ਚੁਫੇਰਿਓਂ ਮਿਲੇ ਹੁੰਗਾਰੇ ਨੇ ਰਾਹ ਮੋਕਲਾ ਕੀਤਾ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਨਿਊ ਯਾਰਕ ਵਿਚ ਸਿੱਖਾਂ ਉਪਰ ਹੋਏ ਦੋ ਉਪਰੋਥਲੀ ਹਮਲਿਆਂ ਤੋਂ ਬਾਅਦ ਸਿੱਖ ਸ਼ਨਾਖਤ ਬਾਰੇ ਚਲਾਈ ਜਾ ਰਹੀ ਮੁਹਿੰਮ ਅਗਲੇ ਪੜਾਅ ਵਿਚ ਦਾਖਲ ਹੋ ਗਈ ਹੈ। ਇਸ ਮੁਹਿੰਮ ਨੂੰ ਹੁਣ ਅਮਰੀਕੀ ਸਿੱਖਾਂ ਅਤੇ ਸਿੱਖ ਸੰਸਥਾਵਾਂ ਨੇ ਹੋਰ ਮੋਕਲਾ ਕਰਨ ਦਾ ਫੈਸਲਾ ਕੀਤਾ ਹੈ। ਯਾਦ ਰਹੇ ਕਿ ਅਮਰੀਕਾ ਵਿਚ ਸਾਲ 2001 ਵਿਚ 9 ਸਤੰਬਰ ਨੂੰ ਹੋਏ ਦਹਿਸ਼ਤੀ ਹਮਲਿਆਂ ਤੋਂ ਬਾਅਦ ਸਿੱਖਾਂ ਉਤੇ ਲਗਾਤਾਰ ਨਸਲੀ ਹਮਲੇ ਹੋ ਰਹੇ ਹਨ। ਇਸ ਸਬੰਧ ਵਿਚ ਸਿੱਖ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਨੇ ਉਦੋਂ ਤੋਂ ਹੀ ਸਿੱਖ ਸ਼ਨਾਖਤ ਬਾਰੇ ਚੇਤਨਾ ਮੁਹਿੰਮ ਅਰੰਭੀ ਹੋਈ ਹੈ ਤਾਂ ਕਿ ਸਥਾਨਕ ਲੋਕਾਂ ਨੂੰ ਸਿੱਖਾਂ ਅਤੇ ਉਨ੍ਹਾਂ ਦੇ ਸਭਿਆਚਾਰ ਬਾਰੇ ਚੇਤੰਨ ਕੀਤਾ ਜਾ ਸਕੇ। ਇਸ ਚੇਤਨਾ ਮੁਹਿੰਮ ਵਿਚ ਵਿਅਕਤੀਗਤ ਪੱਧਰ ਉਤੇ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਅਮਰੀਕਾ ਵਿਚਲੇ ਗੁਰੂ ਘਰਾਂ ਵੱਲੋਂ ਵੀ ਇਸ ਮੁਹਿੰਮ ਵਿਚ ਉਚੇਚਾ ਯੋਗਦਾਨ ਪਾਇਆ ਜਾ ਰਿਹਾ ਹੈ।
ਨਿਊ ਯਾਰਕ ਵਿਚ ਸੰਦੀਪ ਸਿੰਘ ਉਤੇ ਹੋਏ ਹਮਲੇ ਨੂੰ ਅਮਰੀਕੀ ਮੀਡੀਆ ਨੇ ਵੀ ਮੁਕਾਬਲਤਨ ਸੰਜੀਦਾ ਢੰਗ ਨਾਲ ਲਿਆ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਵੱਲੋਂ ਚਲਾਈ ਚੇਤਨਾ ਮੁਹਿੰਮ ਦਾ ਹੀ ਸਿੱਟਾ ਹੈ। ਸਿੱਖਾਂ ਦੀ ਸੰਸਥਾ ਸਿੱਖ ਕੁਲੀਸ਼ਨ ਨੇ ਸਿੱਖਾਂ ਨੂੰ ਨਸਲੀ ਅਪਰਾਧਾਂ ਦਾ ਸ਼ਿਕਾਰ ਬਣਾਏ ਜਾਣ ਖ਼ਿਲਾਫ਼ ਕਾਨੂੰਨੀ ਚਾਰਾਜ਼ੋਈ ਅਰੰਭ ਕਰਨ ਦਾ ਫ਼ੈਸਲਾ ਵੀ ਕੀਤਾ ਹੈ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿਚ ਛੇਤੀ ਹੀ ਗਲੋਬਲ ਸਿੱਖ ਮਿਸ਼ਨ ਕੇਂਦਰ ਬਣਾਇਆ ਜਾ ਰਿਹਾ ਹੈ ਤਾਂ ਜੋ ਇਸ ਕੇਂਦਰ ਰਾਹੀਂ ਅਮਰੀਕਾ ਅਤੇ ਇਸ ਦੇ ਨੇੜਲੇ ਮੁਲਕਾਂ ਵਿਚ ਸਿੱਖੀ ਪ੍ਰਚਾਰ ਦਾ ਘੇਰਾ ਵਧਾਇਆ ਜਾ ਸਕੇ। ਇਸ ਨਾਲ ਸਿੱਖ ਪਛਾਣ ਬਾਰੇ ਭੰਬਲਭੂਸਾ ਖ਼ਤਮ ਕਰਨ ਵਿਚ ਮਦਦ ਮਿਲੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੰਨਿਆ ਕਿ ਗਲੋਬਲ ਸਿੱਖ ਮਿਸ਼ਨ ਕੇਂਦਰ ਦੀ ਸਥਾਪਤੀ ਵਿਚ ਕੁਝ ਦੇਰ ਹੋਈ ਹੈ ਪਰ ਇਸ ਲਈ ਕਈ ਤਕਨੀਕੀ ਅੜਿੱਕੇ ਸਨ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਸੀ। ਹੁਣ ਭਾਰਤ ਸਰਕਾਰ ਵੱਲੋਂ ਵੀ ਐਨæਓæਸੀæ (ਕੋਈ ਇਤਰਾਜ਼ ਨਹੀਂ) ਮਿਲ ਚੁੱਕੀ ਹੈ। ਕੇਂਦਰ ਵਾਸਤੇ ਲੋੜੀਂਦੀ ਥਾਂ ਵੀ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋ ਚੁੱਕੀ ਹੈ। ਹੋਰ ਦਸਤਾਵੇਜ਼ੀ ਕਾਰਵਾਈ ਵੀ ਮੁਕੰਮਲ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਮਾਰਤ ਦੀ ਉਸਾਰੀ ਸ਼ੁਰੂ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਸਿੱਖ ਮਿਸ਼ਨ ਕੇਂਦਰ ਲਈ ਸ਼੍ਰੋਮਣੀ ਕਮੇਟੀ ਨੂੰ 13 ਏਕੜ ਜ਼ਮੀਨ ਕੈਲੀਫੋਰਨੀਆ ਵਾਸੀ ਦੀਦਾਰ ਸਿੰਘ ਬੈਂਸ ਵੱਲੋਂ ਭੇਟ ਕੀਤੀ ਗਈ ਹੈ।
————————————-
ਰਾਜ ਸਭਾ ਵਿਚ ਵੀ ਮੁੱਦਾ ਗੂੰਜਿਆ
ਨਵੀਂ ਦਿੱਲੀ: ਰਾਜ ਸਭਾ ਵਿਚ ਪੰਜਾਬ ਨਾਲ ਸਬੰਧਤ ਕੁਝ ਮੈਂਬਰਾਂ ਨੇ ਅਮਰੀਕਾ, ਕੈਨੇਡਾ, ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹੋਏ ਹਮਲਿਆਂ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਬੰਧਤ ਸਰਕਾਰਾਂ ਕੋਲ ਇਹ ਮਾਮਲਾ ਉਠਾਉਣ ਲਈ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਜਿਹੇ ਦੇਸ਼ਾਂ ਵਿਚ ਘੱਟ-ਗਿਣਤੀ ਸਿੱਖਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਕਈ ਸਿੱਖਾਂ ਨੂੰ ਤਾਂ ਇਨ੍ਹਾਂ ਨਫਰਤੀ ਹਮਲਿਆਂ ਵਿਚ ਜਾਨਾਂ ਵੀ ਗੁਆਉਣੀਆਂ ਪਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਬੰਧਤ ਦੇਸ਼ਾਂ ਕੋਲ ਇਹ ਮਾਮਲਾ ਉਠਾ ਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਅਫਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਨੂੰ ਭਾਰਤ ਵਿਚ ਨਾਗਰਿਕਤਾ ਦੇ ਅਧਿਕਾਰ ਨਾ ਦਿੱਤੇ ਜਾਣ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਸਿੱਖਾਂ ਨੇ ਬਹੁਤ ਸਾਰੇ ਆਜ਼ਾਦੀ ਅੰਦੋਲਨਾਂ ਵਿਚ ਹਿੱਸਾ ਪਾਇਆ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
————————————-
9/11 ਤੋਂ ਬਾਅਦ ਸਿੱਖਾਂ ਉਤੇ ਹੋਏ ਨਸਲੀ ਹਮਲੇ
15 ਸਤੰਬਰ 2001: 11 ਸਤੰਬਰ 2001 ਨੂੰ ਅਮਰੀਕਾ ਉਤੇ ਵੱਡੇ ਅਤਿਵਾਦੀ ਹਮਲਿਆਂ ਤੋਂ ਚਾਰ ਦਿਨ ਬਾਅਦ ਹੀ 49 ਸਾਲਾ ਬਲਬੀਰ ਸਿੰਘ ਸੋਢੀ ਉਤੇ ਮੈਸਾ (ਐਰੀਜ਼ੋਨਾ) ਵਿਖੇ ਇਕ ਪੈਟਰੋਲ ਪੰਪ ਦੇ ਬਾਹਰ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਉਸ ਦੀ ਮੌਤ ਹੋ ਗਈ।
18 ਨਵੰਬਰ 2001: ਤਿੰਨ ਕਿਸ਼ੋਰ ਉਮਰ ਦੇ ਮੁੰਡਿਆਂ ਨੇ ਨਿਊ ਯਾਰਕ ਵਿਚ ਪਲੇਰਮੋ ਵਿਖੇ ਗੁਰਦੁਆਰਾ ਗੋਬਿੰਦ ਸਦਨ ਵਿਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
12 ਦਸੰਬਰ 2001: ਲਾਸ ਏਂਜਲਸ (ਕੈਲੀਫੋਰਨੀਆ) ਵਿਚ ਇਕ ਲਿੱਕਰ ਸਟੋਰ ਦੇ ਮਾਲਕ ਸੁਰਿੰਦਰ ਸਿੰਘ ਉਤੇ ਹਮਲਾ ਕੀਤਾ ਗਿਆ।
