ਪਰੂਫ ਰੀਡਿੰਗ ਸੈਕਸ਼ਨ ਦੇ ਨਿਰਾਲੇ ਸਾਥੀ

ਅਮੋਲਕ ਸਿੰਘ ਜੰਮੂ
ਮੈਂ ਦਸ ਚੁਕਾ ਹਾਂ ਕਿ ਪਰੂਫ ਰੀਡਿੰਗ ਸੈਕਸ਼ਨ ਵਿਚ ਮੇਰੇ 12 ਸਾਲ ਕਿਵੇਂ ਇਕ ਮਾਨਸਿਕ ਕੈਦ ਵਾਂਗ ਨਿਕਲੇ। ਇਹ ਠੀਕ ਹੈ ਕਿ ਅਗੇ ਵਧਣ ਦੀ ਸਭ ਨੂੰ ਚਾਹਨਾ ਸੀ, ਫਿਰ ਵੀ ਮੇਰੇ ਸਾਥੀ ਪਰੂਫ ਰੀਡਰਾਂ ਨੂੰ ਆਪਣੀ ਇਸ ਨੌਕਰੀ ‘ਤੇ ਇਕ ਤਸੱਲੀ ਜਿਹੀ ਸੀ ਪਰ ਮੇਰੇ ਅੰਦਰ ਇਹ ਗੱਲ ਵਾਰ ਵਾਰ ਉਠਦੀ ਕਿ ਮੇਰੇ ਲਈ ਇਹ ਨੌਕਰੀ ਇਕ ਪੌੜੀ ਤਾਂ ਹੋ ਸਕਦੀ ਹੈ, ਮੰਜਿਲ ਨਹੀਂ।ਮੇਰੇ ਕੁਝ ਸਾਥੀਆਂ ਦੇ ਮਨ ਵਿਚ ਮੇਰੇ ਐਮ ਫਿਲ ਕਰਨ ਅਤੇ ਸੰਪਾਦਕ ਦੀਆਂ ਨਜ਼ਰਾਂ ਵਿਚ ਮੇਰਾ ਚੰਗਾ ਅਕਸ ਹੋਣ ਕਰਕੇ ਮੇਰੇ ਪ੍ਰਤੀ ਇਕ ਕਿਸਮ ਦਾ ਹਸਦ ਜਾਗ ਚੁਕਾ ਸੀ। ਅਜਿਹਾ ਹੋ ਜਾਣਾ ਕੁਦਰਤੀ ਹੀ ਹੈ। ਸਾਡੇ ਸੈਕਸ਼ਨ ਦਾ ਇੰਚਾਰਜ ਪ੍ਰੇਮ ਗੋਰਖੀ ਸੀ ਜੋ ਆਪਣੇ ਅੰਦਰ ਵਸੇ ਘੱਟ ਪੜ੍ਹੇ ਹੋਣ (ਸ਼ਾਇਦ ਉਹ ਮੈਟ੍ਰਿਕ ਪਾਸ ਵੀ ਨਹੀਂ ਸੀ) ਅਤੇ ਸ਼ਾਇਦ ਅਖੌਤੀ ਨਿਮਨ ਜਾਤ ਵਿਚੋਂ ਹੋਣ ਦੇ ਅਹਿਸਾਸ-ਏ-ਕਮਤਰੀ ਕਰਕੇ ਅਕਸਰ ਸਾਡੇ ‘ਤੇ ਰੋਅਬ ਜਿਹਾ ਪਾਉਂਦਾ ਰਹਿੰਦਾ। ਉਸ ਦੇ ਇਸ ਰੋਅਬ ਦਾ ਸ਼ਿਕਾਰ ਮੈਂ ਕੁਝ ਜਿਆਦਾ ਹੀ ਹੁੰਦਾ। ਮੇਰੇ ‘ਚ ਵੀ ਭਾਵੁਕਤਾ ਸੀ ਅਤੇ ਮੈਂ ਝੱਟ ਭੜਕ ਵੀ ਪੈਂਦਾ। ਬਰਜਿੰਦਰ ਭਾਅ ਜੀ ਨੇ ਇਕ ਦੋ ਵਾਰ ਮੈਨੂੰ ਇਸ ਮਾਮਲੇ ਵਿਚ ਸਾਵਧਾਨ ਰਹਿਣ ਲਈ ਵੀ ਆਖਿਆ ਪਰæææ।
ਇਹ ਵੀ ਦਿਲਚਸਪ ਗੱਲ ਹੈ ਕਿ ਜਦੋਂ ਤਕ ਮੈਂ ਗੋਰਖੀ ਨੂੰ ਮਿਲਿਆ ਨਹੀਂ ਸਾਂ ਅਤੇ ਉਸ ਦੇ ਤਸ਼ਦਦ ਦਾ ਸ਼ਿਕਾਰ ਨਹੀਂ ਸਾਂ ਹੋਇਆ, ਉਦੋਂ ਤਕ ਮੇਰੇ ਮਨ ਵਿਚ ਉਸ ਦਾ ਇਕ ਲੇਖਕ ਵਜੋਂ ਚੋਖਾ ਸਤਿਕਾਰ ਸੀ। ਸੱਚ ਤਾਂ ਇਹ ਹੈ ਕਿ ਪੰਜਾਬੀ ਟ੍ਰਿਬਿਊਨ ਵਿਚ ਨੌਕਰੀ ‘ਤੇ ਹਾਜਰ ਹੋਣ ਪਿਛੋਂ ਇਸੇ ਸਤਿਕਾਰ ਕਰ ਕੇ ਹੀ ਮੈਂ ਉਸ ਨੂੰ ਆਪਣੇ ਨਾਲ ਯੂਨੀਵਰਸਿਟੀ ਵਿਚ ਆਪਣੇ ਹੋਸਟਲ ਵਾਲੇ ਕਮਰੇ ਵਿਚ ਵੀ ਲੈ ਕੇ ਗਿਆ ਅਤੇ ਪੀ ਜੀ ਆਈ ਦੇ ਸਾਹਮਣੇ ਵਾਲੀਆਂ ਰੇੜ੍ਹੀਆਂ ਤੋਂ ਪਰੌਂਠੇ ਵੀ ਖਵਾਏ। ਅਸਲ ਵਿਚ ਪ੍ਰੇਮ ਗੋਰਖੀ ਦੀਆਂ ਰਚਨਾਵਾਂ ਖਾਸ ਕਰ ਨਾਵਲਿਟ ‘ਕੰਮੀਆਂ ਦਾ ਵਿਹੜਾ’ ਨਾਲ ਮੇਰਾ ਪਰੀਚੈ ਸ਼ਾਇਦ 1972-73 ਵਿਚ ਸਾਹਿਤਕ ਰਸਾਲੇ ‘ਦ੍ਰਿਸ਼ਟੀ’ ਰਾਹੀਂ ਹੋਇਆ ਸੀ। ਇਹ ਪਰਚਾ ਬਰਜਿੰਦਰ ਭਾਅ ਜੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣਨ ਤੋਂ ਪਹਿਲਾਂ ਤਕ ਕੱਢਿਆ ਕਰਦੇ ਸਨ। ਸਾਹਿਤ ਦਾ ਨਵਾਂ-ਨਵਾਂ ਵਿਦਿਆਰਥੀ ਹੋਣ ਕਰਕੇ ਮੇਰੇ ਮਨ ਵਿਚ ਲੇਖਕਾਂ ਦਾ ਇਕ ਖਾਸ ਹੀ ਸਤਿਕਾਰ ਸੀ। ਇਹ ਵਖਰੀ ਗੱਲ ਹੈ ਕਿ ਬਾਅਦ ਦੇ ਜੀਵਨ ਵਿਚ ਜਦੋਂ ਕਈ ਲੇਖਕਾਂ ਨੂੰ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਮਿਲਿਆ ਤਾਂ ਅਹਿਸਾਸ ਹੋਇਆ ਕਿ ਅਸਲੀ ਜੀਵਨ ਵਿਚ ਉਨ੍ਹਾਂ ਦੀ ਸ਼ਖਸੀਅਤ ਲਿਖਤਾਂ ਨਾਲੋਂ ਕਿੰਨੀ ਵਖਰੀ ਹੁੰਦੀ ਹੈ।
ਜਿਵੇਂ ਕਿ ਪਹਿਲਾਂ ਜ਼ਿਕਰ ਆ ਚੁਕਾ ਹੈ, ਸ਼ੁਰੂ ਵਿਚ ਪ੍ਰੇਮ ਗੋਰਖੀ, ਰਾਜਿੰਦਰ ਸੋਢੀ, ਸੁਰਿੰਦਰ ਸਿੰਘ ਮੈਂ ਅਤੇ ਗੁਰਦੇਵ ਸਿੰਘ ਭੁਲੱਰ ਹੀ ਪਰੂਫ ਰੀਡਰਾਂ ਵਜੋਂ ਚੁਣੇ ਗਏ ਸਾਂ। ਸਾਲ-ਡੇਢ ਦੇ ਅੰਦਰ ਹੀ ਤਰਲੋਚਨ ਸਿੰਘ ਸ਼ੇਰਗਿੱਲ, ਰਣਜੀਤ ਰਾਹੀ ਅਤੇ ਮੂਹਰਜੀਤ ਵੀ ਆ ਰਲੇ। ਇਹ ਸਾਰੇ ਬੜੀਆਂ ਦਿਲਚਸਪ ਸ਼ਖਸੀਅਤਾਂ ਸਨ।
ਤਰਲੋਚਨ ਪੰਜਾਬੀ ਯੂਨੀਵਰਸਿਟੀ, ਪਟਿਆਲੇ ਤੋਂ ਐਮ ਏ ਕਰਕੇ ਆਇਆ ਸੀ ਅਤੇ ਉਥੇ ਖੱਬੇਪੱਖੀ ਲਹਿਰ ਨਾਲ ਡੂੰਘਾ ਜੁੜਿਆ ਰਿਹਾ ਸੀ। ਟਾਲਸਟਾਏ, ਦਾਸਤੋਵਸਕੀ ਅਤੇ ਗੋਰਕੀ ਤੋਂ ਲੈ ਕੇ ਰਸੂਲ ਹਮਜ਼ਾਤੋਵ ਤਕ ਸਾਰਾ ਰੂਸੀ ਸਾਹਿਤ ਪੜ੍ਹ ਚੁਕਾ ਸੀ। ਉਹ ਸ਼ਾਇਰ ਸਾਧੂ ਸਿੰਘ ਬੇਦਿਲ ਦਾ ਬੇਟਾ ਸੀ। ਸ਼ ਬੇਦਿਲ ਖੁਦ ਵਧੀਆ ਸ਼ਾਇਰ ਸੀ ਅਤੇ ਬੜਾ ਹੀ ਨੇਕ ਇਨਸਾਨ ਹੈ। ਮਾਤਾ ਛੇਤੀ ਚੜ੍ਹਾਈ ਕਰ ਗਈ ਸੀ। ਬਾਪੂ ਜੀ 95 ਸਾਲ ਦੀ ਉਮਰ ਵਿਚ ਵੀ ਪੂਰੀ ਚੜ੍ਹਦੀ ਕਲਾ ‘ਚ ਹਨ। ਦੋਹਾਂ ਪਿਓ-ਪੁਤਾਂ ਵਿਚਾਲੇ ਰਿਸ਼ਤਾ ਵੀ ਬੜਾ ਦਿਲਚਸਪ ਸੀ। ਇਕ ਵਾਰ ਮੈਂ ਤਰਲੋਚਨ ਦੇ ਕਮਰੇ ਵਿਚ ਗਿਆ। ਉਸ ਦੇ ਪਿਤਾ ਜੀ ਆਏ ਹੋਏ ਸਨ। ਕਿਸੇ ਗੱਲੋਂ ਉਨ੍ਹਾਂ ਤਰਲੋਚਨ ਨੂੰ ਕਿਹਾ, “ਯਾਰ ਤੂੰ ਬੜਾ ਨਿਕੰਮਾ ਬੰਦਾ ਏਂ।” ਤਰਲੋਚਨ ਦਾ ਜਵਾਬ ਸੀ, “ਬਾਪੂ ਜੀ, ਮੈਂ ਤੇ ਆਪ ਮੰਨਦਾਂ, ਮੈਂ ਨਿਕੰਮਾ ਹੀ ਨਹੀਂ, ਬੇਵਕੂਫ ਦਾ ਪੁਤਰ ਹਾਂ, ਉਲੂ ਦਾ ਪੱਠਾ ਹਾਂ। ਬਸ, ਤੁਸੀਂ ਹੀ ਨਹੀਂ ਮੰਨਦੇ।” ਇਸ ਤੋਂ ਜਾਹਰ ਹੈ ਕਿ ਦੋਹਾਂ ਪਿਉ-ਪੁਤਾਂ ਵਿਚਾਲੇ ਕਿੰਨਾ ਨਿਰਛਲ, ਕਰੀਬੀ ਅਤੇ ਦੋਸਤਾਨਾ ਸਬੰਧ ਸੀ।
ਬਰਨਾਲੇ ਨਜਦੀਕ ਪਿੰਡ ਦਾਨਗੜ੍ਹ ਜੰਮਿਆ ਤਰਲੋਚਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਉਥੋਂ ਦੇ ਧੁਨੰਤਰ ਮਾਰਕਸੀ ਪ੍ਰੋਫੈਸਰ ਮਰਹੂਮ ਰਵਿੰਦਰ ਰਵੀ ਦਾ ਚੰਡਿਆ ਹੋਇਆ ਸੀ। 70ਵਿਆਂ ਦਾ ਦਹਾਕਾ ਪੰਜਾਬ ਵਿਚ ਵਿਦਿਆਰਥੀਆਂ ਦੀਆਂ ਖੱਬੇਪੱਖੀ ਲਹਿਰਾਂ ਦੀ ਪੂਰਨ ਚੜ੍ਹਤ ਦਾ ਸਮਾਂ ਸੀ। ਨੌਜਵਾਨਾਂ ਦੇ ਮਨ ਵਿਚ ਲੁੱਟ-ਖਸੁੱਟ ਤੋਂ ਰਹਿਤ ਨਵੇਂ ਸਮਾਜ ਦੀ ਸਿਰਜਣਾ ਦੇ ਸੁਪਨੇ ਸੰਜੋਏ ਹੋਏ ਸਨ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਖੱਬੇਪੱਖੀ ਵਿਦਿਆਰਥੀ ਯੂਨੀਅਨਾਂ ਦਾ ਡੰਕਾ ਵੱਜਿਆ ਹੋਇਆ ਸੀ। ਇਨ੍ਹਾਂ ਵਿਦਿਆਰਥੀਆਂ ਵਿਚ ਪ੍ਰਿੰæ ਸੰਤ ਸਿੰਘ ਸੇਖੋਂ ਅਤੇ ਪ੍ਰੋ: ਕਿਸ਼ਨ ਸਿੰਘ ਦੀਆਂ ਆਲੋਚਨਾ ਪ੍ਰਣਾਲੀਆਂ ਨੂੰ ਲੈ ਕੇ ਗੋਸ਼ਟੀਆਂ ਤੇ ਬਹਿਸਾਂ ਰੋਜ ਹੁੰਦੀਆਂ ਰਹਿੰਦੀਆਂ ਸਨ। ਤਰਲੋਚਨ ਬਾਰੇ ਕਿਹਾ ਜਾਂਦਾ ਸੀ ਕਿ ਉਹ ਇਨ੍ਹਾਂ ਗੋਸ਼ਟੀਆਂ ਦੀ ਰੂਹੇ ਰਵਾਂ ਹੁੰਦਾ ਸੀ। ਉਸ ਨੇ ਟਾਲਸਟਾਏ, ਚੈਖਵ, ਮੈਕਸਿਮ ਗੋਰਕੀ, ਸ਼ੋਲੋਖੋਵ ਅਤੇ ਰਸੂਲ ਹਮਜ਼ਾਤੋਵ ਬੜੀ ਰੀਝ ਨਾਲ ਪੜ੍ਹੇ ਹੋਏ ਸਨ। ‘ਮੇਰਾ ਦਾਗਿਸਤਾਨ’ ਵਾਲਾ ਰਸੂਲ ਹਮਜ਼ਾਤੋਵ ਉਨ੍ਹੀਂ ਦਿਨੀ ਪੰਜਾਬੀ ਦੀ ਐਮæ ਏæ ਕਰਨ ਵਾਲੇ ਸਾਰੇ ਵਿਦਿਆਰਥੀਆਂ ਵਿਚ ਹੀ ਮਕਬੂਲ ਸੀ। ਆਮ ਕਰਕੇ ਤਰਲੋਚਨ ਬੜਾ ਹੱਸਮੁਖ ਰਹਿੰਦਾ ਪਰ ਕਦੀ ਕਦੀ ਬਹੁਤ ਉਦਾਸ ਵੀ ਹੁੰਦਾ। ਇਕ ਵਾਰ ਸ਼ਰਾਬ ਪੀਤੀ ਵਿਚ ਉਸ ਦਿਲ ਖੋæਿਲਆ ਕਿ ਉਸ ਨੂੰ ਇਸ ਗੱਲ ਦਾ ਗਮ ਹੈ ਕਿ ਇਨਕਲਾਬ ਲਿਆਉਣ ਦੇ ਜਿਸ ਰਾਹ ਉਹ ਤੁਰੇ ਸਨ, ਉਸ ਦੀ ਮੰਜਿਲ ‘ਤੇ ਪਹੁੰਚ ਨਾ ਸਕੇ। ਤਰਲੋਚਨ ਮਾਨਸਿਕ ਰੋਗੀ ਹੋਣ ਦੀ ਹੱਦ ਤੱਕ ਸੰਵੇਦਨਸ਼ੀਲ ਸੀ। ਸ਼ਾਇਰੀ ਵਿਰਸੇ ‘ਚ ਮਿਲੀ ਹੋਣ ਕਰਕੇ ਉਹ ਸ਼ਾਇਰੀ ਵੀ ਕਰਦਾ ਸੀ। ਉਸ ਦੀ ਸ਼ਾਇਰੀ ਵਿਚ ਉਸ ਦੇ ਦਿਲ ਦਾ ਦਰਦ ਸਹਿਜੇ ਹੀ ਪੜ੍ਹਿਆ ਜਾ ਸਕਦਾ ਹੈ।
