ਗੁਲਜ਼ਾਰ ਸਿੰਘ ਸੰਧੂ
ਮੀਡੀਆ ਅਨੁਸਾਰ ਪੰਜਾਬ ਸਰਕਾਰ ਨੇ ਤਿੰਨ ਅਫਸਰਾਂ-ਵਿਕਾਸ ਗਰਗ, ਕੇæਐਸ਼ ਸਿੱਧੂ ਅਤੇ ਹਰਕੇਸ਼ ਸਿੰਘ ਸਿੱਧੂ ਵੱਲੋਂ ਰੈਡ ਕਰਾਸ ਦੇ ਫੰਡਾਂ ਨਾਲ ਬਹੁਤ ਮਹਿੰਗੀਆਂ ਕਾਰਾਂ ਅਤੇ ਮੋਬਾਈਲ ਖਰੀਦ ਕੇ ਉਨ੍ਹਾਂ ਦੀ ਦੁਰਵਰਤੋਂ ਕੀਤੇ ਜਾਣ ਕਾਰਨ ਉਨ੍ਹਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਤਿੰਨੇ ਅਫਸਰ ਭਾਰਤੀ ਅਨੁਸ਼ਾਸਨ ਸੇਵਾ ਦੇ ਅਧਿਕਾਰੀ ਰਹੇ ਹਨ। ਦੋਵੇਂ ਸਿੱਧੂ ਸੇਵਾ ਮੁਕਤ ਹੋ ਚੁੱਕੇ ਹਨ।
ਮੈਂ ਪਿਛਲੀ ਸਦੀ ਦੇ 80ਵਿਆਂ ਵਿਚ ਪੰਜਾਬ ਰੈਡ ਕਰਾਸ ਦਾ ਦੋ ਕੁ ਸਾਲ ਸਕੱਤਰ ਰਿਹਾ ਹਾਂ। ਮੈਨੂੰ ਅਜਿਹੀ ਹੇਰਾ-ਫੇਰੀ ਦਾ ਮੋਟਾ ਜਿਹਾ ਗਿਆਨ ਹੈ। ਮੇਰੇ ਤੋਂ ਪਹਿਲਾਂ ਲੰਮਾ ਸਮਾਂ ਸਕੱਤਰ ਰਹਿਣ ਵਾਲੇ ਇੱਕ ਪੰਜਾਬੀ ਦੇ ਸੇਵਾ ਕਾਲ ਵਿਚ ਕੁਝ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਤਹਿਸੀਲਦਾਰ ਮਕਾਨ ਤੇ ਜ਼ਮੀਨਾਂ ਖਰੀਦਣ ਵਾਲਿਆਂ ਨੂੰ ਰੈਡ ਕਰਾਸ ਦੀਆਂ ਬੇਅੰਤ ਟਿਕਟਾਂ ਖਰੀਦਣ ਲਈ ਮਜਬੂਰ ਕਰਦੇ ਸਨ। ਉਹ ਆਪਣੇ ਟੈਲੀਫੋਨਾਂ, ਮੋਬਾਈਲਾਂ, ਘਰਾਂ ਵਿਚ ਲੱਗੇ ਏਅਰ ਕੰਡੀਸ਼ਨਰਾਂ ਤੇ ਮਹਿੰਗੀਆਂ ਮੋਟਰ ਗੱਡੀਆਂ ਦਾ ਖਰਚਾ ਇਸ ਤਰ੍ਹਾਂ ਇਕੱਠੇ ਕੀਤੇ ਫੰਡਾਂ ਵਿਚ ਆਮ ਹੀ ਦਿਖਾਉਂਦੇ ਸਨ। ਕਿਉਂਕਿ ਆਲ ਇੰਡੀਆ ਰੈਡ ਕਰਾਸ ਨਵੀਂ ਦਿੱਲੀ ਦਾ ਸਮੁੱਚਾ ਖਰਚਾ ਵੀ ਰਾਜ ਤੇ ਜ਼ਿਲਾ ਪੱਧਰ ਉਤੇ ਇਕਤ੍ਰਿਤ ਹੋਈ ਰਾਸ਼ੀ ਦੀ ਨਿਸ਼ਚਿਤ ਪ੍ਰਤੀਸ਼ਤ ਨਾਲ ਚਲਦਾ ਸੀ। ਉਹ ਆਪਣੇ ਸਾਲਾਨਾ ਸਮਾਗਮ ਸਮੇਂ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਸਨਮਾਨਤ ਕਰਵਾਉਂਦੇ ਸਨ। ਚੇਤੇ ਰਹੇ, ਜ਼ਿਲ੍ਹਾ ਪੱਧਰ ‘ਤੇ ਰੈਡ ਕਰਾਸ ਦਾ ਪ੍ਰਧਾਨ ਡਿਪਟੀ ਕਮਿਸ਼ਨਰ ਹੁੰਦਾ ਹੈ, ਰਾਜ ਪੱਧਰ ‘ਤੇ ਰਾਜਪਾਲ ਅਤੇ ਕੇਂਦਰ ਵਿਚ ਰਾਸ਼ਟਰਪਤੀ। ਪੰਜਾਬ ਰੈਡ ਕਰਾਸ ਦੇ ਇੱਕ ਲੇਖਾਕਾਰ ਨੇ ਇਸ ਤਰ੍ਹਾਂ ਇਕੱਤਰ ਹੋਏ ਲੱਖਾਂ ਰੁਪਏ ਸੂਦ ਉਤੇ ਦੇ ਛਡੇ ਸਨ ਤੇ ਕਾਗਜ਼ਾਂ ਵਿਚ ਇਹ ਪੈਸੇ ਗੱਲੇ ਵਿਚ ਪਏ ਦਰਸਾਉਂਦਾ ਰਿਹਾ ਸੀ।
ਇਸ ਤਰ੍ਹਾਂ ਦੀ ਧਾਂਦਲੇਬਾਜ਼ੀ ਏਨੀ ਮਸ਼ਹੂਰ ਸੀ ਕਿ ਸਕੱਤਰ ਲਗਣ ਤੋਂ ਪਿੱਛੋਂ ਮੈਂ ਲੁਧਿਆਣਾ ਦੇ ਇੱਕ ਵੱਡੇ ਜ਼ਿੰਮੀਦਾਰ ਦੋਸਤ ਨੂੰ ਮਿਲਣ ਗਿਆ ਤਾਂ ਉਸ ਦੀ ਪਤਨੀ ਤੋਂ ਆਪਣੇ ਬਾਰੇ ਇਹ ਸ਼ਬਦ ਸੁਣ ਕੇ ਹੈਰਾਨ ਰਹਿ ਗਿਆ, “ਭਾਅ ਜੀ ਤਾਂ ਬੜੇ ਈਮਾਨਦਾਰ ਮੰਨੇ ਜਾਂਦੇ ਸਨ ਇਨ੍ਹਾਂ ਨੇ ਏਨੀ ਵੱਡੀ ਬੇਈਮਾਨੀ ਵਾਲੀ ਨੌਕਰੀ ਕਿਉਂ ਕਰ ਲਈ।” ਫੇਰ ਜਦੋਂ ਮੈਂ ਪੰਜਾਬ ਰੈਡ ਕਰਾਸ ਦੇ ਫੰਡਾਂ ਦੀ ਦੁਰਵਰਤੋਂ ਬੰਦ ਕਰਨ ਲਈ ਕੁਝ ਕਦਮ ਚੁੱਕੇ ਤਾਂ ਉਸ ਦਫਤਰ ਦਾ ਸਾਰਾ ਅਮਲਾ ਮੇਰੀ ਕਾਰਜ ਸ਼ੈਲੀ ਵਿਰੁਧ ਕਾਲੇ ਬਿੱਲੇ ਲਾ ਕੇ ਧਰਨੇ ਉਤੇ ਬਹਿ ਗਿਆ ਤੇ ਮੈਨੂੰ ਉਹ ਨੌਕਰੀ ਛੱਡਣੀ ਪੈ ਗਈ। ਮੈਂ ਇਹ ਵੀ ਦੱਸ ਦਿਆਂ ਕਿ ਪੰਜਾਬ ਰਾਜਪਾਲ, ਐਸ ਐਸ ਰੇਅ ਮੈਨੂੰ ਪੱਤਰਕਾਰ ਵੱਜੋਂ ਜਾਣਦਾ ਹੋਣ ਕਾਰਨ ਮੈਂ ਰੈਡ ਕਰਾਸ ਦੀ ਸਕੱਤਰੀ ਲਈ ਕਿਸੇ ਹੋਰ ਦੀ ਸਿਫਾਰਸ਼ ਕਰਨ ਗਿਆ ਸਾਂ ਕਿ ਮੇਰੇ ਮੂੰਹੋਂ ਸਕੱਤਰ ਰੈਡ ਕਰਾਸ ਦੀ ਖਾਲੀ ਆਸਾਮੀ ਦਾ ਜ਼ਿਕਰ ਸੁਣਦੇ ਹੀ ਉਸ ਨੇ ਮੇਰੇ ਲਈ ਆਨੈਸਟ, ਅਪਰਾਈਟ ਸਟੈਡਫਾਸਟ ਤੇ ਗੁੱਡ ਮੈਨ (ਈਮਾਨਦਾਰ, ਸਿੱਧਾ, ਦ੍ਰਿੜ ਤੇ ਵਧੀਆ) ਸ਼ਬਦਾਂ ਦੀ ਵਰਤੋਂ ਕਰਦਿਆਂ ਮੈਨੂੰ ਹੀ ਸਕੱਤਰ ਲਾਏ ਜਾਣ ਦੇ ਆਦੇਸ਼ ਦੇ ਦਿੱਤੇ ਸਨ। ਉਸ ਨੂੰ ਆਉਣ ਵਾਲਾ ਸਕੱਤਰ ਇਨ੍ਹਾਂ ਗੁਣਾਂ ਵਾਲਾ ਕਿਉਂ ਚਾਹੀਦਾ ਸੀ, ਮੈਨੂੰ ਬਾਅਦ ਵਿਚ ਪਤਾ ਲੱਗਿਆ। ਮੈਂ ਰੈਡ ਕਰਾਸ ਦੇ ਫੰਡਾਂ ਦੀ ਦੁਰਵਰਤੋਂ ਦੀਆਂ ਗੱਲਾਂ ਉਦੋਂ ਤੋਂ ਹੀ ਸੁਣਦਾ ਆ ਰਿਹਾ ਹਾਂ। ਤੇ ਇਹ ਵੀ ਕਿ ਅਜਿਹੀ ਦੁਰਵਰਤੋਂ ਕਾਰਨ ਕਿਸੇ ਨੂੰ ਕਦੀ ਕੋਈ ਸਜ਼ਾ ਨਹੀਂ ਹੋਈ।
ਜੱਗ ਚਲੋ ਚਲੀ ਦਾ ਮੇਲਾ: ਮੈਂ ਉਮਰ ਦੇ ਉਸ ਪੜਾਅ ਉਤੇ ਹਾਂ ਜਿਥੋਂ ਲੋਕੀ ਤੁਰ ਜਾਂਦੇ ਹਨ। ਮੇਰੀ ਉਪਜਾਊ ਜ਼ਿੰਦਗੀ ਦਾ ਬਹੁਤਾ ਹਿੱਸਾ ਦਿੱਲੀ ਵਿਚ ਬੀਤਣ ਕਾਰਨ ਮੇਰੇ ਸਭ ਤੋਂ ਵੱਧ ਸਾਥੀ ਉਥੇ ਹੀ ਬਣੇ। ਸਾਹਿਤਕਾਰ ਤੇ ਪੱਤਰਕਾਰੀ ਦੇ ਮਹਾਰਥੀ। ਤਾਰਾ ਸਿੰਘ, ਈਸ਼ਵਰ ਚਿੱਤਰਕਾਰ, ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ, ਖੁਸ਼ਵੰਤ ਸਿੰਘ ਤੇ ਮਹਿੰਦਰ ਸਿੰਘ ਰੰਧਾਵਾ ਸਮੇਤ। ਮੇਰੇ ਨੌਕਰੀ ਕਾਲ ਦੇ ਰਾਜ ਗਿੱਲ, ਲਾਲ ਕਰਮਚੰਦਾਨੀ, ਡੀ ਮੁਥੂਸਵਾਮੀ, ਦੇਸ ਰਾਜ ਗੋਇਲ, ਟੀ ਆਰ ਰਾਓ, ਰੋਸ਼ਨ ਲਾਲ ਖਿੱਪਲ ਤੇ ਕੁਲਵੰਤ ਸਿੰਘ ਵਿਰਕ ਵੀ। ਇੱਕ ਇੱਕ ਕਰਕੇ ਸਭ ਤੁਰ ਗਏ ਹਨ। ਇਸ ਵਰ੍ਹੇ ਅਲਵਿਦਾ ਕਹਿਣ ਵਾਲਿਆਂ ਵਿਚ ਸੈਕੂਲਰ ਡੈਮੋਕਰੇਸੀ ਵਾਲਾ ਦੇਸ ਰਾਜ ਗੋਇਲ ਤੇ ਰੋਸ਼ਨ ਲਾਲ ਖਿੱਪਲ ਤੋਂ ਬਿਨਾ ਬਹੁ ਰੰਗੀ ਸ਼ਖਸੀਅਤ ਖੁਸ਼ਵੰਤ ਸਿੰਘ ਵੀ ਹੈ। ਰੋਸ਼ਨ ਲਾਲ ਖਿੱਪਲ ਦੀ ਖਬਰ ਹੁਣੇ ਹੁਣੇ ਸ਼ਿਕਾਗੋ ਤੋਂ ਉਘੀ ਸਮਾਜ ਸੇਵਿਕਾ ਤੇ ਰੋਸ਼ਨ ਦੀ ਪਤਨੀ ਕਾਂਤਾ ਖਿੱਪਲ ਨੇ ਦਿੱਤੀ ਹੈ। ਐਨ ਉਸ ਵਲੇ ਜਦੋਂ ਮੈਂ ਖੁਸ਼ਵੰਤ ਸਿੰਘ ਦੇ ਅਸਲੀ ਜਨਮ ਦਿਨ ਬਾਰੇ ਸੋਚ ਰਿਹਾ ਸਾਂ, ਜਿਹੜਾ ਉਸ ਦੇ ਲਿਖਣ ਅਨੁਸਾਰ 15 ਅਗਸਤ 1915 ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਸ ਦੀ ਜੀਵਨ ਸਾਥਣ ਗੁਰਸ਼ਰਨ ਕੌਰ ਵੀ ਏਸ ਦਿਨ ਖੁਸ਼ਵੰਤ ਦੇ ਘਰ ਜ਼ਰੂਰ ਜਾਂਦੇ ਰਹੇ ਹਨ।
ਰੋਸ਼ਨ ਖਿੱਪਲ ਵੀ ਸਾਡੇ ਰਚਨਾ ਭਾਈਚਾਰੇ ਵਿਚੋਂ ਸੀ। ਬਠਿੰਡਾ ਦਾ ਜੰਮਪਲ ਤੇ ਗਾਰਗੀ ਦਾ ਅਜ਼ੀਜ਼। ਮੇਰੀ ਪਤਨੀ ਸੁਰਜੀਤ ਕੌਰ ਦੀ ਰਹਿ ਚੁੱਕੀ ਕੁਲੀਗ ਕਾਂਤਾ ਖਿੱਪਲ ਦੇ ਘਰ ਵਾਲਾ ਸੇਵਾ ਮੁਕਤੀ ਤੋਂ ਪਿੱਛੋਂ ਸ਼ਿਕਾਗੋ ਜਾ ਵਸਿਆ ਸੀ। ਦਿੱਲੀ ਹੁੰਦਿਆਂ ਉਹ ਦੋਵੇਂ ਮਾਲਵੀਆ ਨਗਰ ਰਹਿੰਦੇ ਸਨ। ਸਾਡੇ ਵਾਲੇ ਪਾਸੇ। ਅਸੀਂ ਰੋਸ਼ਨ ਤੇ ਕਾਂਤਾ ਦੀ ਜੋੜੀ ਨੂੰ ਬਹੁਤ ਹੀ ਮਿਲਣਸਾਰ ਤੇ ਪੁਰ ਖਲੂਸ ਕਹਿੰਦੇ ਸਾਂ। ਇਹ ਵੀ ਕਿ ਜਦੋਂ ਕਦੀ ਵੀ ਅਸੀਂ ਅਮਰੀਕਾ ਗਏ ਉਨ੍ਹਾਂ ਨੂੰ ਮਿਲੇ ਬਿਨਾਂ ਨਹੀਂ ਆਏ। ਇਕੱਠੇ ਗਏ ਤਾਂ ਵੀ ਤੇ ਇਕੱਲੇ ਇਕੱਲੇ ਗਏ ਤਾਂ ਵੀ।
ਅੰਤਿਕਾ: (ਸੁਖਚਰਨ ਸਿੰਘ ਸਿੱਧੂ)
ਕੁਦਰਤ ‘ਚ ਕਾਦਰ ਦਿਸਦੈ ਇਹ ਪਰਖ ਦੇਖ ਤੂੰ,
ਹੈ ਸਭ ਕੁਝ ਹੀ ਕੁਦਰਤ ਆਪਾ ਨਿਸਾਰ ਕਰ,
ਜੋ ਦਿਸਦਾ ਹੈ ਸਾਹਵੇਂ ਇਹ ਵੀ ਹੈ ਰੂਪ ਉਸ ਦਾ,
ਜਿਸ ਨੂੰ ਅਦਿਖ ਸਮਝੇਂ ਉਸ ਦੀ ਪੁਕਾਰ ਕਰ।
Leave a Reply