ਸੰਪਾਦਕ ਸਾਹਿਬ,
ਸਤਿ ਸ੍ਰੀ ਅਕਾਲ।
ਪੰਜਾਬ ਟਾਈਮਜ਼ ਦੇ ਅੰਕ 33 ਵਿਚ ਉਸਤਾਦ ਲਾਲ ਚੰਦ ਯਮਲਾ ਜੱਟ ਬਾਰੇ ਸ੍ਰੀ ਕੁਲਦੀਪ ਤੱਖਰ ਦਾ ਲੇਖ Ḕਤੂੰਬੀ, ਸੁਰ ਤੇ ਸੰਗੀਤḔ ਪੜ੍ਹਿਆ। ਮਨ ਨੂੰ ਕਾਫੀ ਠੇਸ ਪਹੁੰਚੀ, ਬਹੁਤ ਸਾਰੇ ਵੀਰਾਂ ਦੇ ਇਸ ਲੇਖ ਸਬੰਧੀ ਫੋਨ ਵੀ ਆਏ ਕਿ ਇਹਦਾ ਜੁਆਬ ਦਿਉ।
ਕਿਸੇ ਵੀ ਵਿਅਕਤੀ ਦੇ ਬੋਲਣ-ਚੱਲਣ ਅਤੇ ਪਹਿਰਾਵੇ ਵਿਚੋਂ ਉਹਦੀ ਸ਼ਖਸੀਅਤ ਝਲਕਦੀ ਹੈ। ਇਵੇਂ ਹੀ ਕੁਝ ਲੇਖਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਵਿਰੋਧਤਾ ਦੀ ਸੁਲਘਦੀ ਅੱਗ ਉਨ੍ਹਾਂ ਦੇ ਸ਼ਬਦਾਂ ਵਿਚੋਂ ਸਹਿਜ ਸੁਭਾ ਮਹਿਸੂਸ ਕੀਤੀ ਜਾ ਸਕਦੀ ਹੈ।
ਕੁਝ ਲੋਕ ਹੁੰਦੇ ਨੇ ਜੋ ਫੋਕੀ ਸ਼ੋਹਰਤ ਹਾਸਲ ਕਰਨ ਲਈ ਕਿਸੇ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨੂੰ ਬੇਤੁਕੀਆਂ ਗੱਲਾਂ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। Ḕਤੂੰਬੀ, ਸੁਰ ਤੇ ਸੰਗੀਤḔ ਲੇਖ ਦੇ ਲੇਖਕ ਨੂੰ ਲਗਦਾ ਜਿਵੇਂ ਤੂੰਬੀ ਸੂਲਾਂ ਵਾਂਗੂ ਚੁਭਦੀ ਹੈ। ਪਹਿਲੀ ਗੱਲ ਜਿਹੜਾ ਵਿਅਕਤੀ ਯਮਲੇ ਜੱਟ ਦੇ ਗੀਤਾਂ ‘ਤੇ ਕਿੰਤੂ-ਪ੍ਰੰਤੂ ਕਰਦਾ ਹੈ ਜਾਂ ਤਾਂ ਉਹਨੂੰ ਪੰਜਾਬੀ ਸੰਗੀਤ ਬਾਰੇ ਪੂਰੀ ਜਾਣਕਾਰੀ ਨਹੀਂ ਜਾਂ ਫਿਰ ਉਹ ਅਸਲੀ ਫੋਕ ਪੰਜਾਬੀ ਸੰਗੀਤ ਤੋਂ ਕੋਹਾਂ ਦੂਰ ਹੈ। ਜਦੋਂ ਢੋਲ ਉਤੇ ਡੱਗਾ ਵੱਜਦਾ ਹੈ ਜਾਂ ਤੂੰਬੀ ਦੀ ਟੁਣਕਾਰ ਕਿਸੇ ਪੰਜਾਬੀ ਦੇ ਕੰਨਾਂ ਵਿਚ ਪੈਂਦੀ ਹੈ ਤਾਂ ਉਹ ਆਪ ਮੁਹਾਰੇ ਹੀ ਝੂਮ ਉਠਦਾ ਹੈ। ਜੇ ਤੂੰਬੀ ਇਸ ਲੇਖਕ ਨੂੰ ਬੇਸੁਰੀ ਲੱਗੀ ਹੈ, ਫਿਰ ਇਹ ਹਿੰਦੀ ਫਿਲਮਾਂ ਜਾਂ ਗੋਰਿਆਂ ਦੀਆਂ ਮਹਿਫਿਲਾਂ ਵਿਚ ਨਾ ਵੱਜਦੀ, ਜੇ ਤੂੰਬੀ ਬੇਸੁਰੀ ਹੈ ਫਿਰ ਮੁਹੰਮਦ ਸਦੀਕ ਦਾ ਸੁੱਚਾ ਸੂਰਮਾ ਲੋਕੀਂ ਟਿਕ-ਟਿਕੀ ਲਾ ਕੇ ਨਾ ਸੁਣਦੇ, ਜੇ ਤੂੰਬੀ ਲੱਚਰ ਹੈ ਫਿਰ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੋਸ਼ੀਲੀ ਵਾਰ Ḕਲੈ ਕੇ ਕਲਗੀਧਰ ਤੋਂ ਥਾਪੜਾḔ ਐਨਾ ਨਾਮਣਾ ਨਾ ਖੱਟਦੀ।
