ਨਿਊ ਯਾਰਕ ਵਿਚ ਸਿੱਖ ਨੌਜਵਾਨ ਉਤੇ ਨਸਲੀ ਹਮਲੇ ਨੇ ਇਕ ਵਾਰ ਫਿਰ ਸਿੱਖ ਭਾਈਚਾਰੇ ਨੂੰ ਝੰਜੋੜ ਸੁੱਟਿਆ ਹੈ। 2001 ਦੇ ਸਤੰਬਰੀ ਦਹਿਸ਼ਤੀ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰਾ ਲਗਾਤਾਰ ਅਜਿਹੇ ਨਸਲੀ ਹਮਲਿਆਂ ਦੀ ਮਾਰ ਹੇਠ ਹੈ। ਭਾਈਚਾਰੇ ਨਾਲ ਸਬੰਧਤ ਸੰਸਥਾਵਾਂ ਨੇ ਸਿੱਖਾਂ ਬਾਰੇ ਚੇਤਨਾ ਫੈਲਾਉਣ ਲਈ ਕਈ ਹੀਲੇ-ਵਸੀਲੇ ਕੀਤੇ ਹਨ ਅਤੇ ਕਈਆਂ ਨੇ ਵਿਅਕਤੀਗਤ ਪੱਧਰ ਉਤੇ ਵੀ ਸਰਗਰਮੀ ਵਿੱਢੀ। ਹਾਲ ਹੀ ਵਿਚ ਪ੍ਰਸਿੱਧ ਫਿਲਮ ਅਦਾਕਾਰ ਵਾਰਿਸ ਸਿੰਘ ਆਹਲੂਵਾਲੀਆ ਨੂੰ ਲੈ ਕੇ ਇਕ ਟੀæਵੀæ ਇਸ਼ਤਿਹਾਰ ਵੀ ਤਿਆਰ ਕੀਤਾ ਗਿਆ ਸੀ ਤਾਂ ਕਿ ਅਮਰੀਕੀਆਂ ਨੂੰ ਸਿੱਖਾਂ ਦੀ ਸ਼ਨਾਖਤ ਬਾਰੇ ਦੱਸਿਆ ਜਾ ਸਕੇ। ਇਹ ਇਸ਼ਤਿਹਾਰ ਵੱਡੀ ਪੱਧਰ ‘ਤੇ ਦਿਖਾਇਆ ਗਿਆ। ਇਕ ਸਰਵੇਖਣ ਅਨੁਸਾਰ ਇਸ ਇਸ਼ਤਿਹਾਰ ਨੂੰ ਵੱਡੀ ਪੱਧਰ ਉਤੇ ਹੁੰਗਾਰਾ ਵੀ ਮਿਲਿਆ। ਕੁਝ ਸਿੱਖ ਸੰਸਥਾਵਾਂ ਇਸ ਤਰ੍ਹਾਂ ਦੇ ਹੋਰ ਚੇਤਨਾ ਪ੍ਰੋਜੈਕਟਾਂ ਉਤੇ ਲਗਾਤਾਰ ਨਿੱਠ ਕੇ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਹਰਲੀਨ ਕੌਰ ਵਰਗੇ ਕਈ ਜਿਊੜੇ ਖੁਦ ਹੀ ਇਸ ਮੁਹਿੰਮ ਵਿਚ ਹਿੱਸਾ ਪਾ ਰਹੇ ਹਨ। ਹਰਲੀਨ ਕੌਰ ਨੇ ਗੁਰਦੁਆਰਾ ਓਕ ਕਰੀਕ ਗੋਲੀ ਕਾਂਡ ਤੋਂ ਬਾਅਦ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਹਰ ਥਾਂ ਉਸ ਨੂੰ ਦਸਤਾਰ ਬਾਰੇ ਪੁੱਛਿਆ ਜਾਂਦਾ ਹੈ ਅਤੇ ਉਹ ਇਸੇ ਬਹਾਨੇ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਪ੍ਰਚਾਰ ਕਰਦੀ ਹੈ। ਸਿੱਖ ਸ਼ਨਾਖਤ ਬਾਬਤ ਹੋਰ ਵੀ ਕਈ ਮੁਹਿੰਮਾਂ ਗਾਹੇ-ਬਗਾਹੇ ਚਲਾਈਆਂ ਗਈਆਂ, ਪਰ ਇਸ ਸਭ ਕਾਸੇ ਦੇ ਬਾਵਜੂਦ ਸਿੱਖਾਂ ਉਤੇ ਨਸਲੀ ਹਮਲਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਇਹ ਸੱਚ ਹੈ ਕਿ ਸਤੰਬਰੀ ਹਮਲਿਆਂ ਨੇ ਅਮਰੀਕਾ ਹੀ ਨਹੀਂ, ਸਮੁੱਚੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕੀ ਲੀਡਰ ਖੁਦ ਇਸ ਹਮਲੇ ਤੋਂ ਹੱਕੇ-ਬੱਕੇ ਰਹਿ ਗਏ ਸਨ। ਉਦੋਂ ਕੁਝ ਸੰਜੀਦਾ ਚਿੰਤਕਾਂ ਨੇ ਇਸ ਹਮਲੇ ਦੀਆਂ ਜੜ੍ਹਾਂ ਫਰੋਲਦਿਆਂ ਅਮਰੀਕਾ ਦੀ ਵਿਦੇਸ਼ ਨੀਤੀ ਉਤੇ ਉਂਗਲ ਧਰੀ ਸੀ। ਨੌਮ ਚੌਮਸਕੀ ਵਰਗੇ ਉਘੇ ਚਿੰਤਕਾਂ ਨੇ ਸਪਸ਼ਟ ਕਿਹਾ ਸੀ ਕਿ ਹੋਰ ਦੇਸ਼ਾਂ ਲਈ ਅਮਰੀਕਾ ਦੀਆਂ ਧਾੜਵੀ ਨੀਤੀਆਂ ਕਰ ਕੇ ਇਹ ਦਿਨ ਦੇਖਣਾ ਪਿਆ ਹੈ, ਪਰ ਇਸ ਸਿਲਸਿਲੇ ਦਾ ਅਫਸੋਸਨਾਕ ਪਹਿਲੂ ਇਹ ਰਿਹਾ ਕਿ ਅਮਰੀਕੀ ਲੀਡਰਾਂ ਨੇ ਇਨ੍ਹਾਂ ਚਿੰਤਕਾਂ ਦੀ ਰਾਏ ਵੱਲ ਉਕਾ ਹੀ ਧਿਆਨ ਨਹੀਂ ਧਰਿਆ। ਇਸ ਦੀ ਥਾਂ ਹਮਲੇ ਲਈ ਜ਼ਿੰਮੇਵਾਰ ਮੁਸਲਮਾਨ ਕੱਟੜਪੰਥੀਆਂ ਨੂੰ ਸਬਕ ਸਿਖਾਉਣ ਦੇ ਬਹਾਨੇ ਸਮੁੱਚੇ ਭਾਈਚਾਰੇ ਖਿਲਾਫ ਹੀ ਮੁਹਿੰਮ ਛੇੜ ਦਿੱਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਤੋ-ਰਾਤ ਸਾਰੇ ਮੁਸਲਮਾਨਾਂ ਨੂੰ ਦਹਿਸ਼ਤਗਰਦਾਂ ਦੀ ਸੂਚੀ ਵਿਚ ਪਾ ਦਿੱਤਾ ਗਿਆ। ਅਮਰੀਕਾ ਦੀ ਇਸ ਕਾਣੀ ਨੀਤੀ ਨੇ ਬਲਦੀ ਉਤੇ ਤੇਲ ਪਾਇਆ ਅਤੇ ਆਮ ਅਮਰੀਕੀ ਤੇ ਵੱਖ-ਵੱਖ ਅਦਾਰਿਆਂ ਵਿਚ ਕੰਮ ਕਰਦਾ ਮੁਲਾਜ਼ਮ ਮੁਸਲਮਾਨਾਂ ਖਿਲਾਫ ਵੈਰ-ਵਿਰੋਧ ਰੱਖਣ ਲੱਗ ਪਿਆ। ਇਸ ਦਾ ਸਭ ਤੋਂ ਵੱਧ ਖਮਿਆਜ਼ਾ, ਬਿਨਾਂ ਕਿਸੇ ਵਜ੍ਹਾ ਦੇ ਸਿੱਖਾਂ ਨੂੰ ਭੁਗਤਣਾ ਪਿਆ। ਆਮ ਸਿੱਖ ਦਾ ਪਹਿਰਾਵਾ ਅਤੇ ਸਰੂਪ ਕਿਉਂਕਿ ਕਥਿਤ ਮੁਸਲਮਾਨ ਦਹਿਸ਼ਤਗਰਦਾਂ ਨਾਲ ਮਿਲਦਾ-ਜੁਲਦਾ ਸੀ, ਇਸ ਲਈ ਸਿੱਖ ਅਜਿਹੇ ਨਸਲੀ ਹਮਲਿਆਂ ਦੀ ਮਾਰ ਹੇਠ ਆ ਗਏ।