ਤਰਲੋਚਨ ਦੀਆਂ ਇਲਤਾਂ ਦੇ ਨਾਲ-ਨਾਲ ਉਸ ਦੀ ਸਾਹਿਤਕ ਸੂਝ ਬਾਰੇ ਵੀ ਕਈ ਗੱਲਾਂ ਚੇਤੇ ਆ ਰਹੀਆਂ ਹਨ। ਅਜਿਹੀਆਂ ਹੀ ਯਾਦਾਂ ਵਿਚੋਂ ਇੱਕ ਪ੍ਰੋæ ਮੋਹਨ ਸਿੰਘ ਦੀ ਕਹਾਣੀ ‘ਨਿੱਕੀ-ਨਿੱਕੀ ਵਾਸ਼ਨਾ’ ਬਾਰੇ ਉਸ ਨਾਲ ਹੋਈ ਗੱਲਬਾਤ ਸੀ। “ਨਿੱਕੀ-ਨਿੱਕੀ ਵਾਸ਼ਨਾ” ਮੇਰੀ ਵੀ ਪਸੰਦੀਦਾ ਕਹਾਣੀ ਸੀ। ਕਹਾਣੀ ਦਾ ਕਥਾਨਕ ਪੋਠੋਹਾਰੀ ਬੋਲੀ ਅਤੇ ਸਭਿਆਚਾਰ ਦੇ ਪਿਛੋਕੜ ਵਿਚ ਉਸਾਰਿਆ ਗਿਆ ਹੈ। ਕਹਾਣੀਕਾਰ ਨੇ ਆਪਣੀ ਜਨਮ ਭੌਂ ਦੇ ਪਹਾੜਾਂ, ਕੂਲ੍ਹਾਂ, ਬਨਸਪਤੀ ਅਤੇ ਖਾਸ ਕਰ ਕੇ ਬਨਫਸ਼ੇ ਦੀ ਖੁਸ਼ਬੋ ਦਾ ਵਰਣਨ ਅਜਿਹੇ ਮਾਰਮਿਕ ਤਰੀਕੇ ਨਾਲ ਕੀਤਾ ਹੈ ਕਿ ਪੜ੍ਹਨ ਵਾਲਾ ਖੁਦ ਉਸ ਟੂਣੇਹਾਰ ਮਹਿਕ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ। ਕਹਾਣੀ ਦੀ ਨਾਇਕਾ ਰੇਸ਼ਮਾ ‘ਤੇ ਜਵਾਨੀ ਚੜ੍ਹ ਰਹੀ ਹੈ ਅਤੇ ਉਹ ਆਪ ਮੁਹਾਰੇ ਸਭ ਹੱਦਾਂ ਬੰਨੇ ਤੋੜ ਕੇ ਆਪਣੇ ਅਮੋੜ ਕੁਦਰਤੀ ਵੇਗ ਵਿਚ ਵਹਿ ਜਾਣਾ ਲੋਚਦੀ ਹੈ। ਰੇਸ਼ਮਾ ਦਾ ਬਾਪ ਸਤਾਰ ਮੁਹੰਮਦ ਕੱਟੜ ਧਾਰਮਿਕ ਰੁਚੀਆਂ ਵਾਲੇ ਸਭਿਆਚਾਰ ਦਾ ਧਾਰਨੀ ਹੈ ਅਤੇ ਉਸ ਨੂੰ ਆਪਣੀ ਧੀ ਦਾ ਇਹ ਵਿਹਾਰ ਕਿਸੇ ਹਾਲਤ ਵਿਚ ਵੀ ਕਬੂਲ ਨਹੀਂ ਹੈ। ਕੁੜੀ ਇਕ ਪਰਦੇਸੀ ਰਾਹੀ ਦੇ ਪਿਛੇ ਪਿਛੇ ਕਿਸੇ ਮੋਹ ਵਿਚ ਤੁਰੀ ਜਾਂਦੀ ਹੈ। ਜਦੋਂ ਬਾਪ ਨੂੰ ਪਤਾ ਲਗਦਾ ਹੈ ਤਾਂ ਉਹ ਗੁੱਸੇ ਵਿਚ ਕੁੜੀ ਨੂੰ ਬੁਰੀ ਤਰ੍ਹਾਂ ਕੁਟ ਧਰਦਾ ਹੈ। ਰੇਸ਼ਮਾ ਨੂੰ ਮਾਂ ਪੁਛਦੀ ਹੈ,  “ਪਰ ਪੁੱਤਰਾ, ਤੂੰ ਉਸ ਦੇ ਪਿਛੇ ਪਿਛੇ ਕਿਉਂ ਚਲੀ ਅਹੀਏਂਸ।” ਤੇ ਰੇਸ਼ਮਾ ਉਤਰ ਦਿੰਦੀ ਹੈ, “ਕਹੇ ਕਰਾਂ ਹਰ, ਮਿਘੀ ਨਿੱਕੀ ਨਿੱਕੀ ਵਾਸ਼ਨਾ ਅਛਣੀ ਅਹੀ।”
ਤਰਲੋਚਨ ਮਾਰਕਸਵਾਦੀ ਸੀ, ਪਰ ਉਸ ਦਿਨ ਉਸ ਨੇ ਫਰਾਇਡ ਦੇ ਮਨੋਵਿਗਿਆਨਕ ਸਿਧਾਂਤ ਦੇ ਹਵਾਲੇ ਨਾਲ ਇਸ ਕਹਾਣੀ ਦੀਆਂ ਤਹਿਆਂ ਅੰਦਰ ਲੁਪਤ ਸਭਿਆਚਾਰ ਦੇ ਸਦੀਵੀ ਵਿਰੋਧ ਨੂੰ ਜਿਸ ਤਰੀਕੇ ਨਾਲ ਖੋਲ੍ਹਿਆ, ਮੈਂ ਉਸ ਦੀ ਪਾਰਖੂ ਸਮਰੱਥਾ ਦਾ ਲੋਹਾ ਮੰਨ ਗਿਆ ਸਾਂ।
ਹੋਰ ਬਹੁਤੇ ਸਟਾਫ ਮੈਂਬਰਾਂ ਵਾਂਗ ਤਰਲੋਚਨ ਦਾ ਵਿਆਹ ਵੀ ਅਦਾਰੇ ਵਿਚ ਆਉਣ ਤੋਂ ਬਾਅਦ ਹੀ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹੋਏ ਪਰ ਸਾਰੀਆਂ ਸਿਫਤਾਂ ਦੇ ਬਾਵਜੂਦ ਸੰਵੇਦਨਸ਼ੀਲ ਮਾਨਸਿਕਤਾ ਕਾਰਨ ਉਸ ਨੂੰ ਆਪਣੀ ਪਤਨੀ ਦਾ ਸੰਗ ਰਾਸ ਨਾ ਆਇਆ। ਬਹੁਤ ਹੀ ਮਾੜੀ ਤਰ੍ਹਾਂ ਉਸ ਦਾ ਤਲਾਕ ਹੋਇਆ। ਤਲਾਕ ਪਿੱਛੋਂ ਉਸ ਦੀ ਮਨੋਦਸ਼ਾ ਤੇਜੀ ਨਾਲ ਨਿਘਰਦੀ ਚਲੀ ਗਈ। ਮੁੰਡਾ ਵੀ ਕੋਈ ਬਹੁਤਾ ਸਿਆਣਾ ਨਾ ਨਿਕਲਿਆ। ਤਰਲੋਚਨ ਸ਼ਰਾਬ ਦਾ ਗੁਲਾਮ ਹੁੰਦਾ ਚਲਾ ਗਿਆ ਅਤੇ ਇਸੇ ਕਰ ਕੇ ਅਖੀਰ ‘ਪੰਜਾਬੀ ਟ੍ਰਿਬਿਊਨ’ ਦੀ ਨੌਕਰੀ ਛੁੱਟ ਗਈ। 5 ਕੁ ਸਾਲ ਪਹਿਲਾਂ ਉਹ ਬੜੇ ਹੀ ਭੈੜੇ ਹਾਲਾਤ ਵਿਚ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਸਾਡੇ ਇਸ ਜ਼ਹੀਨ ਸਾਥੀ ਦਾ ਇਹ ਬਹੁਤ ਦੁਖਦਾਇਕ ਅੰਤ ਸੀ।
ਮੂਹਰਜੀਤ ਪਟਿਆਲਾ ਜ਼ਿਲ੍ਹੇ ਵਿਚ ਰਾਜਪੁਰਾ ਨੇੜਲੇ ਕਿਸੇ ਪਿੰਡ ਤੋਂ ਸੀ। ਉਸ ਨੇ ਤਰਲੋਚਨ ਅਤੇ ਦਲਜੀਤ ਸਿੰਘ ਸਰਾਂ ਤੋਂ ਚਾਰ-ਪੰਜ ਸਾਲ ਪਹਿਲਾਂ ਸੁਰਜੀਤ ਪਾਤਰ ਹੋਰਾਂ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮæਏæ ਕੀਤੀ ਸੀ। ਮਾਪਿਆਂ ਨੇ ਉਸ ਦਾ ਨਾਂ ਮੋਹਰ ਸਿੰਘ ਰੱਖਿਆ ਸੀ ਪਰ ਪਿੱਛੋਂ ਜਦੋਂ ਉਸ ਨੇ ਸਾਹਿਤ ਨੂੰ ਮੂੰਹ ਮਾਰਨਾ ਸ਼ੁਰੂ ਕੀਤਾ ਤਾਂ ਆਪਣਾ ਨਾਂ ਮੂਹਰਜੀਤ ਰੱਖ ਲਿਆ। ਸਾਲ 1970-72 ਦੇ ਉਨ੍ਹਾਂ ਦਿਨਾਂ ਵਿਚ ਐਮæਏæ ਕਰਨ ਵਾਲਿਆਂ ਲਈ ਅਜੇ ਨੌਕਰੀਆਂ ਦਾ ਕਾਲ ਨਹੀਂ ਪਿਆ ਸੀ। ਉਸ ਨੂੰ ਵੀ ਕਿਸੇ ਕਾਲਜ ਵਿਚ ਨੌਕਰੀ ਮਿਲ ਗਈ ਪਰ ਕਾਲਜ ਵਿਚ ਚਲਦੀ ਸਿਆਸਤ ਕਰ ਕੇ ਉਹ ਆਪਣੀ ਨੌਕਰੀ ਨੂੰ ਬਹੁਤਾ ਚਿਰ ਬਚਾ ਕੇ ਨਾ ਰੱਖ ਸਕਿਆ। ਕੁਝ ਸਾਲ ਜਿੰਦਗੀ ਦੇ ਧੱਕੇ-ਧੋੜੇ ਖਾਣ ਪਿੱਛੋਂ ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਸ਼ਰਨ ਵਿਚ ਦਾਖੇ ਉਨ੍ਹਾਂ ਦੇ ਪਿੰਡ ਚਲਾ ਗਿਆ। ਇਸ ਸਮੇਂ ਤੱਕ ਉਸ ਦੀ ਸ਼ਖਸੀਅਤ ਵਿਚ ਕਈ ਤਰ੍ਹਾਂ ਦੇ ਵਿੰਗ ਵਲ ਪੈ ਚੁੱਕੇ ਸਨ। ਨੌਕਰੀ ਦੀ ਆਸ ਉਸ ਨੇ ਲਾਹ ਛੱਡੀ ਸੀ। ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਇਆ ਤਾਂ ਕੁਝ ਮਹੀਨਿਆਂ ਪਿਛੋਂ ਸੇਖੋਂ ਸਾਹਿਬ ਦੇ ਕਹਿਣ ‘ਤੇ ਸੰਪਾਦਕ ਬਰਜਿੰਦਰ ਸਿੰਘ ਨੇ ਮੂਹਰਜੀਤ ਨੂੰ ਪਰੂਫ ਰੀਡਿੰਗ ਸੈਕਸ਼ਨ ਵਿਚ ਰੱਖ ਲਿਆ।
ਮੂਹਰਜੀਤ ਬਾਰੇ ਕਹਿੰਦੇ ਹਨ ਕਿ ਯੂਨੀਵਰਸਿਟੀ ਵਿਚ ਪੜ੍ਹਾਈ ਸਮੇਂ ਉਸ ਅੰਦਰ ਸਾਹਿਤਕ ਮਸ ਪੱਖੋਂ ਬੜਾ ਦਮ ਖਮ ਸੀ ਪਰ ਜਿਸ ਮੋੜ ਤੇ ਉਹ ਸਾਡਾ ਸਾਥੀ ਬਣਿਆ ਉਦੋਂ ਤੱਕ ਉਸ ਦਾ ਇਹ ਦਮ ਖਮ ਮਰ ਚੁਕਾ ਸੀ। ਸ਼ਰਾਬ ਪੀਣ ਅਤੇ ਤੰਬਾਕੂਨੋਸ਼ੀ ਦਾ ਉਹ ਗੁਲਾਮ ਹੋ ਗਿਆ ਸੀ। ਸਟਾਫ ਵਿਚ ਉਸ ਦਾ ਕਿਸੇ ਨਾਲ ਵਿਸ਼ੇਸ਼ ਨੇੜ ਨਹੀਂ ਸੀ। ਵਿਆਹ ਉਸ ਦਾ ਵੀ ਸਾਡੇ ਨਾਲ ਆਉਣ ਤੋਂ ਪਿੱਛੋਂ ਹੀ ਹੋਇਆ। ਕੁੜੀ ਮੋਰਿੰਡੇ ਨੇੜੇ ਕਿਸੇ ਪਿੰਡ ਰਹਿੰਦੇ ਇਕ ਕਾਮਰੇਡ ਦੀ ਧੀ ਸੀ ਅਤੇ ਉਸ ਨੇ ਆਰਟ ਐਂਡ ਕਰਾਫਟ ਦੀ ਡਿਗਰੀ ਕੀਤੀ ਹੋਈ ਸੀ। ਸਾਰੇ ਹੈਰਾਨ ਸਨ ਕਿ ਕੁੜੀ ਦੇ ਮਾਪਿਆਂ ਨੇ ਮੂਹਰਜੀਤ ਵਿਚ ਕੀ ਵੇਖਿਆ ਜੋ ਕੁੜੀ ਉਸ ਦੇ ਲੜ ਲਾ’ਤੀ। ਉਂਜ, ਮੂਹਰਜੀਤ ਨਾਲ, ਉਸ ਦੀਆਂ ਸਭ ਕਮਸ਼ੋਰੀਆਂ ਦੇ ਬਾਵਜੂਦ, ਉਸ ਬੜੀ ਦਲੇਰੀ ਨਾਲ ਕੱਟੀ ਅਤੇ ਕਦੇ ਮਰੂੰ-ਮਰੂੰ ਨਾ ਕੀਤਾ।
ਮਸੀਂ ਸਾਢੇ ਪੰਜ ਫੁਟ ਦੇ ਮੂਹਰਜੀਤ ਦੀ ਸ਼ਕਲ ਅਤੇ ਚਾਲ-ਢਾਲ ਵੇਖ ਕੇ ਲੱਗਦਾ ਸੀ ਕਿ ਉਹ ਅੱਜ ਵੀ ਗਿਆ, ਭਲਕੇ ਵੀ ਗਿਆ ਪਰ ਉਸ ਦੀ ਦੇਹ ਸਾਲਾਂ ਦੇ ਸਾਲ ਹੰਢਾਉਂਦੀ ਗਈ।  ਇਕ ਵਾਰ ਮੂਹਰਜੀਤ ਦੇ ਘਰ ਬੀਮੇ ਦੀ ਕੋਈ ਗੱਲ ਚੱਲੀ ਤਾਂ ਉਸ ਦੀ ਪਤਨੀ ਨੇ ਕਿਸੇ ਬੀਮਾ ਏਜੰਟ ਬਾਰੇ ਪੁੱਛਿਆ। ਮੇਰਾ ਸਾਂਢੂ ਤੇਜਿੰਦਰ ਮਾਹਲ ਬੀਮਾ ਏਜੰਟ ਸੀ, ਮੈਂ ਉਸ ਦੇ ਨਾਂ ਦੀ ਦੱਸ ਪਾ ਦਿਤੀ। ਤੇਜਿੰਦਰ ਨੇ ਮੂਹਰਜੀਤ ਦਾ ਜੀਵਨ ਬੀਮਾ ਕਰ ਦਿਤਾ। ਇਹ ਦਿਲਚਸਪ ਗੱਲ ਸੀ ਕਿ ਮੂਹਰਜੀਤ ਦੀ ਪਤਨੀ ਘਰ ਦਾ ਹੋਰ ਭਾਵੇਂ ਕੋਈ ਖਰਚਾ ਰੋਕ ਲੈਂਦੀ ਪਰ ਇਹ ਯਕੀਨੀ ਬਣਾਉਂਦੀ ਕਿ ਬੀਮੇ ਦੀ ਕਿਸ਼ਤ ਬਾਕਾਇਦਾ ਟਾਈਮ ਸਿਰ ਜਾਵੇ।
ਮੂਹਰਜੀਤ ਦਾ ਤਰਲੋਚਨ ਅਤੇ ਰਜਿੰਦਰ ਸੋਢੀ ਨਾਲ ਕੋਈ ਵੱਖਰਾ ਹੀ ਰਿਸ਼ਤਾ ਸੀ। ਸ਼ਰਾਬ ਦੇ ਨਾਲ-ਨਾਲ ਮੂਹਰਜੀਤ ਸਿਗਰਟ ਪੀਣ ਦਾ ਸ਼ੌਂਕੀ ਸੀ ਅਤੇ ਦਫਤਰ ਆਉਂਦੇ ਸਾਰ ਸਿਗਰਟ ਦੀ ਡੱਬੀ ਕੱਢ ਕੇ ਮੇਜ਼ ਉਤੇ ਰੱਖ ਦਿੰਦਾ। ਤਰਲੋਚਨ ਤੇ ਰਾਜਿੰਦਰ ਸੋਢੀ ਨੂੰ ਵੀ ਸਿਗਰਟ ਪੀਣ ਦੀ ਲਤ ਸੀ। ਦੋਹਾਂ ਨੇ ਮੂਹਰਜੀਤ ਦੀ ਡੱਬੀ ਚੁਕਣੀ ਤੇ ਸਿਗਰਟ ਕੱਢ ਕੇ ਪੀ ਲੈਣੀ। ਸ਼ਾਇਦ 1982 ਦੀ ਗੱਲ ਹੈ। ਸਾਲ ਦੇ ਅਖੀਰ ‘ਤੇ 30 ਜਾਂ 31 ਦਸੰਬਰ ਦਾ ਦਿਨ ਸੀ। ਮੂਹਰਜੀਤ ਨੇ ਉਨ੍ਹਾਂ ਦੋਹਾਂ ਅੱਗੇ ਸਾਲ ਭਰ ਵਿਚ ਪੀਤੀਆਂ ਸਿਗਰਟਾਂ ਦਾ ਪੂਰਾ ਬਿਲ ਬਣਾ ਕੇ ਧਰ ਦਿਤਾ। ਕੱਚੇ ਹੋਣ ਦੀ ਥਾਂ ਸੋਢੀ ਤੇ ਤਰਲੋਚਨ ਕਹਿਣ ਲੱਗੇ, “ਲਿਆ ਹੁਣ ਤੇ ਪਿਆ, ਹਿਸਾਬ ਨਵਾਂ ਸਾਲ ਚੜ੍ਹਨ ‘ਤੇ ਚੁਕਤਾ ਕਰਾਂਗੇ।”
ਸ਼ੁਰੂ ਵਿਚ ‘ਪੰਜਾਬੀ ਟ੍ਰਿਬਿਊਨ’ ਦੇ ਸਾਰੇ ਸਟਾਫ ਮੈਂਬਰ ਸਾਈਕਲਾਂ ‘ਤੇ ਹੀ ਆਉਂਦੇ ਸਨ ਅਤੇ ਸਿਰਫ ਸੰਪਾਦਕ ਬਰਜਿੰਦਰ ਸਿੰਘ ਕੋਲ ਹੀ ਰਾਜਦੂਤ ਮੋਟਰਸਾਈਕਲ ਹੁੰਦਾ ਸੀ। ਇਹ ਗੱਲ ਪਹਿਲਾਂ ਆ ਚੁੱਕੀ ਹੈ ਕਿ ਲੰਬਾ ਸਮਾਂ ਟ੍ਰਿਬਿਊਨ ਦੇ ਜਨਰਲ ਮੈਨੇਜਰ ਰਹੇ ਰੁਲੀਆ ਰਾਮ ਸ਼ਰਮਾ ਸਟਾਫ ਮੈਂਬਰਾਂ ਦਾ ਕਾਫੀ ਖਿਆਲ ਰੱਖਦੇ ਸਨ। ਉਨ੍ਹਾਂ ਬਰਜਿੰਦਰ ਸਿੰਘ ਨੂੰ ਮੋਟਰਸਾਈਕਲ ‘ਤੇ ਦੇਖਿਆ ਤਾਂ ਕਹਿਣ ਲੱਗੇ, ਟ੍ਰਿਬਿਊਨ ਗਰੁਪ ਦਾ ਕੋਈ ਸੰਪਾਦਕ ਮੋਟਰਸਾਈਕਲ ‘ਤੇ ਆਉਂਦਾ ਚੰਗਾ ਨਹੀਂ ਲਗਦਾ, ਅਤੇ ਨਾਲ ਹੀ ਦਫਤਰ ਦੀ ਇਕ ਅੰਬੈਸਡਰ ਕਾਰ ਬਰਜਿੰਦਰ ਸਿੰਘ ਨੂੰ ਬਹੁਤ ਸਸਤੇ ਭਾਅ ‘ਤੇ ਅਤੇ ਉਹ ਵੀ ਕਿਸ਼ਤਾਂ ਉਤੇ ਦੇ ਦਿਤੀ।
ਜਦੋਂ ਟ੍ਰਿਬਿਊਨ ਮੁਲਾਜ਼ਮਾਂ ਨੂੰ ਨਵੇਂ ਤਨਖਾਹ ਸਕੇਲ ਮਿਲੇ ਤਾਂ ਸਭ ਦੀ ਮਾਲੀ ਹਾਲਤ ਚੰਗੀ ਹੋ ਗਈ ਤੇ ਹੌਲੀ ਹੌਲੀ ਸਭ ਨੇ ਹੀ ਸਕੂਟਰ-ਮੋਟਰਸਾਈਕਲ ਲੈ ਲਏ। ਮੂਹਰਜੀਤ ਨੇ ਵੀ ਸਕੂਟਰ ਲੈ ਲਿਆ। ਸਾਨੂੰ ਹਮੇਸ਼ਾਂ ਇਹ ਡਰ ਲੱਗਾ ਰਹਿੰਦਾ ਕਿ ਉਸ ਨੇ ਅਜ ਸਕੂਟਰ ਤੋਂ ਡਿਗ ਕੇ ਸੱਟ ਲਵਾਈ ਕਿ ਕੱਲ੍ਹ! ਮੂਹਰਜੀਤ ਨੇ ਉਂਜ ਸਕੂਟਰ ਤੋਂ ਡਿਗ ਕੇ ਕਈ ਵਾਰ ਸੱਟਾਂ ਲਵਾਈਆਂ ਪਰ ਕਿਸੇ ਗੰਭੀਰ ਸੱਟ ਤੋਂ ਹਮੇਸ਼ਾ ਬਚਿਆ ਰਿਹਾ।
ਮੂਹਰਜੀਤ ਨੇ ਆਪਣੇ ਸਾਹਿਤਕ ਜੀਵਨ ਦੇ ਮੁੱਢਲੇ ਦੌਰ ਵਿਚ ਬੜੀਆਂ ਚੰਗੀਆਂ ਕਹਾਣੀਆਂ ਅਤੇ ਰੇਖਾ ਚਿੱਤਰ ਲਿਖੇ ਪਰ ਸ਼ਾਇਦ ‘ਪੰਜਾਬੀ ਟ੍ਰਿਬਿਊਨ’ ਦੇ ਪਰੂਫ ਰੀਡਰਾਂ ਵਾਲੇ ਪਿੰਜਰੇ ਵਿਚ ਆਉਣ ਤੋਂ ਪਹਿਲਾਂ ਹੀ ਉਸ ਦੀ ਪ੍ਰੇਰਨਾ ਦੇ ਸੋਮੇ ਸੁੱਕ ਗਏ ਹੋਏ ਸਨ। ਉਸ ਦੀਆਂ ਚੋਣਵੀਆਂ ਲਿਖਤਾਂ ‘ਤੇ ਆਧਾਰਤ ‘ਮਿੰਨੀ ਮਨੁੱਖ ਦੀ ਮਹਾਨ ਯਾਤਰਾ’ ਨਾਂ ਦੀ ਕਿਤਾਬ ਰਵੀ ਸਾਹਿਤ ਪ੍ਰਕਾਸ਼ਨ ਨੇ 1990 ‘ਚ ਛਾਪੀ ਸੀ। ਇਸ ਸੰਗ੍ਰਹਿ ਵਿਚਲੇ ਕੁਝ ਰੇਖਾ ਚਿਤਰ ਤੇ ਕਹਾਣੀਆਂ ਕਾਫੀ ਚੰਗੇ ਹਨ।
ਇਸ ਸੰਗ੍ਰਿਹ ਵਿਚਲੀ ਕਹਾਣੀ ‘ਉਦਾਸ ਪਲਾਂ ਦੀ ਦਾਸਤਾਂ’ ਪੜ੍ਹ ਕੇ ਗੁਰਦਿਆਲ ਬੱਲ ਦਾ ਕਹਿਣਾ ਸੀ ਕਿ ਮੂਹਰਜੀਤ ਦੀ ਸੰਵੇਦਨਾ ਵਿਚ ਇਨਸਾਨੀ ਜੀਵਨ ਅਤੇ ਜਜ਼ਬਿਆਂ ਦੀ ਪਵਿਤਰਤਾ ਲਈ ਉਸ ਕਿਸਮ ਦਾ ਕਾਵਿਕ ਜਲੌਅ ਹੈ, ਜਿਸ ਕਿਸਮ ਦਾ ਚੈਖੋਵ, ਮੋਹਣ ਰਾਕੇਸ਼ ਦੀਆਂ ਕੁਝ ਲਿਖਤਾਂ ਅਤੇ ਓæ ਹੈਨਰੀ ਦੀ ‘ਸਿਆਣਿਆਂ ਦੇ ਤੋਹਫੇ’ ਨਾਂ ਦੀ ਕਹਾਣੀ ਵਿਚ ਹੈ।
ਵਿਨਸੈਂਟ ਵਾਨ ਗਾਗ ਦੇ ਜੀਵਨ ‘ਤੇ ਆਧਾਰਤ ਇਰਵਿੰਗ ਸਟੋਨ ਦਾ ਨਾਵਲ ‘ਲਸਟ ਫਾਰ ਲਾਈਫ’ ਮੈਂ ਵੀ ਪੜ੍ਹਿਆ ਹੋਇਆ ਸੀ ਪਰ ਮੂਹਰਜੀਤ ਨੇ ਇਹ ਨਾਵਲ ਸਾਥੋਂ ਬਹੁਤ ਪਹਿਲਾਂ ਹੀ ਪੜ੍ਹਿਆ ਹੋਇਆ ਸੀ। ਉਹ ਸਾਰੀ ਉਮਰ ਇਸ ਨਾਵਲ ਦੀ ਗੱਲ ਕਰਦਾ ਸ਼ਾਇਦ ਵਾਨ ਗਾਗ ਦੇ ਪੈਸ਼ਨ ਨੂੰ ਜਿਉਣ ਦੀ ਹੀ ਕੋਸ਼ਿਸ਼ ਕਰਦਾ ਰਿਹਾ ਸੀ। ਕਹਾਣੀ ਦੇ ਨਾਇਕ ਦੇ ਹੱਥਾਂ ਵਿਚ ਵੀ ਇਹੋ ਨਾਵਲ ਸੀ। ਕਹਾਣੀ ‘ਉਦਾਸ ਪਲਾਂ ਦੀ ਦਾਸਤਾਂ’ ਦੀ ਨਾਇਕਾ ਨੂੰ ਬੇਹੱਦ ਨਿਰਮਲ ਭਾਵਨਾ ਨਾਲ ਚਿਤਰਿਆ ਗਿਆ ਹੈ। ਮੂਹਰਜੀਤ ਦੀ ਇਸ ਕਹਾਣੀ ਬਾਰੇ ਬੱਲ ਦਾ ਨਿਰਣਾ ਸੀ ਕਿ ‘ਉਦਾਤ’ ਦੇ ਸੰਕਲਪ ਦੇ ਅਰਥ ਕੀ ਹਨ ਅਤੇ ਬੰਦੇ ਦੀ ਜ਼ਿੰਦਗੀ ਵਿਚ ਇਸ ਅਹਿਸਾਸ ਦਾ ਮੁੱਲ ਕੀ ਹੈ-ਸਹਿਜੇ ਹੀ ‘ਉਦਾਸ ਪਲਾਂ ਦੀ ਦਾਸਤਾਂ’ ਨੂੰ ਪੜ੍ਹ ਕੇ ਸਮਝਿਆ ਜਾ ਸਕਦਾ ਹੈ।
ਮੂਹਰਜੀਤ 4 ਕੁ ਸਾਲ ਪਹਿਲਾਂ 60 ਸਾਲ ਦੀ ਉਮਰੇ ਟ੍ਰਿਬਿਊਨ ਤੋਂ ਰਿਟਾਇਰ ਹੋਣ ਪਿਛੋਂ ਸਭ ਨੂੰ ਅਲਵਿਦਾ ਕਹਿ ਗਿਆ। ਸਿਰ ਦੇ ਵਾਲ ਉਸ ਦੇ ਉਦੋਂ ਵੀ ਅਜੇ ਕਾਲੇ ਹੀ ਸਨ ਪਰ ਸਨ ਅਸਲੀ।
ਪਰੂਫ ਰੀਡਿੰਗ ਸੈਕਸ਼ਨ ਦੇ ਬਾਕੀ ਸਾਥੀਆਂ ਬਾਰੇ ਗੱਲ ਫੇਰ।

2 Comments

  1. ਲਾਜਵਾਬ! ਉਮਦਾ, ਸ਼ਾਨਦਾਰ!!
    “कोई लौटा दे मेरे बीते हुए दिन
    बीते हुए दिन वो मेरे प्यारे पल-छिन”

    ਬਹੁਤ ਹੀ ਚੋਣਵੇਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਸਰਦਾਰ ਅਮੋਲਕ ਸਿੰਘ ਜੀ ਤੁਸੀਂ। ਵਾਰ ਵਾਰ ਪੜ੍ਹਨ ਨੂੰ ਜੀਅ ਕਰਦੈ ਇਸੇ ਲਈ।
    ਕਿਰਪਾ ਕਰਕੇ ਇਸ ਵਿੱਚ ਕੁਝ ਹੋਰ ਵਾਧਾ ਕਰੋ ਜੀ

  2. ਲਾਜਵਾਬ! ਉਮਦਾ, ਸ਼ਾਨਦਾਰ!!
    “कोई लौटा दे मेरे बीते हुए दिन
    बीते हुए दिन वो मेरे प्यारे पल-छिन”

    ਬਹੁਤ ਹੀ ਚੋਣਵੇਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਸਰਦਾਰ ਅਮੋਲਕ ਸਿੰਘ ਜੀ ਤੁਸੀਂ। ਵਾਰ ਵਾਰ ਪੜ੍ਹਨ ਨੂੰ ਜੀਅ ਕਰਦੈ ਇਸੇ ਲਈ।
    ਕਿਰਪਾ ਕਰਕੇ ਇਸ ਵਿੱਚ ਕੁਝ ਹੋਰ ਵਾਧਾ ਕਰੋ ਜੀ

Leave a Reply

Your email address will not be published.