਹੀਂ। ਉਹ ਹੋਣੀ ਹੱਥੋਂ ਹਾਰ ਤਾਂ ਗਿਆ, ਪਰ ਹਰ ਕੇ ਨਹੀਂæææ ਬਰਕਤ ਸਿੱਧੂ ਤੇ ਉਹਦੇ ਹਠ ਨੂੰ ਸਲਾਮ ਹੈ।
ਬਰਕਤ ਸਿੱਧੂ ਦੇ ਮਾਮਲੇ ਵਿਚ ਆਖਰੀ ਗੱਲ ਇਹ ਕਹਾਂਗਾ ਕਿ ਪੈਰੀਂ ਲੱਗੀਆਂ ਸੂਲਾਂ ਨੂੰ ਸੂਈ ਨਾਲ ਹੀ ਕੱਢਿਆ ਜਾਂਦਾ ਹੈ।
Leave a Reply