ਜਦੋਂ ਗਿੜੇ ਵਕਤ ਦਾ ਗੇੜ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਜੇਠ ਮਹੀਨੇ ਦੀ ਸਿਖਰ ਦੁਪਹਿਰ। ਪੈਰੀਂ ਟੁੱਟੀਆਂ ਚੱਪਲਾਂ ਘੜੀਸਦੀ ਬੰਤੀ ਨੇ ਸਰਦਾਰਾਂ ਦਾ ਬੂਹਾ ਖੜਕਾਇਆ। ਬਿਹਾਰੀਏ ਨੇ ਅੱਖਾਂ ਮਲਦਿਆਂ ਬੂਹਾ ਖੋਲ੍ਹਦਿਆਂ ਪੁੱਛਿਆ, “ਕਿਆ ਹੈ, ਸੋਨੇ ਭੀ ਨਹੀਂ ਦੇਤੀ। ਦੁਪਹਿਰ ਮੇਂ ਹੀ ਆ ਜਾਤੀ ਹੋ।”
“ਵੇ ਰਾਮੂ, ਪੁੱਤ ਸਰਦਾਰਨੀ ਨੂੰ ਆਖ, ਮੈਨੂੰ ਬਰਫ਼ ਦਾ ਟੁਕੜਾ ਦੇ ਦੇਵੇ, ਬੂਟਾ ਸਕੂਲੋਂ ਆਇਆ ਪੜ੍ਹ ਕੇ, ਮੈਂ ਉਹਨੂੰ ਮਿੱਠਾ ਪਾਣੀ ਬਣਾ ਕੇ ਦੇਣਾ।”
ਬਿਹਾਰੀਆ ਮਚਦਾ-ਤੜਫਦਾ ਅੰਦਰ ਗਿਆ। ਸਰਦਾਰਨੀ ਅੰਦਰ ਟੀæਵੀæ ਸੀਰੀਅਲ ਦੇਖ ਰਹੀ ਸੀ, ਕਿਸੇ ਗਰੀਬ ਕਿਰਦਾਰ ਦੀ ਮੌਤ ‘ਤੇ ਅੱਥਰੂ ਵਹਾ ਰਹੀ ਸੀ। ਬੰਤੀ ਹੱਥ ਵਿਚ ਕੌਲਾ ਫੜੀ ਬਾਹਰ ਖੜ੍ਹੀ ਸੀ, ਜਿਵੇਂ ਕੋਈ ਮੰਗਤਾ ਬੂਹੇ ਅੱਗੇ ਖੜ੍ਹਦਾ ਹੈ। ਸੰਗਮਰਮਰ ਦੀ ਤਪਸ਼ ਟੁੱਟੀਆਂ ਚੱਪਲਾਂ ਰਾਹੀਂ ਬੰਤੀ ਦੇ ਸਿਰ ਨੂੰ ਚੜ੍ਹ ਰਹੀ ਸੀ। ਉਪਰੋਂ ਸੂਰਜ ਦੀਆਂ ਤਿੱਖੀਆਂ ਕਿਰਨਾਂ ਬੰਤੀ ਦੀ ਪਾਟੀ ਚੁੰਨੀ ਵਿਚੋਂ ਉਸ ਦੇ ਦਿਲ ਨੂੰ ਹੋਰ ਤੜਫਾ ਰਹੀਆਂ ਸਨ। ਬੰਤੀ ਨੇ ਲੰਮੀ ਉਡੀਕ ਪਿਛੋਂ “ਸਰਦਾਰਨੀ, ਮੈਂ ਬਰਫ਼ ਲੈਣ ਆਈ ਸੀ” ਆਖਿਆ, ਪਰ ਸਰਦਾਰਨੀ ਦੇ ਕੰਨਾਂ ‘ਤੇ ਫਿਰ ਵੀ ਜੂੰ ਨਾ ਸਰਕੀ। ਉਹ ਤਾਂ ਕਾਗਜ਼ੀ ਰੁਮਾਲ ਨਾਲ ਆਪਣੀਆਂ ਅੱਖਾਂ ਪੂੰਝ ਰਹੀ ਸੀ। ਜਦੋਂ ਸੀਰੀਅਲ ਦੌਰਾਨ ਮਸ਼ਹੂਰੀਆਂ ਆਈਆਂ ਤਾਂ ਸਰਦਾਰਨੀ ਦੇ ਅੱਖਾਂ ਵਿਚਲੇ ਅੱਥਰੂ ਗੁੱਸੇ ਦੇ ਅੰਗਿਆਰੇ ਬਣ ਗਏ, “ਬੰਤੀਏæææ ਤੂੰ ਸਵੇਰਾ-ਦੁਪਹਿਰਾ ਤਾਂ ਦੇਖ ਲਿਆ ਕਰæææਅਗਲਾ ਸੁੱਤਾ ਪਿਆ ਹੁੰਦਾ। ਪੁੱਤ ਦਾ ਐਨਾ ਜ਼ਿਆਦਾ ਹੇਜ ਐ ਤਾਂ ਘਰੇ ਫਰਿੱਜ਼ ਲੈ ਆ, ਨਾਲੇ ਮੁੰਡਿਆਂ ਦੀਆਂ ਆਦਤਾਂ ਨਹੀਂ ਖਰਾਬ ਕਰੀਦੀਆਂ।” ਸਰਦਾਰਨੀ ਕੁਝ ਹੋਰ ਬੋਲਦੀ, ਇੰਨੇ ਨੂੰ ਸੀਰੀਅਲ ਦੁਬਾਰਾ ਸ਼ੁਰੂ ਹੋ ਗਿਆ ਤੇ ਸਰਦਾਰਨੀ ਨੇ ਬਰਫ਼ ਦਾ ਟੁਕੜਾ ਬੰਤੀ ਦੇ ਕੌਲੇ ਵਿਚ ਇੰਜ ਸੁੱਟਿਆ, ਜਿਵੇਂ ਮਜ਼ਦੂਰ ਇੱਟਾਂ ਸੁੱਟਦਾ ਹੁੰਦਾ ਹੈ; ਤੇ ਬੰਤੀ ਨੇ ਬਰਫ਼ ਦਾ ਕੌਲਾ ਚੁੰਨੀ ਦੇ ਲੜ ਇੰਜ ਲਪੇਟਿਆ ਜਿਵੇਂ ਲੱਖ ਰੁਪਏ ਦੀ ਗੁੱਥੀ ਹੋਵੇ। ਬੰਤੀ ਨੇ ਚਮਚਾ ਸ਼ੱਕਰ ਦਾ ਪਾ ਕੇ ਬੂਟੇ ਨੂੰ ਮਿੱਠਾ ਪਾਣੀ ਬਣਾ ਦਿੱਤਾ, ਤੇ ਉਹ ਆਰਾਮ ਕਰਨ ਲਈ ਟੁੱਟੇ ਬਾਣ ਵਾਲੇ ਮੰਜੇ ‘ਤੇ ਲੇਟ ਗਿਆ। ਬੰਤੀ ਪੱਖੀ ਦੀ ਝੱਲ ਮਾਰਨ ਲੱਗੀ। ਬੂਟੇ ਨੂੰ ਪੱਖੀ ਦੀ ਝੱਲ ਜਿਵੇਂ ਏæਸੀæ ਤੋਂ ਵੀ ਵੱਧ ਠੰਢ ਪਾ ਰਹੀ ਹੋਵੇ, ਛੇਤੀ ਹੀ ਉਹਦੀ ਅੱਖ ਲੱਗ ਗਈ।
ਬੰਤੀ ਦੇ ਤਿੰਨ ਧੀਆਂ ਤੇ ਇਕ ਪੁੱਤ ਹੈ। ਸਿਰ ਦਾ ਸਾਈਂ ਕਰਜ਼ੇ ਦੀ ਮਾਰ ਨਾ ਝੱਲਦਾ ਸਲਫਾਸ ਖਾ ਕੇ ਮੁਕਤ ਹੋ ਗਿਆ ਸੀ, ਪਰ ਬੰਤੀ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਗਿਆ ਸੀ। ਬੰਤੀ ਦੀ ਡੇਢ ਕਿੱਲਾ ਜ਼ਮੀਨ ਸਰਦਾਰ ਖੇਮ ਸਿੰਘ ਨੇ ਮੁਫ਼ਤ ਦੇ ਭਾਅ ਲਿਖਾ ਲਈ ਸੀ। ਇਕ ਦੇ ਗਿਆਰਾਂ ਕਰਦਾ ਉਹ ਆਪਣੇ ਮੂਲ ਤੋਂ ਵਿਆਜ ਜ਼ਿਆਦਾ ਵਸੂਲਦਾ ਸੀ। ਇਸੇ ਹੀ ਮਾਰ ਥੱਲੇ ਬੰਤੀ ਦਾ ਸਾਈਂ ਆ ਗਿਆ ਸੀ। ਬੰਤੀ ਨੇ ਤਿੰਨੇ ਕੁੜੀਆਂ ਤਾਂ ਵਿਆਹ ਦਿੱਤੀਆਂ ਸਨ, ਪਰ ਆਹ ਬੂਟਾæææਅਜੇ ਪੜ੍ਹਦਾ ਸੀ। ਬੂਟਾ ਪੜ੍ਹ ਕੇ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਸੀ, ਤੇ ਵਿਆਜੀਆਂ ਦੇ ਦਿੱਤੇ ਮਾਨਸਿਕ ਤਸੀਹਿਆਂ ਤੋਂ ਗਰੀਬ ਜਨਤਾ ਨੂੰ ਆਜ਼ਾਦ ਕਰਵਾਉਣਾ ਚਾਹੁੰਦਾ ਸੀ।
