ਅਕਾਲ ਤਖਤ ਅਤੇ ਜਥੇਦਾਰਾਂ ਦੀ ਪ੍ਰਸੰਗਿਕਤਾ

ਡਾæ ਬਲਕਾਰ ਸਿੰਘ ਦਾ ‘ਅਕਾਲ ਤਖਤ ਸਾਹਿਬ ਦੀਆਂ ਪ੍ਰਬੰਧਕੀ ਵੰਗਾਰਾਂ ਦਾ ਪੰਥਕ ਪ੍ਰਸੰਗ’ (9 ਅਗਸਤ, ਅੰਕ 32) ਲੇਖ ਪੜ੍ਹ ਕੇ ਕਈ ਪ੍ਰਤੱਖ ਸ਼ੰਕੇ ਉਤਪੰਨ ਹੋਏ ਹਨ ਜੋ ਮੈਂ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ:
1æ ਡਾæ ਬਲਕਾਰ ਸਿੰਘ ਲਿਖਦੇ ਹਨ, “æææ ਪਰ ਇਹ ਸਾਰੀਆਂ ਛੋਟਾਂ ਹਨ ਅਤੇ ਇਨ੍ਹਾਂ ਨੂੰ ਜਥੇਦਾਰੀ ਨਾਲ ਜੁੜੀ ਹੋਈ ਪ੍ਰਭੂ-ਸੱਤਾ ਦਾ ਹਿੱਸਾ ਬਣਾਏ ਜਾਣ ਦੀ ਲੋੜ ਹੈ।” 1947 ਮਗਰੋਂ ਭਾਰਤ ਵਿਚ ਪ੍ਰਭੂ-ਸੱਤਾ ਭਾਰਤ ਦੇ ਸੰਵਿਧਾਨ ਵਿਚ ਆ ਟਿੱਕੀ ਸੀ। ਪ੍ਰਭੂ-ਸੱਤਾ ਅਖੰਡ ਹੁੰਦੀ ਹੈ, ਇਸ ਨੂੰ ਵੰਡਿਆ ਨਹੀਂ ਜਾ ਸਕਦਾ। ਫਿਰ ਭਾਰਤ ਵਿਚ ਸਥਿਤ ਅਕਾਲ ਤਖਤ ਦੀ ਜਥੇਦਾਰੀ ਨਾਲ ਕਿਹੜੀ ਪ੍ਰਭੂ-ਸੱਤਾ ਜੁੜੀ ਹੋਣ ਬਾਰੇ ਪ੍ਰੋਫੈਸਰ ਸਾਹਿਬ ਲਿਖ ਰਹੇ ਹਨ?
2æ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਅਭਿਵਿਅਕਤ ਕਰਨ ਦਾ ਕਰਤੱਵ ਬਾਖੂਬੀ ਨਿਭਾਉਂਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਅਤੇ ਵੱਡੇ ਗੁਰਦੁਆਰਿਆ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਅਕਾਲੀ ਦਲਾਂ ਵਜੋਂ ਜਾਣੀਆਂ ਜਾਂਦੀਆਂ ਸਿਆਸੀ ਪਾਰਟੀਆਂ ਸਿੱਖ ਧਰਮ ਦੇ ਅਨੁਯਾਈਆਂ ਦੀਆਂ ਸਿਆਸੀ, ਸਮਾਜਕ ਅਤੇ ਸਭਿਆਚਾਰਕ ਸਮਸਿਆਵਾਂ ਦਾ ਉਪਾਅ ਕਰਨ ਲਈ ਯਤਨਸ਼ੀਲ ਹਨ। ਐਸੇ ਹਾਲਾਤ ਵਿਚ ਅਕਾਲ ਤਖਤ ਸਾਹਿਬ ਦੇ ਕਰਨ ਲਈ ਕੋਈ ਮਹੱਤਵਪੂਰਨ ਧਾਰਮਿਕ ਕਰਤੱਵ ਨਜ਼ਰ ਨਹੀਂ ਆਉਂਦਾ।
3æ ਡਾæ ਬਲਕਾਰ ਸਿੰਘ ਨੇ ਆਪਣੇ ਲੇਖ ਵਿਚ ਸਿੱਖ ਪਰੰਪਰਾ ਅਤੇ ਇਤਿਹਾਸ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਬਾਰੇ ਇਕ ਤੱਥ ਸਾਂਝਾ ਕਰਨਾ ਢੁੱਕਵਾਂ ਹੋਵੇਗਾ। ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਉਨ੍ਹਾਂ ਵਲੋਂ ਰਚਿਤ ਪ੍ਰਮਾਣਕ ਹਵਾਲਾ ਪੁਸਤਕ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਅਕਾਲ ਤਖਤ ਦੇ ਇੰਦਰਾਜ ਵਿਚ ਲਿਖਿਆ ਹੈ, (ਦੇਖੋ ਅਕਾਲਬੁੰਗਾ)। ਅਕਾਲਬੁੰਗਾ ਦੀ ਵਿਆਖਿਆ ਵਿਚ ਲਿਖਿਆ ਹੈ ਕਿ “ਅਕਾਲਬੁੰਗਾ ਪੰਥਕ ਜਥੇਬੰਦੀ ਦਾ ਕੇਂਦਰ ਹੈ।” ਇਸ ਦਾ ਅਰਥ ਇਹ ਹੋਇਆ ਕਿ ਭਾਈ ਸਾਹਿਬ ਦੇ ਸਮੇਂ ਤੱਕ ਅਕਾਲ ਤਖਤ ਦਾ ਨਾਂ ਅਕਾਲਬੁੰਗਾ ਹੀ ਪ੍ਰਚਲਿਤ ਸੀ। ਸ਼ਾਇਦ ਅਕਾਲਬੁੰਗੇ ਦਾ ਨਾਂ ਅੰਗਰੇਜ਼ਪ੍ਰਸਤ ਸਿੱਖ ਵਿਦਵਾਨਾਂ ਅਤੇ ਸਿੱਖ ਗੁਰਦੁਆਰਾ ਐਕਟ, 1925 ਨੇ ਅਕਾਲ ਤਖਤ ਪ੍ਰਚਲਿਤ ਕੀਤਾ ਹੈ। ਅਕਾਲ ਤਖਤ ਬਾਰੇ ਬਹੁਤਾ ਇਤਿਹਾਸ ਅਤੇ ਮਿਥਿਹਾਸ ਵੀ 1925 ਮਗਰੋਂ ਹੀ ਰਚਿਆ ਗਿਆ ਹੈ।
4æ ਡਾæ ਇਕਬਾਲ ਸਿੰਘ ਢਿੱਲੋਂ ਨੇ ਅਕਾਲ ਤਖਤ ਬਾਰੇ ਸਾਲ ਕੁ ਪਹਿਲੋਂ ਇਕ ਪੁਸਤਕ ਪ੍ਰਕਾਸ਼ਤ ਕੀਤੀ ਹੈ। ਆਸ ਸੀ ਕਿ ਡਾæ ਬਲਕਾਰ ਸਿੰਘ ਇਸ ਬਾਰੇ ਜ਼ਰੂਰ ਕੋਈ ਟਿੱਪਣੀ ਕਰਨਗੇ।
5æ ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਜਥੇਦਾਰ ਪੁਜਾਰੀ ਵਰਗ ਅਤੇ ਸਿਆਸਤਦਾਨਾਂ ਵਿਚੋਂ ਚੁਣੇ ਜਾਂਦੇ ਹਨ। ਜਥੇਦਾਰਾਂ ਦੀ ਜਾਣਕਾਰੀ, ਅਨੁਭਵ ਅਤੇ ਯੋਗਤਾਵਾਂ ਭਾਵੇਂ ਇਕੀਵੀਂ ਸ਼ਤਾਬਦੀ ਦੀ ਸੋਚ ਦੀਆਂ ਹਾਣੀ ਨਹੀਂ ਹੁੰਦੀਆਂ, ਫਿਰ ਵੀ ਉਹ ਸਾਰੇ ਸਿੱਖ ਜਗਤ ਵਿਚ ਸੁਪਰੀਮ ਹੋਣ ਅਤੇ ਸਿੱਖਾਂ ਦੇ ਆਗੂ ਹੋਣ ਦਾ ਦਾਅਵਾ ਕਰੀ ਜਾਂਦੇ ਹਨ।
6æ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵੋਟਰਾਂ ਵਲੋਂ ਚੁਣੀ ਇਕ ਲੋਕਤੰਤਰੀ ਸੰਸਥਾ ਹੈ ਪਰ ਇਸ ਦਾ ਵਿਹਾਰ ਤਾਨਾਸ਼ਾਹੀ ਸੰਸਥਾ ਵਾਲਾ ਹੈ। ਇਸ ਦੇ ਬਜਟ ਬਾਰੇ ਮੈਂਬਰਾਂ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਅਤੇ ਇਸ ਦੀਆਂ ਇਕੱਤਰਤਾਵਾਂ ਵਿਚ ਮੈਂਬਰਾਂ ਨੂੰ ਬੋਲਣ ਦੀ ਖੁੱਲ੍ਹ ਨਹੀਂ ਹੁੰਦੀ। ਇਹ ਭਾਵੇਂ ਸਾਧਾਰਨ ਪ੍ਰਬੰਧਕ ਸੰਸਥਾ ਹੈ ਪਰ ਇਸ ਨੇ ਵਿਸ਼ੇਸ਼ ਧਾਰਮਿਕ ਸੰਸਥਾ ਹੋਣ ਦਾ ਪ੍ਰਚਾਰ ਕਰ ਕੇ ਲੋਕਾਂ ਵਿਚ ਇਹ ਭਰਮ ਪਾ ਰੱਖਿਆ ਹੈ ਕਿ ਇਸ ਦੇ ਕਿਸੇ ਕੰਮ ਬਾਰੇ ਕਿੰਤੂ ਕਰਨਾ ਗੁਰੂ ਦੇ ਹੁਕਮ ਦੀ ਅਵੱਗਿਆ ਤੁਲ ਹੈ। ਅਕਾਲ ਤਖਤ ਦੇ ਹਊਏ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਤਾਨਾਸ਼ਾਹ ਸੰਸਥਾ ਬਣਨ ਵਿਚ ਸਹਾਇਤਾ ਦਿੱਤੀ ਹੈ।
7æ ਅਜੋਕੇ ਸਿੱਖ ਵਿਦਵਾਨ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਬਾਰੇ ਖੁੱਲ੍ਹ ਕੇ ਸੱਚ ਲਿਖਣ ਤੋਂ ਘਬਰਾਉਂਦੇ ਹਨ। ਉਨ੍ਹਾਂ ਨੂੰ ਫਿਕਰ ਹੁੰਦਾ ਹੈ ਕਿ ਉਨ੍ਹਾਂ ਦੀਆਂ ਖੁੱਲ੍ਹੀਆਂ ਵਿਚਾਰਾਂ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਰਾਜ਼ ਨਾ ਹੋ ਜਾਣ। ਯੂਨੀਵਰਸਿਟੀਆਂ ਵਿਚ ਵੀ ਵਿਦਵਾਨਾਂ ਨੂੰ ਅਕਾਲ ਤਖਤ ਦਾ ਡਰ ਰਹਿੰਦਾ ਹੈ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਹਜ਼ਾਰਾਂ ਰੁਪਈਏ ਖਰਚ ਕਰ ਕੇ ਛਪਵਾਈਆਂ ਕਈ ਪੁਸਤਕਾਂ ਨੂੰ ਪ੍ਰਕਾਸ਼ਨ ਲਈ ਰਿਲੀਜ਼ ਨਹੀਂ ਕੀਤਾ ਹੈ। ਕਈ ਵਿਦਵਾਨ ਅਜਿਹੇ ਡਰਾਉਣੇ ਮਾਹੌਲ ਕਾਰਨ ਮਾਨਸਿਕ ਤਣਾਓ ਦਾ ਸ਼ਿਕਾਰ ਹੋਏ ਵੀ ਦੱਸੇ ਜਾਂਦੇ ਹਨ।
8æ ਸਿੱਖ ਵਿਦਵਾਨ ਅਤੇ ਚਿੰਤਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਆਤਮਕ ਉਪਦੇਸ਼ ਨੂੰ ਵਿਕਸਤ ਅਤੇ ਆਧੁਨਿਕ ਸੰਸਾਰ ਲਈ ਢੁੱਕਵਾਂ ਪ੍ਰਚਾਰਦੇ ਹਨ, ਪਰ ਜਥੇਦਾਰੀ ਪ੍ਰਣਾਲੀ ਮੱਧਕਾਲੀਨੀ ਸਨਾਤਨੀ ਵਿਚਾਰਧਾਰਾ ਅਤੇ ਕਰਮ-ਕਾਂਡੀ ਰਹਿਤ ਦੀ ਪਰੰਪਰਾ ਦੀ ਸਮਰਥਕ ਹੈ। ਸਿੱਖ ਚਿੰਤਕਾਂ ਅਤੇ ਜਥੇਦਾਰਾਂ ਦੇ ਵਿਚਾਰਾਂ ਵਿਚ ਜੋ ਅੰਤਰ ਹੈ, ਉਸ ਨੇ ਗੁਰਬਾਣੀ ਸੰਚਾਰ ਦੀ ਪ੍ਰਮਾਣਕਤਾ ‘ਤੇ ਪ੍ਰਸ਼ਨ ਚਿੰਨ੍ਹ ਲਾ ਰੱਖਿਆ ਹੈ।
-ਹਾਕਮ ਸਿੰਘ, ਸੈਕਰਾਮੈਂਟੋ
ਫੋਨ: 916-682-3317

Be the first to comment

Leave a Reply

Your email address will not be published.