ਜਿੰਨਾ ਬਾਬੇ ਨਾਨਕ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਤੂੰਬੀ ਦੀ ਤਾਰ ‘ਤੇ ਗਾਇਆ ਹੈ ਸ਼ਾਇਦ ਕਿਸੇ ਹੋਰ ਗਾਇਕ ਨੇ ਉਨਾ ਨਾ ਗਾਇਆ ਹੋਵੇ! ਮੁਹੰਮਦ ਰਫੀ ਵੀ ਯਮਲਾ ਜੀ ਦੀ ਬੇਥਾਹ ਇੱਜ਼ਤ ਕਰਦੇ ਸਨ। ਯਮਲਾ ਜੀ ਨੂੰ ਉਨ੍ਹਾਂ ਦੀ ਸਾਫ-ਸੁਥਰੀ ਗਾਇਕੀ ਬਦਲੇ ਅਨੇਕਾਂ ਵਾਰ ਲੋਕਾਂ ਵੱਲੋਂ ਮੇਲਿਆ ਅਤੇ ਸਾਹਿਤ ਸਭਾਵਾਂ ਦੇ ਸਮਾਗਮਾਂ ਵਿਚ ਸਨਮਾਨਿਤ ਕੀਤਾ ਜਾ ਚੁਕਾ ਹੈ। ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰੀ ਐਵਾਰਡ ਵੀ ਮਿਲਿਆ ਅਤੇ ਉਨ੍ਹਾਂ ਤੂੰਬੀ ਦੀ ਇੱਕ ਤਾਰ ਵਿਚੋਂ ਸੱਤ ਸੁਰਾਂ ਕੱਢ ਕੇ ਪੂਰੀ ਦੁਨੀਆਂ ਵਿਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਹੈ।
ਸ੍ਰੀ ਤੱਖਰ ਨੇ ਲੇਖਕ ਨਿੰਦਰ ਘੁਗਿਆਣਵੀ ਵੱਲ ਵੀ ਉਂਗਲ ਉਠਾਈ ਹੈ। ਨਿੰਦਰ ਘੁਗਿਆਣਵੀ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ, ਜਿਨ੍ਹਾਂ ਵਿਚੋਂ ਕੁਝ ਕਿਤਾਬਾਂ ਕਾਲਜੀ ਵਿਦਿਆਰਥੀਆਂ ਨੂੰ ਪੜ੍ਹਾਈਆ ਵੀ ਜਾਂਦੀਆਂ ਹਨ, ਐਸੇ ਵਿਅਕਤੀ ‘ਤੇ ਕਿੰਤੂ-ਪ੍ਰੰਤੂ ਕਰਨਾ ਮਾੜੀ ਗੱਲ ਹੈ।
ਲੇਖਕ ਨੇ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਨੂੰ ਵੀ ਕਲਮ ਦੇ ਰਗੜੇ ਹੇਠ ਰਗੜ ਕੇ ਆਪਣੇ ਅੰਦਰ ਦੀ ਵੇਦਨਾ ਜੱਗ ਜਾਹਿਰ ਕਰ ਦਿੱਤੀ ਹੈ। ਸਮਝ ਨਹੀਂ ਲੱਗੀ ਕਿ ਇਹ ਭੱਦਰ ਪੁਰਸ਼ ਆਪਣੀ ਇਸ ਰਚਨਾ ਜ਼ਰੀਏ ਕੀ ਸਿੱਧ ਕਰਨਾ ਚਾਹੁੰਦਾ ਹੈ? ਜੋ ਮਰਜ਼ੀ ਕੋਈ ਕਹੀ ਜਾਵੇ ਪਰ ਆਸ਼ਾ, ਆਸ਼ਾ ਹੀ ਹੈ। ਜਿਸ ਰਵਾਨੀ ਨਾਲ ਉਹ ਸ਼ਬਦ ਬੋਲਦੇ ਹਨ, ਉਹ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਦੇ ਹਿੱਸੇ ਆਇਆ ਹੋਵੇ। ਨਾਲੇ ਮੈਂ ਦੱਸ ਦੇਵਾਂ ਕਿ ਅੱਜ ਕੱਲ੍ਹ ਦੇ ਲੱਚਰ ਹਨੀ ਸਿੰਘ ਅਤੇ ਇਹਦੇ ਗੰਦ ਪਾਉ ਭਾਈਵਾਲ ਤੂੰਬੀ ਨਾਲ ਨਹੀਂ ਗਾਉਦੇ! ਸੋ, ਲੇਖਕ ਨੂੰ ਪੀਰ ਸਾਜ਼ ਤੂੰਬੀ ‘ਤੇ ਚਿੱਕੜ ਸੁਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
-ਗੁਰਿੰਦਰਜੀਤ Ḕਨੀਟਾ ਮਾਛੀਕੇḔ
ਸਕੱਤਰ, ਯਮਲਾ ਜੱਟ ਫਾਊਡੇਂਸ਼ਨ
ਫਰਿਜ਼ਨੋ (ਕੈਲੀਫੋਰਨੀਆ)
Leave a Reply