ਸਰਦਾਰ ਖੇਮ ਸਿੰਘ ਦਾ ਖਾਨਦਾਨ ਅੰਗਰੇਜ਼ਾਂ ਦਾ ਪਿੱਠੂ ਰਿਹਾ ਸੀ। ਉਨ੍ਹਾਂ ਨੂੰ ਆਪਣਿਆਂ ਨਾਲ ਗੱਦਾਰੀ ਕਰਨ ਦੇ ਤੋਹਫ਼ੇ ਵਜੋਂ ਜ਼ਮੀਨਾਂ ਦੇ ਮੁਰੱਬੇ ਮਿਲੇ ਸਨ। ਤਿੰਨ ਪੀੜ੍ਹੀਆਂ ਵਿਚ ਖੇਮ ਸਿੰਘ ਹੋਰਾਂ ਦੇ ਜਵਾਨ ਮੁੰਡੇ ਮਰਦੇ ਆ ਰਹੇ ਸਨ। ਸ਼ਾਇਦ ਰੱਬ ਉਨ੍ਹਾਂ ਨੂੰ ਇਹ ਸਜ਼ਾ ਇਸ ਕਰ ਕੇ ਦੇ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਲੋਕਾਂ ਦੇ ਪੁੱਤ ਮਰਵਾਏ ਸਨ; ਪਰ ਖਾਨਦਾਨ ਦਾ ਸਫੈਦ ਖੂਨ ਇਸ ਗੱਲ ਨੂੰ ਮੰਨਦਾ ਨਹੀਂ ਸੀ, ਤੇ ਆਪਣੀ ‘ਸਰਦਾਰਾਂ’ ਵਾਲੀ ਆਕੜ ਵਿਚ ਰਹਿੰਦਾ ਸੀ। ਖੇਮ ਸਿੰਘ ਦੇ ਇਕੱਲਾ ਪੁੱਤ ਸੀ ਤੇ ਦੋ ਧੀਆਂ। ਦੋਵੇਂ ਵਿਆਹੀਆਂ ਹੋਈਆਂ, ਤੇ ਪੁੱਤ ਜੀਤਾ ਅਜੇ ਪੜ੍ਹਦਾ ਸੀ।
ਬੰਤੀ ਸਰਦਾਰਾਂ ਦੇ ਹੀ ਕੰਮ ਕਰਦੀ ਸੀ। ਉਹਦੀ ਕਮਾਈ ਦਾ ਸਾਧਨ ਸਰਦਾਰਾਂ ਦੇ ਜੂਠੇ ਭਾਂਡੇ ਮਾਂਜਣਾ ਤੇ ਗੋਹਾ-ਕੂੜਾ ਕਰਨਾ ਹੀ ਸੀ। ਤਨ ਢਕਣ ਲਈ ਸਰਦਾਰਨੀ ਦੇ ਪੁਰਾਣੇ ਕੱਪੜੇ ਮਿਲ ਜਾਂਦੇ। ਇਸੇ ਤਰ੍ਹਾਂ ਬੂਟੇ ਲਈ ਸਰਦਾਰਨੀ ਦੇ ਮੁੰਡੇ ਜੀਤੇ ਦੇ ਪੁਰਾਣੇ ਕੱਪੜੇ ਲੈ ਲੈਂਦੀ। ਬੰਤੀ ਦੀ ਬਣਦੀ ਤਨਖਾਹ ਤਾਂ ਵਿਆਜ ਵਿਚ ਹੀ ਕੱਟੀ ਜਾਂਦੀ ਸੀ। ਬੂਟੇ ਦੀ ਫੀਸ ਲਈ ਉਹਨੂੰ ਫਿਰ ਸਰਦਾਰਨੀ ਅੱਗੇ ਹੱਥ ਅੱਡਣਾ ਪੈਂਦਾ ਸੀ। ਅੱਗਿਉਂ ਸਰਦਾਰਨੀ ਟੀæਵੀæ ਸੀਰੀਅਲ ਵਾਲੇ ਡਾਇਲਾਗ ਬੋਲ ਕੇ ਬੰਤੀ ਦੀ ਬੇਇਜ਼ਤੀ ਕਰਦੀ। ਇਕ ਦਿਨ ਇਸੇ ਤਰ੍ਹਾਂ ਬੰਤੀ ਕੌਲੀ ਫੜੀ ਤੁਰੀ ਜਾ ਰਹੀ ਸੀ। ਅੱਗਿਉਂ ਦਿਆਲੋ ਮਾਈ ਨੇ ਪੁੱਛਿਆ, “ਨੀ ਕੁੜੇ ਬੰਤੀਏ, ਤੂੰ ਕੌਲੀ ਚੁੱਕੀ ਕਿੱਧਰ ਤੁਰੀ ਜਾ ਰਹੀ ਏਂ।”
“ਬੇਬੇ ਜੀ, ਤੁਸੀਂ ਤਾਂ ਬੰਤੀ ਦੇ ਖਾਲੀ ਹੱਥ ਦੇਖ ਕੇ ਪੁੱਛਿਆ ਕਰੋ ਕਿ ਕੁੜੇ ਬੰਤੀਏ, ਅੱਜ ਖਾਲੀ ਹੱਥ ਲਮਕਾਈ ਕਿਧਰ ਜਾ ਰਹੀ ਏਂ।æææ ਬੇਬੇ ਜੀ, ਮੰਗਤੇ ਦੇ ਹੱਥ ਵਿਚ ਤਾਂ ਹਮੇਸ਼ਾ ਕਟੋਰਾ ਹੀ ਫੜਿਆ ਹੁੰਦਾ।” ਦਿਆਲੋ ਮਾਈ ਨੂੰ ਕੋਈ ਜਵਾਬ ਨਾ ਅਹੁੜਿਆ।
æææਤੇ ਬੰਤੀ ਨੇ ਸਰਦਾਰਨੀ ਅੱਗੇ ਫਰਿਆਦ ਕੀਤੀ ਕਿ ਸਰੋਂ ਦਾ ਤੇਲ ਚਾਹੀਦਾ ਹੈ। ਸਰਦਾਰਨੀ ਨੌਕਰਾਣੀ ਤੋਂ ਆਪਣੀਆਂ ਲੱਤਾਂ ਉਤੇ ਬਦਾਮ ਰੋਗਨ ਲਗਵਾ ਰਹੀ ਸੀ, ਬੋਲੀ, “ਬੰਤੀਏ ਅੱਜ ਦੀਵਾਲੀ ਐ, ਜਿਹੜਾ ਤੂੰ ਸਰੋਂ ਦਾ ਤੇਲ ਲੈਣ ਆ ਗਈ?”
“ਸਰਦਾਰਨੀਏ! ਪੰਦਰਾਂ ਦਿਨ ਹੋ ਗਏ ਸਿਰ ਪਾਣੀ ਪਾਇਆਂ, ਮੈਂ ਕਿਹਾ, ਕੇਸੀਂ ਨਹਾ ਲਵਾਂ। ਚਮਚਾ-ਚਮਚਾ ਜੋੜ ਕੇ ਦਹੀਂ ‘ਕੱਠਾ ਕੀਤਾ ਸੀ, ਦੇਖਿਆ ਤਾਂ ਸਰ੍ਹੋਂ ਦਾ ਤੇਲ ਸਾਈਂ ਦੇ ਸੁਆਸਾਂ ਵਾਂਗ ਮੁੱਕਿਆ ਪਿਆ ਸੀ।”
“ਬੰਤੀਏ, ਤੈਨੂੰ ਪਤੈ, ਪਰਸੋਂ ਦੀ ਘਾਣੀ (ਸਰੋਂ ਦਾ ਤੇਲ ਕਢਾਉਣਾ) ਕੋਹਲੂ ‘ਤੇ ਰੱਖੀ ਐ। ਅਜੇ ਰਾਮੂ ਲੈ ਕੇ ਨਹੀਂ ਆਇਆ, ਤੂੰ ਕੱਲ੍ਹ ਆਵੀਂ।”
ਬੰਤੀ ਤੁਰਨ ਹੀ ਲੱਗੀ ਸੀ ਕਿ ਅੱਗਿਉਂ ਮੰਗਲੀਆ ਪੰਡਤ ਆ ਗਿਆ।
“ਬੀਬੀ ਜੀ! ਪਾਓ ਤੇਲ਼ææਅੱਜ ਮੰਗਲਵਾਰ ਹੈ। ਸਾਰੇ ਗ੍ਰਹਿਣ ਟਲ ਜਾਣਗੇ।”
ਸਰਦਾਰਨੀ ਨੇ ਝੱਟ ਨੌਕਰਾਣੀ ਤੋਂ ਲੱਤਾਂ ਛੁਡਾਈਆਂ, ਭੱਜ ਕੇ ਰਸੋਈ ਵਿਚੋਂ ਤੇਲ ਦੀ ਬੋਤਲ ਚੁੱਕ ਲਿਆਈ, ਤੇ ਮੰਗਲੀਏ ਦੇ ਕੁੱਜੇ ਵਿਚ ਮੂਧੀ ਕਰ ਦਿੱਤੀ। ਨਾਲੇ ਪੰਜਾਂ ਦਾ ਨੋਟ ਫੜਾਉਂਦਿਆਂ ਕਿਹਾ, “ਗਰੀਬਾਂ ਨੂੰ ਦੇ ਦੇਵੀਂ। ਸਾਡੇ ਗ੍ਰਹਿਣ ਟਲ ਜਾਣਗੇ।” ਪੰਡਤ ‘ਜੈ ਹੋ! ਜੈ ਹੋ’ ਕਰਦਾ ਬਾਹਰ ਆ ਗਿਆ, ਤੇ ਬੂਹੇ ਅੱਗੇ ਬੰਤੀ ਖੜ੍ਹੀ ਸੀ। ਬੰਤੀ ਨੇ ਮੰਗਲੀਏ ਨੂੰ ਕਿਹਾ, “ਪੰਡਤ ਜੀ! ਥੋੜ੍ਹਾ ਜਿਹਾ ਤੇਲ ਇਸ ਕੌਲੀ ਵਿਚ ਪਾ ਦੇ।”
