ਸਿੱਖੀ, ਨਿਘਾਰ ਤੇ ਹਾਹਾਕਾਰ: ਕੁਝ ਪਹਿਲੂ

‘ਪੰਜਾਬ ਟਾਈਮਜ਼’ ਦੇ ਅੰਕ 32 ਵਿਚ ਉਘੇ ਸਿੱਖ ਵਿਦਵਾਨ ਪ੍ਰੋæ ਬਲਕਾਰ ਸਿੰਘ ਦਾ ਲੇਖ ‘ਅਕਾਲ ਤਖਤ ਸਾਹਿਬ ਦੀਆਂ ਪ੍ਰਬੰਧਕੀ ਵੰਗਾਰਾਂ ਦਾ ਪੰਥਕ ਪ੍ਰਸੰਗ’ ਛਾਪਿਆ ਸੀ। ਇਸ ਲੇਖ ਬਾਰੇ ਫੋਨ ਉਤੇ ਪਾਠਕਾਂ ਨੇ ਖੂਬ ਹੁੰਗਾਰਾ ਭਰਿਆ ਹੈ। ਇਸੇ ਦੌਰਾਨ ਸਾਨੂੰ ਬੀਬੀ ਰਾਜਬੀਰ ਕੌਰ ਢੀਂਡਸਾ ਦਾ ਲੇਖ ਪ੍ਰਾਪਤ ਹੋਇਆ ਹੈ। ਇਸ ਲੇਖ ਵਿਚ ਉਨ੍ਹਾਂ ਸਿੱਧੀਆਂ ਅਕਾਲ ਤਖਤ ਬਾਰੇ ਤਾਂ ਨਹੀਂ, ਪਰ ਸਿੱਖੀ ਨੂੰ ਪੈ ਰਹੀ ਪਛਾੜ ਬਾਰੇ ਗੱਲਾਂ ਕੀਤੀਆਂ ਹੋਈਆਂ ਹਨ ਜਿਨ੍ਹਾਂ ਬਾਬਤ ਅੱਜ ਕੱਲ੍ਹ ਹਰ ਸਿੱਖ ਸੋਚ ਰਿਹਾ ਹੈ। ਸੰਭਵ ਹੈ ਕਿ ਇਨ੍ਹਾਂ ਦੋਹਾਂ ਲੇਖਾਂ ਵਿਚ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਕਿਸੇ ਦੀ ਸਹਿਮਤੀ ਜਾਂ ਅਸਹਿਮਤੀ ਹੋਵੇ, ਪਰ ਸਾਡਾ ਮਕਸਦ ਸਿੱਖੀ ਨੂੰ ਪੈ ਰਹੀ ਪਛਾੜ ਬਾਰੇ ਸੰਵਾਦ ਰਚਾਉਣਾ ਹੈ। ਇਸ ਲਈ ਇਸ ਸਿਲਸਿਲੇ ਵਿਚ ਆਈ ਹਰ ਲਿਖਤ ਨੂੰ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਰਾਜਬੀਰ ਕੌਰ ਢੀਂਡਸਾ
ਫੋਨ: 510-566-7883
ਅਕਸਰ ਕਿਹਾ ਜਾਂਦਾ ਰਿਹਾ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ, ਜਾਂ ਕਹਿ ਲਿਆ ਜਾਵੇ ਕਿ ਹਿੰਦੂਆਂ ਨੂੰ ਹੀ ਸਿੱਖ ਬਣਾਇਆ ਗਿਆ, ਭਾਵ ਸਿੱਖ ਹਿੰਦੂ ਹੀ ਹਨ| ਹਿੰਦੂ ਅਤੇ ਸਿੱਖ ਵਿਚ ਕੀ ਅੰਤਰ ਹੈ, ਇਸ ਬਹਿਸ ਵਿਚ ਨਾ ਪੈਂਦਿਆਂ ਮੈਂ ਕੇਵਲ ਇਕ ਦਲੀਲ ਦੇ ਕੇ ਫਰਕ ਦੱਸਾਂਗੀ। ਹਿੰਦੁਸਤਾਨ ਉਤੇ ਮੁਸਲਮਾਨਾਂ ਵੱਲੋਂ ਹਮਲੇ 7ਵੀਂ ਸਦੀ ਦੇ ਮੱਧ ਵਿਚ ਅਰੰਭ ਹੋਏ| ਅਰਬ ਜੇਤੂਆਂ ਮਗਰੋਂ ਅਫਗਾਨ ਲੁਟੇਰਿਆਂ ਵੱਲੋਂ ਹਾਹਾਕਾਰ ਮਚਾਉਣ ਮਗਰੋਂ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਜੇਤੂ ਇਲਾਕਾ ਪੰਜਾਬ ਸੀ, ਭਾਵ ਪੰਜਾਬ ਦੇ ਵਸਨੀਕਾਂ ਨੂੰ ਸਭ ਤੋਂ ਪਹਿਲਾਂ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ| ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਪੰਜਾਬ ਵਿਚ ਸਿੱਖੀ ਦੀ ਨੀਂਹ ਰੱਖੀ ਗਈ ਅਤੇ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਮੁਗਲ ਰਾਜ ਤੋਂ ਬਾਅਦ ਹਿੰਦੁਸਤਾਨ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਨ੍ਹਾਂ ਦਾ ਆਖਰੀ ਜੇਤੂ ਇਲਾਕਾ ਪੰਜਾਬ ਸੀ, ਭਾਵ ਇਸ ਖਾਲਸਾ ਫੌਜ ਦੀ ਦਲੇਰੀ ਕਾਰਨ ਅੰਗਰੇਜ਼ ਭਾਰਤ ਦੇ ਇਸ ਇਲਾਕੇ ਨੂੰ ਸਭ ਤੋਂ ਅਖੀਰ ਵਿਚ ਕਬਜ਼ੇ ਅਧੀਨ ਲਿਆ ਸਕੇ| ਹਿੰਦੂ ਅਤੇ ਸਿੱਖਾਂ ਵਿਚ ਕੀ ਅੰਤਰ ਹੈ, ਇਹ ਦਲੀਲ ਸ਼ਾਇਦ ਪਾਠਕ ਦੇ ਮਨ ਵਿਚ ਆਉਣ ਵਾਲੇ ਹਰ ਸਵਾਲ ਦਾ ਜਵਾਬ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਮ-ਕਾਂਡ, ਪਖੰਡ, ਧਾਰਮਿਕ ਅਡੰਬਰ, ਜ਼ੁਲਮ ਅਤੇ ਗੁਲਾਮੀ ਵਿਰੁਧ ਉਠਾਈ ਇਹ ਆਵਾਜ਼ ਇੰਨੀ ਬੁਲੰਦ ਹੋ ਨਿਬੜੀ ਕਿ ਵਿਚਾਰਧਾਰਾ ਬਣਦੀ-ਬਣਦੀ ਵਿਲੱਖਣ ਕੌਮ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ। 40 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਗੁਰੂ ਸਾਹਿਬ ਨੇ ਇਸ ਵਿਚਾਰਧਾਰਾ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਕੇ ਭਟਕੀ ਹੋਈ ਲੋਕਾਈ ਨੂੰ ਇਲਾਹੀ ਬਾਣੀ ਰਾਹੀਂ ਸਿੱਧੇ ਰਾਹੇ ਪਾਇਆ। ਇਹ ਵਿਚਾਰਧਾਰਾ ਗੱਦੀ-ਦਰ-ਗੱਦੀ 10ਵੇਂ ਗੁਰੂ ਤੱਕ ਪਹੁੰਚ, 1699 ਦੀ ਵਿਸਾਖੀ ਵਾਲੇ ਦਿਨ ਉਹ ਰੂਪ ਧਾਰਨ ਕਰ ਗਈ ਜਿਸ ਰੂਪ ਦੇ ਵਾਰਸਾਂ ਨੇ ਦੁਨੀਆਂ ਉਤੇ ਸ਼ਹੀਦੀਆਂ, ਕੁਰਬਾਨੀਆਂ ਅਤੇ ਉਚੇ ਕਿਰਦਾਰਾਂ ਦੀਆਂ ਮਿਸਾਲਾਂ ਕਾਇਮ ਕਰ ਦਿੱਤੀਆਂ। ਖੰਡੇ ਬਾਟੇ ਦੀ ਪਾਵਨ ਪਹੁਲ ਨੇ ਸਿੱਖਾਂ ਨੂੰ ਅਜਿਹੇ ਸਿੰਘ ਬਣਾ ਦਿੱਤਾ ਜਿਨ੍ਹਾਂ ਸਬਰ ਅਤੇ ਸਿਦਕ ਦੀਆਂ ਸਭ ਹੱਦਾਂ ਟੱਪਦਿਆਂ ਕੇਵਲ ਆਪਣੇ ਹੱਕਾਂ ਲਈ ਹੀ ਨਹੀਂ, ਸਗੋਂ ਸਰਬੱਤ ਦੇ ਭਲੇ ਲਈ ਤਲਵਾਰ ਚੁੱਕੀ ਤੇ ਜ਼ਾਲਮਾਂ ਨੂੰ ਭਾਜੜਾਂ ਪਾ ਦਿੱਤੀਆਂ।
ਪਰ ਅੱਜ ਸਿੱਖ ਵਿਚੋਂ ਮੁੱਕ ਚੁੱਕੇ ਸਿਦਕ, ਧਰਮ, ਬਿਬੇਕ ਬੁੱਧੀ, ਸਿੱਖੀ ਅਤੇ ਸੋਚਣ-ਵਿਚਾਰਨ ਦੀ ਦੂਰ-ਅੰਦੇਸ਼ੀ ਸੋਚ ਨੇ ਸਿੱਖ ਨੂੰ ਮੁੜ ਦੁਚਿੱਤੀ, ਜਾਤੀਵਾਦ ਅਤੇ ਕਰਮ ਕਾਂਡਾਂ ਦੀ ਦਲਦਲ ਵਿਚ ਫਸਾ ਕੇ ਸਿੱਖੀ ਨੂੰ ਅਜਿਹੀ ਢਾਹ ਲਾਈ ਹੈ ਕਿ ਰਾਹ ਲੱਭਣਾ ਮੁਸ਼ਕਲ ਹੋ ਗਿਆ ਹੈ। ਸਮੇਂ-ਸਮੇਂ ‘ਤੇ ਵੱਖ-ਵੱਖ ਦਲੀਲਾਂ ਅਤੇ ਸਬੂਤਾਂ ਰਾਹੀਂ ਹਿੰਦੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਦੇਵਤਾ, ਮੁਸਲਮਾਨ ਆਪਣਾ ਪੀਰ ਸਾਬਤ ਕਰਨ ਦੇ ਯਤਨ ਕਰਦੇ ਰਹੇ ਹਨ। ਉਨ੍ਹਾਂ ਦੀਆਂ ਦਲੀਲਾਂ ਅਤੇ ਸਬੂਤਾਂ ਨੂੰ ਸਿੱਖ ਵਿਦਵਾਨ ਆਪੋ-ਆਪਣੇ ਤਜ਼ਰਬੇ ਰਾਹੀਂ ਬੜੇ ਸੋਹਣੇ ਢੰਗ ਨਾਲ ਨਕਾਰਦੇ ਰਹੇ ਹਨ, ਪਰ ਅਫਸੋਸ! ਗੁਰੂ ਸਾਹਿਬ ਦੀ ਫਿਲਾਸਫੀ ਨੂੰ ਹਿੰਦੂਆਂ, ਮੁਸਲਮਾਨਾਂ ਨੇ ਤਾਂ ਕੀ, ਇਥੋਂ ਤੱਕ ਕਿ ਸਿੱਖਾਂ ਨੇ ਵੀ ਨਾ ਸਮਝਿਆ ਤੇ ਨਾ ਹੀ ਅਪਨਾਇਆ। ਗੁਰੂ ਸਾਹਿਬ ਨੇ ਜੋ ਸੋਚ ਦੁਨੀਆਂ ਭਰ ‘ਚ ਫੈਲਾਈ, ਉਸ ਸੋਚ ਨੂੰ ਅਸੀਂ ਆਪਣੇ ਘਰਾਂ ਵਿਚ ਵੀ ਬਣਦਾ ਸਥਾਨ ਨਾ ਦੇ ਸਕੇ। ਇਸ ਸੋਚ ਨੂੰ ਦੁਨੀਆਂ ‘ਚ ਫੈਲਾਉਣਾ ਤਾਂ ਦੂਰ, ਅਸੀਂ ਆਪਸ ਵਿਚ ਹੀ ਉਲਝ ਕੇ ਰਹਿ ਗਏ। ਆਮ ਸਿੱਖ ਕਰਮ ਕਾਂਡੀ, ਵਿਕਾਰੀ ਅਤੇ ਕੇਸਾਧਾਰੀ ਹਿੰਦੂ ਬਣ ਕੇ ਰਹਿ ਗਿਆ ਅਤੇ ਜਿਨ੍ਹਾਂ ਨੂੰ ਇਸ ਫਲਸਫੇ ਦੀ ਕੁਝ ਸੂਝ ਸੀ, ਉਹ ਭਟਕੇ ਸਿੱਖਾਂ ਨੂੰ ਸਹੀ ਰਾਹ ‘ਤੇ ਲਿਆਉਣ ‘ਚ ਹੀ ਸਮਾਂ ਗਵਾ ਬੈਠੇ। ਲਗਾਤਾਰ ਦੋਸ਼ ਲੱਗਦੇ ਰਹੇ ਸਰਕਾਰਾਂ ‘ਤੇ, ਮੀਡੀਆ ‘ਤੇ, ਧਾਰਮਿਕ ਆਗੂਆਂ ਜਾਂ ਡੇਰੇਦਾਰਾਂ ‘ਤੇ, ਪਰ ਤਾੜੀ ਤਾਂ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ। ਫਿਰ ਅਸੀਂ ਆਪਣੇ-ਆਪ ਨੂੰ ਕੀ ਦਲੀਲ ਦੇ ਕੇ ਨਿਰਦੋਸ਼ ਸਾਬਤ ਕਰ ਰਹੇ ਹਾਂ? ਅਸਲ ‘ਚ ਇਨਸਾਨ ਦੀ ਫਿਤਰਤ ਹੈ, ਆਪਣੇ ਉਤੇ ਹੋਏ ਹਰ ਜ਼ੁਲਮ, ਹਰ ਨਾਇਨਸਾਫੀ ਲਈ ਕਿਸੇ ਦੂਜੇ ਨੂੰ ਜ਼ਿੰਮੇਦਾਰ ਠਹਿਰਾ ਕੇ ਆਪ ਨੂੰ ਵਿਚਾਰਾ, ਮਜਬੂਰ ਅਤੇ ਤਰਸ ਦਾ ਪਾਤਰ ਬਣਾ ਕੇ ਪੇਸ਼ ਕਰਦਾ ਹੈ। ਫਿਰ ਸਿੱਖ ਵੀ ਬਹਾਨੇਬਾਜ਼ ਬਣਨ ਤੋਂ ਕਿਵੇਂ ਬਚ ਸਕਦਾ ਸੀ? ਸਿੱਖ ਕਦੇ ਘੱਟ-ਗਿਣਤੀ ਹੋਣ ਦਾ ਬਹਾਨਾ ਲਾਉਂਦਾ ਹੈ, ਕਦੇ ਧਾਰਮਿਕ ਆਗੂਆਂ ਸਿਰ ਦੋਸ਼ ਮੜ੍ਹਦਾ ਹੈ, ਕਦੇ ਬਿਪਰਵਾਦੀ ਸੋਚ ਹੇਠ ਦੱਬੇ ਜਾਣ ਦੀ ਦੁਹਾਈ ਦਿੰਦਾ ਹੋਇਆ ਸਭ ਜ਼ਿੰਮੇਦਾਰੀਆਂ ਤੋਂ ਪੱਲਾ ਝਾੜਦਾ ਨਜ਼ਰੀਂ ਆਉਂਦਾ ਹੈ।
ਅੱਜ ਦੇ ਸਿੱਖ ਦਾ ਸਭ ਤੋਂ ਪਹਿਲਾ ਬਹਾਨਾ ਘੱਟ-ਗਿਣਤੀ ਹੋਣ ਦਾ ਹੈ। ਜੇ ਘੱਟ-ਗਿਣਤੀ ਹੋਣ ਕਾਰਨ ਹੀ ਅੱਜ ਉਹ ਪਛੜ ਗਿਆ ਹੈ, ਤਾਂ ਫਿਰ ਸਵਾਲ ਉਠਦਾ ਹੈ ਕਿ ਸਿੱਖਾਂ ਦੀ ਬਹੁ-ਗਿਣਤੀ ਕਦੋਂ ਸੀ? ਮੁਗਲ ਰਾਜ ਹੋਵੇ, ਅੰਗਰੇਜ਼ ਹਕੂਮਤ ਹੋਵੇ, ਤੇ ਜਾਂ ਫਿਰ ਸਿੱਖਾਂ ਦਾ ਰਾਜ; ਸਿੱਖ ਤਾਂ ਮੁੱਢ ਤੋਂ ਹੀ ਮੁੱਠੀ ਭਰ ਰਹੇ ਹਨ। ਖੈਰ! ਇਸ ਨਿਘਾਰ ਵਿਚ ਅਕਾਲ ਤਖਤ ਤੋਂ ਕੌਮ ਦੀ ਸੇਵਾ ਵਿਚ ਬੈਠੇ ਧਾਰਮਿਕ ਆਗੂਆਂ ਨੇ ਵੀ ਪੂਰਾ ਯੋਗਦਾਨ ਪਾਇਆ ਹੈ। ਧਾਰਮਿਕ ਆਗੂ, ਭਾਵ ਕੌਮ ਦੀ ਅਗਵਾਈ ਕਰਨ ਵਾਲਾ ਸਿਰੜੀ ਅਤੇ ਧਰਮੀ ਹੋਣ ਦੀ ਮਿਸਾਲ ਹੋਣਾ ਚਾਹੀਦਾ ਹੈ, ਰੋਲ-ਮਾਡਲ ਦੇ ਰੂਪ ਵਿਚ ਜਾਣਿਆ ਜਾਣਾ ਚਾਹੀਦਾ ਹੈ, ਪਰ ਸਾਡੇ ਧਾਰਮਿਕ ਆਗੂਆਂ ਨੇ ਕੁਰਸੀ, ਫੋਕੀ ਚੌਧਰ ਦੀ ਲਾਲਸਾ ਅਤੇ ਧਨ ਇਕੱਠਾ ਕਰਨ ਦੀ ਦੌੜ ਵਿਚ ਸਿੱਖ, ਸਿੱਖੀ ਅਤੇ ਸਿੱਖ ਮਸਲੇ ਛਿੱਕੇ ‘ਤੇ ਟੰਗ ਛੱਡੇ। ਅਕਾਲ ਤਖਤ ਤੋਂ ਸ਼ੁਰੂ ਹੋਈ ਨਿੱਜ ਦੀ ਇਸ ਸੋਚ ਨੇ ਸਿੱਖੀ ਨੂੰ ਢਾਹ ਹੀ ਲਾਈ ਹੈ। ਅੱਜ ਦੁਨੀਆਂ ਭਰ ਵਿਚ ਗੁਰਦੁਆਰਿਆਂ ਦੀ ਗਿਣਤੀ ਤਾਂ ਬੇਸ਼ਕ ਅਣਗਿਣਤ ਹੋ ਗਈ ਹੈ ਪਰ ਖਾਲਸ ਸਿੱਖ ਅਤੇ ਸਿੱਖੀ ਲੱਭਿਆਂ ਨਹੀਂ ਲੱਭਦੇ। ਸਿੱਖ ਅੱਜ ਤੱਕ ਵੀ ਮਾਸਾਹਾਰੀ, ਕੇਸਾਧਾਰੀ, ਦੇਹਧਾਰੀ ਆਦਿ ਮੁੱਦਿਆਂ ਉਤੇ ਇਕਮਤ ਨਹੀਂ ਹੋ ਸਕੇ। ਹਰ ਵਿਸ਼ੇ ਨੂੰ ਲੈ ਕੇ ਦੋਫਾੜ ਹੋਏ ਸਿੱਖ, ਕੁਝ ਕੁ ਲਾਲਚੀ ਅਤੇ ਸਵਾਰਥੀ ਲੋਕਾਂ ਦੁਆਰਾ ਵਰਤੇ ਜਾ ਰਹੇ ਹਨ। ਸਿੱਖਾਂ ਦੇ ਹੋਰ ਮਸਲਿਆਂ ਜਾਂ ਸਿੱਖੀ ਦੇ ਉਭਾਰ ਬਾਰੇ ਵਿਚਾਰ ਕਰਨ ਨਾਲੋਂ ਗੈਰ-ਜ਼ਰੂਰੀ ਵਿਸ਼ਿਆਂ ਨੂੰ ਮੁੱਦੇ ਬਣਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਸਿੱਖ ਭਾਵੇਂ ਜਿਥੇ ਕਿਤੇ ਵੀ ਗਿਆ, ਉਸ ਨੇ ਸਭ ਤੋਂ ਪਹਿਲਾ ਕੰਮ ਗੁਰਦੁਆਰੇ ਉਸਾਰਨ ਦਾ ਕੀਤਾ। ਇਸ ਹੱਲੇ ਸਦਕਾ ਅੱਜ ਹਰ ਸ਼ਹਿਰ, ਪਿੰਡ, ਕਸਬੇ ਵਿਚ ਘੱਟੋ-ਘੱਟ ਤਿੰਨ ਤੋਂ ਚਾਰ ਗੁਰਦੁਆਰੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ ਜਿਥੇ ਖੁੱਲ੍ਹੇ ਲੰਗਰ, ਕੀਰਤਨ ਅਤੇ ਪਾਠ ਲਗਾਤਾਰ ਚੱਲ ਰਹੇ ਹੁੰਦੇ ਹਨ ਪਰ ਇਹ ਕੀਰਤਨ ਜੋ ਗੁਰਮਤਿ ਅਨੁਸਾਰ ਰਾਗਾਂ ਵਿਚ ਹੋਣਾ ਚਾਹੀਦਾ ਹੈ, ਨਾ ਹੋ ਕੇ ਰੀਤਾਂ ਉਤੇ ਆਧਾਰਤ ਹੁੰਦਾ ਹੈ। ਲੰਗਰ ਇਕੱਠੇ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਤੋਂ ਪਰੇ, ਸਾਦੇ ਦਾਲ ਫੁਲਕੇ ਦੀ ਥਾਂ ਵੰਨ-ਸੁਵੰਨੇ ਪਕਵਾਨਾਂ ਨੇ ਲੈ ਲਈ ਅਤੇ ਬਾਣੀ ਦਾ ਪਾਠ ਰਸਮੀਂ ਜਾਂ ਪੁੰਨ ਖੱਟਣ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ। ਕੋਈ ਵੀ ਗੁਰਦੁਆਰਾ ਸਿੱਖੀ ਅਤੇ ਸਿੱਖ ਇਤਿਹਾਸ ਸਾਂਭਣ ਵਿਚ ਕਾਮਯਾਬ ਨਾ ਹੋ ਸਕਿਆ। ਗੁਰਦੁਆਰਿਆਂ ਦੀਆਂ ਕੰਧਾਂ ‘ਤੇ ਗੁਰੂਆਂ ਦੀਆਂ ਤਸਵੀਰਾਂ ਜੋ ਗੁਰਮਤਿ ਦੇ ਬਿਲਕੁਲ ਉਲਟ ਹੈ, ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਗੁਰੂਆਂ ਦੇ ਮਹਾਨ ਕਾਰਜਾਂ, ਕੁਰਬਾਨੀਆਂ, ਸਮਾਜ ਨੂੰ ਦਿੱਤੀ ਗਈ ਸੇਧ ਜਾਂ ਵਿਚਾਰਧਾਰਾ ਦੀ ਥਾਂ ਕੰਧ ਉਤੇ ਬੋਰਡ ਉਪਰ ਜਨਮ, ਸ਼ਹੀਦੀ ਅਤੇ ਗੁਰੂ ਸਾਹਿਬ ਦੇ ਵਿਆਹਾਂ ਦੀਆਂ ਤਰੀਕਾਂ, ਪਤਨੀ ਅਤੇ ਬੱਚਿਆਂ ਦੇ ਨਾਮਾਂ ਦੀ ਸੂਚੀ ਲਿਖ ਕੇ ਹੀ ਇਤਿਹਾਸਕ ਪੱਖ ਨੂੰ ਪੇਸ਼ ਕਰਨ ਦਾ ਵੱਡਾ ਉਪਰਾਲਾ ਸਮਝਿਆ ਜਾਂਦਾ ਹੈ। ਗੁਰਦੁਆਰਿਆਂ ਨੂੰ ਸੰਗਤਾਂ ਨੇ ਵੀ ਖੁਸ਼ੀ-ਗਮੀ ਅਤੇ ਦਾਤਾਂ ਮੰਗਣ ਲਈ ਵਰਤੇ ਜਾਣ ਵਾਲੇ ਰਸਮੀ ਸਥਾਨ ਦਾ ਦਰਜਾ ਦੇਣ ਵਿਚ ਕੋਈ ਕਸਰ ਨਾ ਛੱਡੀ। ਸਿੱਖ ਘਰਾਂ ਵਿਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਦਲੀਲ ਦੇ ਕੇ ਨਹੀਂ ਕਰਦੇ ਕਿ ਐਨੀ ਔਖੀ ਰਹਿਤ ਮਰਿਆਦਾ ਪੁਗਾਉਣੀ ਔਖੀ ਹੈ, ਇਸ ਲਈ ਬਾਣੀ ਦਾ ਪ੍ਰਕਾਸ਼ ਘਰ ਕਰ ਕੇ ਪਾਪਾਂ ਦਾ ਭਾਗੀਦਾਰ ਬਣਨਾ ਠੀਕ ਨਹੀਂ। ਫਿਰ ਇਹੀ ਸੰਗਤ ਵਿਆਹਾਂ ਸਮੇਂ ਰਾਗੀ ਤੇ ਪਾਠੀ ਨੂੰ ਜਲਦ ਤੋਂ ਜਲਦ ਫੇਰੇ ਪੜ੍ਹ ਕੇ ਕੰਮ ਮੁਕਾਉਣ ਨੂੰ ਕਹਿੰਦੀ ਹੈ ਤਾਂ ਕਿ ਛੇਤੀ ਗੀਤ-ਗਾਣੇ, ਸ਼ਰਾਬ ਤੇ ਕਬਾਬ ਦਾ ਦੌਰ ਸ਼ੁਰੂ ਕੀਤਾ ਜਾ ਸਕੇ। ਕੀ ਇਹ ਬੇਅਦਬੀ ਨਹੀਂ? ਅਖੰਡ ਪਾਠ ਅਤੇ ਸੁਖਮਨੀ ਸਾਹਿਬ ਦੇ ਪਾਠ ਕੇਵਲ ਸੁੱਖਣਾ ਲਾਹੁਣ, ਖੁਸ਼ੀ-ਗਮੀ ਦੀਆਂ ਰਸਮਾਂ ਅਦਾ ਕਰਨ, ਤੇ ਜਾਂ ਫਿਰ ਦਾਨ-ਪੁੰਨ ਦੇ ਨਜ਼ਰੀਏ ਤੋਂ ਕੀਤੇ ਜਾਣ ਵਾਲੇ ਰਸਮੀ ਪਾਠਾਂ ਵਾਂਗ ਕੀਤੇ ਜਾਂਦੇ ਹਨ। ਬੀਬੀਆਂ ਲੰਗਰ ਦੀ ਸੇਵਾ ਕਰ ਪੁੰਨ ਖੱਟ ਰਹੀਆਂ ਹੁੰਦੀਆਂ ਹਨ ਅਤੇ ਸਿੰਘ ਰਾਜਨੀਤੀ, ਖਬਰਾਂ, ਕੰਮਾਂ ਅਤੇ ਘਰਾਂ ਦੀਆਂ ਵਧ ਰਹੀਆਂ ਕੀਮਤਾਂ ਦੀ ਚਰਚਾ ਕਰ ਰਹੇ ਹੁੰਦੇ ਹਨ। ਪਾਠ ਤਾਂ ਕੇਵਲ ਪਾਠੀ ਲਈ, ਤੇ ਜਾਂ ਫਿਰ ਕੰਧਾਂ ਲਈ ਹੀ ਹੋ ਰਿਹਾ ਹੁੰਦਾ ਹੈ। ਬੜੀ ਹੱਦ ਹੋਵੇ ਤਾਂ ਪੂਰੇ ਹਾਲ ਵਿਚ ਇਕ-ਅੱਧਾ ਬਜ਼ੁਰਗ ਬੈਠਾ ਦਿਖਾਈ ਦੇ ਜਾਂਦਾ ਹੈ। ਕੀ ਇਹ ਠੀਕ ਹੈ? ਸੰਗਤ ਦੀ ਸੌੜੀ ਸੋਚ ਸਦਕਾ ਸਾਡੇ ਕਥਾਕਾਰਾਂ ਨੇ ਵੀ ਬਾਣੀ ਦੇ ਅਰਥਾਂ ਨੂੰ ਉਸ ਰੂਪ ਵਿਚ ਪੇਸ਼ ਕੀਤਾ ਜਿਸ ਦਾ ਸਿੱਟਾ ਵਹਿਮ ਅਤੇ ਕਰਮ ਕਾਂਡ ਵਧਾਉਣਾ ਹੀ ਨਿਕਲਿਆ। ਜਿਵੇਂ ਚੁਰਾਸੀ ਲੱਖ ਜੂਨਾਂ ਦੇ ਗੇੜ ‘ਚੋਂ ਕਿਵੇਂ ਨਿਕਲਿਆ ਜਾਵੇ, ਪੁੰਨ ਕਿਵੇਂ ਖੱਟਿਆ ਜਾਵੇ, ਪਾਪਾਂ ਤੋਂ ਕਿਵੇਂ ਮੁਕਤੀ ਹੋਵੇ, ਸਵਰਗਾਂ ਦਾ ਕਿਹੜਾ ਰਾਹ ਹੈ ਅਤੇ ਜਾਂ ਫਿਰ ਅੱਗਾ ਕਿਵੇਂ ਸੰਵਾਰਿਆ ਜਾਵੇ? ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਭਟਕਿਆ ਕਿਵੇਂ ਜਾਵੇ? ਸਿੱਖ ਇਤਿਹਾਸ ਜਾਂ ਗੁਰਮਤਿ ਦੀ ਥਾਂ ਸਾਖੀਆਂ ਨੇ ਲੈ ਲਈ। ਗੁਰੂ ਘਰਾਂ ਵਿਚਲੇ ਰਾਗੀ, ਪਾਠੀ ਜਾਂ ਕਥਾਕਾਰਾਂ ਕੋਲ ਨਾ ਤਾਂ ਕੋਈ ਖਾਸ ਡਿਗਰੀ ਜਾਂ ਟ੍ਰੇਨਿੰਗ ਹੁੰਦੀ ਹੈ, ਤੇ ਨਾ ਬਾਣੀ ਦੀ ਕੋਈ ਖਾਸ ਸਮਝ। ਹੋਰ ਰੋਜ਼ਗਾਰਾਂ ਵਾਂਗ ਥੋੜ੍ਹਾ ਜਿਹਾ ਲੋੜੀਂਦਾ ਗਿਆਨ ਹਾਸਲ ਕਰ, ਆਮਦਨ ਦਾ ਸਾਧਨ ਬਣਾ ਲਿਆ ਜਾਂਦਾ ਹੈ। ਅਕਸਰ ਕਥਾਕਾਰ ਕਥਾ ਕਰਦੇ ਕਹਿ ਜਾਂਦੇ ਹਨ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਦਸਾਂ ਗੁਰੂਆਂ ਦੀ ਬਾਣੀ ਹੈ। ਸ਼ਾਇਦ ਉਹ ਇਹ ਵੀ ਨਹੀਂ ਜਾਣਦੇ ਹੁੰਦੇ ਕਿ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਕਿੰਨੇ ਗੁਰੂਆਂ, ਸੰਤਾਂ ਅਤੇ ਭਗਤਾਂ ਦੀ ਬਾਣੀ ਮੌਜੂਦ ਹੈ।
ਇਹੀ ਨਹੀਂ, ਸਿੱਖਾਂ ਨੇ ਵੀ ਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ ਖਾਸ ਜ਼ਰੂਰੀ ਨਾ ਸਮਝਦਿਆਂ, ਗੁਰਮਤਿ ਰਹਿਤ ਮਰਿਆਦਾ ਨੂੰ ਬੰਧਨ ਸਮਝਦਿਆਂ ਆਪਣੇ ਘਰਾਂ ਅਤੇ ਜੀਵਨ ਵਿਚੋਂ ਪੂਰਨ ਰੂਪ ਵਿਚ ਕੱਢ ਦਿੱਤਾ ਹੈ। ਬਾਣੀ ਪੜ੍ਹਨਾ ਅਤੇ ਵਿਚਾਰਨਾ ਕੇਵਲ ਰਾਗੀਆਂ ਅਤੇ ਪਾਠੀਆਂ ਦਾ ਕੰਮ ਵਜੋਂ ਮੰਨਿਆ ਜਾਣ ਲੱਗਾ ਹੈ। ਨਤੀਜੇ ਵਜੋਂ ਅੱਜ ਸਾਡੇ 90 ਫੀਸਦੀ ਸਿੱਖ ਸ਼ੁੱਧ ਬਾਣੀ ਦਾ ਉਚਾਰਨ ਤੱਕ ਨਹੀਂ ਕਰ ਸਕਦੇ। ਇਹੀ ਨਹੀਂ, ਸਾਡੇ ਸਿੱਖਾਂ ਨੂੰ ਦਸਾਂ ਗੁਰੂਆਂ, ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਪੰਜਾਂ ਤਖਤਾਂ, ਕੱਕਾਰਾਂ, ਨਿਤਨੇਮ ਦੀਆਂ ਬਾਣੀਆਂ ਦੇ ਨਾਂ ਤੱਕ ਵੀ ਨਹੀਂ ਆਉਂਦੇ। ਇਸੇ ਗਿਆਨ-ਵਿਹੂਣੀ ਸੰਗਤ ਨੇ ਹੀ ਬਾਬਿਆਂ ਅਤੇ ਡੇਰਿਆਂ ਨੂੰ ਜਨਮ ਦਿੱਤਾ ਹੈ। ਦਸਮ ਪਿਤਾ ਵਲੋਂ ਦਿੱਤੇ ‘ਗੁਰੂ ਮਾਨਿਓ ਗ੍ਰੰਥ’ ਦੇ ਫਲਸਫੇ ਤੋਂ ਪੂਰਨ ਰੂਪ ਵਿਚ ਅਣਜਾਣ ਸੰਗਤ ਰੱਬ ਨੂੰ ਪਾਉਣ ਅਤੇ ਦਾਤਾਂ-ਮੁਰਾਦਾਂ ਦੀ ਪੂਰਤੀ ਦੇ ਲਾਲਚ ਵਿਚ ਆਪਣੇ ਗੁਰੂ ਦੇ ਉਪਦੇਸ਼ਾਂ ਦੇ ਉਲਟ, ਬਾਬਿਆਂ ਨੂੰ ਮੱਥੇ ਟੇਕਦੀ ਖੁਆਰ ਹੁੰਦੀ ਫਿਰਦੀ ਹੈ। ਇਨ੍ਹਾਂ ਬਾਬਿਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਦੇ ਝੰਡੇ, ਗਲਾਂ ਵਿਚ ਗਾਤਰਿਆਂ ਦੀ ਵਧ ਰਹੀ ਗਿਣਤੀ ਦੇ ਆਧਾਰ ‘ਤੇ ਗੱਡ ਦਿੱਤੇ। ਇਨ੍ਹਾਂ ਡੇਰਿਆਂ ਨੇ ਸਿੱਖਾਂ ਨੂੰ ਅੰਨ੍ਹੇ ਸ਼ਰਧਾਲੂ ਅਤੇ ਲੱਖ ਦੋ ਲੱਖ ਪਾਠ ਧਾਰ ਕੇ ਕਰਨ ਵਾਲੇ ਡਰਪੋਕ ਪੁਜਾਰੀ ਬਣਾ ਕੇ ਰੱਖ ਦਿੱਤਾ; ਤੇ ਹੱਦ ਉਦੋਂ ਹੋ ਜਾਂਦੀ ਹੈ ਜਦ ਸਾਡੇ ਗੁਰੂ ਘਰਾਂ ਦੇ ਸੇਵਕ, ਇਨ੍ਹਾਂ ਸੰਗਤਾਂ ਨੂੰ ਗੁਰੂ ਨਾਲ ਜੁੜਨ ਲਈ ਇਹ ਦਲੀਲ ਦਿੰਦੇ ਹਨ ਕਿ ਜੋ ਕੁਝ ਮੰਗਣਾ ਹੈ, ਗੁਰੂ ਘਰ ਤੋਂ ਮੰਗੋ, ਡੇਰਿਆਂ ‘ਤੇ ਨਾ ਭਟਕੋ। ਇਸ ਦਾ ਇਹ ਭਾਵ ਹੋਇਆ ਕਿ ਲਾਲਚ ਵੱਸ ਹੋ ਕੇ ਜਾਂ ਡਰ ਕੇ ਗੁਰੂ ਨੂੰ ਮੰਨੋ ਅਤੇ ਨਿੱਜ ਦਾ ਸਵਾਰਥ ਪੂਰਾ ਕਰੋ। ਇਸ ਦਲੀਲ ਨੇ ਗੁਰੂ ਅਤੇ ਡੇਰਿਆਂ ਦੇ ਬਾਬੇ ਵਿਚਲਾ ਅੰਤਰ ਖਤਮ ਕਰ ਦਿੱਤਾ। ਸਮਾਜ ਵਿਚ ਪਾਏ ਜਾਣ ਵਾਲੇ ਅਨਪੜ੍ਹ ਅਤੇ ਪੜ੍ਹੇ-ਲਿਖੇ ਤਬਕਿਆਂ, ਦੋਹਾਂ ਨੇ ਸਿੱਖੀ ਨੂੰ ਬਰਾਬਰ ਦੀ ਢਾਹ ਲਾਈ ਹੈ। ਅਨਪੜ੍ਹ ਤਬਕਾ ਅੰਨ੍ਹੀ ਸ਼ਰਧਾ ਦਾ ਸ਼ਿਕਾਰ ਹੋ ਬੈਠਾ ਅਤੇ ਬਾਬਿਆਂ ਦੀਆਂ ਮੰਜੀਆਂ, ਜੁੱਤੀਆਂ, ਭਾਂਡਿਆਂ ਤੱਕ ਨੂੰ ਮੱਥੇ ਟੇਕਣ ਲੱਗ ਪਿਆ। ਦੂਜੇ ਪਾਸੇ ਪੜ੍ਹੇ-ਲਿਖੇ ਦਰੁਸਤਵਾਦ ਦਾ ਸ਼ਿਕਾਰ ਹੋ ਬੈਠੇ। ਦਸਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਨਾ ਸਮਝਦਿਆਂ, ਧਰਮ ਨੂੰ ਵਾਧੂ ਵਿਸ਼ਾ ਸਮਝੀ ਬੈਠੇ ਇਹ ਪੜ੍ਹਾਕੂ ਹੋਰ ਫਿਲਾਸਫਰਾਂ ਅਤੇ ਵਿਦਵਾਨਾਂ ਦੀਆਂ ਕਿਤਾਬਾਂ ਸਿਰ ‘ਤੇ ਚੁੱਕੀ ਗਿਆਨਵਾਨ ਹੋਣ ਦਾ ਵਹਿਮ ਪਾਲੀ ਬੈਠੇ ਹਨ। ਇਹ ਲੋਕ ਜਾਂ ਤਾਂ ਕਿਸੇ ਖਾਸ ਵਿਚਾਰਧਾਰਾ ਦੇ ਧਾਰਨੀ ਬਣ ਕੇ, ਜਾਂ ਕਿਸੇ ਵਿਦੇਸ਼ੀ ਲਿਖਾਰੀ ਦੇ ਕਾਇਲ ਹੋ ਕੇ ਸੀਮਤ ਜਿਹੇ ਦਾਇਰੇ ਵਿਚ ਕੈਦ ਹੋ ਕੇ ਰਹਿ ਗਏ ਹਨ। ਇਨ੍ਹਾਂ ਅਨਪੜ੍ਹ ਅਤੇ ਪੜ੍ਹੀਆਂ-ਲਿਖੀਆਂ, ਦੋਹਾਂ ਧਿਰਾਂ ਨੇ ਸਿੱਖੀ ਦੀ ਪਰਿਭਾਸ਼ਾ ਬਦਲਣ ‘ਚ ਕੋਈ ਕਸਰ ਨਾ ਛੱਡੀ ਜਿਸ ਦਾ ਫਾਇਦਾ ਸਾਡੇ ਧਾਰਮਿਕ ਆਗੂਆਂ ਨੂੰ ਆਪਣੀ ਫੋਕੀ ਚੌਧਰ ਦਿਖਾਉਣ ਦਾ ਹੋਇਆ। ਇਸ ਚੌਧਰ ਦੀ ਲਾਲਸਾ ਸਦਕਾ ਆਏ ਦਿਨ ਗੁਰਦੁਆਰਿਆਂ ਵਿਚ ਗਾਲ੍ਹਾਂ ਅਤੇ ਕਿਰਪਾਨਾਂ ਚਲਦੀਆਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ; ਖਾਸ ਕਰ ਜੱਟਾਂ ਦਾ ਧਰਮ ਦੇ ਠੇਕੇਦਾਰਾਂ ਦੇ ਰੂਪ ਵਿਚ ਉਭਰ ਕੇ ਆਉਣਾ ਅਤੇ ਆਪਣੇ ਹੰਕਾਰ ਦੀ ਪੂਰਤੀ ਲਈ ਕੋਈ ਵੀ ਫੈਸਲਾ ਕਰਨਾ ਬ੍ਰਾਹਮਣਵਾਦੀ ਸੋਚ ਦਾ ਦੂਜਾ ਰੂਪ ਹੈ। ਜੱਟ ਦੇ ਅੱਖੜਪੁਣੇ ਨੇ ਗੁਰਮਤਿ ਨੂੰ ਦੂਜਾ ਅਤੇ ਹੰਕਾਰ ਨੂੰ ਪਹਿਲਾ ਦਰਜਾ ਦਿੱਤਾ ਹੈ। ਗੁਰੂ ਘਰਾਂ ਵਿਚ ਕੀਤਾ ਜਾਣ ਵਾਲਾ ਹਰ ਫੈਸਲਾ ਹੁਣ ਮੁੱਛ ਦਾ ਸਵਾਲ ਬਣ ਗਿਆ ਹੈ ਜਿਸ ਦਾ ਸਿੱਟਾ ਇਕ ਕਮੇਟੀ ‘ਚੋਂ ਦੂਜੀ ਕਮੇਟੀ ਅਤੇ ਨਵਾਂ ਗੁਰਦੁਆਰਾ, ਤੇ ਫਿਰ ਇਕ ਹੋਰ ਕਮੇਟੀ, ਇਕ ਹੋਰ ਗੁਰਦੁਆਰਾ, ਤੇ ਫਿਰ ਇਕ ਹੋਰ ਤੇ ਇਕ ਹੋਰæææ। ਗੁਰੂ ਘਰਾਂ ਦੇ ਆਏ ਦਿਨ ਵਿਵਾਦਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ, ਗੁਰਮਤਿ ਅਤੇ ਧਰਮ ਨਾਲੋਂ ਤੋੜ ਕੇ ਰੱਖ ਦਿੱਤਾ ਹੈ। ਧਰਮ ਨਾਲ ਸਬੰਧਤ ਕਿਸੇ ਵਿਸ਼ੇ ‘ਚ ਰੁਚੀ ਦਿਖਾਉਣਾ ਤਾਂ ਦੂਰ, ਅੱਜ ਸਾਡੇ ਨੌਜਵਾਨ ਗੁਰਦੁਆਰੇ ਜਾਣਾ ਵੀ ਪੰਸਦ ਨਹੀਂ ਕਰਦੇ। ਧਰਮ ਉਨ੍ਹਾਂ ਲਈ ਫਸਾਦੀ ਵਿਸ਼ਾ ਹੈ ਜਿਸ ਉਤੇ ਗੱਲ ਕਰਨਾ ਇਹ ਨੌਜਵਾਨ ਸਮਾਂ ਗਵਾਉਣਾ ਸਮਝਦੇ ਹਨ। ਦੂਜੇ ਪਾਸੇ ਧਰਮ ਨਾਲੋਂ ਟੁੱਟ ਕੇ ਭਟਕਣਾ ਅਤੇ ਦੁਨੀਆਵੀ ਜ਼ਿੰਮੇਦਾਰੀਆਂ ਦੇ ਬੋਝ ਹੇਠ ਦੱਬਿਆ ਆਮ ਮਨੁੱਖ ਗੁਰਮਤਿ ਦੀ ਥਾਂ ਆਪਣਾ ਬਚਦਾ ਸਮਾਂ ਮੀਡੀਆ ਨੂੰ ਦੇ ਕੇ ਦਿਮਾਗੀ ਸਕੂਨ ਭਾਲਦਾ ਹੈ ਪਰ ਆਸਾਂ ਤੋਂ ਉਲਟ ਸਗੋਂ ਕਾਮ, ਕ੍ਰੋਧ, ਈਰਖਾ ਅਤੇ ਲਾਲਚ ਦੇ ਜਾਲ ਵਿਚ ਫਸਦਾ ਵਿਕਾਰਾਂ ਦੇ ਹਨੇਰੇ ‘ਚ ਟੱਕਰਾਂ ਮਾਰਦਾ ਫਿਰਦਾ ਹੈ। ਸਬਰ ਅਤੇ ਸਿਦਕ ਉਸ ਅੰਦਰੋਂ ਜੜ੍ਹੋਂ ਹੀ ਮੁੱਕ ਗਏ ਹਨ।
ਇਸ ਵਰਤਾਰੇ ਦਾ ਨਤੀਜਾ ਕੀ ਨਿਕਲਿਆ? ਗੁਰੂ ਦਾ ਸਿੱਖ ਕੇਵਲ ਮਜਬੂਰੀਵਸ ਹੀ ਸਿੱਖ ਰਹਿ ਗਿਆ ਹੈ। ਕੇਸਾਧਾਰੀ ਫੌਜ ਫੈਸ਼ਨਪ੍ਰਸਤੀ ਨੇ ਕਮਜ਼ੋਰ ਅਤੇ ਨਿਪੁੰਸਕ ਬਣਾ ਦਿੱਤੀ ਹੈ। ਗੁਰੂ ਤੋਂ ਬਰਾਬਰੀ ਦੇ ਹੱਕ ਹਾਸਲ ਕਰ, ਅਣਖ ਲਈ ਜਿਉਣ ਵਾਲੀਆਂ ਬੀਬੀਆਂ ਅੱਜ ਹੀਰੋਇਨਾਂ, ਮਾਡਲਾਂ, ਵਿਸ਼ਵ ਸੁੰਦਰੀਆਂ ਬਣਨ ਦੇ ਸੁਫ਼ਨੇ ਅੱਖਾਂ ‘ਚ ਸਜਾਈ ਵੰਨ-ਸੁਵੰਨੇ ਲਿਬਾਸਾਂ ਅਤੇ ਫੈਸ਼ਨਾਂ ਦੀਆਂ ਪਰਤਾਂ ਹੇਠ ਦੱਬ ਕੇ ਰਹਿ ਗਈਆਂ ਹਨ। ਸਿੱਖ ਨੌਜਵਾਨ ਅਸ਼ਲੀਲ ਗੀਤਾਂ, ਅਸਭਿਅਕ ਫਿਲਮਾਂ ਅਤੇ ਨਸ਼ਿਆਂ ਵੱਸ ਪੈ ਆਪਣੇ ਇਤਿਹਾਸਕ ਪੱਖਾਂ ਨੂੰ ਅੱਖੋਂ ਪਰੋਖੇ ਕਰ ਕੇਵਲ ਮੌਜਾਂ ਦੀ ਭਾਲ ਵਿਚ ਭਟਕਦੇ ਫਿਰਦੇ ਹਨ। ਅੱਜ ਅਸੀਂ ਆਰæਐਸ਼ਐਸ਼ ਦੀ ਨਿਖੇਧੀ ਕਰਦੇ ਤਾਂ ਸਾਹ ਨਹੀਂ ਲੈਂਦੇ, ਪਰ ਜਦ ਸਾਡੇ ਕਾਕੇ ‘ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜ੍ਹਾ, ਹੱਥ ਵਿਚ ਫੜੀ ਤਲਵਾਰ ਨੀ, ਗੁੱਟ ਵਿਚ ਸੋਹਣੀਏ ਕੜਾ’ ਵਰਗੇ ਗੀਤ ਗਾਉਂਦੇ ਹਨ ਤਾਂ ਸਾਨੂੰ ਗੀਤ ਦੇ ਬੋਲਾਂ ਵਿਚ ਹੋ ਰਹੀ ਕੱਕਾਰਾਂ ਦੀ ਬੇਅਦਬੀ ਸੁਣਾਈ ਕਿਉਂ ਨਹੀਂ ਦਿੰਦੀ? ‘ਆ ਗਏ ਪੱਗਾਂ ਪੋਚਵੀਆਂ ਵਾਲੇ, ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲੀਏ’ ਗੀਤ ਦੇ ਬੋਲਾਂ ਦੇ ਅਰਥਾਂ ਅਨੁਸਾਰ ਪੱਗਾਂ ਵਾਲੇ ਜਨਾਨੀਬਾਜ਼ ਹੁੰਦੇ ਹਨ, ਭਾਵ ਬੇਗਾਨੀਆਂ ਧੀਆਂ-ਭੈਣਾਂ ਚੁੱਕਣ ਆਉਂਦੇ ਹਨ। ‘ਪੱਗ ਦੇ ਪੇਚ ‘ਤੇ ਮਰ ਗਈ ਓਏ’, ਭਾਵ ਪੱਗ ਆਸ਼ਕੀ ਕਰਨ ਲਈ ਬੰਨ੍ਹੀ ਜਾਂਦੀ ਹੈ। ਹੁਣ ਸਵਾਲ ਉਠਦਾ ਹੈ ਕਿ ਕੀ ਪੱਗ ਜਿਸ ਨੂੰ ਗੁਰੂ ਸਾਹਿਬ ਨੇ ਸਾਡੇ ਸਿਰਾਂ ਉਤੇ ਤਾਜ ਬਣਾ ਕੇ ਸਜਾਇਆ, ਤੇ ਸਾਨੂੰ ਸਰਦਾਰੀਆਂ ਦਿੱਤੀਆਂ ਸਨ, ਅੱਜ ਅਸੀਂ ਆਪ ਉਸ ਦੀ ਕੀ ਕਦਰ ਜਾਣਦੇ ਹਾਂ? ਕੱਕਾਰਾਂ ਦੀ ਅਹਿਮੀਅਤ ਕੀ ਰਹਿ ਗਈ ਹੈ? ਤਲਵਾਰਾਂ ਜੋ ਕਦੇ ਹੱਕਾਂ ਦੀ ਰਾਖੀ ਲਈ ਜਾਂ ਪੱਤ ਦੀ ਰਾਖੀ ਲਈ ਜ਼ੁਲਮ ਦਾ ਟਾਕਰਾ ਕਰਨ ਲਈ ਉਠਾਈ ਗਈ ਸੀ, ਕੀ ਅੱਜ ਮਸ਼ੂਕਾਂ ਲਈ, ਹੰਕਾਰ ਦੀ ਪੂਰਤੀ ਲਈ, ਤੇ ਜਾਂ ਫਿਰ ਗੁੰਡਾਗਰਦੀ ਲਈ ਰਹਿ ਗਈ ਹੈ? ਇਹੀ ਕਾਰਨ ਹੈ ਕਿ ਆਪਣੇ ਅਤੇ ਬੇਗਾਨੇ ਹੱਕਾਂ ਲਈ ਜੂਝ ਕੇ ਮਰਨ ਮਿਟਣ ਵਾਲਾ ਸਿੱਖ ਅੱਜ ਇਨਸਾਫ ਅਤੇ ਆਪਣੇ ਹੱਕ ਸਰਕਾਰਾਂ, ਕਚਹਿਰੀਆਂ ਜਾਂ ਵਿਦੇਸ਼ੀ ਸੰਸਦਾਂ ਵਿਚੋਂ ਮੰਗਦਾ ਫਿਰਦਾ ਹੈ। ਜਿਨ੍ਹਾਂ ਹੱਥਾਂ ਵਿਚ ਕਦੇ ਗੁਰੂ ਨੇ ਤਲਵਾਰ ਫੜਾਈ ਸੀ, ਅੱਜ ਅਸੀਂ ਉਨ੍ਹਾਂ ਹੱਥਾਂ ਵਿਚ ਝਾੜੂ ਫੜੀ ‘ਜੈ ਹਿੰਦ’ ਜਾਂ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਲਾਉਂਦੇ ਫਿਰਦੇ ਹਾਂ। ਸ਼ਾਇਦ ਹੁਣ ਇਹ ਗਾਂਧੀ ਟੋਪੀ ਵਾਲਾ ਸਾਡੀ ਸੁਣੇ। ਕਿਉਂ ਸਾਨੂੰ ਸ਼ਰਮ ਨਹੀਂ ਆਉਂਦੀ? ਸਾਡੀ ਅੱਜ ਦੀ ਪੀੜ੍ਹੀ ਵਿਦਿਆ ਤੋਂ ਕਿਨਾਰਾ ਕਰੀ ਬੈਠੀ ਹੈ। 10ਵੀਂ ਜਾਂ 12ਵੀਂ ਕਰ ਕੇ ਹੀ ਸਾਡੇ ਸ਼ੇਰ ਪੁੱਤ ਦਿਮਾਗੀ ਬੋਝ ਨਾ ਝੱਲਦੇ ਹੋਏ ਹੱਥ ਖੜ੍ਹੇ ਕਰ ਜਾਂਦੇ ਹਨ, ਕਿਉਂਕਿ ਕਿਤਾਬਾਂ ਤਾਂ ਪੰਡਤਾਂ ਜਾਂ ਬਾਣੀਆਂ ਲਈ ਹਨ, ਸਾਡਾ ਜੱਟ ਸਿੱਖ ਹੋਣਾ ਹੀ ਬੜੀ ਵੱਡੀ ਪ੍ਰਾਪਤੀ ਹੈ। ਸਾਡਾ ਕੋਈ ਸਾਨੀ ਨਹੀਂ। ਇਹੀ ਕਾਰਨ ਹੈ ਕਿ ਅੱਜ ਸਾਡੇ ਵਿਚੋਂ ਇਕ ਵੀ ਕੇਜਰੀਵਾਲ ਨਾ ਉਭਰ ਸਕਿਆ। ਅਸੀਂ ਕੇਵਲ ਨਾਹਰੇ ਲਾਉਣ ਵਾਲੇ ਤੇ ਖੜਕੇ-ਦੜਕੇ ਵਾਲੇ ਗੀਤਾਂ ਉਤੇ ਛਾਲਾਂ ਮਾਰਨ ਜੋਗੇ ਰਹਿ ਗਏ। ਕਿਰਤ ਕਰਨ ਨੂੰ ਹੀਣ ਭਾਵਨਾ ਸਮਝਦੇ ਰਹੇ ਅੱਜ ਬੇਜ਼ਮੀਨੇ ਹੋ ਗਏ। ਘਰਾਂ ਵਿਚੋਂ ਬਾਣੀ ਕੱਢ ਕੇ, ਕੇਸ ਕਟਵਾ ਕੇ, ਪੰਜਾਬੀ ਬੋਲੀ ਤਿਆਗ ਕੇ, ਆਪਣੇ ਸਭਿਆਚਾਰ ਨੂੰ ਨਕਾਰ ਕੇ ਸੁੱਖ ਦਾ ਸਾਹ ਲੈ ਰਹੇ ਹਾਂ, ਜਿਵੇਂ ਸਿੱਖੀ ਸਾਡੇ ‘ਤੇ ਜਬਰੀ ਥੋਪੀ ਗਈ ਸੀ, ਮਸੀਂ ਛੁਟਕਾਰਾ ਮਿਲਿਆ ਹੋਵੇ। ਇਤਿਹਾਸ ਤੋਂ ਅਣਜਾਣ ਅਸੀਂ ਕੇਵਲ ਸ਼ਰਧਾ ਵਾਲੇ ਉੱਲੂ ਹੀ ਬਣ ਕੇ ਰਹਿ ਗਏ। ਸਾਡੇ ਖੰਡੇ ਦਾ ਰੂਪ ਹੀ ਬਦਲ ਦਿੱਤਾ ਗਿਆ, æææ ਤੇ ਅਸੀਂ ਕਬੂਲ ਕਰ ਲਿਆ। ਜੇ ਕਿਸੇ ਕਿਤਾਬ ਨੂੰ ਸਾਡੇ ਗੁਰੂ ਦੀ ਰਚਨਾ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਦਿੱਤਾ, ਅਸੀਂ ਮੱਥਾ ਟੇਕ ਦਿੱਤਾ। ਦੁਨੀਆਂ ਦੀ ਉੱਚੀ ਤੋਂ ਉੱਚੀ ਚੋਟੀ ਉਤੇ ਸਾਡੇ ਗੁਰੂ ਦਾ ਤਪ ਅਸਥਾਨ ਬਣਾ ਦਿੱਤਾ ਗਿਆ। ਅਸੀਂ ਵਹੀਰਾਂ ਘੱਤ ਤੁਰ ਪਏ। ਆਖਰ ਕੀ ਕਰ ਰਹੇ ਹਾਂ ਅਸੀਂ? ਕੀ ਅਸੀਂ ਹੁਣ ਸਿੱਖ ਰਹਿ ਗਏ ਹਾਂ? ਫਿਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਭ ਦੇ ਬਾਵਜੂਦ ਅਸੀਂ ਆਪਣੀ ਹੂੜ੍ਹਮੱਤ ਨੂੰ ਨਹੀਂ, ਦੂਜਿਆਂ ਨੂੰ ਦੋਸ਼ੀ ਦੱਸਦੇ ਹਾਂ। ਖਾਲਿਸਤਾਨੀਆਂ, ਮਿਸ਼ਨਰੀਆਂ, ਗਰਮ ਦਲੀਆਂ, ਸਹਿਜਧਾਰੀਆਂæææ ਪਤਾ ਨਹੀਂ ਕਿੰਨੇ ਕੁ ਵਰਗਾਂ ‘ਚ ਵੰਡੇ ਬੈਠੇ ਹਾਂ। ਅਸੀਂ ਆਪਣੇ ਆਪ ਨੂੰ ਕੇਵਲ ਗੁਰੂ ਦੇ ਸਿੱਖ ਹੀ ਅਖਵਾ ਕੇ ਫਖਰ ਮਹਿਸੂਸ ਕਿਉਂ ਨਹੀਂ ਕਰਨਾ ਚਾਹੁੰਦੇ? ਬਾਣੀ ਪੜ੍ਹਨੀ ਸਾਡੇ ਲਈ ਅਸੰਭਵ ਵਿਸ਼ਾ ਕਿਉਂ ਬਣਦੀ ਜਾ ਰਹੀ ਹੈ? ਦੁਨੀਆਂ ਭਰ ਦੀ ਜਾਣਕਾਰੀ ਰੱਖਣਾ ਸਾਡੇ ਲਈ ਫਖਰ ਦੀ ਗੱਲ ਹੈ, ਪਰ ਆਪਣੇ ਹੀ ਇਤਿਹਾਸ ਨੂੰ ਭੁੱਲੀ ਬੈਠੇ ਹਾਂ। ਜੇ ਅੱਜ ਅਸੀਂ ਵਕਤ ਨਾ ਸਾਂਭਿਆ ਤਾਂ ਇਸੇ ਵਕਤ ਨੇ ਇਕ ਦਿਨ ਸਾਨੂੰ ਅਜਿਹੇ ਕਾਲੇ ਹਨੇਰੇ ਵਿਚ ਧੱਕ ਦੇਣਾ ਹੈ ਜਿਥੋਂ ਰਾਹ ਲੱਭਣਾ ਅਸੰਭਵ ਹੋ ਜਾਵੇਗਾ। ਘਰਾਂ ਵਿਚ ਬਾਣੀ ਦਾ ਪ੍ਰਕਾਸ਼ ਕਰਨ, ਸਿੱਖ ਰਹਿਤ ਮਰਿਆਦਾ ਵਿਚ ਜੀਵਨ ਜੀਣ, ਗਵਾਚ ਚੁੱਕੇ ਕਿਰਦਾਰ ਨੂੰ ਫਿਰ ਧਾਰਨ ਕਰਨ ਅਤੇ ਆਪਣੇ ਇਤਿਹਾਸ ਅਤੇ ਸਭਿਆਚਾਰ ਨਾਲ ਜੁੜਨਾ ਹੀ ਸਾਡੀ ਬਰਬਾਦੀ ਰੋਕ ਸਕਦਾ ਹੈ; ਨਹੀਂ ਤਾਂ ਆਪਣੇ ਗੁਰੂ ਅੱਗੇ ਜਵਾਬਦੇਹ ਅਸੀਂ ਆਪ ਹੋਵਾਂਗੇ। ਫੈਸਲਾ ਸਾਡੇ ਆਪਣੇ ਹੱਥ ਹੈ।

Be the first to comment

Leave a Reply

Your email address will not be published.