ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ

ਗੁਰਦੁਆਰਾ ਜਨਮ ਸਥਾਨ ਤੋਂ ਅੱਧੇ-ਪੌਣੇ ਕਿਲੋਮੀਟਰ ਦੀ ਵਿੱਥ ‘ਤੇ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ‘ਤੇ ਤੰਬੂ ਦੀ ਤਰ੍ਹਾਂ ਫੈਲਿਆ ਹੋਇਆ ਬੋਹੜ ਦਾ ਵਿਸ਼ਾਲ ਪੁਰਾਣਾ ਰੁੱਖ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਚੂਹੜਕਾਣੇ ਤੋਂ ਸੱਚਾ ਸੌਦਾ ਕਰਨ ਤੋਂ ਬਾਅਦ ਵਾਪਸੀ ਸਮੇਂ ਰੁਕੇ ਸਨ।
ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਨਗਰ ਹੈ ਜਿਥੇ ਜਗਤ ਗੁਰੂ ਬਾਬਾ ਨਾਨਕ ਜੀ, ਨਿਰੰਕਾਰ ਦੇ ਸਾਕਾਰ ਰੂਪ ਵਿਚ ਪਿਤਾ ਮਹਿਤਾ ਕਾਲੂ ਚੰਦ ਬੇਦੀ ਦੇ ਘਰ, ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਵਿਸਾਖ ਸੁਦੀ 3 (20 ਵਿਸਾਖ), ਸੰਮਤ 1526 (ਭਾਈ ਲਾਲੋ ਵਾਲੀ ਸਾਖੀ ਵਿਚ ਜਨਮ ਕੱਤਕ ਸੁਦੀ 15 ਦਾ ਲਿਖਿਆ ਹੈ) ਨੂੰ ਪ੍ਰਗਟ ਹੋਏ। ਇਸ ਕਸਬੇ ਦਾ ਪਹਿਲਾ ਨਾਂ ਰਾਏਪੁਰ ਤੇ ਫਿਰ ਰਾਇ ਭੋਇ ਦੀ ਤਲਵੰਡੀ ਹੋਇਆ। ਉਨ੍ਹਾਂ ਦੇ ਆਗਮਨ ਨਾਲ ਇਸ ਦਾ ਨਾਂ ਉਨ੍ਹਾਂ ਦੇ ਨਾਂ ਤੋਂ ਨਨਕਾਣਾ ਸਾਹਿਬ ਜਗਤ ਪ੍ਰਸਿੱਧ ਹੋਇਆ। ਗੁਰੂ ਸਾਹਿਬ ਵਿਚ ਰੱਬੀ ਨੂਰ ਦੇਖਣ ਵਾਲਾ ਪਹਿਲਾ ਸ਼ਖ਼ਸ ਇਸੇ ਰਾਇ ਭੋਇ ਦੀ ਮੰਡੀ ਦਾ ਚੌਧਰੀ ਰਾਇ ਬੁਲਾਰ ਭੱਟੀ ਸੀ ਜਿਸ ਨੇ ਗੁਰੂ ਨਾਨਕ ਦੀ ਭੈਣ ਬੇਬੇ ਨਾਨਕੀ ਤੋਂ ਬਾਅਦ ਗੁਰੂ ਜੀ ‘ਚੋਂ ਰੱਬੀ ਜੋਤਿ ਨੂੰ ਪਛਾਣਿਆ। ਬਾਬਾ ਜੀ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਗੁਮਾਸ਼ਤੇ ਸਨ ਤੇ ਉਸ ਦੀਆਂ ਜ਼ਮੀਨਾਂ ਦਾ ਪ੍ਰਬੰਧ ਕਰਦੇ ਸਨ।
ਸ੍ਰੀ ਨਨਕਾਣਾ ਸਾਹਿਬ ਦੇ ਮੇਨ ਬਾਜ਼ਾਰ ਵਿਚ ਮੱਥੇ ‘ਤੇ ਗੁਰਦੁਆਰਾ ਜਨਮ ਸਥਾਨ ਸੁਸ਼ੋਭਿਤ ਹੈ। ਗੁਰੂ ਸਾਹਿਬ ਤੋਂ ਬਾਅਦ ਪੰਜਵੀਂ ਪਾਤਸ਼ਾਹੀ ਤੱਕ ਇਹ ਮੁਕੱਦਸ ਸਥਾਨ ਆਮ ਹਾਲਤ ਵਿਚ ਹੀ ਰਿਹਾ। ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਪਾਵਨ ਸਥਾਨ ਦੇ ਦਰਸ਼ਨਾਂ ਨੂੰ ਆਏ ਤਾਂ ਇਸ ਅਸਥਾਨ ਦੀ ਸੇਵਾ ਉਨ੍ਹਾਂ ਆਪਣੇ ਚੇਲੇ ਅਲਮਸਤ ਜੀ ਨੂੰ ਸੌਂਪੀ ਜਿਸ ਦੇ ਬਾਅਦ ਲੰਬਾ ਸਮਾਂ ਇਸ ਸਥਾਨ ਦੀ ਸੇਵਾ-ਸੰਭਾਲ ਉਦਾਸੀ ਸਾਧੂ ਕਰਦੇ ਰਹੇ। ਸਿੱਖ  ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਦਾ ਨਵ-ਨਿਰਮਾਣ ਕਰਵਾ ਕੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ।
ਗੁਰਦੁਆਰਾ ਜਨਮ ਅਸਥਾਨ ਦੇ ਪਾਸ ਹੀ ਇਕ ਗਲੀ ਵਿਚ ਗੁਰਦੁਆਰਾ ਪੱਟੀ ਸਾਹਿਬ ਮੌਜੂਦ ਹੈ। ਇਸ ਸਥਾਨ ‘ਤੇ 1475 ਈਸਵੀ ਵਿਚ ਗੁਰੂ ਜੀ ਨੂੰ ਪੰਡਿਤ ਗੋਪਾਲ ਦਾਸ ਪਾਸ ਹਿੰਦੀ ਪੜ੍ਹਨ ਲਈ 1478 ਈਸਵੀ ਵਿਚ ਪੰਡਿਤ ਬ੍ਰਿਜ ਲਾਲ ਪਾਸ ਸੰਸਕ੍ਰਿਤ ਅਤੇ 1482 ਈਸਵੀ ਵਿਚ ਮੌਲਵੀ ਕੁਤਬਉੱਦੀਨ ਪਾਸ ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ। ਗੁਰੂ ਨਾਨਕ ਦੇਵ ਦੀ ਤੀਖਣ ਬੁੱਧੀ, ਆਤਮਿਕ ਗਿਆਨ ਅਤੇ ਰੌਸ਼ਨ ਦਿਮਾਗ ਦੇ ਸਾਹਮਣੇ ਵਾਰੀ-ਵਾਰੀ ਤਿੰਨਾਂ ਹੀ ਸੰਸਾਰਕ ਉਸਤਾਦਾਂ ਨੇ ਸਿਰ ਨਿਵਾਇਆ। ਗੁਰੂ ਜੀ ਨੇ ਪ੍ਰਚੱਲਿਤ ਵਿੱਦਿਆ ‘ਤੇ ਕਟਾਖ ਕਰਦਿਆਂ ਵਿੱਦਿਆ ਦਾ ਅਸਲ ਸਰੂਪ ਉਜਾਗਰ ਕੀਤਾ। ਉਨ੍ਹਾਂ ਨੇ ਇਨ੍ਹਾਂ ਉਸਤਾਦਾਂ ਦੇ ਸ਼ੰਕੇ ਨਵਿਰਤ ਕਰਨ ਲਈ ਆਸਾ ਰਾਗ ਵਿਚ ਪੱਟੀ ਨਾਂ ਦੀ ਬਾਣੀ ਉਚਾਰਨ ਕੀਤੀ:
ਸਸੈ ਸੋਇ ਸ੍ਰਿਸਟਿ ਜਿਨ ਸਾਜੀ
ਸਭਨਾ ਸਾਹਿਬੁ ਏਕੁ ਭਇਆ॥
ਸੇਵਤ ਰਹੈ ਚਿਤੁ ਜਿਨ ਕਾ ਲਾਗਾ
ਆਇਆ ਤਿਨ ਕਾ ਸਫਲੁ ਭਇਆ॥
ਜਿਸ ਸਥਾਨ ‘ਤੇ ਗੁਰਦੇਵ ਨੂੰ ਪੜ੍ਹਨ ਲਈ ਭੇਜਿਆ ਗਿਆ ਸੀ, ਉਸੇ ਸਥਾਨ ‘ਤੇ ਗੁਰਦੁਆਰਾ ਪੱਟੀ ਸਾਹਿਬ ਸੁਭਾਇਮਾਨ ਹੈ। ਇਸ ਸਥਾਨ ‘ਤੇ ਮੌਲਵੀ ਕੁਤਬੁਉੱਦੀਨ ਪਾਸੋਂ ਫ਼ਾਰਸੀ ਪੜ੍ਹਨ ਕਰ ਕੇ ਇਸ ਸਥਾਨ ਨੂੰ ਗੁਰਦੁਆਰਾ ਮੌਲਵੀ ਪੱਟੀ ਸਾਹਿਬ ਵੀ ਆਖਿਆ ਜਾਂਦਾ ਹੈ।
ਗੁਰਦੁਆਰਾ ਪੱਟੀ ਸਾਹਿਬ ਦੇ ਪਾਸ ਹੀ ਗੁਰਦੁਆਰਾ ਬਾਲ ਲੀਲਾ ਮੌਜੂਦ ਹੈ। ਇਸ ਸਥਾਨ ‘ਤੇ ਗੁਰੂ ਜੀ ਬਾਲ ਉਮਰ ਵਿਚ ਆਪਣੇ ਹਾਣੀਆਂ ਨਾਲ ਖੇਡਿਆ ਕਰਦੇ ਸਨ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਬਾਬਾ ਜੀ ਆਪਣੇ ਦੇਸ਼ ਦੇਸ਼ਾਂਤਰਾਂ ਦੇ ਰਟਨ ਸਮੇਂ ਜਦ ਵੀ ਤਲਵੰਡੀ ਆਉਂਦੇ ਸਨ, ਰਾਇ ਬੁਲਾਰ ਜੀ ਉਨ੍ਹਾਂ ਦੀ ਟਹਿਲ ਸੇਵਾ ਕਰਦੇ ਸਨ। ਇਕ ਵਾਰ ਆਪ ਤਲਵੰਡੀ ਆਏ ਤਾਂ ਆਪ ਨੇ ਪਾਣੀ ਦੀ ਘਾਟ ਦਾ ਵਰਣਨ ਕੀਤਾ। ਰਾਇ ਜੀ ਨੇ ਉਸੇ ਸਮੇਂ ਨਾਨਕਸਰ ਨਾਂ ਦਾ ਸਰੋਵਰ ਬਣਵਾ ਦਿੱਤਾ। ਇਹ ਸਰੋਵਰ ਅੱਜ ਵੀ ਗੁਰਦੁਆਰਾ ਬਾਲ ਲੀਲਾ ਦੇ ਬਿਲਕੁਲ ਨਾਲ ਵਿਦਮਾਨ ਹੈ।
ਗੁਰਦੁਆਰਾ ਜਨਮ ਸਥਾਨ ਤੋਂ ਅੱਧੇ-ਪੌਣੇ ਕਿਲੋਮੀਟਰ ਦੀ ਵਿੱਥ ‘ਤੇ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ‘ਤੇ ਤੰਬੂ ਦੀ ਤਰ੍ਹਾਂ ਫੈਲਿਆ ਹੋਇਆ ਬੋਹੜ ਦਾ ਵਿਸ਼ਾਲ ਪੁਰਾਣਾ ਰੁੱਖ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਚੂਹੜਕਾਣੇ ਤੋਂ ਸੱਚਾ ਸੌਦਾ ਕਰਨ ਤੋਂ ਬਾਅਦ ਵਾਪਸੀ ਸਮੇਂ ਰੁਕੇ ਸਨ। ਗੁਰਦੁਆਰਾ ਤੰਬੂ ਸਾਹਿਬ ਦੇ ਪਾਸ ਹੀ ਉਹ ਸਥਾਨ ਹੈ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੂਹ ਪ੍ਰਾਪਤ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਪਧਾਰੇ ਸਨ। ਗੁਰੂ ਜੀ ਇਸ ਜਗ੍ਹਾ ‘ਤੇ ਤਿੰਨ ਦਿਨ ਠਹਿਰੇ। ਬਾਅਦ ਵਿਚ ਇਥੇ ਯਾਦਗਾਰੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਣਾਇਆ ਗਿਆ। ਦੱਸਿਆ ਜਾਂਦਾ ਹੈ ਕਿ ਇਥੇ ਪੰਚਮ ਪਾਤਸ਼ਾਹ ਸ੍ਰ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰਦੁਆਰਾ ਪੰਜਵੀਂ ਪਾਤਸ਼ਾਹੀ ਦੀ ਇਮਾਰਤ ਸੁਰੱਖਿਅਤ ਹੈ। ਗੁਰਦੁਆਰਾ ਜਨਮ ਅਸਥਾਨ ਮੇਨ ਬਾਜ਼ਾਰ ਨਾਲ ਲੱਗਦੀ ਇਕ ਗਲੀ ਵਿਚ ਗੁਰਦੁਆਰਾ ਮਾਲ ਜੀ ਸਾਹਿਬ ਵੀ ਆਪਣੀ ਸ਼ਾਨ ਨੂੰ ਬਰਕਰਾਰ ਰੱਖ ਰਿਹਾ ਹੈ। ਨਨਕਾਣਾ ਸਾਹਿਬ ‘ਚ ਗੁਰਦੁਆਰਾ ਕਿਆਰਾ ਸਾਹਿਬ ਵੀ ਹੈ। ਦੱਸਦੇ ਹਨ ਕਿ ਹਿੰਦੂ-ਮੁਸਲਮਾਨਾਂ ਵਿਚ ਗੁਰੂ ਜੀ ਦਾ ਮਾਣ-ਸਤਿਕਾਰ ਦਿਨ-ਬਦਿਨ ਵਧਦਾ ਗਿਆ।

Be the first to comment

Leave a Reply

Your email address will not be published.