ਡੈਣ ਜਿਹੀ ਸਿਆਸਤ ਦੇ ਵੱਸ ਪੈ ਗਏ, ਧਨ ਅਤੇ ਖੂਨ ਦੇ ਨਾਲ ਨਾ ਰੱਜਦੀ ਏ।
ਲੂੰਬੜ-ਚਾਲਾਂ ਨੇ ਆਉਂਦੀਆਂ ਰਾਸ ਇਸ ਨੂੰ, ਨਿਰੀਆਂ ਗੱਪਾਂ ਦੇ ਆਸਰੇ ਗੱਜਦੀ ਏ।
ਬੁਰਕਾ ਓਹੜ ਕੇ ਧਰਮ ਤੇ ਪੰਥ ਵਾਲਾ, ਰਹਿੰਦੀ ਅਸਲ ਕਰਤੂਤਾਂ ਨੂੰ ਕੱਜਦੀ ਏ।
ਛੇਕ ਸੈਂਕੜੇ ਛਾਨਣੀ ਫੇਰ ਬੋਲੇ, ਜਿਹਨੂੰ ਸ਼ਰਮ ਨਾ ਭੋਰਾ ਵੀ ਛੱਜ ਦੀ ਏ।
ਡੌਂਡੀ ਪਿੱਟਦੇ ਪੰਥ ਦੀ ਏਕਤਾ ਦੀ, ਚਿੰਤਾ ਆਪਣੇ ਟੱਬਰ ਦੇ ‘ਬੱਜ’ ਦੀ ਏ।
ਘੁਲਦੀ ਕੜ੍ਹੀ ਜੋ ਆਈ ਦਹਾਕਿਆਂ ਤੋਂ, ਜਾਪੇ ਉਹੀ ਕਹਾਣੀ ਫਿਰ ਅੱਜ ਦੀ ਏ!
Leave a Reply