ਡਾæ ਮਨਦੀਪ ਗੌੜ
ਫੋਨ: 91-97795-87791
ਆਧੁਨਿਕ ਯੁੱਗ ਵਿਚ ਸਿੱਖ ਕੌਮ ਦੀ ਪ੍ਰਗਤੀ ਕਿਸੇ ਭੂਮਿਕਾ ਦੀ ਮੁਹਤਾਜ਼ ਨਹੀਂ। ਸੰਸਾਰ ਦੇ ਹਰ ਕੋਨੇ ਵਿਚ ਸਿੱਖਾਂ ਦਾ ਕਾਰਜਸ਼ੀਲ ਹੋਣਾ, ਸੰਯੁਕਤ ਰਾਸ਼ਟਰ ਵਰਗੇ ਉਚ-ਅਦਾਰੇ ਅੰਦਰ ਅਹਿਮ ਅਹੁਦਿਆਂ ਉਪਰ ਬਿਰਾਜਮਾਨ ਹੋਣਾ, ਅਮਰੀਕਾ-ਕੈਨੇਡਾ ਵਰਗੇ ਵਿਕਸਿਤ ਮੁਲਕਾਂ ਅੰਦਰ ਉਚ ਰਾਜਨੀਤਕ ਪਦਾਂ ‘ਤੇ ਕੰਮ ਕਰਨਾ, ਸੰਸਾਰ-ਜੰਗਾਂ ਵਿਚ ਸਿੱਖ ਫੌਜੀਆਂ ਦੀ ਫੈਸਲਾਕੁਨ ਸ਼ਮੂਲੀਅਤ, ਸਿੱਖ ਸਨਅਤਕਾਰਾਂ ਦੀ ਕੌਮਾਂਤਰੀ ਸਫਲਤਾ ਅਤੇ ਵਿਸ਼ਵ ਅਰਥਚਾਰੇ ਦੀ ਪ੍ਰਗਤੀ ਵਿਚ ਸਿੱਖਾਂ ਦਾ ਯੋਗਦਾਨ ਆਦਿ ਇਸ ਗੱਲ ਦਾ ਸਪਸ਼ਟ ਪ੍ਰਮਾਣ ਹਨ ਕਿ ਸਿੱਖਾਂ ਨੇ ਆਪਣੇ ਆਚਰਨ ਦੀ ਪਾਕੀਜ਼ਗੀ, ਵਿਚਾਰਾਂ ਦੀ ਸੁਤੰਤਰਤਾ, ਮਿਹਨਤਕਸ਼ ਸੁਭਾਅ ਅਤੇ ਨਿਮਰਤਾਪੂਰਵਕ ਰਵੱਈਏ ਕਾਰਨ ਤਰੱਕੀ ਦੀਆਂ ਅਥਾਹ ਬੁਲੰਦੀਆਂ ਨੂੰ ਛੋਹਿਆ ਹੈ। ਬੜੀ ਹੀ ਜੱਦੋਜਹਿਦ ਨਾਲ ਸਿੱਖਾਂ ਨੇ ਕੌਮਾਂਤਰੀ ਪੱਧਰ ‘ਤੇ ਆਪਣਾ ਮੌਜੂਦਾ ਮੁਕਾਮ ਹਾਸਲ ਕੀਤਾ ਹੈ; ਪਰ 9/11 ਦੇ ਦਿਲ-ਕੰਬਾਊ ਸਾਕੇ ਤੋਂ ਬਾਅਦ ਸਿੱਖਾਂ ਨੂੰ ਅਨੇਕਾਂ ਹੀ ਨਸਲੀ ਹਿੰਸਾ ਤੋਂ ਪ੍ਰੇਰਿਤ ਹਮਲਿਆਂ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਵਰਗੀਆਂ ਸੰਜੀਦਾ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਸੰਸਾਰਕ ਪੱਧਰ ‘ਤੇ ਆਪਣੀ ਜਾਨਦਾਰ ਭੂਮਿਕਾ ਨਿਭਾਉਣ ਵਾਲੀ ਇਸ ਮਹਾਨ ਵਿਰਾਸਤੀ ਕੌਮ ਨੂੰ ਪਿਛਲੇ ਦਹਾਕੇ ਦੌਰਾਨ ਇਨ੍ਹਾਂ ਸਮੱਸਿਆਵਾਂ ਕਾਰਨ ਭਾਰੀ ਨਮੋਸ਼ੀ ਝੱਲਣੀ ਪਈ ਹੈ। ਮੌਜੂਦਾ ਸਮੇਂ ਸਿੱਖ ਕੌਮ ਦੀ ਵੱਖਰੀ ਪਛਾਣ ਦਾ ਮੁੱਦਾ ਦੁਨੀਆਂ ਭਰ ਦੇ ਸਿੱਖਾਂ ਦੀ ਖਾਸ ਤਵੱਜੋ ਦੀ ਮੰਗ ਕਰਦਾ ਬਹੁਤ ਹੀ ਗੰਭੀਰ ਮੁੱਦਾ ਹੈ, ਪਰ ਅਫ਼ਸੋਸ ਕਿ ਇਹ ਮੁੱਦਾ ਉਨੀ ਸੰਜੀਦਗੀ ਨਾਲ ਨਹੀਂ ਵਿਚਾਰਿਆ ਜਾ ਰਿਹਾ, ਜਿੰਨੀ ਮੌਜੂਦਾ ਹਾਲਾਤ ਵਿਚ ਇਸ ਦੀ ਅਹਿਮੀਅਤ ਅਤੇ ਲੋੜ ਹੈ।
