ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਕਈ ਸੀਨੀਅਰ ਸੂਬਾਈ ਅਧਿਕਾਰੀਆਂ ਵੱਲੋਂ ਵਰਤੀ ਜਾਂਦੀ ਉਸ ਜੁਗਤ ਦਾ ਪਰਦਾਫਾਸ਼ ਕੀਤਾ ਹੈ ਜਿਸ ਤਹਿਤ ਉਹ ਸੇਵਾ ਤੇ ਇਮੀਗਰੇਸ਼ਨ ਨੇਮਾਂ ਨੂੰ ਢਾਹ ਲਾ ਕੇ ਆਪਣਾ ਅਣ-ਐਲਾਨਿਆ ਧਨ ਵਿਦੇਸ਼ਾਂ ਵਿਚ ਸੰਪਤੀਆਂ ਖਰੀਦਣ ਉੱਤੇ ਲਾ ਰਹੇ ਹਨ ਤੇ ਫਿਰ ਇਹੋ ਧਨ ਐਨæਆਰæਆਈæ ਰੂਟ ਰਾਹੀਂ ਫਿਰ ਭਾਰਤ ਲਿਆਂਦਾ ਜਾ ਰਿਹਾ ਹੈ। ਬਿਊਰੋ ਨੇ ਕੁਝ ਕਲਾਸ-1 ਅਧਿਕਾਰੀਆਂ ਵਿਰੁੱਧ ਛੇ ਐਫ਼ਆਈæਆਰਜ਼ ਦਰਜ ਕੀਤੀਆਂ ਹਨ। ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ ਤੇ ਮੰਡੀ ਬੋਰਡ ਦੇ ਕੁਝ ਇੰਜੀਨੀਅਰਾਂ ਵਿਰੁੱਧ ਕੇਸ ਦਰਜ ਕਰਕੇ ਤਫ਼ਤੀਸ਼ ਦੌਰਾਨ ਸਬੂਤ ਇਕੱਠੇ ਕੀਤੇ ਹਨ।
ਬਿਊਰੋ ਨੇ ਸੂਬਾ ਸਰਕਾਰ ਤੋਂ ਅਜਿਹੇ ਮੁਲਾਜ਼ਮਾਂ ਬਾਰੇ ਜਾਣਕਾਰੀ ਮੰਗੀ ਪਰ ਸਰਕਾਰੀ ਵਿਭਾਗਾਂ ਨੇ ਬਿਊਰੋ ਦੇ ਹੱਥ-ਪੱਲੇ ਕੁਝ ਨਹੀਂ ਪਾਇਆ। ਅਜਿਹੇ ਤਕਰੀਬਨ 919 ਅਫ਼ਸਰਾਂ/ਕਰਮਚਾਰੀਆਂ ਬਾਰੇ ਜਾਣਕਾਰੀ ਮਿਲੀ ਹੈ ਜੋ ਲਗਾਤਾਰ ਵਿਦੇਸ਼ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੇ ਇਮੀਗਰੇਸ਼ਨ ਹਾਸਲ ਕੀਤੀ ਹੋਈ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ (ਅਪਰਾਧ) ਵੱਲੋਂ ਇਕ ਖੇਤੀਬਾੜੀ ਅਫ਼ਸਰ ਵਿਰੁੱਧ ਕੀਤੀ ਜਾ ਰਹੀ ਪੜਤਾਲ ਦੌਰਾਨ 21 ਜੂਨ 2013 ਨੂੰ ਪੱਤਰ ਨੰਬਰ 24480 ਵਬ/ਐਸ-10 ਮੁੱਖ ਸਕੱਤਰ ਨੂੰ ਲਿਖਿਆ ਗਿਆ ਸੀ। ਇਸ ਪੱਤਰ ਵਿਚ ਸਪੱਸ਼ਟ ਕਿਹਾ ਗਿਆ ਕਿ ਬਿਊਰੋ ਨੂੰ ਪ੍ਰਾਪਤ ਸ਼ਿਕਾਇਤਾਂ ਤੇ ਪੜਤਾਲ ਦੌਰਾਨ ਦੇਖਿਆ ਗਿਆ ਕਿ ਪੰਜਾਬ ਸਰਕਾਰ ਦੇ ਕਈ ਮੁਲਾਜ਼ਮ ਕੈਨੇਡਾ ਤੇ ਹੋਰ ਮੁਲਕਾਂ ਵਿਚ ਸਥਾਈ ਰਿਹਾਇਸ਼ੀ ਸਹੂਲਤ ਲੈ ਕੇ ਪੰਜਾਬ ਸੇਵਾ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।
ਵਿਦੇਸ਼ ਗਏ ਮੁਲਾਜ਼ਮ ਉਥੇ ਨੌਕਰੀ, ਸਰਕਾਰੀ ਸਹੂਲਤਾਂ ਤੇ ਰੁਜ਼ਗਾਰ ਹਾਸਲ ਕਰਦੇ ਹਨ। ਇਸ ਬਾਰੇ ਪ੍ਰਬੰਧਕੀ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਸਰਕਾਰ ਨੂੰ ਕਈ ਵਾਰੀ ਪੱਤਰ ਲਿਖਿਆ ਗਿਆ ਪਰ ਕਿਸੇ ਵੀ ਵਿਭਾਗ ਨੇ ਠੋਸ ਜਾਣਕਾਰੀ ਨਹੀਂ ਭੇਜੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤੇ ਕੇਸਾਂ ਵਿਚ ਭ੍ਰਿਸ਼ਟਾਚਾਰ ਦੇ ਪੈਸੇ ਨੂੰ ਵਿਦੇਸ਼ਾਂ ਵਿਚ ਭੇਜਣ ਤੇ ਉਥੋਂ ਭਾਰਤ ਲਿਆਉਣ ਦੇ ਸਬੂਤ ਹਾਸਲ ਹੋਏ ਹਨ। ਪ੍ਰਸੋਨਲ ਵਿਭਾਗ ਦੇ ਸੰਯੁਕਤ ਸਕੱਤਰ ਵੱਲੋਂ 1 ਮਾਰਚ 2006 ਨੂੰ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਨੀਤੀਗਤ ਫ਼ੈਸਲੇ ਮੁਤਾਬਕ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਵਿਦੇਸ਼ ਦੀ ਇਮੀਗਰੇਸ਼ਨ ਲਈ ਅਪਲਾਈ ਨਹੀਂ ਕਰੇਗਾ ਪਰ ਮੁਲਾਜ਼ਮਾਂ ਤੇ ਅਫ਼ਸਰਾਂ ਵੱਲੋਂ ਧੜੱਲੇ ਨਾਲ ਵਿਦੇਸ਼ੀ ਦੌਰੇ ਕੀਤੇ ਜਾਂਦੇ ਹਨ।
ਯਾਤਰਾ ਵੀਜ਼ਾ ਜਾਂ ਮਲਟੀਪਲ ਵੀਜ਼ੇ ਦੀ ਥਾਂ ਬਹੁ-ਗਿਣਤੀ ਮੁਲਾਜ਼ਮਾਂ ਦੇ ਇਮੀਗਰੇਸ਼ਨ ਬਾਰੇ ਵੀਜ਼ੇ ਲੱਗੇ ਹੋਣ ਦੇ ਸਬੂਤ ਮਿਲੇ ਹਨ। ਪੰਜਾਬ ਦੇ ਮੁਲਾਜ਼ਮ ਸਬੰਧਤ ਵਿਭਾਗਾਂ ਦੀ ਮਿਲੀਭੁਗਤ ਨਾਲ ਵਿਦੇਸ਼ਾਂ ਵਿਚ ਬੈਠੇ ਹਨ ਤੇ ਸੇਵਾਮੁਕਤੀ ਤੱਕ ਨੌਕਰੀਆਂ ‘ਤੇ ਵੀ ਕਾਇਮ ਰਹਿੰਦੇ ਹਨ। ਸਰਕਾਰ ਵੱਲੋਂ ਪੰਜ ਸਾਲ ਦੀ ਛੁੱਟੀ ਮਿਲਣੀ ਵੀ ਮੁਲਾਜ਼ਮਾਂ ਨੂੰ ਬਹੁਤ ਰਾਸ ਆ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਵੱਖ-ਵੱਖ ਵਿਭਾਗਾਂ ਦੇ 71 ਅਫ਼ਸਰ ਤੇ ਮੁਲਾਜ਼ਮ ਸਰਕਾਰ ਤੋਂ ਛੁੱਟੀ ਲੈ ਕੇ ਵਿਦੇਸ਼ ਲਈ ਉਡਾਰੀ ਮਾਰ ਗਏ। ਕਈਆਂ ਨੇ ਵਿਦੇਸ਼ਾਂ ਵਿਚ ਪੀæਆਰæ ਵੀ ਹਾਸਲ ਕੀਤੀ ਹੈ ਪਰ ਸਰਕਾਰੀ ਅਹੁਦਿਆਂ ਤੋਂ ਸੇਵਾਮੁਕਤੀ ਦੇ ਲਾਭ ਲੈ ਕੇ ਹੁਣ ਪੈਨਸ਼ਨਾਂ ਵੀ ਲੈ ਰਹੇ ਹਨ। ਵੱਖ-ਵੱਖ ਵਿਭਾਗਾਂ ਦੇ 270 ਅਫ਼ਸਰ ਅਜਿਹੇ ਹਨ ਜੋ ਇਮੀਗਰੇਸ਼ਨ ਵੀਜ਼ੇ ਤਹਿਤ ਵਿਦੇਸ਼ ਯਾਤਰਾ ਕਰ ਰਹੇ ਹਨ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ 22 ਮੁਲਾਜ਼ਮਾਂ ਤੇ ਅਫ਼ਸਰਾਂ ਨੇ ਵਿਦੇਸ਼ ਜਾਣ ਦੀ ਛੁੱਟੀ ਲਈ ਹੈ। ਸਿਹਤ ਵਿਭਾਗ ਦੇ 34 ਮੁਲਾਜ਼ਮ ਵਿਦੇਸ਼ ਗਏ ਹਨ।
ਇਸੇ ਤਰ੍ਹਾਂ ਭਾਸ਼ਾ ਵਿਭਾਗ ਦਾ ਇਕ, ਚੀਫ਼ ਆਡੀਟਰ ਸਹਿਕਾਰੀ ਸਭਾਵਾਂ ਦੇ 13, ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ 26, ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰਾਂ ਦੇ 268, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੇ ਮੱਛੀ ਪਾਲਣ ਵਿਭਾਗ ਦੇ 77, ਡਾਇਰੈਕਟਰ ਸੱਭਿਆਚਾਰਕ ਮਾਮਲੇ ਦਾ ਇਕ, ਡਾਇਰੈਕਟਰ ਵਿੱਤ ਤੇ ਅਕਾਊਂਟਸ ਦੇ ਸੱਤ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਇਕ, ਡਾਇਰੈਕਟਰ ਖੇਡ ਵਿਭਾਗ ਦਾ ਇਕ ਮੁਲਾਜ਼ਮ ਵਿਦੇਸ਼ ਗਿਆ ਹੋਇਆ ਹੈ। ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਦੇ 14, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ 16, ਜ਼ਿਲ੍ਹਾ ਨਗਰ ਤੇ ਯੋਜਨਾਬੰਦੀ ਵਿਭਾਗ ਦਾ ਇਕ, ਪੰਚਾਇਤ ਵਿਭਾਗ ਦੇ 104, ਆਬਕਾਰੀ ਤੇ ਕਰ ਕਮਿਸ਼ਨਰ ਦੇ 14, ਜੰਗਲਾਤ ਵਿਭਾਗ ਦੇ ਤਿੰਨ, ਸਰਕਾਰੀ ਕਾਲਜਾਂ ਦੇ 21, ਡਾਇਰੈਕਟਰ ਬਾਗਬਾਨੀ ਵਿਭਾਗ ਦੇ 10, ਭੂਮੀ ਸੰਭਾਲ ਵਿਭਾਗ ਦੇ 20, ਚੀਫ਼ ਇਲੈਕਟ੍ਰੀਸਿਟੀ ਇੰਸਪੈਕਟਰ ਦੇ ਦੋ ਤੇ ਲੋਕ ਨਿਰਮਾਣ ਵਿਭਾਗ ਦੇ 25 ਮੁਲਾਜ਼ਮ ਛੁੱਟੀ ‘ਤੇ ਹਨ।
Leave a Reply