ਪੰਜਾਬ ਤੇ ਸ਼ਰਾਬ

ਨਸ਼ਿਆਂ ਦੀ ਮਾਰ ਨੇ ਪੰਜਾਬ ਅਤੇ ਪੰਜਾਬੀਆਂ ਦਾ ਬੜਾ ਨੁਕਸਾਨ ਕੀਤਾ ਹੈ। ਅੱਜ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਪੰਜਾਬ ਦੀ ਜਵਾਨੀ, ਨਸ਼ਿਆਂ ਦੇ ਦਰਿਆ ਵਿਚ ਸਮਝੋ ਰੁੜ੍ਹ ਹੀ ਚੱਲੀ ਹੈ। ਸਿਆਸੀ ਲੀਡਰ ਨਸ਼ਿਆਂ ਦੇ ਕਾਰੋਬਾਰ ਨਾਲ ਆਪਣੇ ਘਰ ਭਰ ਰਹੇ ਹਨ ਅਤੇ ਆਮ ਲੋਕਾਂ ਦੇ ਘਰ ਉਜੜ ਰਹੇ ਹਨ। ਪ੍ਰਸ਼ਾਸਨ ਆਮ ਲੋਕਾਂ ਦੀ ਥਾਂ ਇਨ੍ਹਾਂ ਲੀਡਰਾਂ ਅਤੇ ਪੈਸੇ ਵਾਲਿਆਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਸ਼ ਜਸਵੰਤ ਸਿੰਘ ਸੰਧੂ ਨੇ ਆਪਣੇ ਇਸ ਲੇਖ ‘ਪੰਜਾਬ ਤੇ ਸ਼ਰਾਬ’ ਵਿਚ ਇਨ੍ਹਾਂ ਹਾਲਾਤ ਦਾ ਲੇਖਾ-ਜੋਖਾ ਕਰਦਿਆਂ ਪੰਜਾਬ ਵਿਚ ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਪੰਜਾਬੀਆਂ ਦੇ ਹੋ ਰਹੇ ਘਾਣ ਅਤੇ ਇਸ ਘਾਣ ਕਰ ਕੇ ਉਪਜ ਰਹੀਆਂ ਪੀੜਾਂ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਹਨ। -ਸੰਪਾਦਕ

ਜਸਵੰਤ ਸਿੰਘ ਸੰਧੂ (ਘਰਿੰਡਾ)
ਫੋਨ: 510-516-5971

ਪੰਜਾਬ ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਕਦੇ ਅਣਖ ਅਤੇ ਬਹਾਦਰੀ ਕਰ ਕੇ ਸਾਰੀ ਦੁਨੀਆਂ ਵਿਚ ਪ੍ਰਸਿੱਧ ਸੀ। ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਪੰਜਾਬ ਦੀ ਸਿਫ਼ਤ ਇਨ੍ਹਾਂ ਲਾਈਨਾਂ ਵਿਚ ਕੀਤੀ ਹੈ,
ਸੋਹਣਿਆਂ ਦੇਸਾਂ ਅੰਦਰ
ਦੇਸ ਪੰਜਾਬ ਨੀ ਸਈਓ!
ਜਿਵੇਂ ਫੁੱਲਾਂ ਅੰਦਰ
ਫੁੱਲ ਗੁਲਾਬ ਨੀ ਸਈਓ!
ਇਸ ਧਰਤੀ ‘ਤੇ ਕਦੇ ਪੰਜ ਦਰਿਆ ਵਹਿੰਦੇ ਸਨ ਜਿਸ ਕਾਰਨ ਇਸ ਦਾ ਨਾਂ ਪੰਜਾਬ ਪੈ ਗਿਆ। ਇਸ ਧਰਤੀ ਨੇ ਗੁਰੂ ਨਾਨਕ ਵਰਗੇ ਯੁੱਗ ਪੁਰਸ਼ ਪੈਦਾ ਕੀਤੇ ਜਿਨ੍ਹਾਂ ਕੁੱਲ ਦੁਨੀਆਂ ਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਵਰਗੇ ਅਸੂਲ ਦਿੱਤੇ। ਇਸ ਧਰਤੀ ‘ਤੇ ਹੀ ਪੰਚਮ ਪਾਤਸ਼ਾਹ ਅਰਜਨ ਦੇਵ ਨੂੰ ਲੋਕਾਂ ਦੀ ਅਣਖ ਦੀ ਰੱਖਿਆ ਵਾਸਤੇ ਤੱਤੀ ਤਵੀ ‘ਤੇ ਬੈਠ ਕੇ ਸੀਸ ਵਿਚ ਤੱਤਾ ਰੇਤਾ ਪਵਾਉਣਾ ਪਿਆ। ਜ਼ਾਲਮ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਦਸਮੇਸ਼ ਪਿਤਾ ਨੂੰ ਸਾਰਾ ਪਰਿਵਾਰ ਕੁਰਬਾਨ ਕਰਨਾ ਪਿਆ। ਅਣਖੀ, ਬਹਾਦਰ, ਨਿੱਡਰ ਅਤੇ ਭਾਰਤ ਵਿਚ ਜਮਹੂਰੀਅਤ (ਲੋਕਰਾਜ) ਦੇ ਬਾਨੀ ਦਸਮੇਸ਼ ਪਿਤਾ ਨੇ ਔਰੰਗਜ਼ੇਬ ਨੂੰ ‘ਜਫ਼ਰਨਾਮਾ’ ਰੂਪੀ ਚਿੱਠੀ ਵਿਚ ਲਿਖਿਆ, “ਐ ਜ਼ਾਲਮ ਬਾਦਸ਼ਾਹ! ਜੇ ਤੂੰ ਅਜੇ ਵੀ ਜ਼ੁਲਮ ਤੋਂ ਬਾਜ਼ ਨਾ ਆਇਆ, ਤਾਂ ਮੈਂ ਤੇਰੇ ਕਦਮ-ਕਦਮ ਤੇ ਪੈਰਾਂ ਥੱਲੇ ਅੱਗ ਵਿਛਾ ਦਿਆਂਗਾ।” ਕਹਿੰਦੇ ਨੇ, ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ਉਤੇ ਐਸਾ ਮਨੋਵਿਗਿਆਨਕ ਅਸਰ ਹੋਇਆ ਕਿ ਜਲਦੀ ਹੀ ਉਸ ਦੀ ਮੌਤ ਹੋ ਗਈ। ਪੰਜਾਬ ਦੀ ਧਰਤੀ ਨੇ ਰਾਜਾ ਪੋਰਸ, ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਵਰਗੇ ਯੋਧੇ ਪੈਦਾ ਕੀਤੇ। ਇਨ੍ਹਾਂ ਨੇ ਪੱਛਮੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਜੋ ਇੱਥੋਂ ਦਾ ਧਨ-ਦੌਲਤ ਤੇ ਬਹੂ-ਬੇਟੀਆਂ ਦੀ ਇੱਜ਼ਤ ਲੁੱਟ ਕੇ ਲੈ ਜਾਂਦੇ ਸਨ। ਇਨ੍ਹਾਂ ਨੇ ਸਦਾ-ਸਦਾ ਵਾਸਤੇ ਲੁਟੇਰਿਆਂ ਦੇ ਰਸਤੇ ਬੰਦ ਕਰਨ ਦਾ ਹੀਲਾ ਕੀਤਾ।
ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਕਿਹਾ ਜਾਂਦਾ ਹੈ। ਇਸ ਦੇ ਗੱਭਰੂ ਤੇ ਮੁਟਿਆਰਾਂ ਦੀ ਸਾਰੇ ਸੰਸਾਰ ਵਿਚ ਧੁੰਮ ਸੀ। ਗੱਭਰੂ ਦੁੱਧ, ਘਿਓ ਖਾ ਕੇ ਮੁਗਧਰ ਚੁੱਕਦੇ, ਮੁੰਗਲੀਆਂ ਫੇਰਦੇ, ਅਖਾੜਿਆਂ ਵਿਚ ਘੁਲਦੇ, ਕਬੱਡੀਆਂ ਖੇਡਦੇ ਤੇ ਰੱਸੇ ਖਿੱਚਦੇ ਸਨ। ਮਜ਼ਬੂਤ ਸਰੀਰ ਪੰਜਾਬੀ ਗੱਭਰੂਆਂ ਦੀ ਸ਼ਨਾਖ਼ਤ ਸੀ। ਪੰਜਾਬ ਦਾ ਗੱਭਰੂ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰਦਾ ਸੀ। (ਅੱਜ ਤਾਂ ਪੰਜਾਬੀ ਗੱਭਰੂ ਭਰਤੀ ਲਈ ਸਰੀਰਕ ਯੋਗਤਾਵਾਂ ਵੀ ਪੂਰੀਆਂ ਨਹੀਂ ਕਰਦਾ)। ਪੰਜਾਬ ਨੇ ਸਰਦਾਰ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਬੱਬਰ ਅਕਾਲੀਆਂ ਵਰਗੇ ਸਿਰਲੱਥ ਯੋਧੇ ਪੈਦਾ ਕੀਤੇ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ, ਪਰ ਪੰਜਾਬ ਵੰਡਿਆ ਗਿਆ। ਪੰਜਾਬੀ ਲੋਕ ਘਰੋਂ-ਬੇਘਰ ਹੋ ਗਏ, ਪਰ ਕਿਸੇ ਵੀ ਪੰਜਾਬੀ ਨੇ ਕਿਸੇ ਅੱਗੇ ਹੱਥ ਅੱਡ ਕੇ ਭੀਖ ਨਹੀਂ ਮੰਗੀ। ਉਜਾੜੇ ਤੋਂ ਬਾਅਦ ਵੀ ਪੰਜਾਬੀ ਆਪਣੀ ਹਿੰਮਤ ਨਾਲ ਪੈਰਾਂ ‘ਤੇ ਖੜ੍ਹੇ ਹੋ ਗਏ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਆਜ਼ਾਦ ਹੋਣ ਨਾਲ ਉਹ ਆਪਣੇ ਰਾਜ ਵਿਚ ਆਜ਼ਾਦੀ ਦਾ ਨਿੱਘ ਮਾਣਨਗੇ ਅਤੇ ਖੁਸ਼ਹਾਲ ਹੋਣਗੇ। ਸਰਦਾਰ ਭਗਤ ਸਿੰਘ ਨੇ ਕਦੇ ਕਿਹਾ ਸੀ, “ਜਿੰਨਾ ਚਿਰ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ, ਸਾਡਾ ਸੰਘਰਸ਼ ਜਾਰੀ ਰਹੇਗਾ।” ਪਰ ਭਗਤ ਸਿੰਘ ਅਤੇ ਸਰਾਭੇ ਦੇ ਸੁਪਨਿਆਂ ਦਾ ਪੰਜਾਬ ਨਾ ਬਣ ਸਕਿਆ। ਅਜੋਕੇ ਸਿਆਸਤਦਾਨਾਂ ਨੇ ਆਪਣੀ ਕੁਰਸੀ ਕਾਇਮ ਕਰ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਭਵਿੱਖ ਨੂੰ ਵਿਸਾਰ ਕੇ ਆਪਣਾ ਭਵਿੱਖ ਸੰਵਾਰਨ ਵਾਸਤੇ ਨੌਜਵਾਨ ਪੀੜ੍ਹੀ ਨੂੰ ਚੋਣਾਂ ਵਿਚ ਨਸ਼ਿਆਂ ਦਾ ਸੇਵਨ ਕਰਾ ਕੇ ਉਨ੍ਹਾਂ ਨੂੰ ਪੱਕੇ ਨਸ਼ੱਈ ਬਣਾ ਦਿੱਤਾ। ਕਿਸੇ ਸ਼ਾਇਰ ਨੇ ਲਿਖਿਆ ਹੈ,
ਵੱਢਿਆ-ਟੁੱਕਿਆ ਬਚ ਗਿਆ
ਜਿਹੜਾ ਗਿੱਠ ਪੰਜਾਬ।
ਡੋਬ ਦੇਣਗੇ ਏਸ ਨੂੰ
ਨੇਤਾ ਅਤੇ ਸ਼ਰਾਬ।
ਅੱਜ ਪੰਜਾਬ ਦੀ 70 ਫੀਸਦੀ ਜਵਾਨੀ ਨਸ਼ਿਆਂ ਦੀ ਆਦੀ ਹੋ ਕੇ ਕੁਰਾਹੇ ਪੈ ਗਈ ਹੈ। ਅੱਜ ਪੰਜਾਬ ਦਾ ਨੌਜਵਾਨ ਗਿਆਨ ਅਤੇ ਕਿਰਤ ਨਾਲੋਂ ਟੁੱਟ ਚੁੱਕਾ ਹੈ।
ਸ਼ਰਾਬ ਦੇ ਸ਼ਬਦੀ ਅਰਥ ਨੇ- ‘ਸ਼ਰਾਰਤ ਦਾ ਪਾਣੀ।’ ਅੱਜ ਸ਼ਰਾਬ ਸਾਡੇ ਵਿਆਹ-ਸ਼ਾਦੀਆਂ, ਪਾਰਟੀਆਂ ਅਤੇ ਹਰ ਖੁਸ਼ੀ ਮੌਕੇ ਅਨਿਖੜਵਾਂ ਅੰਗ ਬਣ ਗਈ ਹੈ। ਕੋਈ ਵੀ ਪ੍ਰੋਗਰਾਮ ਇਸ ਤੋਂ ਬਗ਼ੈਰ ਨੀਰਸ ਹੁੰਦਾ ਹੈ। ਗੁਰਬਾਣੀ ਵਿਚ ਸ਼ਰਾਬ ਨੂੰ ਮਾੜਾ ਕਿਹਾ ਗਿਆ ਹੈ, ਜਿਵੇਂ,
ਜਿਤੁ ਪੀਤੈ ਮਤਿ ਦੂਰਿ ਹੋਇ
ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ
ਖਸਮਹੁ ਧਕੇ ਖਾਇ॥
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਾਨੂੰ ਸ਼ਰਾਬ ਆਦਿ ਤੋਂ ਰੋਕਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੀ ਜਾਂਦੇ ਹਾਂ, ਤੇ ਸ਼ਰਾਬ ਆਦਿ ਵੀ ਪੀਵੀ ਜਾਂਦੇ ਹਾਂ। ਕਿਹੋ ਜਿਹਾ ਸਤਿਕਾਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰ ਰਹੇ ਹਾਂ?