ਆਏ ਦਿਨ ਅਸੀਂ ਅਖ਼ਬਾਰਾਂ, ਚੈਨਲਾਂ ਜਾਂ ਸੋਸ਼ਲ ਮੀਡੀਆ ਅੰਦਰ ਇਹ ਖ਼ਬਰਾਂ ਪੜ੍ਹਦੇ-ਵੇਖਦੇ ਹਾਂ ਕਿ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਾਂ ਫਿਰ ਵੱਖ-ਵੱਖ ਕੌਮਾਂਤਰੀ ਹਵਾਈ ਅੱਡਿਆਂ ‘ਤੇ ਸੁਰੱਖਿਆ ਨਿਯਮਾਂ ਦੇ ਨਾਂ ‘ਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰ ਕੇ ਉਨ੍ਹਾਂ ਦੇ ਮਜ਼੍ਹਬੀ ਜਜ਼ਬਾਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਵੱਖ-ਵੱਖ ਦੇਸ਼ਾਂ ਦੀਆਂ ਅਦਾਲਤਾਂ ਅੰਦਰ ਇਸ ਸਬੰਧ ਵਿਚ ਅਨੇਕਾਂ ਮਾਮਲੇ ਵਿਚਾਰ ਅਧੀਨ ਹਨ।
ਅਮਰੀਕਾ ‘ਚ ਵਾਪਰੇ 9/11 ਦੇ ਜਹਾਜ਼ੀ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਤਾਲਿਬਾਨ ਸਮਰਥਕ ਇਸਲਾਮੀ ਕੱਟੜਪੰਥੀ ਸਮਝ ਕੇ ਉਨ੍ਹਾਂ ਉਪਰ ਹਿੰਸਕ ਹਮਲੇ ਕੀਤੇ ਗਏ। ਫਰਾਂਸ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿਚ ਫੌਜ ਜਾਂ ਪੁਲਿਸ ਵਿਚ ਭਰਤੀ ਹੋਣ ਵਾਲੇ ਸਿੱਖ ਨੌਜਵਾਨਾਂ ਨੂੰ ਕਈ ਵਾਰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ ਤਿਆਗ ਕਰਨ ਲਈ ਮਜਬੂਰ ਕੀਤਾ ਗਿਆ। ਅਸਲ ਵਿਚ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਪਿਛੇ ਕਾਰਨ ਇਹੋ ਹੈ ਕਿ ਸੰਸਾਰ ਦੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਜਾਂ ਆਮ ਨਾਗਰਿਕ ਸਿੱਖ ਕੌਮ ਦੇ ਮਹਾਨ ਇਤਿਹਾਸ, ਵਿਰਾਸਤ, ਅਸੂਲਾਂ, ਮਰਿਆਦਾ, ਇਖ਼ਲਾਕ ਅਤੇ ਅਕੀਦਿਆਂ ਤੋਂ ਵਾਕਿਫ਼ ਨਹੀਂ ਹਨ। ਸੰਸਾਰ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਸਿੱਖਾਂ ਅਤੇ ਤਾਲਿਬਾਨ ਸਮਰਥਕ ਇਸਲਾਮੀ ਕੱਟੜਪੰਥੀਆਂ ਵਿਚਕਾਰਲਾ ਫ਼ਰਕ ਵੀ ਮਾਲੂਮ ਨਹੀਂ ਹੈ। ਦੁਨੀਆਂ ਭਰ ਦੇ ਸਿੱਖਾਂ ਨੂੰ ਦਰਪੇਸ਼ ਅਜਿਹੀਆਂ ਚੁਣੌਤੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਿੱਖ ਪਛਾਣ ਦੇ ਮੁੱਦੇ ਸਬੰਧੀ ਸਾਡੇ ਸਮੂਹਿਕ ਯਤਨਾਂ ਵਿਚ ਕਮੀ ਹੈ। ਸਮੱਸਿਆ ਸਾਡੀ ਹੈ ਤਾਂ ਇਸ ਦੇ ਹੱਲ ਵੀ ਸਾਨੂੰ ਹੀ ਲੱਭਣੇ ਪੈਣਗੇ। ਹੁਣ ਸਮਾਂ ਆ ਗਿਆ ਹੈ ਕਿ ਸਮੁੱਚੇ ਵਿਸ਼ਵ ਨੂੰ ਸਿੱਖ ਅਕੀਦਿਆਂ, ਅਸੂਲਾਂ ਅਤੇ ਰਹਿਤ ਤੋਂ ਜਾਣੂੰ ਕਰਵਾਇਆ ਜਾਵੇ।
ਸਿੱਖ ਪੰਥ ਆਚਰਨ ਦੀ ਉਚਤਾ, ਕਿਰਤ ਦੀ ਸ੍ਰੇਸ਼ਠਤਾ, ਸਮਾਜਕ ਸਮਾਨਤਾ, ਆਤਮ-ਸੰਜਮ, ਮਜ਼੍ਹਬੀ ਸਦਭਾਵਨਾ, ਜਮਹੂਰੀਅਤ ਦੇ ਜਜ਼ਬੇ ਅਤੇ ਤੌਹੀਦ ਦੀ ਅਕੀਦਤ ਉਪਰ ਉਸਰਿਆ ਰੂਹਾਨੀਅਤ ਭਰਪੂਰ ਮਜ਼੍ਹਬ ਹੈ। ਕਿਰਪਾਨ ਅਤੇ ਦਸਤਾਰ ਇਸ ਦੇ ਲਾਜ਼ਮੀ ਧਾਰਮਿਕ ਚਿੰਨ੍ਹ ਹਨ। ਇਹ ਇਕ ਅੰਮ੍ਰਿਤਧਾਰੀ ਸਿੱਖ ਵਾਸਤੇ ਉਨੇ ਹੀ ਜ਼ਰੂਰੀ ਹਨ, ਜਿੰਨੇ ਉਸ ਦੇ ਆਪਣੇ ਸਰੀਰਕ ਅੰਗ। ਕਿਰਪਾਨ ਪ੍ਰਤੀਕ ਹੈ- ਗਰੀਬਪ੍ਰਸਤੀ ਅਤੇ ਇਨਸਾਫ-ਪਸੰਦੀ ਦੀ। ਇਹ ਇਸ ਜਜ਼ਬਾਤ ਦੀ ਤਰਜਮਾਨੀ ਕਰਦੀ ਹੈ ਕਿ ਇਕ ਸਿੱਖ ਆਪਣੀ ਪਨਾਹ ਵਿਚ ਆਏ ਕਿਸੇ ਮਜ਼ਲੂਮ ਜਾਂ ਬੇਵੱਸ ਇਨਸਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਆਖ਼ਰੀ ਸਾਹ ਤੱਕ ਲੜ ਸਕਦਾ ਹੈ। ਕਿਰਪਾਨ ਗਨੀਮਾਂ ਨੂੰ ਵੰਗਾਰ ਹੈ ਅਤੇ ਬੇਕਸਾਂ ਦੀ ਰੱਖਿਅਕ ਹੈ। ਇਹ ਇਨਸਾਨੀਅਤ ਦੀ ਰੱਖਿਆ ਦਾ ਉਹ ਚਿੰਨ੍ਹ ਹੈ ਜੋ ਦਸਮੇਸ਼ ਪਿਤਾ ਨੇ ਬੜੀ ਹੀ ਸੂਝ-ਬੂਝ ਤੋਂ ਵਿਚਾਰਦਿਆਂ ਆਪਣੇ ਪੈਰੋਕਾਰਾਂ ਨੂੰ ਬਖ਼ਸ਼ਿਸ਼ ਕੀਤਾ। ਦਸਤਾਰ ਤਰਜਮਾਨੀ ਕਰਦੀ ਹੈ-ਸਮੁੱਚੀ ਸਿੱਖ ਕੌਮ ਦੀ ਇਖ਼ਲਾਕੀ ਬੁਲੰਦੀ ਦੀ, ਦਾਨਿਸ਼ਮੰਦੀ, ਫ਼ਕੀਰੀ ਅੰਦਰ ਰਜ਼ਾ ਦੇ ਜਜ਼ਬਾਤ, ਆਤਮ-ਸਨਮਾਨ, ਰੂਹਾਨੀ ਅਮੀਰੀ ਅਤੇ ਸਭ ਤੋਂ ਵਧੇਰੇ ਚੜ੍ਹਦੀ ਕਲਾ ਦੀ। ਆਪਣੇ ਇਨ੍ਹਾਂ ਅਹਿਮ ਧਾਰਮਿਕ ਚਿੰਨ੍ਹਾਂ ਬਗੈਰ ਸੱਚਾ ਗੁਰਸਿੱਖ ਅੰਗਹੀਣ ਹੈ। ਇਹ ਉਸ ਦੀ ਮਜ਼੍ਹਬੀ ਪਛਾਣ ਅਤੇ ਆਤਮ-ਵਿਸ਼ਵਾਸ ਦਾ ਜ਼ਰੀਆ ਹਨ।
ਸਮੇਂ ਦੀ ਮੰਗ ਮੁਤਾਬਿਕ ਸਿੱਖਾਂ ਨੂੰ ਸਭ ਤੋਂ ਅਹਿਮ ਲੋੜ ਇਸ ਗੱਲ ਦੀ ਹੈ ਕਿ ਉਹ ਆਪਣੀ ਪਛਾਣ ਨੂੰ ਅਖ਼ੌਤੀ ਇਸਲਾਮੀ ਕੱਟੜਪੰਥੀ ਜਾਂ ਤਾਲਿਬਾਨ ਸਮਰਥਕ ਲੋਕਾਂ ਦੀ ਪਛਾਣ ਤੋਂ ਵੱਖਰਾ ਸਥਾਪਿਤ ਕਰਨ ਅਤੇ ਇਸ ਫ਼ਰਕ ਨੂੰ ਸੰਸਾਰ-ਵਿਆਪੀ ਪੱਧਰ ‘ਤੇ ਪੁਖਤਾ ਕਰਨ; ਕਿਉਂਕਿ 9/11 ਤੋਂ ਬਾਅਦ ਅਮਰੀਕਾ ਅੰਦਰ ਜੋ ਵੀ ਨਸਲੀ ਹਿੰਸਾ ਦੀਆਂ ਸਿੱਖ-ਵਿਰੋਧੀ ਘਟਨਾਵਾਂ ਵਾਪਰੀਆਂ, ਉਨ੍ਹਾਂ ਪਿੱਛੇ ਮੁੱਖ ਕਾਰਨ ਇਹੋ ਹੈ ਕਿ ਸ਼ਿਕਾਰ ਹੋਏ ਸਿੱਖਾਂ ਨੂੰ ਗੋਰਿਆਂ ਦੁਆਰਾ ਤਾਲਿਬਾਨ-ਪੱਖੀ ਮੁਸਲਮਾਨ ਸਮਝ ਲਿਆ ਗਿਆ ਸੀ। ਇਹ ਸਾਰਾ ਭੁਲੇਖਾ ਅੰਮ੍ਰਿਤਧਾਰੀ ਸਿੱਖਾਂ ਅਤੇ ਤਾਲਿਬਾਨ ਸਮਰਥਕਾਂ ਦੇ ਪਹਿਰਾਵੇ ਦੇ ਥੋੜ੍ਹਾ-ਬਹੁਤ ਮੇਲ ਖਾਣ ਕਰ ਕੇ ਪੈਦਾ ਹੋਇਆ ਸੀ। ਅਸਲ ਵਿਚ ਸਿੱਖ ਵਿਰਸੇ ਤੋਂ ਅਨਜਾਣ ਕੋਈ ਵੀ ਸ਼ਖ਼ਸ ਕਿਸੇ ਗੁਰਸਿੱਖ ਨੂੰ ਉਸ ਦੇ ਪਹਿਰਾਵੇ ਤੋਂ ਤਾਲਿਬਾਨ-ਪੱਖੀ ਸਮਝ ਬੈਠਦਾ ਹੈ। ਚਿਹਰੇ ਦੀ ਬਨਾਵਟ, ਦਸਤਾਰ, ਲੰਮੀ ਦਾੜ੍ਹੀ, ਭਾਰੀ ਮੁੱਛਾਂ ਅਤੇ ਪਹਿਰਾਵੇ ਤੋਂ ਦੋਵਾਂ ਵਿਚਕਾਰਲਾ ਬੁਨਿਆਦੀ ਜਾਂ ਮਜ਼੍ਹਬੀ ਭੇਦ ਕਰਨਾ ਇਕ ਸਾਧਾਰਨ ਵਿਦੇਸ਼ੀ ਲਈ ਕਾਫੀ ਕਠਿਨ ਹੈ। ਇਸ ਪਾਸੇ ਬਣਦੇ ਯੋਗ ਉਪਰਾਲੇ ਕਰਨ ਦੀ ਬਹੁਤ ਲੋੜ ਹੈ। ਕੌਮਾਂਤਰੀ ਪੱਧਰ ‘ਤੇ ਹਰ ਮੁਲਕ ਅਤੇ ਭਿੰਨ-ਭਿੰਨ ਮਜ਼੍ਹਬਾਂ ਦੇ ਲੋਕਾਂ ਤੱਕ ਇਹ ਸੰਦੇਸ਼ ਪਹੁੰਚਦਾ ਕਰਨਾ ਲਾਜ਼ਮੀ ਹੈ ਕਿ ਸਿੱਖ ਦੇ ਚਿਹਰੇ ਦੀ ਬਨਾਵਟ ਇਕ ਤਾਲਿਬਾਨ ਸਮਰਥਕ ਜਾਂ ਕੱਟੜਪੰਥੀ ਮੁਸਲਮਾਨ ਤੋਂ ਕਿਵੇਂ ਭਿੰਨ ਹੈ? ਇਕ ਗੁਰਸਿੱਖ ਦੇ ਕਿਰਪਾਨ ਅਤੇ ਕੜਾ ਪਹਿਨਿਆ ਹੁੰਦਾ ਹੈ, ਜਦੋਂ ਕਿ ਮੁਸਲਮਾਨ ਅਜਿਹਾ ਨਹੀਂ ਕਰਦਾ।