6 ਅਗਸਤ 2002: ਬਲਬੀਰ ਸਿੰਘ ਸੋਢੀ ਦੇ ਭਰਾ ਸੁਖਪਾਲ ਸਿੰਘ ਉਤੇ ਡਾਲੀ ਸਿਟੀ (ਕੈਲੀਫੋਰਨੀਆ) ਵਿਚ ਹਮਲਾ ਕਰ ਦਿੱਤਾ ਗਿਆ। ਹਮਲੇ ਵੇਲੇ ਉਹ ਆਪਣੀ ਕਾਰ ਚਲਾ ਰਿਹਾ ਸੀ।
20 ਮਈ 2003: ਫੀਨਿਕਸ (ਐਰੀਜ਼ੋਨਾ) ਵਿਚ 52 ਸਾਲਾ ਟਰੱਕ ਡਰਾਇਵਰ ਅਵਤਾਰ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।
25 ਸਤੰਬਰ 2003: ਟੈਂਪਲ (ਐਰੀਜ਼ੋਨਾ) ਵਿਚ 33 ਸਾਲਾ ਸੁਖਬੀਰ ਸਿੰਘ ਉਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਗਿਆ।
13 ਮਾਰਚ 2004: ਫਰਿਜ਼ਨੋ (ਕੈਲੀਫੋਰਨੀਆ) ਦੇ ਇਕ ਗੁਰਦੁਆਰੇ ਵਿਚ ਭੰਨਤੋੜ।
12 ਜੁਲਾਈ 2004: ਨਿਊ ਯਾਰਕ ਵਿਚ ਰਜਿੰਦਰ ਸਿੰਘ ਖਾਲਸਾ ਅਤੇ ਗੁਰਚਰਨ ਸਿੰਘ ਦੀ ਕੁੱਟਮਾਰ।
24 ਮਈ 2007: ਕੁਈਨਜ਼ (ਨਿਊ ਯਾਰਕ) ਵਿਚ 15 ਸਾਲਾ ਵਿਦਿਆਰਥੀ ਨੂੰ ਉਸੇ ਸਕੂਲ ਦੇ ਇਕ ਵਿਦਿਆਰਥੀ ਨੇ ਵਾਲਾਂ ਤੋਂ ਫੜ ਕੇ ਧੁਹਿਆ।
14 ਜਨਵਰੀ 2008: ਨਿਊ ਯਾਰਕ ਦੀ ਨਿਊ ਹਾਈਡ ਪਾਰਕ ਵਿਚ 63 ਸਾਲਾ ਬਲਜੀਤ ਸਿੰਘ ਉਤੇ ਹਮਲਾ।
4 ਅਗਸਤ 2008: ਫੀਨਿਕਸ (ਐਰੀਜ਼ੋਨਾ) ਵਿਚ ਗੋਲੀ ਮਾਰ ਕੇ ਇੰਦਰਜੀਤ ਸਿੰਘ ਜੱਸਲ ਦੀ ਹੱਤਿਆ।
29 ਅਕਤੂਬਰ 2008: ਨਿਊ ਜਰਸੀ ਵਿਚ ਅਜੀਤ ਸਿੰਘ ਚੀਮਾ ਉਤੇ ਹਮਲਾ।
30 ਜਨਵਰੀ 2009: ਕੁਈਨਜ਼ ਵਿਚ ਜਸਮੇਰ ਸਿੰਘ ਉਤੇ ਹਮਲਾ।
29 ਨਵੰਬਰ 2010: ਸੈਕਰਾਮੈਂਟੋ ਵਿਚ ਕੈਬ ਡਰਾਈਵਰ ਹਰਭਜਨ ਸਿੰਘ ਉਤੇ ਹਮਲਾ।
6 ਫਰਵਰੀ 2012: ਸਟਰਲਿੰਗ ਹਾਈਟਸ (ਮਿਸ਼ੀਗਨ) ਦੇ ਗੁਰਦੁਆਰੇ ਵਿਚ ਬੁਰਛਾਗਰਦੀ।
5 ਅਗਸਤ 2012: ਓਕ ਕਰੀਕ (ਵਿਸਕਾਨਸਿਨ) ਦੇ ਗੁਰਦੁਆਰੇ ਵਿਚ 6 ਸਿੱਖ ਸ਼ਰਧਾਲੂਆਂ ਦੀ ਹੱਤਿਆ।
5 ਅਗਸਤ 2014: ਨਿਊ ਯਾਰਕ ਵਿਚ ਸਿੱਖ ਨੌਜਵਾਨ ਸੰਦੀਪ ਸਿੰਘ ਉਤੇ ਟਰੱਕ ਚੜ੍ਹਾਇਆ।
7 ਅਗਸਤ 2014: ਕੁਈਨਜ਼ ਵਿਚ ਸਿੱਖ ਮਾਂ-ਪੁੱਤ ‘ਤੇ ਹਮਲਾ।
Leave a Reply