ਸ਼ਰਾਬ ਦੀ ਜ਼ਿਆਦਾ ਵਰਤੋਂ ਨਾਲ ਤਬਾਹ ਹੁੰਦੇ ਕਈ ਘਰ ਅਤੇ ਜਵਾਨੀਆਂ ਮੈਂ ਆਪਣੀ ਅੱਖੀਂ ਵੇਖੇ ਨੇ। ਸ਼ਰਾਬੀ ਆਪਣਾ ਭਵਿੱਖ ਤਾਂ ਤਬਾਹ ਕਰਦਾ ਹੀ ਹੈ, ਨਾਲ ਹੀ ਉਹ ਆਪਣੇ ਬੱਚਿਆਂ ਦਾ ਭਵਿੱਖ ਵੀ ਤਬਾਹ ਕਰ ਦਿੰਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਸ਼ਰਾਬੀ ਦੀਆਂ ਕਰਤੂਤਾਂ ਕਾਰਨ ਨਰਕ ਭੋਗਦੀਆਂ ਇਸ ਦੁਨੀਆਂ ਤੋਂ ਰੁਖਸਤ ਹੋ ਜਾਂਦੀਆਂ ਹਨ। ਇਸ ਦੇ ਤਿੰਨ ਵੱਡੇ ਨੁਕਸਾਨ ਹਨ। ਪਹਿਲਾ ਇਹ ਕਿ ਇਹ ਸਾਡੀ ਸਿਹਤ ਦਾ ਨੁਕਸਾਨ ਕਰਦੀ ਹੈ। ਦੂਜਾ, ਸਾਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਦੀ ਹੈ। ਸ਼ਰਾਬੀ ਆਦਮੀ ਕੰਮ ਨਹੀਂ ਕਰਦਾ, ਜਿਸ ਕਰ ਕੇ ਘਰ ਦੀ ਆਮਦਨ ਘਟ ਜਾਂਦੀ ਹੈ। ਖਰਚ ਵੱਧ ਹੋਣ ਕਰ ਕੇ ਸਿਰ ਕਰਜ਼ਾ ਚੜ੍ਹ ਜਾਂਦਾ ਹੈ, ਤੇ ਫਿਰ ਖੁਦਕੁਸ਼ੀ ਤੱਕ ਨੌਬਤ ਆ ਜਾਂਦੀ ਹੈ। ਤੀਜਾ, ਸਮਾਜ ਵਿਚ ਸ਼ਰਾਬੀ ਦੀ ਕੋਈ ਇੱਜ਼ਤ ਨਹੀਂ ਰਹਿ ਜਾਂਦੀ। ਅਸੀਂ ਆਪਣਾ ਆਪ ਹੀ ‘ਸ਼ਰਾਬੀ’ ਨਾਮਕਰਨ ਕਰ ਲੈਂਦੇ ਹਾਂ ਜਿਸ ਦਾ ਸਾਡੇ ਬੱਚਿਆਂ ਦੇ ਭਵਿੱਖ ਅਤੇ ਅਗਾਂਹ ਹੋਣ ਵਾਲੇ ਰਿਸ਼ਤਿਆਂ ‘ਤੇ ਮਾੜਾ ਅਸਰ ਪੈਂਦਾ ਹੈ। ਜਿਸ ਬੰਦੇ ਪਾਸ ਨਾ ਸਿਹਤ ਹੋਵੇ, ਨਾ ਆਰਥਿਕ ਦਸ਼ਾ ਠੀਕ ਹੋਵੇ ਅਤੇ ਨਾ ਸਮਾਜ ਵਿਚ ਕੋਈ ਇੱਜ਼ਤ-ਮਾਣ ਹੋਵੇ, ਤਾਂ ਉਸ ਬੰਦੇ ਦੀ ਸਮਾਜਕ ਹਾਲਤ ਦਾ ਤੁਸੀਂ ਆਪ ਹੀ ਅਨੁਮਾਨ ਲਾ ਲਓ।
ਜ਼ਿੰਦਗੀ ਵਿਚ ਸ਼ਰਾਬ ਪੀਤੀ ਵੀ ਹੈ, ਪਰ ਇਸ ਨੇ ਬਹੁਤੀ ਖੁਸ਼ੀ ਨਹੀਂ ਦਿੱਤੀ; ਸਗੋਂ ਅਗਲੇ ਦਿਨ ਸਰੀਰਕ ਥਕਾਵਟ ਅਤੇ ਸਿਰ ਪੀੜ ਤੋਂ ਬਿਨਾਂ ਨਮੋਸ਼ੀ ਦਾ ਅਹਿਸਾਸ ਵੀ ਹੁੰਦਾ ਰਿਹਾ। ਇਹ ਮਹਿਸੂਸ ਹੁੰਦਾ ਰਿਹਾ ਕਿ ਪੀਣ ਤੋਂ ਪਿੱਛੋਂ ਮੇਰੇ ਆਪਣੇ ਸਾਹਮਣੇ ਹੀ ਮੇਰਾ ਕੱਦ ਨਿੱਕਾ ਹੋ ਗਿਆ। ਜਦੋਂ ਇਹੋ ਜਿਹੇ ਪਛਤਾਵੇ ਦਾ ਅਹਿਸਾਸ ਜਾਗੇ ਤਾਂ ਆਮ ਲੋਕਾਂ ਦੀ ਕਹਾਵਤ ‘ਪੀਤਿਆਂ ਖੁਸ਼ੀ ਮਿਲਦੀ ਜਾਂ ਗਮ ਗਲਤ ਹੁੰਦਾ ਹੈ’, ਦੇ ਭਲਾ ਕੀ ਅਰਥ ਰਹਿ ਜਾਂਦੇ ਹਨ? ਗ਼ਮ ਭੁਲਾਉਣ ਲਈ ਮੈਂ ਕਦੇ ਨਹੀਂ ਸੀ ਪੀਤੀ। ਗ਼ਮ ਦਾ ਟਾਕਰਾ ਕਰਨ ਲਈ ਮੇਰਾ ਅੰਦਰਲਾ ਇਕੱਲਾ ਹੀ ਗ਼ਮ ਨਾਲ ਲੜਦਾ ਰਿਹਾ ਹੈ। ਸ਼ਰਾਬ ਵਰਗੇ ‘ਬਾਡੀਗਾਰਡ’ ਦੀ ਮੈਨੂੰ ਕਦੇ ਲੋੜ ਨਹੀਂ ਪਈ। ਉਂਜ ਵੀ ਗ਼ਮ ਭੁਲਾਉਣ ਲਈ ਪੀਣ ਵਾਲੇ ਬੰਦੇ ਉਹ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਜ਼ਮੀਰ ਤੇ ਹਿੰਮਤ ਜਵਾਬ ਦੇ ਚੁੱਕੀ ਹੁੰਦੀ ਹੈ। ਟੁੱਟੇ ਤਣੇ ਕਦੀ ‘ਸ਼ਰਾਬ ਰੂਪੀ ਰੱਸਿਆਂ’ ਨਾਲ ਬੰਨ੍ਹਿਆਂ ਸਿੱਧੇ ਨਹੀਂ ਹੁੰਦੇ।
ਇੰਜ ‘ਖੁਸ਼ੀ ਤੇ ਗ਼ਮ’ ਲਈ ਪੀਣ ਦੇ ਤਰਕ ਨੂੰ ਮੈਂ ਮਹੱਤਵ ਨਹੀਂ ਦਿੰਦਾ। ਉਂਜ ਸਾਰੀ ਦੁਨੀਆਂ ਵਿਚ ਲੋਕ ਸ਼ਰਾਬ ਪੀਂਦੇ ਹਨ। ਠੰਢੇ ਮੁਲਕਾਂ ਵਿਚ ਤਾਂ ਸਰਦੀ ਤੋਂ ਬਚਣ ਲਈ, ਭਾਰੇ ਖਾਣੇ ਪਚਾਉਣ ਲਈ ਇਸ ਦੀ ਜ਼ਰੂਰਤ ਪੈਂਦੀ ਹੈ। ਭਾਰਤ ਜਿਹੇ ਗਰਮ ਮੁਲਕ ਵਿਚ ਇਹ ਸ਼ਾਇਦ ਇਸੇ ਲਈ ਮਨ੍ਹਾਂ ਹੋਈ ਹੋਵੇ, ਭਾਵੇਂ ‘ਸੋਮਰਸ’ ਪੀਣ ਦਾ ਰਿਵਾਜ਼ ਇਥੇ ਵੀ ਸੀ। ਮੈਂ ਪੀਣ ਵਾਲਿਆਂ ਨੂੰ ਮਾੜਾ ਨਹੀਂ ਸਮਝਦਾ; ਸਿਰਫ਼ ‘ਸ਼ਰਾਬੀਆਂ’ ਨੂੰ ਮਾੜਾ ਸਮਝਦਾ ਹਾਂ ਜੋ ਪੀ ਕੇ ਆਪਾ ਵਿਸਾਰ ਬੈਠਦੇ ਹਨ। ਜਿਹੜੇ ਲੋਕਾਂ ਦਾ ਪੀਣ ‘ਤੇ ਕੰਟਰੋਲ ਨਹੀਂ ਅਤੇ ਪੀ ਕੇ ਆਪਣੇ ਆਲੇ-ਦੁਆਲੇ ਖਰੂਦ ਮਚਾਉਂਦੇ ਹਨ, ਮੈਂ ਉਨ੍ਹਾਂ ਅਤੇ ਉਨ੍ਹਾਂ ਦੀ ਸ਼ਰਾਬ ਨੂੰ ਮਾੜਾ ਸਮਝਦਾ ਹਾਂ। ਪੀ ਕੇ ਬੰਧੇਜ ਵਿਚ ਰਹਿਣ ਵਾਲੇ ਅਤੇ ਮਿੱਠੀਆਂ ਤੇ ਦਿਲਚਸਪ ਗੱਲਾਂ ਕਰਨ ਵਾਲੇ, ਘੜੀ ਦੀ ਘੜੀ ‘ਸਾਫ ਦਿਲ’ ਨਾਲ ਗੱਲਾਂ ਕਰਨ ਵਾਲੇ ਮੈਨੂੰ ਚੰਗੇ ਲਗਦੇ ਹਨ। ਜੇ ਪੀਤਿਆਂ ਬਿਨਾਂ ਕਿਸੇ ਦਾ ਸਰ ਸਕਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ।
ਸ਼ਰਾਬ ਪੀਣ ਨਾਲ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਕਮਜ਼ੋਰੀ ਕਾਰਨ ਸਰੀਰ ਨੂੰ ਕਈ ਬਿਮਾਰੀਆਂ ਆ ਚੰਬੜਦੀਆਂ ਹਨ। ਸ਼ਰਾਬ ਰਾਹੀਂ ਜਵਾਨੀ ਵਿਚ ਪ੍ਰਾਪਤ ਗਰਮੀ ਅਖੀਰ ਬੁਢੇਪੇ ਵਿਚ ਸਰੀਰ ਨੂੰ ਢਹਿੰਦੀਆਂ ਕਲਾਂ ਵਿਚ ਲੈ ਜਾਂਦੀ ਹੈ। ਬਿਮਾਰੀਆਂ ਲੱਗਣ ਕਾਰਨ ਡਾਕਟਰਾਂ ਕੋਲੋਂ ਜੇਬ ਖਾਲੀ ਕਰਾਉਣੀ ਪੈਂਦੀ ਹੈ। ਅੱਜ ਇਲਾਜ ਬੜੇ ਮਹਿੰਗੇ ਹੋ ਗਏ ਹਨ। ਮਾੜਾ ਆਦਮੀ ਤਾਂ ਆਪਣਾ ਇਲਾਜ ਵੀ ਨਹੀਂ ਕਰਾ ਸਕਦਾ। ਕਮਾਊ ਮੈਂਬਰ ਦੇ ਚਲੇ ਜਾਣ ਪਿੱਛੋਂ ਪਰਿਵਾਰ ਗਰੀਬੀ ਭੋਗਦਾ ਹੈ। ਬੱਚੇ ਪਿਤਰੀ ਪਿਆਰ ਤੋਂ ਵਾਂਝੇ ਹੋ ਜਾਂਦੇ ਹਨ। ਸਿਰ ‘ਤੇ ਪਿਤਾ ਦਾ ਸਾਇਆ ਨਾ ਹੋਣ ਕਾਰਨ ਬੱਚੇ ਮਾੜੀ ਸੰਗਤ ਵਿਚ ਪੈ ਜਾਂਦੇ ਹਨ ਤੇ ਘਰ ਦੀ ਤਬਾਹੀ ਹੋ ਜਾਂਦੀ ਹੈ।
ਸ਼ਰਾਬ ਪੀ ਕੇ ਅਸੀਂ ਡਰਾਈਵਿੰਗ ਕਰਦੇ ਹਾਂ। ਨਸ਼ੇ ਵਿਚ ਗੱਡੀ ਤੇਜ਼ ਚਲਾਉਂਦੇ ਹਾਂ ਜਿਸ ਨਾਲ ਭਿਆਨਕ ਹਾਦਸੇ ਹੋ ਜਾਂਦੇ ਹਨ। ਕਈ ਵਾਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਾਂ, ਜਾਂ ਅਗਲੇ ਦੀ ਜਾਨ ਦਾ ਖੌਅ ਬਣ ਜਾਂਦੇ ਹਾਂ। ਹੋ ਸਕਦਾ ਹੈ, ਤੁਸੀਂ ਜਾਂ ਦੂਜਾ, ਪੀੜਤ ਪਰਿਵਾਰ ਦਾ ਮੁੱਖ ਕਮਾਊ ਆਦਮੀ ਹੋਵੇ। ਆਸ਼ਰਤ ਪਰਿਵਾਰ ਪਿੱਛੋਂ ਅਕਹਿ ਤੇ ਅਸਹਿ ਦੁੱਖ ਭੋਗਦੇ ਹਨ। ਸ਼ਰਾਬ ਪੀ ਕੇ ਅਸੀਂ ਬਿਨਾਂ ਵਜ੍ਹਾ ਲੜਾਈ ਸਹੇੜ ਲੈਂਦੇ ਹਾਂ ਜਿਸ ਨਾਲ ਥਾਣਿਆਂ, ਕਚਹਿਰੀਆਂ ਅਤੇ ਵਕੀਲਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਹਾਂ। ਜਿਹੜੀ ਕਮਾਈ ਅਸੀਂ ਆਪਣੇ ਪਰਿਵਾਰ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਖਰਚਣੀ ਹੁੰਦੀ ਹੈ, ਉਹ ਥਾਣੇ ਅਤੇ ਕਚਹਿਰੀਆਂ ਵਿਚ ਜ਼ਾਇਆ ਹੋ ਜਾਂਦੀ ਹੈ। ਪਰਿਵਾਰ ਦੇ ਪੱਲੇ ਗਰੀਬੀ ਪੈਂਦੀ ਹੈ।
ਅੱਜ ਪੰਜਾਬ ਵਿਚ 29 ਕਰੋੜ ਬੋਤਲਾਂ ਪੀਤੀਆਂ ਜਾਂਦੀਆਂ ਹਨ। 19 ਤੋਂ 25 ਸਾਲ ਦੇ 62 ਪ੍ਰਤੀਸ਼ਤ ਗੱਭਰੂ ਨਸ਼ਾ ਕਰਦੇ ਹਨ। ਸਾਬਕਾ ਡੀæਜੀæਪੀæ ਸ਼ਸ਼ੀ ਕਾਂਤ ਅਨੁਸਾਰ ਡਰੱਗ ਦਾ ਸਾਲਾਨਾ ਕਾਰੋਬਾਰ ਸੱਠ ਹਜ਼ਾਰ ਕਰੋੜ ਰੁਪਏ ਦਾ ਹੈ। ਨੌਜਵਾਨ ਹਰ ਦੇਸ਼ ਅਤੇ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਛੋਟੇ ਹੁੰਦੇ ਇਹ ਨਾਅਰਾ ਵੀ ਸੁਣਦੇ ਰਹੇ ਹਾਂ ਕਿ, ‘ਬੱਚੇ ਦੇਸ਼ ਦਾ ਭਵਿੱਖ ਹਨ।’ ਜੇ ਬੱਚਿਆਂ ਨੂੰ ਅਸੀਂ ਨਸ਼ੇੜੀ ਬਣਾ ਦਿੱਤਾ, ਤਾਂ ਦੇਸ਼ ਦਾ ਭਵਿੱਖ ਕੀ ਰਿਹਾ? ਸਾਡੀਆਂ ਸਰਕਾਰਾਂ ਅਤੇ ਲੀਡਰ ਸਟੇਜਾਂ ਤੋਂ ਤਾਂ ਵਿਕਾਸ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ, ਪਰ ਇਹ ਕਿਹੋ ਜਿਹਾ ਵਿਕਾਸ ਹੈ? ਅੱਜ ਨਸ਼ਿਆਂ ਦਾ ਕਾਰੋਬਾਰ ਸਾਡੇ ਸਿਆਸੀ ਲੀਡਰਾਂ ਅਤੇ ਅਫ਼ਸਰਸ਼ਾਹੀ ਦੀ ਸਰਪ੍ਰਸਤੀ ਥੱਲੇ ਬੇਖੌਫ਼ ਚੱਲ ਰਿਹਾ ਹੈ। ਮੰਤਰੀਆਂ ਦੇ ਪਿੰਡਾਂ ਵਿਚ ਸ਼ਰਾਬ ਦੀਆਂ ਮਿੰਨੀ ਡਿਸਟਿਲਰੀਆਂ ਚੱਲ ਰਹੀਆਂ ਹਨ। ਚੋਣਾਂ ਵਿਚ ਹਰ ਪਾਰਟੀ ਦੇ ਉਮੀਦਵਾਰ ਟਰੱਕਾਂ ਦੇ ਟਰੱਕ ਸ਼ਰਾਬ, ਵੋਟਰਾਂ ਵਿਚ ਵੰਡਦੇ ਹਨ।æææ ਤੇ ਫਿਰ ਗੱਲਾਂ ਕਰਦੇ ਨੇ ਨਸ਼ਾ-ਮੁਕਤ ਪੰਜਾਬ ਦੀਆਂ!
