-ਜਤਿੰਦਰ ਪਨੂੰ
ਪ੍ਰਿਅੰਕਾ ਗਾਂਧੀ ਰਾਜਨੀਤੀ ਵਿਚ ਆਵੇਗੀ ਜਾਂ ਨਹੀਂ, ਇਸ ਬਾਰੇ ਵਾਧੂ ਦੀ ਬਹਿਸ ਚੱਲ ਰਹੀ ਹੈ, ਕਿਉਂਕਿ ਨਾ ਉਹ ਖੁਦ ਏਦਾਂ ਦਾ ਸੰਕੇਤ ਦਿੰਦੀ ਹੈ ਤੇ ਨਾ ਪਰਿਵਾਰ ਜਾਂ ਪਾਰਟੀ ਨੇ ਦਿੱਤਾ ਹੈ। ਜਗਮੀਤ ਸਿੰਘ ਬਰਾੜ ਨੇ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਦੇ ਹੇਠਲੇ ਵਰਕਰਾਂ ਨਾਲ ਕੁੱਤਿਆਂ ਵਰਗਾ ਵਿਹਾਰ ਕੀਤਾ ਜਾਂਦਾ ਹੈ। ਜਿਨ੍ਹਾਂ ਵਰਕਰਾਂ ਨਾਲ ਇਹ ਵਿਹਾਰ ਹੁੰਦਾ ਹੈ, ਜਿੰਨੀ ਦੇਰ ਉਨ੍ਹਾਂ ਨੂੰ ਇਹ ਵਿਹਾਰ ਪ੍ਰਵਾਨ ਹੈ, ਕਿਸੇ ਹੋਰ ਨੂੰ ਦਖਲ ਦੇਣ ਦੀ ਲੋੜ ਨਹੀਂ। ਸਾਲਾਂ-ਬੱਧੀ ਇਕੱਠੇ ਰਹੇ ਪੰਜਾਬ ਤੇ ਹਰਿਆਣੇ ਦੇ ਅਕਾਲੀਆਂ ਦੀ ਗੋਲਕ-ਜੰਗ ਗੁਰਦੁਆਰਿਆਂ ਵਿਚੋਂ ਨਿਕਲ ਕੇ ਸਭ ਤੋਂ ਵੱਡੀ ਅਦਾਲਤ ਤੱਕ ਪਹੁੰਚਣ ਨਾਲ ਬਾਦਲ ਅਕਾਲੀ ਦਲ ਨੂੰ ਪਹਿਲੀ ਹਾਰ ਹੋ ਗਈ ਹੈ। ਉਸ ਨੂੰ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਆ ਗਏ ਕੁਝ ਗੁਰਦੁਆਰਿਆਂ ਤੋਂ ਆਪਣੇ ਬੰਦੇ ਵਾਪਸ ਸੱਦਣੇ ਪੈ ਗਏ ਹਨ। ਅਗਲੀ ਹਾਰ ਉਨ੍ਹਾਂ ਦੀ ਅਦਾਲਤ ਵਿਚ ਹੋ ਸਕਦੀ ਹੈ, ਕਿਉਂਕਿ ਕਾਨੂੰਨੀ ਨੁਕਤੇ ਬਾਦਲ ਦਲ ਦਾ ਪੱਖ ਨਹੀਂ ਪੂਰ ਰਹੇ। ਅਗਲੇ ਦਿਨੀਂ ਬਾਦਲ ਅਕਾਲੀ ਦਲ ਦੇ ਆਗੂ ਇੱਕੋ ਪਾਰਟੀ ਦੇ ਦੋ ਸੰਵਿਧਾਨ ਰੱਖਣ ਦੇ ਕੇਸ ਵਿਚ ਵੀ ਰੁੱਝ ਸਕਦੇ ਹਨ। ਇਹ ਸਾਰੇ ਮਾਮਲੇ ਉਹ ਹਨ, ਜਿਹੜੇ ਇਸ ਹਫਤੇ ਦੀ ਭਖਵੀਂ ਬਹਿਸ ਦਾ ਸਭ ਤੋਂ ਵੱਡਾ ਮੁੱਦਾ ਨਹੀਂ ਕਹੇ ਜਾ ਸਕਦੇ।