“ਮਾਈ ਇਹ ਤੇਲ ਗ੍ਰਹਿਣਾਂ ਵਾਲਾ ਹੈ। ਤੈਨੂੰ ਸਾਰੇ ਗ੍ਰਹਿਣ ਚੁੰਬੜ ਜਾਣਗੇ।” ਪੰਡਤ ਨੇ ਕਿਹਾ।
“ਪੰਡਤ ਜੀ! ਮੈਨੂੰ ਸਾਰੇ ਗ੍ਰਹਿਣ ਤਾਂ ਬਹੁਤ ਸਮੇਂ ਦੇ ਚੁੰਬੜੇ ਹੋਏ ਹਨ। ਆਹ ਜਿਹੜੇ ਸਿਰ ਨੂੰ ਚੁੰਬੜੇ ਹੋਏ ਨੇ, ਉਨ੍ਹਾਂ ਨੂੰ ਠੀਕ ਕਰਨਾ ਹੈ।” ਬੰਤੀ ਬੋਲੀ।
ਪੰਡਤ ਨੇ ਕੌਲੀ ਤੇਲ ਦੀ ਭਰ ਕੇ ਪੰਜਾਂ ਦਾ ਨੋਟ ਬੰਤੀ ਨੂੰ ਫੜਾ ਦਿੱਤਾ, ਤੇ ਆਪ ਅਗਲੇ ਬੂਹੇ ਅੱਗੇ ਜਾ ਖੜ੍ਹਾ ਹੋਇਆ।
ਬੰਤੀ ਨੇ ਦਹੀਂ ਨਾਲ ਸਿਰ ਨਹਾ ਲਿਆ ਅਤੇ ਸਰ੍ਹੋਂ ਦੇ ਤੇਲ ਦੀ ਕੌਲੀ ਸਿਰ ਵਿਚ ਖਪਾ ਦਿੱਤੀ। ਸਿਰ ਦੀ ਖੁਸ਼ਕੀ ਨਾਲ ਉਸ ਦੇ ਗ੍ਰਹਿਣ ਵੀ ਜਿਵੇਂ ਧੋਤੇ ਗਏ ਹੋਣ। ਉਹ ਹੌਲੀ ਫੁੱਲ ਵਰਗੀ ਹੋ ਗਈ। ਸਮੇਂ ਦੀਆਂ ਸੂਈਆਂ ਚੱਲਦੀਆਂ ਗਈਆਂ। ਬੰਤੀ ਨੇ ਰੁਪਇਆ-ਰੁਪਇਆ ਇਕੱਠਾ ਕਰ ਕੇ ਪੁੱਤ ਬਾਰਾਂ ਜਮਾਤਾਂ ਪੜ੍ਹਾ ਲਿਆ। ਸੁੱਕੇ ਟੁਕੜਿਆਂ ਨਾਲ ਪਲਿਆ ਪੁੱਤ ਛੇ ਫੁੱਟ ਜਵਾਨ ਨਿਕਲਿਆ। ਸੁਹਣਾ ਵੀ ਰੱਜ ਕੇ। ਬੰਤੀ ਤਾਂ ਉਹਨੂੰ ਚੋਰੀ ਦੇ ਅਸਲੇ ਵਾਂਗ ਸਾਂਭ-ਸਾਂਭ ਰੱਖਦੀ। ਜਦੋਂ ਵੱਡੇ ਸ਼ਹਿਰ ਪੁਲਿਸ ਦੀ ਭਰਤੀ ਆਈ, ਤਾਂ ਬੂਟਾ ਸਭ ਤੋਂ ਪਹਿਲਾਂ ਚੁਣਿਆ ਗਿਆ। ਜਿਥੇ ਪੁਲਿਸ ਦੀ ਭਰਤੀ ਲਈ ਮੋਟੀ ਰਕਮ ਲਈ ਜਾਂਦੀ ਸੀ, ਉਥੇ ਬੂਟਾ ਆਪਣੇ ਦਮ ‘ਤੇ ਭਰਤੀ ਹੋਇਆ ਸੀ।
ਬੰਤੀ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਉਹ ਪਰਮਾਤਮਾ ਦਾ ਲੱਖ-ਲੱਖ ਸ਼ੁੱਕਰ ਮਨਾਉਂਦੀ। ਬੂਟੇ ਦੀਆਂ ਭੈਣਾਂ ਨੂੰ ਵੀ ਇੰਜ ਲੱਗਿਆ, ਜਿਵੇਂ ਅੱਜ ਬਾਬਲੇ ਦੇ ਵਿਹੜੇ ਸੂਰਜ ਤੇ ਚੰਦ- ਦੋਵੇਂ ਇਕੱਠੇ ਚੜ੍ਹੇ ਹੋਣ। ਬੂਟਾ ਟਰੇਨਿੰਗ ਲਈ ਜਹਾਨ ਖੇਲਾਂ ਚਲਿਆ ਗਿਆ।