‘ਨਸ਼ਿਆਂ ਨੂੰ ਠੱਲ੍ਹ ਕਿਵੇਂ ਪਵੇ’ ਕਿਤਾਬ (ਲੇਖਕ ਰਾਜਵਿੰਦਰ ਸਿੰਘ ਸੰਧੂ) ਦਾ ਰਿਲੀਜ਼ ਸਮਾਰੋਹ ਹੋ ਰਿਹਾ ਸੀ। ਅੰਮ੍ਰਿਤਸਰ ਦੇ ਐਸ਼ਐਸ਼ਪੀæ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੜੀ ਬੇਬਾਕੀ ਨਾਲ ਕਿਹਾ ਸੀ, “ਜੇ ਅਸੀਂ (ਪੁਲਿਸ ਵਾਲੇ ਤੇ ਸਿਆਸਤਦਾਨ) ਪੰਜਾਬ ਵਿਚ ਨਸ਼ਾ ਰੋਕਣ ਲਈ ਪੂਰੀ ਤਰ੍ਹਾਂ ਸੁਹਿਰਦ ਹੋਈਏ, ਤਾਂ ਕੇਵਲ ਤਿੰਨ ਦਿਨ ਲਗਦੇ ਹਨ, ਪਰ ਅਸੀਂ ਅਜਿਹਾ ਕਰ ਨਹੀਂ ਸਕਾਂਗੇ, ਕਿਉਂਕਿ ਪੰਜਾਬ ਦੀਆਂ ਸਾਰੀਆਂ ਧਿਰਾਂ (ਸਿਆਸਤਦਾਨ, ਵਪਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ) ਸਾਨੂੰ ਅਜਿਹਾ ਕਰਨ ਨਹੀਂ ਦੇਣਗੀਆਂ। ਉਨ੍ਹਾਂ ਦਾ ਇਹ ਕਥਨ ਪੰਜਾਬ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ, ਤਾਂ ਸਾਨੂੰ ਹਰ ਗੱਲ ਸਰਕਾਰਾਂ ‘ਤੇ ਨਹੀਂ ਸੁੱਟਣੀ ਚਾਹੀਦੀ। ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਨੂੰ ਚੰਗਾ ਮਾਹੌਲ ਦੇਣਾ ਪਵੇਗਾ। ਆਪ ਸ਼ਰਾਬ ਦਾ ਸੇਵਨ ਨਾ ਕਰੀਏ, ਖੁਸ਼ੀ ਦੇ ਸਾਰੇ ਸਮਾਗਮਾਂ ਵਿਚ ਸ਼ਰਾਬ ਅਤੇ ਲੱਚਰ ਗੀਤ ਗਾਉਣ ਵਾਲਿਆਂ ਦਾ ਬਾਈਕਾਟ ਕੀਤਾ ਜਾਵੇ। ਸ਼ਰਾਬ ‘ਤੇ ਖਰਚਿਆ ਜਾਣ ਵਾਲਾ ਪੈਸਾ ਬੱਚਿਆਂ ਦੀ ਵਿੱਦਿਆ ‘ਤੇ ਖਰਚ ਕੀਤਾ ਜਾਵੇ। ਨਸ਼ਿਆਂ ਦੇ ਨੁਕਸਾਨਾਂ ਬਾਰੇ ਉਨ੍ਹਾਂ ਨੂੰ ਬਚਪਨ ਤੋਂ ਹੀ ਦੱਸਿਆ ਜਾਵੇ। ਮਨੁੱਖ ਆਪਣੇ ਆਲੇ-ਦੁਆਲੇ ਤੋਂ ਸਿੱਖਦਾ ਹੈ। ਜਿਹੀ ਸੰਗਤ ਤਿਹੀ ਰੰਗਤ। ਢਾਡੀਆਂ, ਕਵੀਸ਼ਰਾਂ ਤੇ ਚੰਗੇ ਕਥਾਵਾਚਕਾਂ ਨੂੰ ਸੱਦਿਆ ਜਾਵੇ, ਤਾਂ ਕਿ ਬੱਚੇ ਆਪਣੇ ਅਮੀਰ ਸਿੱਖ ਵਿਰਸੇ ਤੋਂ ਮੁੱਢ ਤੋਂ ਹੀ ਜਾਣੂ ਹੋ ਕੇ ਆਪਣਾ ਜੀਵਨ ਸੁਧਾਰ ਸਕਣ। ਅੱਜ ਸਾਨੂੰ ਅਲਮਾਰੀਆਂ ਵਿਚ ਕਿਤਾਬਾਂ ਰੱਖਣੀਆਂ ਚਾਹੀਦੀਆਂ ਹਨ, ਸ਼ਰਾਬ ਦੀਆਂ ਬੋਤਲਾਂ ਨਹੀਂ। ਚੰਗੇ ਸਾਹਿਤ ਦੀਆਂ ਕਿਤਾਬਾਂ ਸਾਡੀ ਜਵਾਨੀ ਨੂੰ ਸੇਧ ਦੇਣਗੀਆਂ। ਸ਼ਰਾਬ ਦੀਆਂ ਬੋਤਲਾਂ ਬਾਰੇ ਕਿਸੇ ਸ਼ਾਇਰ ਨੇ ਲਿਖਿਆ ਹੈ,
ਗਲਾਸੋਂ ਮੇਂ ਜੋ ਡੂਬੇ,
ਫਿਰ ਨਾ ਉਭਰੇ ਜ਼ਿੰਦਗਾਨੀ ਮੇਂ।
ਹਜ਼ਾਰੋਂ ਬਹਿ ਗਏ,
ਇਨ ਬੋਤਲੋਂ ਕੇ ਬੰਦ ਪਾਨੀ ਮੇਂ।

Be the first to comment

Leave a Reply

Your email address will not be published.