ਚੰਡੀਗੜ੍ਹ: ਆਪਸੀ ਫੁੱਟ ਕਾਰਨ ਕਈ ਚੋਣਾਂ ਵਿਚ ਹਾਰ ਦਾ ਮੂੰਹ ਦੇਖ ਚੁੱਕੀ ਪੰਜਾਬ ਕਾਂਗਰਸ 21 ਅਗਸਤ ਨੂੰ ਸੂਬੇ ਦੇ ਦੋ ਵਿਧਾਨ ਸਭਾ ਹਲਕਿਆਂ ਵਿਚ ਹੋ ਰਹੀ ਚੋਣ ਦੌਰਾਨ ਵੀ ਆਪਣੇ ਕਲੇਸ਼ ਦਾ ਖੁੱਲ੍ਹ ਕੇ ਮੁਜ਼ਾਹਰਾ ਕਰ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਚੋਣ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਵੀ ਪਟਿਆਲਾ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ।
ਚੋਣ ਪ੍ਰਕਿਰਿਆ ਦੇ ਮੁੱਢ ਵਿਚ ਹੀ ਕੈਪਟਨ ਵੱਲੋਂ ਇਹ ਕਹਿ ਕੇ ਫੁੱਟ ਦਾ ਮੁਜ਼ਾਹਰਾ ਕਰ ਦਿੱਤਾ ਗਿਆ ਸੀ ਕਿ ਉਹ ਸਿਰਫ ਪਟਿਆਲੇ ਦੀ ਵਿਧਾਨ ਸਭਾ ਸੀਟ ਲਈ ਚੋਣ ਪ੍ਰਚਾਰ ਕਰਨਗੇ ਤੇ ਤਲਵੰਡੀ ਸਾਬੋ ਦੀ ਸੀਟ ਸ਼ ਬਾਜਵਾ ਆਪ ਦੇਖਣ। ਕੈਪਟਨ ਖੇਮੇ ਦੇ ਤਕਰੀਬਨ ਸਾਰੇ ਵਿਧਾਇਕ ਤੇ ਆਗੂ ਵੀ ਸਿਰਫ ਪਟਿਆਲਾ ਵਿਧਾਨ ਸਭਾ ਸੀਟ ਲਈ ਹੀ ਪ੍ਰਚਾਰ ਕਰਨ ਤੱਕ ਸੀਮਤ ਹਨ। ਇਸ ਕਾਰਨ ਇਨ੍ਹਾਂ ਜਿਮਨੀ ਚੋਣਾਂ ਦੌਰਾਨ ਵੀ ਪੰਜਾਬ ਕਾਂਗਰਸ ਵਿਚ ਸਮੁੱਚੀ ਪਾਰਟੀ ਵੱਲੋਂ ਇਕਜੁੱਟਤਾ ਨਾਲ ਪ੍ਰਚਾਰ ਕਰਨ ਦੀ ਥਾਂ ਨਿੱਜ ਭਾਰੂ ਹੈ।
ਇਸ ਵਰਤਾਰੇ ‘ਤੇ ਕਾਂਗਰਸ ਦੀ ਹਾਈਕਮਾਂਡ ਵੀ ਬੇਵੱਸ ਹੋਈ ਖ਼ਾਮੋਸ਼ ਹੈ। ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੀਆਂ ਕੁਝ ਧਿਰਾਂ ਵੱਲੋਂ ਤਲਵੰਡੀ ਸਾਬੋ ਤੇ ਪਟਿਆਲਾ ਵਿਧਾਨ ਸਭਾ ਹਲਕਿਆਂ ਵਿਚ ਬਰਾਬਰ ਚੋਣ ਪ੍ਰਚਾਰ ਚਲਾਉਣ ਲਈ ਹਾਈਕਮਾਂਡ ਕੋਲ ਗੁਹਾਰ ਲਾਈ ਗਈ ਹੈ ਪਰ ਚੋਣਾਂ ਵਿਚ ਸਿਰਫ ਨੌਂ ਦਿਨ ਹੀ ਬਾਕੀ ਰਹਿ ਜਾਣ ਦੇ ਬਾਵਜੂਦ ਹਾਈਕਮਾਂਡ ਇਸ ਦਾ ਕੋਈ ਹੱਲ ਨਹੀਂ ਕੱਢ ਸਕੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਤੋਂ ਬਾਅਦ ਕੈਪਟਨ ਨੇ ਪਟਿਆਲਾ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਇਸ ਸੀਟ ਤੋਂ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਹੀ ਲੋਕ ਸਭਾ ਚੋਣਾਂ ਦੌਰਾਨ ਵੀ ਕਾਂਗਰਸੀ ਆਗੂ ਇਕਸੁਰਤਾ ਨਾਲ ਸੂਬੇ ਵਿਚ ਚੋਣ ਪ੍ਰਚਾਰ ਕਰਨ ਦੀ ਥਾਂ ਆਪਣੇ ਚਹੇਤਿਆਂ ਦੇ ਚੋਣ ਪ੍ਰਚਾਰ ਤੱਕ ਸੀਮਤ ਰਹੇ ਸੀ।
ਲੋਕ ਸਭਾ ਚੋਣਾਂ ਦੌਰਾਨ ਜਿਥੇ ਕੈਪਟਨ ਗੁਰਦਾਸਪਰ ਹਲਕੇ ਵਿਚ ਸ਼ ਬਾਜਵਾ ਦੀ ਹਮਾਇਤ ‘ਤੇ ਨਹੀਂ ਗਏ ਸਨ, ਉਸੇ ਤਰ੍ਹਾਂ ਸ਼ ਬਾਜਵਾ ਵੀ ਅੰਮ੍ਰਿਤਸਰ ਵਿਚ ਕੈਪਟਨ ਦੀ ਹਮਾਇਤ ਵਿਚ ਚੋਣ ਪ੍ਰਚਾਰ ਕਰਨ ਲਈ ਨਹੀਂ ਗਏ ਸਨ। ਦੂਜੇ ਪਾਸੇ ਸ਼ ਬਾਜਵਾ ਤਲਵੰਡੀ ਸਾਬੋ ਵਿਖੇ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਪਿਛਲੇ ਕੁਝ ਦਿਨਾਂ ਤੋਂ ਉਥੇ ਹੀ ਡੇਰੇ ਲਾਏ ਹੋਏ ਹਨ। ਸ਼ ਬਾਜਵਾ ਦਾ ਕਹਿਣਾ ਹੈ ਕਿ ਉਹ ਪੂਰਾ ਯਤਨ ਕਰ ਰਹੇ ਹਨ ਕਿ ਪਾਰਟੀ ਦੇ ਹਰੇਕ ਪੱਧਰ ਦੇ ਆਗੂ ਤਲਵੰਡੀ ਸਾਬੋ ਹਲਕੇ ਵਿਚ ਪ੍ਰਚਾਰ ਕਰਨ ਵਿਚ ਜੁਟਣ। ਪਟਿਆਲਾ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰਨ ਜਾਣ ਬਾਰੇ ਪੁੱਛਣ ‘ਤੇ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਉਹ ਫਿਲਹਾਲ ਤਲਵੰਡੀ ਸਾਬੋ ਵਿਖੇ ਰੁੱਝੇ ਹਨ। ਉਨ੍ਹਾਂ ਕਿਹਾ ਕਿ ਲੋਕ ਬਾਦਲ ਸਰਕਾਰ ਤੋਂ ਅੱਕੇ ਪਏ ਹਨ ਤੇ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨੂੰ ਜੀਤ ਮੋਹਿੰਦਰ ਸਿੰਘ ਸਿੱਧੂ ਵੱਲੋਂ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਜਾਣ ਦੀ ਗੱਲ ਵੀ ਪਚ ਨਹੀਂ ਰਹੀ ਜਿਸ ਕਾਰਨ ਇਸ ਹਲਕੇ ਦੇ ਲੋਕ ਜਿਥੇ ਬਾਦਲ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਉਥੇ ਸ੍ਰੀ ਸਿੱਧੂ ਦੀ ਦਲਬਦਲੀ ਦਾ ਵੀ ਜਵਾਬ ਦੇਣਾ ਚਾਹੁੰਦੇ ਹਨ।
ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਦਾ ਮੁੱਖ ਟੀਚਾ ਸ਼ ਬਾਦਲ ਨੂੰ ਉਨ੍ਹਾਂ ਦੇ ਘਰ (ਤਲਵੰਡੀ ਸਾਬੋ) ਵਿਚ ਹੀ ਹਰਾਉਣਾ ਹੈ। ਇਸ ਲਈ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਮੁੱਖ ਲੜਾਈ ਤਲਵੰਡੀ ਸਾਬੋ ਹਲਕੇ ਵਿਚ ਹੈ ਤੇ ਇਹ ਸਮਾਂ ਖੁਸ਼ਾਮਦ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਕਾਂਗਰਸ ਦੀ ਰਵਾਇਤੀ ਸੀਟ ਤਾਂ ਪਾਰਟੀ ਨੇ ਜਿੱਤੀ ਹੀ ਲੈਣਾ ਹੈ।
Leave a Reply