ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਹਾਕਮ ਪਾਰਟੀਆਂ ਦੇ ਮਾੜੇ ਪ੍ਰਦਰਸ਼ਨ ਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਦੇ ਗਠਨ ਤੋਂ ਬਾਅਦ ਭਾਈਵਾਲ ਪਾਰਟੀਆਂ ਦੇ ਰਿਸ਼ਤਿਆਂ ਵਿਚ ਲਗਾਤਾਰ ਬਦਲਾਅ ਆ ਰਿਹਾ ਹੈ। ਭਾਜਪਾ ਨਾਲ ਸਬੰਧਤ ਆਗੂਆਂ ਵੱਲੋਂ ਪਿਛਲੇ ਢਾਈ ਮਹੀਨਿਆਂ ਦੇ ਸਮੇਂ ਤੋਂ ਕਿਸੇ ਨਾ ਕਿਸੇ ਮੁੱਦੇ ਉਤੇ ਸਰਕਾਰ ‘ਤੇ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਸੱਤਾਧਾਰੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਅੰਦਰਖਾਤੇ ਚੱਲ ਰਹੀ ਠੰਡੀ ਜੰਗ ਦਾ ਮਾਮਲਾ ਭਾਜਪਾ ਹਾਈਕਮਾਨ ਤੱਕ ਪਹੁੰਚ ਗਿਆ ਹੈ।
ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਸ਼ਾਂਤਾ ਕੁਮਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੋਹਾਂ ਪਾਰਟੀਆਂ ਦਰਮਿਆਨ ਚੱਲ ਰਹੀ ਕਸ਼ਮਕਸ਼ ਦੇ ਮੁੱਦੇ ‘ਤੇ ਮੀਟਿੰਗ ਕਰਨ ਲਈ ਚੰਡੀਗੜ੍ਹ ਆਉਣਗੇ। ਉਨ੍ਹਾਂ ਦੋਹਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਚੱਲ ਰਹੇ ਰੱਫੜ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਦਰਮਿਆਨ ਕਈ ਤਰ੍ਹਾਂ ਦੀਆਂ ਗ਼ਲਤਫਹਿਮੀਆਂ ਹਨ ਜਿਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਣਾ ਬਣਦਾ ਹੈ। ਪਾਰਟੀ ਹਲਕਿਆਂ ਮੁਤਾਬਕ ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਅਕਾਲੀ ਦਲ ਦੇ ਆਗੂਆਂ ‘ਤੇ ਮਨਮਾਨੀਆਂ ਕਰਨ ਤੇ ਭਾਈਵਾਲ ਪਾਰਟੀ ਦੇ ਆਗੂਆਂ ਨੂੰ ਨੀਵਾਂ ਦਿਖਾਉਣ ਵਾਲੀਆਂ ਗਤੀਵਿਧੀਆਂ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਆਗੂਆਂ ਨੇ ਭਾਜਪਾ ਨਾਲ ਸਬੰਧਤ ਮੰਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਕੁਰਸੀਆਂ ਬਚਾਉਣ ਲਈ ਕੀਤੀਆਂ ਜਾ ਰਹੀਆਂ ਪੇਸ਼ਬੰਦੀਆਂ ਕਰਾਰ ਦਿੱਤਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਵੱਲੋਂ ਪਿਛਲੇ ਦੋ ਕੁ ਹਫ਼ਤਿਆਂ ਦਰਮਿਆਨ ਸਰਕਾਰ ਨੂੰ ਦੋ ਵਾਰੀ ਠਿੱਠ ਕੀਤਾ ਗਿਆ ਹੈ। ਸ੍ਰੀ ਜੋਸ਼ੀ ਨੇ ਪਹਿਲਾਂ ਤਾਂ ਵੈਟ ਦੇ ਮੁੱਦੇ ‘ਤੇ ਸਰਕਾਰ ਵਿਰੁੱਧ ਸੰਘਰਸ਼ ਛੇੜਨ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਸੀæਐਲ਼ਯੂæ ਫੀਸ ਦੀ ਮੁਆਫ਼ੀ ਦਾ ਐਲਾਨ ਕਰ ਦਿੱਤਾ। ਇਨ੍ਹਾਂ ਦੋਹਾਂ ਮੁੱਦਿਆਂ ‘ਤੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵੀ ਮਹੱਤਵਪੂਰਨ ਤੱਥ ਹੈ ਕਿ ਅਕਾਲੀ ਦਲ ਨੇ ਭਾਜਪਾ ਮੰਤਰੀ ਨੂੰ ਮੋੜਵਾਂ ਜਵਾਬ ਦੇਣ ਦਾ ਵੀ ਯਤਨ ਕੀਤਾ ਹੈ। ਅਕਾਲੀ ਦਲ ਦੀ ਕਾਰਵਾਈ ਨਾਲ ਦੋਹਾਂ ਪਾਰਟੀਆਂ ਦਰਮਿਆਨ ਛਿੜਿਆ ਵਿਵਾਦ ਹੋਰ ਵੀ ਵਧ ਗਿਆ ਹੈ। ਭਾਜਪਾ ਆਗੂਆਂ ਨੇ ਸਾਰਾ ਮਾਮਲਾ ਪਾਰਟੀ ਹਾਈ ਕਮਾਨ ਦੇ ਧਿਆਨ ਵਿਚ ਲਿਆ ਦਿੱਤਾ ਹੈ।
ਭਾਜਪਾ ਨੂੰ ਇਸ ਗੱਲ ਦਾ ਵੀ ਗਿਲਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਾਂਤਾ ਕੁਮਾਰ ਦਰਮਿਆਨ ਜੂਨ ਮਹੀਨੇ ਦੌਰਾਨ ਹੋਈ ਮੀਟਿੰਗ ਵਿਚ ਅਕਾਲੀ-ਭਾਜਪਾ ਆਗੂਆਂ ‘ਤੇ ਅਧਾਰਤ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਗਠਨ ਦਾ ਫ਼ੈਸਲਾ ਲਿਆ ਸੀ। ਤਕਰੀਬਨ ਦੋ ਮਹੀਨਿਆਂ ਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਤਾਲਮੇਲ ਕਮੇਟੀ ਦਾ ਗਠਨ ਨਹੀਂ ਹੋ ਸਕਿਆ। ਸ਼ਾਂਤਾ ਕੁਮਾਰ ਦਾ ਵੀ ਮੰਨਣਾ ਹੈ ਕਿ ਕਈ ਮਸਲੇ ਤਾਲਮੇਲ ਕਮੇਟੀ ਵਿਚ ਹੀ ਹੱਲ ਹੋ ਸਕਦੇ ਹਨ। ਇਸ ਲਈ ਕਮੇਟੀ ਦਾ ਗਠਨ ਹੋਣਾ ਚਾਹੀਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਖਰੀ ਕਮੇਟੀ ਦੇ ਮੁੱਦੇ ‘ਤੇ ਉਲਝਿਆ ਪਿਆ ਹੈ। ਭਾਰਤੀ ਜਨਤਾ ਪਾਰਟੀ ਨੇ ਸਰਕਾਰ ਅੰਦਰੋਂ ਜੰਗ ਛੇੜੀ ਹੋਈ ਹੈ। ਇਸ ਤਰ੍ਹਾਂ ਨਾਲ ਸਰਕਾਰ ਨੂੰ ਲਗਾਤਾਰ ਨਮੋਸ਼ੀ ਝੱਲਣੀ ਪੈ ਰਹੀ ਹੈ। ਅਕਾਲੀ ਆਗੂਆਂ ਵੱਲੋਂ ਭਾਜਪਾ ਮੰਤਰੀਆਂ ਨੂੰ ਗੱਠਜੋੜ ਧਰਮ ਨਿਭਾਉਣ ਦੀਆਂ ਨਸੀਹਤਾ ਦਿੱਤੀਆਂ ਜਾ ਰਹੀਆਂ ਹਨ। ਇਕ ਸੀਨੀਅਰ ਅਕਾਲੀ ਆਗੂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੰਤਰੀਆਂ ਵਿਚ ਤਬਦੀਲੀ ਕਰਨ ਦੀ ਯੋਜਨਾ ਬਣਾਈ ਸੀ। ਇਸ ਲਈ ਮੰਤਰੀਆਂ ਵੱਲੋਂ ਆਪਣੀ ਕੁਰਸੀ ਬਚਾਉਣ ਲਈ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕਰਨ ਲਈ ਫ਼ੈਸਲੇ ਲਏ ਜਾ ਰਹੇ ਹਨ।
ਉਧਰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਨੇ ਸੀæਐਲ਼ਯੂæ ਫੀਸ ਮੁਆਫ਼ ਕਰਨ ਦੇ ਮੁੱਦੇ ਨੂੰ ਆਪਣਾ ਅਧਿਕਾਰ ਖੇਤਰ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਸਿਰ ਸਿਹਰਾ ਲੈਣ ਦੀ ਦੌੜ ਵਿਚ ਨਹੀਂ ਇਹ ਤਾਂ ਵਪਾਰੀ ਭਾਈਚਾਰੇ ਦੀ ਮੰਗ ਨੂੰ ਦੇਖਦਿਆਂ ਫ਼ੈਸਲਾ ਲਿਆ ਗਿਆ ਹੈ।
____________________________________________
ਅਦਾਲਤ ਵੱਲੋਂ ਦਲਜੀਤ ਸਿੰਘ ਚੀਮਾ ਨੂੰ ਸੰਮਨ
ਹੁਸ਼ਿਆਰਪੁਰ: ਸੋਸ਼ਲਿਸਟ ਪਾਰਟੀ ਦੇ ਕੌਮੀ ਉਪ ਪ੍ਰਧਾਨ ਬਲਵੰਤ ਸਿੰਘ ਖੇੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਬਾਰੇ ਕੀਤੀ ਅਪੀਲ ਦੀ ਸੁਣਵਾਈ ਤਹਿਤ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੂੰ 28 ਅਗਸਤ ਨੂੰ ਰਿਕਾਰਡ ਸਮੇਤ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਸ਼ ਚੀਮਾ ਦੇ ਵਕੀਲ ਹਰਜਿੰਦਰ ਸਿੰਘ ਧਾਮੀ ਨੇ ਅਦਾਲਤ ਵਿਚ ਸ਼ ਚੀਮਾ ਦੇ ਦਸਤਖ਼ਤਾਂ ਵਾਲਾ ਪੱਤਰ ਪੇਸ਼ ਕੀਤਾ। ਇਸ ਵਿਚ ਲਿਖਿਆ ਸੀ ਕਿ ਉਨ੍ਹਾਂ ਨੂੰ ਕੇਸ ਵਿਚ ਮੁਲਜ਼ਮ ਵਜੋਂ ਨਹੀਂ ਸਗੋਂ ਗਵਾਹ ਵਜੋਂ ਵਿਚਾਰਿਆ ਜਾਵੇ। ਅਦਾਲਤ ਵੱਲੋਂ ਸ਼ ਚੀਮਾ ਨੂੰ ਸਾਰਾ ਰਿਕਾਰਡ ਲੈ ਕੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਅਦਾਲਤ ਨੇ ਜਾਣਕਾਰੀ ਹੋਣ ਦੇ ਬਾਵਜੂਦ ਹਾਜ਼ਰ ਨਾ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ 28 ਅਗਸਤ ਨੂੰ ਰਿਕਾਰਡ ਸਮੇਤ ਤਲਬ ਕੀਤਾ ਹੈ ਤੇ ਡਾæ ਚੀਮਾ ਦੇ ਵਕੀਲ ਨੂੰ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਸ੍ਰੀ ਖੇੜਾ ਨੇ ਫਰਵਰੀ 2009 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਬਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਾਇਆ ਸੀ। ਇਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ ਸ਼ਾਮਲ ਸਨ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ‘ਤੇ ਦੋ ਵੱਖ-ਵੱਖ ਵਿਧਾਨ ਰੱਖਣ ਦਾ ਦੋਸ਼ ਲਗਾਇਆ। ਸ੍ਰੀ ਖੇੜਾ ਮੁਤਾਬਕ ਅਕਾਲੀ ਦਲ ਨੇ ਬਤੌਰ ਪੰਥਕ ਜਥੇਬੰਦੀ, ਗੁਰਦੁਆਰਾ ਕਮਿਸ਼ਨ ਕੋਲ ਕੋਈ ਹੋਰ ਵਿਧਾਨ ਜਮ੍ਹਾਂ ਕਰਵਾਇਆ ਹੋਇਆ ਹੈ ਪਰ ਬਤੌਰ ਸਿਆਸੀ ਪਾਰਟੀ ਮਾਨਤਾ ਲੈਣ ਲਈ ਮੁੱਖ ਚੋਣ ਕਮਿਸ਼ਨ ਕੋਲ ਵੱਖਰਾ ਵਿਧਾਨ ਪੇਸ਼ ਕੀਤਾ।
Leave a Reply