ਉਂਜ, ਇਸ ਮਾਮਲੇ ‘ਤੇ ਸਿੱਖ ਭਾਈਚਾਰੇ ਵੱਲੋਂ ਵੀ ਅਚੇਤ ਹੀ ਇਕ ਕੋਤਾਹੀ ਹੋ ਗਈ। ਸਿੱਖ ਭਾਈਚਾਰੇ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਦਾ ਸਾਰਾ ਜ਼ੋਰ ਹੁਣ ਤੱਕ ਇਸ ਪ੍ਰਚਾਰ ਉਤੇ ਲੱਗਿਆ ਹੋਇਆ ਹੈ ਕਿ ਸਿੱਖ, ਅਰਬਾਂ/ਮੁਸਲਮਾਨਾਂ ਤੋਂ ਵੱਖਰੇ ਹਨ। ਉਨ੍ਹਾਂ ਨੂੰ ਅਰਬ ਜਾਂ ਮੁਸਲਮਾਨ ਸਮਝ ਕੇ ਹਮਲਿਆਂ ਦਾ ਸ਼ਿਕਾਰ ਨਾ ਬਣਾਇਆ ਜਾਵੇ। ਇਹ ਪਹੁੰਚ ਅਸਲ ਵਿਚ ਸਰਬੱਤ ਦੇ ਭਲੇ ਦੇ ਖਿਲਾਫ ਜਾਂਦੀ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਸਤੰਬਰੀ ਹਮਲੇ ਕਿਸੇ ਆਮ ਮੁਸਲਮਾਨ ਨੇ ਨਹੀਂ ਸਨ ਕੀਤੇ। ਫਿਰ ਆਮ ਮੁਸਲਮਾਨ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਜਾ ਸਕਦਾ ਹੈ? ਇਸ ਤਰ੍ਹਾਂ ਦਾ ਕਹਿਰ ਢਾਈ-ਤਿੰਨ ਦਹਾਕੇ ਪਹਿਲਾਂ ਪੰਜਾਬ ਦੇ ਸਿੱਖਾਂ ਉਤੇ ਢਾਹਿਆ ਗਿਆ ਸੀ। ਉਸ ਵੇਲੇ ਹਰ ਸਿੱਖ ਨੂੰ ਦਹਿਸ਼ਤਗਰਦਾਂ ਦੇ ਖਾਨੇ ਵਿਚ ਪਾ ਦਿੱਤਾ ਗਿਆ ਸੀ। ਇਹੀ ਹਾਲ ਸਤੰਬਰੀ ਹਮਲਿਆਂ ਤੋਂ ਬਾਅਦ ਆਮ ਮੁਸਲਮਾਨ ਦਾ ਹੋਇਆ। ਉਨ੍ਹਾਂ ਨੂੰ ਵੀ ਦਹਿਸ਼ਤਗਰਦੀ ਦੇ ਖਾਨੇ ਵਿਚ ਤਾੜ ਦਿੱਤਾ ਗਿਆ। ਸਿੱਖੀ ਅਤੇ ਸਰਬੱਤ ਦੇ ਭਲੇ ਵਾਲੀ ਪਹੁੰਚ ਦੇ ਹਿਸਾਬ ਨਾਲ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਨਸਲੀ ਹਮਲਿਆਂ ਖਿਲਾਫ ਵਿਰਾਟ ਤੇ ਵਿਸ਼ਾਲ ਮੁਹਿੰਮ ਵਿੱਢੀ ਜਾਂਦੀ ਅਤੇ ਇਸ ਵਿਚ ਸਮਾਜ ਦੇ ਹਰ ਸੰਜੀਦਾ ਸ਼ਖਸ ਨੂੰ ਸ਼ਾਮਲ ਕੀਤਾ ਜਾਂਦਾ। ਹੁਣ ਤੱਕ ਸਾਡੀਆਂ ਕਈ ਸਮੱਸਿਆਵਾਂ ਇਸ ਕਰ ਕੇ ਵੀ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ, ਕਿਉਂਕਿ ਅਸੀਂ ਸਥਾਨਕ ਲੋਕਾਂ ਨਾਲ ਉਸ ਤਰ੍ਹਾਂ ਦਾ ਰਾਬਤਾ ਅਤੇ ਮੇਲ-ਮਿਲਾਪ ਨਹੀਂ ਬਣਾ ਸਕੇ ਜਿਸ ਤਰ੍ਹਾਂ ਬਣਾਉਣਾ ਚਾਹੀਦਾ ਸੀ। ਓਪਰੀ ਭਾਸ਼ਾ, ਵੱਖਰੇ ਸਭਿਆਚਾਰ ਅਤੇ ਵੱਖਰੇ ਰਹਿਣ-ਸਹਿਣ ਕਰ ਕੇ ਵਿਅਕਤੀਗਤ ਪੱਧਰ ਉਤੇ ਆਪਸੀ ਰਾਬਤੇ ਵਿਚ ਦਿੱਕਤਾਂ ਤਾਂ ਆਉਂਦੀਆਂ ਹਨ, ਪਰ ਭਾਈਚਾਰੇ ਨਾਲ ਸਬੰਧਤ ਸੰਸਥਾਵਾਂ ਅਤੇ ਇਸ ਦੇ ਆਗੂਆਂ ਨੂੰ ਚੇਤਨਾ ਮੁਹਿੰਮ ਦਾ ਮੂੰਹ ਇਸ ਪਾਸੇ ਵੀ ਮੋੜਨਾ ਚਾਹੀਦਾ ਹੈ। ਇਹ ਚੇਤਨਾ ਮੁਹਿੰਮ ਇੰਨੀ ਜ਼ਿਆਦਾ ਫੈਲਣੀ ਚਾਹੀਦੀ ਹੈ ਕਿ ਸਰਬੱਤ ਦੇ ਭਲੇ ਦਾ ਸੰਕਲਪ ਪੂਰੀ ਦੁਨੀਆਂ ਕੰਨ ਲਾ-ਲਾ ਸੁਣੇ। ਇਸ ਮਾਮਲੇ ਵਿਚ ਰਤਾ ਕੁ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਸਿੱਖ ਸ਼ਨਾਖਤ ਬਾਰੇ ਸਾਡੀਆਂ ਚੇਤਨਾ ਮੁਹਿੰਮਾਂ ਦਾ ਇਕ ਅਰਥ ਇਹ ਵੀ ਨਿਕਲਦਾ ਹੈ ਕਿ ਮੁਸਲਮਾਨਾਂ ਉਤੇ ਹਮਲੇ ਭਾਵੇਂ ਕਰੀ ਜਾਓ; ਅਸੀਂ ਸਿੱਖ ਹਾਂ, ਮੁਸਲਮਾਨਾਂ ਤੋਂ ਵੱਖਰੇ ਹਾਂ, ਸਾਡੇ ਉਤੇ ਹਮਲੇ ਨਾ ਕਰੋ। ਇਹ ਕੌੜਾ ਸੱਚ ਸੁਣਨਾ ਔਖਾ ਤਾਂ ਹੈ, ਪਰ ਸੱਚ ਇਹੀ ਹੈ ਕਿ ਅਸੀਂ ਆਪਣੀ ਸਿੱਖ ਸ਼ਨਾਖਤ ਦਰਜ ਕਰਵਾਉਣ ਲਈ ਅਚੇਤ ਹੀ ਸਰਬੱਤ ਦੇ ਭਲੇ ਦੀ ਰਵਾਇਤ ਦਾ ਪੱਲਾ ਛੱਡ ਬੈਠੇ ਹਾਂ। ਸਤੰਬਰੀ ਹਮਲਿਆਂ ਕਾਰਨ ਆਮ ਅਮਰੀਕੀਆਂ ਦੇ ਜ਼ਿਹਨ ਵਿਚ ਬਲ ਰਹੀ ਨਫਰਤ ਦੀ ਅੱਗ ਮਨੁੱਖਤਾ ਨੂੰ ਲੂਹ ਰਹੀ ਹੈ। ਸਿੱਖ ਭਾਈਚਾਰੇ ਅਤੇ ਸੰਸਥਾਵਾਂ ਨੂੰ ਹੁਣ ਚਾਹੀਦਾ ਹੈ ਕਿ ਸਿੱਖ ਸ਼ਨਾਖਤ ਦੀ ਮੁਹਿੰਮ ਨੂੰ ਹੋਰ ਵਧਾਉਣ ਦੇ ਨਾਲ-ਨਾਲ ਹੁਣ ਸਰਬੱਤ ਦੀ ਸ਼ਨਾਖਤ ਵਾਲਾ ਫਰੰਟ ਵੀ ਖੋਲ੍ਹਿਆ ਜਾਵੇ। ਇਹ ਫਰੰਟ ਅਗਾਂਹ ਜਾ ਕੇ ਨਵੀਂ ਪੀੜ੍ਹੀ ਲਈ ਵੀ ਨਵੇਂ ਫਰੰਟ ਖੋਲ੍ਹੇਗਾ।
Leave a Reply