ਅਫਗਾਨ ਸਿੱਖਾਂ ਦੀ ਬਰਤਾਨੀਆ ਵਿਚ ਹੋ ਰਹੀ ਹੈ ਤਸਕਰੀ

ਲੰਡਨ: ਬਰਤਾਨੀਆ ਦੀ ਬੰਦਰਗਾਹ ਉਤੇ ਜਹਾਜ਼ ਵਿਚ ਲੁਕ ਕੇ ਪੁੱਜੇ 35 ਮਰਦ, ਔਰਤਾਂ ਤੇ ਬੱਚੇ ਅਫਗਾਨ ਮੂਲ ਦੇ ਸਿੱਖ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਇਹ ਲੋਕ ‘ਮਨੁੱਖੀ ਸਮਗਲਿੰਗ ਦਾ ਸ਼ਿਕਾਰ ਬਣੇ ਹਨ। ਇਨ੍ਹਾਂ 35 ਲੋਕਾਂ ਦੀ ਹੋਂਦ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਬੈਲਜੀਅਮ ਤੋਂ ਸਮੁੰਦਰੀ ਜਹਾਜ਼ ਐਮੈਕਸ ਦੀ ਟਿਲਬੁਰੀ ਬੰਦਰਗਾਹ ਵਿਖੇ ਪੁੱਜੇ। ਜਦੋਂ ਕੰਟੇਨਰ ਨੂੰ ਅੱਗੇ ਟਰੱਕ ਵਿਚ ਲੱਦਿਆ ਜਾਣ ਲੱਗਾ ਤਾਂ ਅੰਦਰੋਂ ਆਵਾਜ਼ਾਂ ਸੁਣਾਈ ਦੇਣ ਬਾਅਦ ਆਲੇ-ਦੁਆਲੇ ਹਾਹਾਕਾਰ ਮੱਚ ਗਈ। ਸ਼ੁਰੂਆਤੀ ਪੜਤਾਲ ਦੌਰਾਨ ਬ੍ਰਿਟਿਸ਼ ਪੁਲਿਸ ਨੇ ਸਮਝਿਆ ਕਿ ਇਹ ਲੋਕ ਭਾਰਤ ਤੋਂ ਆਏ ਹਨ। ਇਥੇ ਪੁੱਜੇ ਪੈਂਤੀ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਥੇ ਪੁੱਜਣ ਮੌਕੇ ਇਹ ਲੋਕ ਪੂਰੀ ਤਰ੍ਹਾਂ ਨਿਢਾਲ ਹੋ ਚੁੱਕੇ ਸਨ ਤੇ ਪਾਣੀ ਤੇ ਖੂਨ ਦੀ ਕਮੀ ਦਾ ਸ਼ਿਕਾਰ ਸਨ। ਹਸਪਤਾਲ ਵਿਚ ਮੁਢਲੀ ਸਹਾਇਤਾ ਦੇਣ ਉਪਰੰਤ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ ਟਿਲਬੁਰੀ ਨੇੜੇ ਇਮੀਗ੍ਰੇਸ਼ਨ ਸੈਂਟਰ ਵਿਚ ਦੋਭਾਸ਼ੀਏ ਦੀ ਸਹਾਇਤਾ ਨਾਲ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਤੇ ਬਰਤਾਨੀਆ ਦੇ ਇਮੀਗ੍ਰੇਸ਼ਨ ਨਿਯਮਾਂ ਅਨੁਸਾਰ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਐਮੈਕਸ ਪੁਲਿਸ ਇਸ ਤਰ੍ਹਾਂ ਦੀ ਘਟਨਾ ਤੋਂ ਬੇਹੱਦ ਹੈਰਾਨ ਹੈ ਤੇ ਇੰਟਰਪੋਲ ਤੇ ਹੋਰ ਏਜੰਸੀਆਂ ਦੀ ਸਹਾਇਤਾ ਲਈ ਜਾ ਰਹੀ ਹੈ। ਭਾਰਤੀ ਸਫਾਰਤਖਾਨੇ ਦਾ ਅਮਲਾ ਇਨ੍ਹਾਂ ਲੋਕਾਂ ਦੀ ਨਾਗਰਿਕਤਾ ਨਿਰਧਾਰਤ ਕਰਨ ਲਈ ਬ੍ਰਿਟਿਸ਼ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਐਮੈਕਸ ਪੁਲਿਸ ਦੇ ਸੁਪਰਡੈਂਟ ਟਰੈਵਰ ਰੋਜ ਨੇ ਦੱਸਿਆ ਕਿ ਉਹ ਇਨ੍ਹਾਂ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾਉਣ ਲਈ ਯਤਨਸ਼ੀਲ ਹਨ ਤੇ ਇਸ ਘਟਨਾ ਪਿੱਛੇ ਦੋਸ਼ੀਆਂ ਦੀ ਭਾਲ ਕਰਕੇ ਮਾਮਲੇ ਦੀ ਤਹਿ ਤੱਕ ਪੁੱਜਿਆ ਜਾਵੇਗਾ।
ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਇਕ ਨਾਮਵਰ ਆਗੂ ਰਵੇਲ ਸਿੰਘ ਦਾ ਕਹਿਣਾ ਹੈ ਕਿ ਖ਼ਬਰਾਂ ਆਉਣ ਤੱਕ ਉਨ੍ਹਾਂ ਨੂੰ ਇਸ ਬਾਰੇ ਕੋਈ ਭਿਣਕ ਨਹੀਂ ਸੀ ਤੇ ਇਨ੍ਹਾਂ ਸਿੱਖਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੇ ਯਤਨ ਕਰ ਰਹੇ ਹਨ। ਹਿੰਦੂ ਤੇ ਸਿੱਖ ਕੌਂਸਲ ਆਫ ਅਫਗਾਨਿਸਤਾਨ ਦੇ ਮੀਤ ਪ੍ਰਧਾਨ ਰਵੇਲ ਸਿੰਘ ਨੇ ਦੱਸਿਆ ਕਿ ਉਹ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਨ ਕਿਉਂਕਿ 1990ਵਿਆਂ ਦੀ ਘਰੇਲੂ ਜੰਗ ਤੋਂ ਮਗਰੋਂ ਇਸ ਦੇਸ਼ ਵਿਚ ਸਿੱਖਾਂ ਦੀ ਗਿਣਤੀ ਕੁਝ ਹਜ਼ਾਰ ਹੀ ਰਹਿ ਗਈ ਹੈ। ਇਥੇ ਬਾਕੀ ਬਚੇ ਸਿੱਖਾਂ ਵਿਚੋਂ ਬਹੁਤੇ ਮੁਸਲਿਮ ਬਹੁ-ਗਿਣਤੀ ਵਾਲੇ ਇਸ ਦੇਸ਼ ਵਿਚ ਜ਼ੁਲਮ ਤੇ ਵਧੀਕੀਆਂ ਸਹਿ ਰਹੇ ਹਨ। ਸਿੱਖ ਆਗੂ ਨੇ ਦੱਸਿਆ ਕਿ ਉਨ੍ਹਾਂ ਦੇ ਹੱਕਾਂ ਦਾ ਘਾਣ ਹੁੰਦਾ ਹੈ ਤੇ ਅਫਗਾਨ ਲੋਕ ਉਨ੍ਹਾਂ ਨਾਲ ਬੁਰਾ ਵਿਹਾਰ ਕਰਦੇ ਹਨ। ਉਨ੍ਹਾਂ ਨਾਲ ਵਿਤਕਰਾ ਹੁੰਦਾ ਹੈ, ਉਨ੍ਹਾਂ ਦੇ ਬੱਚੇ ਸਕੂਲ ਨਹੀਂ ਜਾ ਸਕਦੇ। ਜ਼ਮੀਨਾਂ ਖੋਹ ਲਈਆਂ ਜਾਂਦੀਆਂ ਹਨ। ਇਸ ਕਰਕੇ ਬਹੁਤੇ ਸਿੱਖ ਅਫਗਾਨਸਿਤਾਨ ਵਿਚੋਂ ਭੱਜਣ ਲਈ ਮਜਬੂਰ ਹੋ ਰਹੇ ਹਨ। ਅਫਗਾਨਿਸਤਾਨ ਵਿਚ ਸਿੱਖ ਕਾਬੁਲ, ਜਲਾਲਾਬਾਦ ਤੇ ਕੰਧਾਰ ਵਿਚ ਹੀ ਹਨ ਤੇ ਉਹ ਮਜ਼ਦੂਰੀ, ਕੱਪੜਿਆਂ ਦਾ ਜਾਂ ਰਵਾਇਤੀ ਦਵਾਈਆਂ ਦਾ ਕਾਰੋਬਾਰ ਕਰਦੇ ਹਨ।

Be the first to comment

Leave a Reply

Your email address will not be published.