ਦੋਵਾਂ ਧਰਮਾਂ ਦੇ ਲੋਕਾਂ ਦੇ ਚਿਹਰੇ ਦੀ ਬਨਾਵਟ ਸਬੰਧੀ ਵਖਰੇਵਾਂ ਸਥਾਪਿਤ ਕਰਦੇ ਪੋਸਟਰ, ਫੋਟੋਆਂ, ਵੀਡੀਓ ਕਲਿੱਪ ਵਗੈਰਾ ਨੂੰ ਸੋਸ਼ਲ ਮੀਡੀਆ ਅਤੇ ਇੰਟਰਨੈਟ ਰਾਹੀਂ ਵਿਸ਼ਵ ਦੇ ਹਰ ਕੋਨੇ ਤੱਕ ਅੱਪੜਦਾ ਕਰ ਦਿੱਤਾ ਜਾਣਾ ਚਾਹੀਦਾ ਹੈ। ਵਿਸ਼ਵ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ, ਭਾਰਤ ਵਿਚ ਮੌਜੂਦ ਵੱਖ-ਵੱਖ ਸਫ਼ਾਰਤਖ਼ਾਨਿਆਂ, ਵਿਦੇਸ਼ੀ ਪੁਲਿਸ, ਕੌਮਾਂਤਰੀ ਸਮਾਜ-ਸੇਵੀ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਵਰਗੇ ਉਚ ਅਦਾਰੇ ਦੀ ਸਹਾਇਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਸਿੱਖਾਂ ਨੂੰ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਆਪਣੀ ਦਸਤਾਰ ਦੀ ਬਨਾਵਟ ਇਸਲਾਮੀ ਦਸਤਾਰ (ਅਰਬੀ ਦਸਤਾਰ) ਨਾਲੋਂ ਬਿਲਕੁਲ ਵੱਖਰੇ ਪ੍ਰਕਾਰ ਦੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਗੋਲ ਦਸਤਾਰ ਦੀ ਬਜਾਏ ਪਟਿਆਲਾਸ਼ਾਹੀ ਜਾਂ ਮਲਵਈ ਪੱਗ ਸਜਾਉਣ ਦੀ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹਰ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਦੇ ਬਦਲ ਵਜੋਂ ਛੋਟੀ ਕਟਾਰ (ਸਿਰੀ ਸਾਹਿਬ) ਜਾਂ ਇਸ ਦਾ ਕੋਈ ਹੋਰ ਮਾਨਤਾ ਪ੍ਰਾਪਤ ਲਘੂ ਰੂਪ ਸਦਾ ਆਪਣੇ ਕੋਲ ਰੱਖਣਾ ਚਾਹੀਦਾ ਹੈ, ਤਾਂ ਕਿ ਹਵਾਈ ਯਾਤਰਾ ਆਦਿ ਕਰਦੇ ਸਮੇਂ ਕੌਮਾਂਤਰੀ ਸੁਰੱਖਿਆ ਨਿਯਮਾਂ ਦੀ ਪਾਲਣਾ ਵੀ ਹੁੰਦੀ ਰਹੇ ਅਤੇ ਧਾਰਮਿਕ ਮਰਿਆਦਾ ਵੀ ਬਹਾਲ ਰਹੇ। ਅਜਿਹੀ ਸੂਝ-ਬੂਝ ਨਾਲ ਕਿਸੇ ਵੀ ਪ੍ਰਕਾਰ ਦੀ ਅਢੁੱਕਵੀਂ ਜਾਂ ਅਣਸੁਖ਼ਾਵੀਂ ਸਥਿਤੀ ਨੂੰ ਟਾਲਿਆ ਜਾ ਸਕਦਾ ਹੈ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਤੋਂ ਬਚਿਆ ਜਾ ਸਕਦਾ ਹੈ।
ਭਾਰਤ ਅੰਦਰ ਵਸਦੇ ਗੁਰਸਿੱਖਾਂ ਨੂੰ ਵੀ ਰੋਜ਼ਮੱਰ੍ਹਾ ਦੇ ਆਮ ਜਿਹੇ ਹਾਲਾਤ ਦੌਰਾਨ ਲੜਾਈ-ਝਗੜੇ ਤੋਂ ਮੁਕੰਮਲ ਪ੍ਰਹੇਜ਼ਗਾਰੀ ਵਰਤਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਦੋਵਾਂ ਧਿਰਾਂ ਵਿਚਲੀ ਸਹਿਣਸ਼ੀਲਤਾ ਦੀ ਕਮੀ ਸੰਜੀਦਾ ਮਜ਼੍ਹਬੀ ਮਸਲਿਆਂ ਨੂੰ ਜਨਮ ਦਿੰਦੀ ਹੈ ਅਤੇ ਸਮੁੱਚੀ ਕੌਮ ਨੂੰ ਇਸ ਹਾਲਾਤ ਤੋਂ ਉਪਜੀ ਨਮੋਸ਼ੀ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਮਿਸਾਲ ਦੇ ਤੌਰ ‘ਤੇ 6 ਜੂਨ 2014 ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਕੰਪਲੈਕਸ ਵਿਖੇ ਵਾਪਰੀ ਆਪਸੀ-ਝੜਪ ਦੀ ਘਟਨਾ ਨੇ ਸਮੁੱਚੀ ਕੌਮ ਦਾ ਮਨੋਬਲ ਢਹਿ-ਢੇਰੀ ਕੀਤਾ ਹੈ। ਸਿੱਖੀ ਦਾ ਮਾਰਗ ਸਿਰਫ ਦੂਜੇ ਲੋਕਾਂ ਅੰਦਰ ਮੌਜੂਦ ਬੁਰਾਈ ਦਾ ਟਾਕਰਾ ਕਰਨਾ ਹੀ ਨਹੀਂ ਸਿਖਾਉਂਦਾ, ਬਲਕਿ ਆਪਣੇ ਖ਼ੁਦ ਦੇ ਅੰਦਰ ਮੌਜੂਦ ਬੁਰਾਈ ਨਾਲ ਲੜਨ ਵਾਸਤੇ ਵੀ ਪ੍ਰੇਰਦਾ ਹੈ। ਜੇ ਕੋਈ ਭੁੱਲ-ਚੁੱਕ ਹੋ ਜਾਵੇ ਤਾਂ ਇਸ ਨੂੰ ਪੂਰੀ ਉਦਾਰਤਾ ਸਹਿਤ ਕਬੂਲਣਾ ਅਤੇ ਅਕਾਲ-ਪੁਰਖ ਪਾਸੋਂ ਖ਼ਿਮਾਯਾਚਨਾ ਕਰਨਾ ਵੀ ਕਾਬਲੇ-ਤਾਰੀਫ਼ ਹੈ ਜੋ ਸਾਨੂੰ ਜ਼ਹਿਨੀ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ।
ਸੰਸਾਰ ਭਰ ਦੇ ਸਿੱਖਾਂ ਨੂੰ ਹਿੰਸਕ ਹਮਲਿਆਂ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਕਾਰ ਦੀਆਂ ਨੀਤੀਆਂ ਘੜਨ ਦੀ ਲੋੜ ਹੈ। ਇਸ ਦਿਸ਼ਾ ਵੱਲ ਬਣਦੇ ਕਦਮ ਉਠਾਉਣ ਲਈ ਸੰਸਾਰ-ਰਾਜਨੀਤੀ ਅੰਦਰ ਸਰਗਰਮ ਸਿਆਸਤਦਾਨਾਂ ਨੂੰ ਪਹਿਲ ਦੇ ਆਧਾਰ ‘ਤੇ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਲਈ ਸ਼ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਭਾਈਵਾਲ ਪਾਰਟੀ (ਬੀæਜੇæਪੀæ) ਦੇ ਪ੍ਰਧਾਨ ਮੰਤਰੀ ਕੋਲ ਇਹ ਸੰਜੀਦਾ ਮੁੱਦੇ ਪੂਰੇ ਜ਼ੋਰ-ਸ਼ੋਰ ਨਾਲ ਉਠਾਉਣੇ ਚਾਹੀਦੇ ਹਨ ਤਾਂ ਕਿ ਭਾਰਤ ਸਰਕਾਰ ਕੂਟਨੀਤਕ ਪੱਧਰ ‘ਤੇ ਕੌਮਾਂਤਰੀ ਭਾਈਚਾਰੇ ਨਾਲ ਸੰਪਰਕ ਸਥਾਪਿਤ ਕਰ ਕੇ ਇਨ੍ਹਾਂ ਮਸਲਿਆਂ ਦੇ ਯੋਗ ਹੱਲ ਲਈ ਦਬਾਓ ਬਣਾ ਸਕੇ।
ਸਮੂਹ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹਰ ਸੰਭਵ ਹੱਲ ਲੱਭਣ ਲਈ ਆਪਣੀ ਨੌਜਵਾਨ ਪੀੜ੍ਹੀ ਦੇ ਬੌਧਿਕ ਪੱਧਰ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣੇ ਪੈਣਗੇ, ਤਾਂ ਕਿ ਉਨ੍ਹਾਂ ਨੂੰ ਕੌਮਾਂਤਰੀ ਪੱਧਰ ‘ਤੇ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਪ੍ਰਤੀ ਜਾਗਰੂਕ ਬਣਾ ਕੇ ਮਾਨਸਿਕ ਤੌਰ ‘ਤੇ ਸੰਘਰਸ਼ਸ਼ੀਲ ਰਹਿਣ ਲਈ ਪ੍ਰੇਰਿਆ ਜਾ ਸਕੇ। ਸਾਡੇ ਨੌਜਵਾਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿੱਖੀ ਚਿੰਨ੍ਹ ਸਾਡੀ ਮਜ਼੍ਹਬੀ ਪਛਾਣ ਦਾ ਅਭਿੰਨ ਅੰਗ ਹਨ। ਇਨ੍ਹਾਂ ਦੀ ਦਿਖਾਵੇਬਾਜ਼ੀ ਵਾਲੀ ਜਾਂ ਬੇਤੁਕੀ ਵਰਤੋਂ ਤੋਂ ਪ੍ਰਹੇਜ਼ ਰੱਖਣਾ ਹੀ ਸਾਡੇ ਵਿਰਸੇ ਦਾ ਸਨਮਾਨ ਬਰਕਰਾਰ ਰੱਖ ਸਕਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਧਾਰਮਿਕ ਚਿੰਨ੍ਹ ਨਾਲ ਕਿਸੇ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਵਿਰੁਧ ਠੋਸ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਉਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਵਿਸ਼ੇਸ਼ ਤਨਖ਼ਾਹ-ਸੇਵਾ ਲਗਾਈ ਜਾਵੇ।
Leave a Reply