ਬੰਤੀ ਅਜੇ ਵੀ ਸਰਦਾਰਨੀ ਦੇ ਬੂਹੇ ਢੁੱਕਦੀ ਰਹਿੰਦੀ। ਬੰਤੀ ਲਈ ਸਰਦਾਰਨੀ ਦਾ ਘਰ ਤਾਂ ਇੰਜ ਸੀ, ਜਿਵੇਂ ਮਜ਼ਦੂਰ ਲਈ ਫੈਕਟਰੀ ਹੁੰਦੀ ਹੈ। ਸਰਦਾਰਨੀ ਹੁਣ ਬੰਤੀ ਨੂੰ ਬੰਤੀ ਨਾ ਕਹਿੰਦੀ, ਸਗੋਂ ਪੁਲਸੀਏ ਦੀ ਮਾਂ ਆਖਦੀ। ਬੰਤੀ ਨੂੰ ਸਮਝ ਨਾ ਆਉਂਦੀ ਕਿ ਸਰਦਾਰਨੀ ਉਹਦੀ ਇੱਜ਼ਤ ਬਣਾਉਂਦੀ ਹੈ, ਜਾਂ ਬੇਇੱਜ਼ਤੀ ਕਰਦੀ ਹੈ।
ਉਧਰ ਸਰਦਾਰਨੀ ਦੇ ਪੁੱਤ ਜੀਤੇ ਦੀਆਂ ਆਦਤਾਂ ਵਿਗੜਦੀਆਂ ਗਈਆਂ। ਉਹ ਪੜ੍ਹਾਈ ਘੱਟ ਕਰਦਾ, ਕੁੜੀਆਂ ਮਗਰ ਜ਼ਿਆਦਾ ਘੁੰਮਦਾ। ਕੁੜੀਆਂ ਕਰ ਕੇ ਉਹ ਕਈ ਵਾਰ ਮੁੰਡਿਆਂ ਨਾਲ ਲੜਾਈਆਂ ਕਰ ਚੁੱਕਾ ਸੀ। ਥਾਣੇ ਜਾਣਾ ਤਾਂ ਉਸ ਲਈ ਆਮ ਹੋ ਗਿਆ ਸੀ। ਉਸ ਦੀ ਗੁੰਡਾਗਰਦੀ ਹੌਲੀ-ਹੌਲੀ ਨਸ਼ਿਆਂ ਦੇ ਵਪਾਰੀ ਵਿਚ ਤਬਦੀਲ ਹੋ ਗਈ। ਉਹ ਕਾਲਜ ਦੇ ਮੁੰਡਿਆਂ ਨੂੰ ਨਸ਼ੇ ਆਮ ਵੇਚਣ ਲੱਗ ਪਿਆ। ਖੇਮ ਸਿੰਘ ਨੇ ਕਈ ਵਾਰ ਉਹਨੂੰ ਸਮਝਾਇਆ ਕਿ ਇਸ ਕੰਮ ਤੋਂ ਮੁੜ ਆ, ਪਰ ਉਹ ਬਹੁਤ ਦੂਰ ਲੰਘ ਚੁੱਕਾ ਸੀ।
ਐਤਕੀਂ ਦੀਵਾਲੀ ‘ਤੇ ਬੰਤੀ ਨੇ ਦੀਵਿਆਂ ਵਿਚ ਪੁੱਤ ਦੀ ਕਮਾਈ ਦਾ ਖਰੀਦਿਆ ਤੇਲ ਪਾਇਆ ਸੀ। ਉਹਨੂੰ ਲਗਦਾ ਸੀ ਕਿ ਆਜ਼ਾਦੀ ਸੰਤਾਲੀ ਵਿਚ ਨਹੀਂ, ਸਗੋਂ ਅੱਜ ਮਿਲੀ ਹੈ। ਉਧਰ, ਸਾਰੀ ਹਵੇਲੀ ਵੀ ਜਗ-ਮਗ ਕਰ ਰਹੀ ਸੀ, ਖੂਬ ਰੌਣਕਾਂ ਲੱਗੀਆਂ ਹੋਈਆਂ ਸਨ, ਪਰ ਘਰ ਦਾ ਚਿਰਾਗ ਅਜੇ ਘਰ ਨਹੀਂ ਸੀ ਆਇਆ। ਸਰਦਾਰਨੀ ਫਿਕਰ ਕਰ ਰਹੀ ਸੀ। ਬਨੇਰੇ ‘ਤੇ ਰੱਖੇ ਦੀਵੇ ਵਾਰ-ਵਾਰ ਬੁਝ ਰਹੇ ਸਨ। ਸਰਦਾਰਨੀ ਨੂੰ ਲੱਗਦਾ ਕਿ ਦੀਵੇ ਬੁਝਣਾ ਮਾੜੀ ਘਟਨਾ ਦਾ ਅਗਾਊਂ ਸੰਕੇਤ ਹੁੰਦਾ ਹੈ। ਪਟਾਕਿਆਂ ਦਾ ਸ਼ੋਰ-ਸ਼ਰਾਬਾ ਸ਼ੁਰੂ ਹੋ ਗਿਆ। ਆਤਿਸ਼ਬਾਜ਼ੀਆਂ ਅਸਮਾਨ ਛੂਹਣ ਲੱਗੀਆਂ। ਅਨਾਰਾਂ ਨੇ ਵਿਹੜੇ ਰੁਸ਼ਨਾ ਦਿੱਤੇ। ਦੀਵਾਲੀ ਦੀ ਰਾਤ ਪੂਰੀ ਜਵਾਨੀ ਵਿਚ ਸੀ ਜਦੋਂ ਬਾਰੀਆਂ ਦੇ ਬਿੱਲੂ ਨੇ ਆ ਕੇ ਦੱਸਿਆ ਕਿ ਜੀਤੇ ਨੂੰ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ਹਨ। ਉਹ ਕਾਲਜ ਦੇ ਅੱਗੇ ਵਗਦੇ ਸੂਏ ਦੀ ਪੱਟੜੀ ‘ਤੇ ਮੂਧਾ ਪਿਆ ਹੈ।
ਬੰਦੇ ਅਤੇ ਗੱਡੀਆਂ ਹਵੇਲੀ ਵਿਚੋਂ ਇੰਜ ਨਿਕਲੇ, ਜਿਵੇਂ ਮੰਤਰੀ ਦਾ ਕਾਫਲਾ ਹੋਵੇ! ਜਦੋਂ ਖੇਮ ਸਿੰਘ ਨੇ ਦੇਖਿਆ ਤਾਂ ਉਹਦਾ ਪੁੱਤ ਜੀਤਾ ਹੀ ਸੀ। ਰੋਣਾ-ਪਿੱਟਣਾ ਸ਼ੂਰੂ ਹੋ ਗਿਆ। ਸਾਰੀ ਪੀਤੀ ਸ਼ਰਾਬ ਲਹਿ ਗਈ ਸੀ। ਖੁਸ਼ੀਆਂ ਦੇ ਬਾਜੇ ਗਮੀ ਦੇ ਵੈਣ ਬਣ ਗਏ ਸਨ। ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਆਈ। ਬੂਟਾ ਸਿੰਘ ਏæਐਸ਼ਆਈæ ਵਾਲੀ ਵਰਦੀ ਵਿਚ ਜੀਪ ਵਿਚੋਂ ਉਤਰਿਆ।
ਬੂਟੇ ਨੂੰ ਦੇਖ ਕੇ ਖੇਮ ਸਿੰਘ ਬੋਲਿਆ, “ਦੇਖ ਊਏ ਬੂਟਿਆ! ਕਿਸੇ ਨੇ ਮੇਰਾ ਬੂਟਾ ਜੜ੍ਹੋਂ ਪੁੱਟ ਦਿੱਤਾ।”
ਬੂਟੇ ਨੇ ਕਿਹਾ, “ਖੇਮ ਸਿੰਘ ਜੀ! ਤਮੀਜ਼ ਨਾਲ ਬੋਲੋæææਇਸ ਕੇਸ ਦੀ ਕਾਰਵਾਈ ਪੁਲਿਸ ਸਟੇਸ਼ਨ ਜਾ ਕੇ ਹੋਊਗੀ।”
ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਲਈ ਅਤੇ ਖੇਮ ਸਿੰਘ ਬੂਟੇ ਵੱਲ ਝਾਕਦਾ ਹੀ ਰਹਿ ਗਿਆ। ਦੀਵਾਲੀ ਦਾ ਬੁਢਾਪਾ, ਸਰਦਾਰ ਦਾ ਮੁੰਡਾ ਮੁਕਾ ਗਿਆ। ਜੀਤੇ ਦੇ ਕਤਲ ਦੀ ਖਬਰ ਸਾਰੇ ਪਿੰਡ ਵਿਚ ਫੈਲ ਗਈ। ਸਰਦਾਰਨੀ ਨੇ ਸਾਰੇ ਦੀਵੇ ਬੁਝਾ ਦਿੱਤੇ। ਹਵੇਲੀ ਵਿਚ ਨ੍ਹੇਰਾ ਹੋ ਗਿਆ। ਸਰਦਾਰਨੀ ਨ੍ਹੇਰੇ ਵਿਚ ਭਕਟਦੀ ਫਿਰਦੀ ਸੀ। ਬੰਤੀ ਨੇ ਸਰਦਾਰਨੀ ਨੂੰ ਬੁੱਕਲ ਵਿਚ ਲੈ ਲਿਆ, ਤੇ ਤਸੱਲੀਆਂ ਦੇਣ ਲੱਗੀ ਪਰ ਸਰਦਾਰਨੀ ਨੂੰ ਤਸੱਲੀਆਂ ਨਹੀਂ, ਪੁੱਤ ਚਾਹੀਦਾ ਸੀæææਤੇ ਪੁੱਤ ਉਥੇ ਚੱਲਿਆ ਗਿਆ ਸੀ ਜਿਥੋਂ ਕੋਈ ਮੁੜਦਾ ਨਹੀਂ। ਲਾਸ਼ ਦਾ ਪੋਸਟ-ਮਾਰਟਮ ਹੋਇਆ। ਜੀਤੇ ਦਾ ਸਸਕਾਰ ਕਰ ਦਿੱਤਾ ਗਿਆ। ਲੋਕਾਂ ਦੇ ਘਰਾਂ ਵਾਲੇ ਦੇ ਚਿਰਾਗ ਬੁਝਾਉਣ ਵਾਲਾ ਖੁਦ ਬੁਝ ਗਿਆ। ਪਿੱਛੇ ਮਾਪਿਆਂ ਨੂੰ ਬੁੱਢੀ ਉਮਰੇ ਲੋਕਾਂ ਦਾ ਮੁਥਾਜ ਬਣਾ ਗਿਆ। ਖੇਮ ਸਿੰਘ ਦੇ ਖਾਨਦਾਨ ਨੂੰ ਅੰਗਰੇਜ਼ਾਂ ਵੱਲੋਂ ਮਿਲੀ ਝੂਠੀ ਸਰਦਾਰੀ ਦਾ ਭੋਗ ਪੈ ਗਿਆ।
ਸਰਦਾਰਨੀ ਵੀ ਦਿਨੋ-ਦਿਨ ਖੁਰਦੀ ਗਈ। ਉਧਰ, ਬੰਤੀ ਦੇ ਦਿਨ ਪਹਿਲਾਂ ਨਾਲੋਂ ਖਿੜ ਗਏ। ਉਹਦੇ ਪੁੱਤ ਨੇ ਵਧੀਆ ਘਰ ਪਾ ਕੇ ਸਾਰੀਆਂ ਸੁੱਖ-ਸਹੂਲਤਾਂ ਲੈ ਆਂਦੀਆਂ। ਬੂਟਾ ਸਿੰਘ ਦੀ ਇਮਾਨਦਾਰੀ ਦੀਆਂ ਗੱਲਾਂ ਸਾਰਾ ਇਲਾਕਾ ਕਰਦਾ। ਸਰਦਾਰ ਮਰਨ ਤੋਂ ਪਹਿਲਾਂ ਗਰੀਬਾਂ ਦੇ ਸਾਰੇ ਪਰਨੋਟ ਪਾੜ ਗਿਆ। ਬੰਤੀ ਦਾ ਡੇਢ ਕਿੱਲਾ ਵੀ ਮੋੜ ਦਿੱਤਾ।
ਫਿਰ ਇਕ ਦਿਨ ਮੰਗਲੀਆ ਬੰਤੀ ਦੇ ਘਰ ਤੇਲ ਲੈਣ ਆਇਆ, ਤਾਂ ਬੰਤੀ ਨੇ ਪੰਜਾਂ ਦਾ ਨੋਟ ਤੇ ਕੌਲੀ ਤੇਲ ਦੀ ਪਾ ਕੇ ਕਿਹਾ, “ਪੰਡਤ ਜੀ, ਅੱਜ ਆਪਣਾ ਹਿਸਾਬ ਬਰਾਬਰ। ਅੱਗੇ ਤੋਂ ਮੈਂ ਦਾਨ-ਪੁੰਨ ਉਸ ਨੂੰ ਕਰਾਂਗੀ ਜਿਸ ਨੂੰ ਜ਼ਰੂਰਤ ਹੋਵੇ।” ਸਰਦਾਰਨੀ ਦੀ ਸੇਵਾ ਬੰਤੀ ਨੇ ਸਾਂਭ ਲਈ ਤੇ ਬੂਟਾ ਸਿੰਘ ਨੇ ਪੁੱਤ ਵਾਲੀ ਥਾਂ ਲੈ ਲਈ। ਸਾਰਾ ਪਿੰਡ ਆਖ ਰਿਹਾ ਸੀ, ਸਰਦਾਰ ਖੇਮ ਸਿੰਘ ਸਾਰੀ ਉਮਰ ਅੰਗਰੇਜ਼ਾਂ ਦੀ ਸਰਦਾਰੀ ਵਿਚ ਆਕੜਿਆ ਰਿਹਾ, ਪਰ ਜਾਂਦਾ ਹੋਇਆ ਗੁਰੂ ਗੋਬਿੰਦ ਸਿੰਘ ਦਾ ਸੁੱਚਾ ਸਿੱਖ ਸਰਦਾਰ ਬਣ ਗਿਆæææਲੋਕ ਉਹਨੂੰ ਹਮੇਸ਼ਾ ਯਾਦ ਰੱਖਣਗੇ।

Be the first to comment

Leave a Reply

Your email address will not be published.