ਜਿਹੜਾ ਮੁੱਦਾ ਬਾਕੀ ਸਾਰਿਆਂ ਨੂੰ ਪਾਸੇ ਕਰ ਕੇ ਵੱਡੇ ਮਹੱਤਵ ਦਾ ਬਣ ਗਿਆ, ਉਹ ਗਵਰਨਰ ਦੇ ਅਹੁਦੇ ਤੋਂ ਹਟਾ ਦਿੱਤੀ ਗਈ ਬੀਬੀ ਕਮਲਾ ਬੇਨੀਵਾਲ ਦਾ ਹੈ। ਉਸ ਦੇ ਬਰਖਾਸਤ ਕੀਤੇ ਜਾਣ ਨੂੰ ਉਹ ਲੋਕ ਵੀ ਗਲਤ ਆਖਦੇ ਹਨ, ਜਿਹੜੇ ਉਂਜ ਇਹ ਕਹਿੰਦੇ ਹਨ ਕਿ ਬਿਨਾਂ ਕਿਸੇ ਕੰਮ ਤੋਂ ਫੋਕੇ ਟੌਹਰ ਜਾਂ ਕੇਂਦਰ ਵੱਲੋਂ ਦਖਲ-ਅੰਦਾਜ਼ੀ ਦਾ ਸੰਦ ਬਣਨ ਵਾਲੇ ਗਵਰਨਰ ਚਿੱਟੇ ਹਾਥੀ ਹੁੰਦੇ ਹਨ, ਇਹ ਅਹੁਦਾ ਖਤਮ ਕਰ ਦੇਣਾ ਚਾਹੀਦਾ ਹੈ। ਅਸੂਲੀ ਪੱਖੋਂ ਉਨ੍ਹਾਂ ਦੀ ਇਹ ਧਾਰਨਾ ਠੀਕ ਹੈ, ਪਰ ਜਿੰਨਾ ਚਿਰ ਇਹ ਅਹੁਦਾ ਕਾਇਮ ਹੈ, ਓਨੀ ਦੇਰ ਇਸ ਨਾਲ ਜੁੜੇ ਲੋਕਾਂ ਦੇ ਨਿਯੁਕਤ ਜਾਂ ਬਰਖਾਸਤ ਕੀਤੇ ਜਾਣ ਦਾ ਵਿਵਾਦ ਟਾਲਿਆ ਨਹੀਂ ਜਾ ਸਕਦਾ। ਇਸ ਮਾਮਲੇ ਵਿਚ ਕੁਝ ਦਲੀਲਾਂ ਨੇਮ-ਕਾਨੂੰਨ ਦੇ ਆਧਾਰ ਉਤੇ ਦਿੱਤੀਆਂ ਜਾਂਦੀਆਂ ਹਨ, ਕੁਝ ਰਵਾਇਤ ਦੇ ਆਧਾਰ ਉਤੇ, ਪਰ ਬਹੁਤੀਆਂ ਦਲੀਲਾਂ ਇਸ ਨਿਯੁਕਤੀ ਵਿਚ ਆਪਣੇ ਜਾਂ ਪਰਾਏ ਰਾਜਨੀਤਕ ਪੱਖ ਦੇ ਆਧਾਰ ਉਤੇ ਦੇਣ ਦਾ ਰਿਵਾਜ ਪੈ ਗਿਆ ਹੈ।
ਕਮਲਾ ਬੇਨੀਵਾਲ ਇੱਕ ਵਿਅਕਤੀ ਹੁੰਦੀ ਹੋਈ ਇੱਕ ਵਰਤਾਰੇ ਦਾ ਹਿੱਸਾ ਵੀ ਹੈ, ਜਿਸ ਦਾ ਲਾਭ ਉਸ ਵਰਗੇ ਕਈ ਲੋਕਾਂ ਨੇ ਲਿਆ ਤੇ ਜਾਣ ਲੱਗੇ ਅਹੁਦੇ ਬਾਰੇ ਵੀ ਤੇ ਆਪਣੇ ਨਿੱਜ ਬਾਰੇ ਵੀ ਏਡਾ ਖਿਲਾਰਾ ਛੱਡ ਕੇ ਗਏ ਕਿ ਉਸ ਦੀ ਚਰਚਾ ਸਾਲਾਂ-ਬੱਧੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਇੱਕ ਬੀਬੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਸ਼ੇਖਾਵਤ ਨੂੰ ਜਦੋਂ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਬਣਾਇਆ ਗਿਆ ਤਾਂ ਉਸ ਬੀਬੀ ਬਾਰੇ ਵੀ ਏਨਾ ਕੁਝ ਬਾਹਰ ਆ ਗਿਆ ਸੀ ਕਿ ਉਸ ਨੂੰ ਉਮੀਦਵਾਰ ਬਣਾਉਣ ਵਾਲੇ ਪਛਤਾ ਹੀ ਸਕਦੇ ਸਨ, ਚੋਣ ਤੋਂ ਹਟਾਉਣ ਦਾ ਵਕਤ ਲੰਘ ਚੁੱਕਾ ਸੀ। ਕਈ ਦੋਸ਼ਾਂ ਵਿਚ ਘਿਰੀ ਹੋਈ ਉਹ ਬੀਬੀ ਜਦੋਂ ਰਿਟਾਇਰ ਹੋ ਕੇ ਗਈ ਤਾਂ ਜਾਣ ਲੱਗੀ ਵੀ ਵਿਵਾਦਾਂ ਦੀ ਨਵੀਂ ਪੰਡ ਬੰਨ੍ਹ ਗਈ ਸੀ। ਬੀਬੀ ਕਮਲਾ ਬੇਨੀਵਾਲ ਦਾ ਰਾਜਸੀ ਜੀਵਨ ਵੀ ਏਦਾਂ ਦਾ ਹੀ ਹੈ। ਇਸ ਨੂੰ ਅਹੁਦਾ ਛੱਡਣ ਵਾਸਤੇ ਮਾਨਸਿਕ ਤੌਰ ਉਤੇ ਤਿਆਰ ਨਾ ਹੋਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ।
ਬੀਬੀ ਕਮਲਾ ਬੇਨੀਵਾਲ ਨੂੰ ਗੁਜਰਾਤ ਦੀ ਗਵਰਨਰ ਡਾæ ਮਨਮੋਹਨ ਸਿੰਘ ਦੀ ਸਰਕਾਰ ਨੇ ਲਾਇਆ ਸੀ ਤੇ ਜਿੰਨਾ ਚਿਰ ਉਸ ਰਾਜ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਰਾਜ ਰਿਹਾ, ਦੋਵਾਂ ਵਿਚ ਖਿੱਚੋਤਾਣ ਕਦੇ ਘਟੀ ਨਹੀਂ ਸੀ। ਲੱਗਭੱਗ ਹਰ ਮਾਮਲੇ ਵਿਚ ਦੋਵਾਂ ਦੀ ਵੱਖੋ-ਵੱਖ ਰਾਜਨੀਤੀ ਹੁੰਦੀ ਸੀ। ਬਿਨਾਂ ਸ਼ੱਕ ਬਹੁਤੇ ਮਾਮਲਿਆਂ ਵਿਚ ਮੁੱਖ ਮੰਤਰੀ ਮੋਦੀ ਨਿਯਮਾਂ ਨੂੰ ਟਿੱਚ ਜਾਣਦਾ ਹੋਣ ਕਰ ਕੇ ਟਕਰਾਅ ਹੁੰਦਾ ਸੀ, ਜਿਨ੍ਹਾਂ ਵਿਚੋਂ ਲੋਕਪਾਲ ਦਾ ਮਾਮਲਾ ਹਾਈ ਕੋਰਟ ਤੇ ਸੁਪਰੀਮ ਕੋਰਟ ਵੀ ਗਿਆ ਸੀ ਤੇ ਹਰ ਥਾਂ ਨਰਿੰਦਰ ਮੋਦੀ ਦੀ ਹਾਰ ਹੋਈ ਸੀ, ਪਰ ਗੱਲ ਉਦੋਂ ਹੁੰਦੇ ਰਹੇ ਟਕਰਾਅ ਦੀ ਨਹੀਂ, ਬਦਲ ਚੁੱਕੇ ਹਾਲਾਤ ਨੂੰ ਸਮਝਣ ਦੀ ਸੀ। ਬੀਬੀ ਕਮਲਾ ਬੇਨੀਵਾਲ ਇਸ ਨੂੰ ਸਮਝ ਨਹੀਂ ਸਕੀ। ਜੇ ਸਮਝ ਗਈ ਹੁੰਦੀ ਤਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਦੇ ਸਾਰ ਅਸਤੀਫਾ ਦੇ ਜਾਂਦੀ। ਉਸ ਵਕਤ ਜੇ ਸ਼ਸ਼ੋਪੰਜ ਵਿਚੋਂ ਨਹੀਂ ਸੀ ਨਿਕਲ ਸਕੀ ਤਾਂ ਜਦੋਂ ਉਸ ਨੂੰ ਗੁਜਰਾਤ ਵਰਗੇ ਛੱਬੀ ਪਾਰਲੀਮੈਂਟ ਸੀਟਾਂ ਵਾਲੇ ਰਾਜ ਦੀ ਥਾਂ ਸਿਰਫ ਇੱਕ ਸੀਟ ਵਾਲੇ ਛੋਟੇ ਜਿਹੇ ਰਾਜ ਮੀਜ਼ੋਰਮ ਦੀ ਗਵਰਨਰ ਬਣਾਇਆ ਗਿਆ ਸੀ, ਉਦੋਂ ਸਮਝ ਜਾਂਦੀ ਕਿ ਕੇਂਦਰ ਦੀ ਨਵੀਂ ਸਰਕਾਰ ਉਸ ਦੀ ਬੇਇੱਜ਼ਤੀ ਕਰਨ ਦਾ ਮਨ ਬਣਾ ਚੁੱਕੀ ਹੈ ਤੇ ਹੁਣ ਤੁਰ ਜਾਣਾ ਚਾਹੀਦਾ ਹੈ। ਬੀਬੀ ਫਿਰ ਵੀ ਅਹੁਦੇ ਦਾ ਮੋਹ ਨਹੀਂ ਛੱਡ ਸਕੀ, ਹਾਲਾਂਕਿ ਇਸ ਗਵਰਨਰੀ ਤੋਂ ਉਂਜ ਵੀ ਮਸਾਂ ਚਾਰ ਹੋਰ ਮਹੀਨਿਆਂ ਤੱਕ ਮਿਆਦ ਮੁੱਕਣ ਕਾਰਨ ਉਸ ਨੂੰ ਵਿਹਲੇ ਹੋਣਾ ਪੈਣਾ ਸੀ। ਏਨਾ ਹੌਸਲਾ ਕਰਦੀ ਤਾਂ ਹੁਣ ਵਾਂਗ ਬੇਆਬਰੂ ਹੋਣ ਤੋਂ ਬਚ ਜਾਂਦੀ। ਸਰਕਾਰ ਬਦਲਣ ਦੇ ਬਾਅਦ ਦੋ ਗਵਰਨਰਾਂ ਨੇ ਅਸਤੀਫੇ ਦੇ ਦਿੱਤੇ ਸਨ, ਦੋਂਹ ਹੋਰਨਾਂ ਮਗਰ ਜਦੋਂ ਸੀ ਬੀ ਆਈ ਟੀਮਾਂ ਨੂੰ ਬਿਆਨ ਲਿਖਣ ਭੇਜ ਦਿੱਤਾ ਗਿਆ, ਉਹ ਉਦੋਂ ਛੱਡ ਗਏ ਤੇ ਜਿਹੜੇ ਅੜੇ ਰਹੇ ਸਨ, ਉਨ੍ਹਾਂ ਦੀ ਵਾਰੀ ਹੁਣ ਆ ਗਈ। ਇਸ ਬੀਬੀ ਨੇ ਅੱਜ ਤੋਂ ਸੱਠ ਸਾਲ ਪਹਿਲਾਂ ਸਤਾਈ ਸਾਲ ਦੀ ਉਮਰੇ ਰਾਜਸਥਾਨ ਦੀ ਮੰਤਰੀ ਬਣ ਕੇ ਰਾਜ ਮਾਣਨਾ ਸ਼ੁਰੂ ਕੀਤਾ ਤੇ ਸਾਰੀ ਉਮਰ ਮਾਣਦੀ ਰਹੀ, ਹੁਣ ਸਤਾਸੀ ਸਾਲ ਦੀ ਉਮਰੇ ਵੀ ਰਾਜ ਦਾ ਲਾਲਚ ਨਹੀਂ ਛੱਡ ਸਕੀ ਤਾਂ ਜਿਹੜੀ ਪਾਣੀਉਂ ਪਤਲੀ ਹਾਲਤ ਉਸ ਦੀ ਹੋਈ ਹੈ, ਉਸ ਦੇ ਲਈ ਬਹੁਤੀ ਹੱਦ ਤੱਕ ਉਹ ਖੁਦ ਜ਼ਿੰਮੇਵਾਰ ਹੈ।
ਅਸੀਂ ਪਹਿਲਾਂ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਬੀਬੀ ਪ੍ਰਤਿਭਾ ਦੇਵੀ ਦੇ ਆਪਣੇ ਅਤੇ ਪਰਿਵਾਰ ਨਾਲ ਜੁੜੇ ਸਕੈਂਡਲਾਂ ਤੇ ਜੁਰਮਾਂ ਦਾ ਜ਼ਿਕਰ ਉਸ ਦੇ ਰਾਸ਼ਟਰਪਤੀ ਉਮੀਦਵਾਰ ਬਣਨ ਮੌਕੇ ਆਇਆ ਸੀ। ਕਮਲਾ ਬੇਨੀਵਾਲ ਬਾਰੇ ਵੀ ਇਹੋ ਜਿਹੇ ਦੱਬੇ ਹੋਏ ਕਿੱਸੇ ਸਾਹਮਣੇ ਆ ਰਹੇ ਹਨ ਕਿ ਉਸ ਦੇ ਹਮਾਇਤੀ ਵੀ ਸ਼ਾਇਦ ਬਹੁਤਾ ਚਿਰ ਉਸ ਦਾ ਸਾਥ ਨਹੀਂ ਦੇ ਸਕਣਗੇ। ਸਭ ਤੋਂ ਵੱਡਾ ਸਕੈਂਡਲ ਤਾਂ ਜ਼ਮੀਨ ਦਾ ਹੈ। ਇੱਕ ਸੁਸਾਇਟੀ ਦੀ ਜ਼ਮੀਨ ਨੂੰ ਰਾਜਸਥਾਨ ਸਰਕਾਰ ਨੇ ਐਕੁਆਇਰ ਕੀਤਾ ਤੇ ਸੁਸਾਇਟੀ ਦੇ ਮੈਂਬਰਾਂ ਨੂੰ ਵਿਚਾਰੇ ਕਿਰਤ ਕਰਨ ਵਾਲੇ ਲੋਕ ਮੰਨ ਕੇ ਪਲਾਟ ਅਤੇ ਫਲੈਟ ਦੇਣੇ ਮੰਨ ਲਏ, ਪਰ ਸ਼ਰਤ ਇਹ ਲਾ ਦਿੱਤੀ ਕਿ ਉਹ ਸਾਰੇ ਕਿਰਤ ਕਰਨ ਵਾਲੇ ਲੋਕ ਹੀ ਹੋਣ। ਗੁਜਰਾਤ ਦੀ ਗਵਰਨਰ ਲੱਗੀ ਹੋਈ ਕਮਲਾ ਬੇਨੀਵਾਲ ਦਾ ਨਾਂ ਉਨ੍ਹਾਂ ‘ਕਿਰਤੀ’ ਲੋਕਾਂ ਵਿਚ ਦਰਜ ਹੈ, ਜਿਹੜੇ ਰੋਜ਼ ਪਿੰਡ ਵਿਚ ਪੰਦਰਾਂ-ਸੋਲਾਂ ਘੰਟੇ ਕਿਰਤ ਕਰਦੇ ਦੱਸੇ ਗਏ ਹਨ। ਜਦੋਂ ਬੀਬੀ ਬੇਨੀਵਾਲ ਗੁਜਰਾਤ ਵਰਗੇ ਰਾਜ ਦੀ ਗਵਰਨਰ ਵਜੋਂ ਰਾਜ-ਭਵਨ ਵਿਚ ਰਹਿੰਦੀ ਸੀ, ਕਾਗਜ਼ਾਂ ਵਿਚ ਉਹ ਆਪਣੇ ਪਿੰਡ ਵਿਚ ਕਿਰਤ ਕਰਦੀ ਲਿਖੀ ਜਾਂਦੀ ਸੀ, ਜਿਸ ਬਾਰੇ ਉਸ ਦਾ ਖਿਆਲ ਸੀ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ। ਇਹ ਇੱਕੋ ਸਕੈਂਡਲ ਹੁਣ ਉਸ ਦੇ ਗਲੋਂ ਨਹੀਂ ਲੱਥਣਾ।
ਸਬੰਧਤ ਵਿਅਕਤੀਆਂ ਦੇ ਨਿੱਜ ਨੂੰ ਲਾਂਭੇ ਰੱਖਦੇ ਹੋਏ ਅਗਲਾ ਮੁੱਦਾ ਹੈ ਰਾਜਸੀ ਚਾਂਦਮਾਰੀ ਦਾ। ਕਾਂਗਰਸ ਦੀ ਲੀਡਰਸ਼ਿਪ, ਅਤੇ ਕੁਝ ਹੋਰ ਧਿਰਾਂ ਵਾਲੇ ਵੀ, ਇਹ ਕਹਿੰਦੇ ਹਨ ਕਿ ਇਸ ਤਰ੍ਹਾਂ ਗਵਰਨਰਾਂ ਨੂੰ ਬਰਖਾਸਤ ਕਰਨ ਦਾ ਢੰਗ ਇਸ ਸੰਵਿਧਾਨਕ ਅਹੁਦੇ ਦੀ ਸ਼ਾਨ ਨੂੰ ਢਾਹ ਲਾਉਣ ਵਾਲਾ ਕਦਮ ਹੈ। ਕਿਹੜੀ ਸ਼ਾਨ? ਜਿਹੜੇ ਗਵਰਨਰ ਕੇਂਦਰ ਦੀ ਸਰਕਾਰ ਦੇ ਕੁਹਾੜੇ ਦਾ ਕੰਮ ਕਰਨ ਵਾਸਤੇ ਰੱਖੇ ਹੋਏ ਹਨ ਤੇ ਇਸ ਅਹੁਦੇ ਉਤੇ ਹੁੰਦੇ ਹੋਏ ਸਿਰਫ ਐਸ਼ ਕਰਦੇ ਹਨ, ਸ਼ਾਨ ਰੱਖਣ ਦੀ ਥਾਂ ਉਨ੍ਹਾਂ ਤੋਂ ਨਵੇਂ ਹਾਕਮਾਂ ਨਾਲ ਵੀ ਉਵੇਂ ਹੀ ਨਿਭਣ ਨੂੰ ਤਿਆਰ ਹੋਣ ਦੀ ਆਸ ਰੱਖੀ ਜਾਂਦੀ ਹੈ, ਜਿਵੇਂ ਉਹ ਪਹਿਲਿਆਂ ਦੀ ਖਿਦਮਤ ਕਰਦੇ ਰਹੇ ਸਨ। ਹਰ ਸਰਕਾਰ ਉਨ੍ਹਾਂ ਤੋਂ ਇਹੋ ਚਾਹੁੰਦੀ ਹੈ। ਜਿਹੜਾ ਆਪਣੇ ਆਪ ਨੂੰ ਬਦਲੀ ਹੋਈ ਭੂਮਿਕਾ ਲਈ ਤਿਆਰ ਨਹੀਂ ਕਰ ਸਕਦਾ, ਉਸ ਨੂੰ ਬਿਸਤਰਾ ਚੁੱਕ ਕੇ ਤੁਰ ਜਾਣ ਨੂੰ ਕਹਿਣਾ ਵੀ ਆਮ ਗੱਲ ਹੈ। ਦਸ ਸਾਲ ਪਹਿਲਾਂ ਡਾæ ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਇਹੋ ਕੀਤਾ ਸੀ। ਉਦੋਂ ਭਾਜਪਾ ਦੇ ਲੀਡਰ ਬੜੇ ਤੜਫੇ ਸਨ ਤੇ ਸੁਪਰੀਮ ਕੋਰਟ ਵੀ ਗਏ ਸਨ, ਜਿੱਥੋਂ ਇਸ ਸਬੰਧ ਵਿਚ ਕੁਝ ਸੇਧਾਂ ਦਿੱਤੀਆਂ ਗਈਆਂ ਸਨ। ਅੱਜ ਉਹੋ ਭਾਜਪਾ ਵਾਲੇ ਉਹੋ ਸੇਧਾਂ ਪੜ੍ਹ ਕੇ ਵੇਖਣ ਨੂੰ ਤਿਆਰ ਨਹੀਂ ਤੇ ਜਿਹੜੇ ਕਾਂਗਰਸੀ ਉਦੋਂ ਗਵਰਨਰਾਂ ਦੀ ਬਰਖਾਸਤਗੀ ਨੂੰ ਜਾਇਜ਼ ਠਹਿਰਾਉਣ ਲੱਗੇ ਹੋਏ ਸਨ, ਉਹ ਅੱਜ ਅਸੂਲਾਂ ਦਾ ਪਾਠ ਪੜ੍ਹਾਉਣ ਵਾਸਤੇ ਲੱਕ ਬੰਨ੍ਹੀ ਖੜ੍ਹੇ ਹਨ। ਕਾਂਗਰਸੀਆਂ ਦਾ ਬਣਾਇਆ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੁਣ ਮੌਕੇ ਦੀ ਸਰਕਾਰ ਦਾ ਫੈਸਲਾ ਰੋਕਣ ਦੀ ਥਾਂ ਉਸ ਦੇ ਭੇਜੇ ਕਾਗਜ਼ਾਂ ਉਤੇ ਫਟਾਫਟ ਦਸਖਤ ਕਰ ਰਿਹਾ ਹੈ। ਸੰਵਿਧਾਨ ਦੇ ਮਾਹਰ ਕਹਿੰਦੇ ਹਨ ਕਿ ਰਾਸ਼ਟਰਪਤੀ ਇਸ ਵਿਚ ਅੜਿੱਕਾ ਨਹੀਂ ਬਣ ਸਕਦਾ। ਬਣ ਕਿਉਂ ਨਹੀਂ ਸਕਦਾ, ਬਣਨ ਵਾਲੇ ਬਣ ਜਾਂਦੇ ਰਹੇ ਹਨ। ਸ਼ੰਕਰ ਦਿਆਲ ਸ਼ਰਮਾ ਨੂੰ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਬਣਾਇਆ ਸੀ ਤੇ ਕਾਂਗਰਸ ਦੀ ਸਰਕਾਰ ਨੇ ਹੀ ਜਦੋਂ ਇੱਕ ਗਵਰਨਰ ਨੂੰ ਕੱਢਣ ਲਈ ਕਿਹਾ ਤਾਂ ਉਸ ਨੇ ਇਸ ਬਾਰੇ ਵਿਚ ਇਹੋ ਜਿਹੇ ਸਪੱਸ਼ਟੀਕਰਨ ਮੰਗਣ ਦਾ ਰਾਹ ਫੜ ਲਿਆ ਸੀ ਕਿ ਉਸ ਮੌਕੇ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਪੈਰ ਪਿੱਛੇ ਖਿੱਚਣੇ ਪੈ ਗਏ ਸਨ।
ਗਵਰਨਰਾਂ ਦੀਆਂ ਬਰਖਾਸਤਗੀਆਂ ਤੋਂ ਵੱਡੀ ਬਹਿਸ ਉਨ੍ਹਾਂ ਤੋਂ ਕਰਵਾਏ ਜਾਂਦੇ ਗੈਰ-ਅਸੂਲੀ ਕੰਮਾਂ ਦੀ ਹੋਣੀ ਚਾਹੀਦੀ ਹੈ, ਪਰ ਉਸ ਬਾਰੇ ਕੋਈ ਬਹੁਤੀ ਚਿੰਤਾ ਨਹੀਂ ਕਰਦਾ। ਜਦੋਂ ਲੋਕ ਇਸ ਦੀ ਚਰਚਾ ਕਰਨਗੇ ਤਾਂ ਇਸ ਖੇਡ ਦੀ ਜੜ੍ਹ ਦਾ ਜ਼ਿਕਰ ਕੇਰਲਾ ਤੋਂ ਸ਼ੁਰੂ ਹੋਵੇਗਾ। ਆਜ਼ਾਦੀ ਦੇ ਸਿਰਫ ਦਸ ਸਾਲ ਪਿੱਛੋਂ ਦੇਸ਼ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਕੇਰਲਾ ਵਿਚ ਸਾਂਝੀ ਕਮਿਊਨਿਸਟ ਪਾਰਟੀ ਦੇ ਲੀਡਰ ਈ ਐਮ ਐਸ ਨੰਬੂਦਰੀਪਾਦ ਦੇ ਮੁੱਖ ਮੰਤਰੀ ਬਣਨ ਨਾਲ ਬਣੀ ਸੀ। ਉਸ ਵੇਲੇ ਗਵਰਨਰ ਉਥੇ ਬੁਰਗਲਾ ਰਾਮਾਕ੍ਰਿਸ਼ਨਾ ਰਾਓ ਸੀ, ਜਿਹੜਾ ਨਿਜ਼ਾਮ ਹੈਦਰਾਬਾਦ ਵਿਰੁਧ ਸੰਘਰਸ਼ ਵਿਚ ਕਮਿਊਨਿਸਟਾਂ ਦਾ ਸਾਥੀ ਰਹਿ ਚੁੱਕਾ ਸੀ, ਪਰ ਕਾਂਗਰਸ ਦੀ ਉਦੋਂ ਦੀ ਪ੍ਰਧਾਨ ਇੰਦਰਾ ਗਾਂਧੀ ਨੇ ਉਸ ਨੂੰ ਇਹ ਕਮਿਊਨਿਸਟ ਸਰਕਾਰ ਤੋੜਨ ਲਈ ਮਜਬੂਰ ਕਰ ਦਿੱਤਾ ਸੀ। ਸੋਵੀਅਤ ਯੂਨੀਅਨ ਦੇ ਨੇੜੇ ਲੱਗਣ ਪਿੱਛੋਂ ਅਮਰੀਕਾ ਦੀ ਵਿਰੋਧੀ ਵਜੋਂ ਮਸ਼ਹੂਰ ਹੋ ਗਈ ਇੰਦਰਾ ਗਾਂਧੀ ਉਦੋਂ ਤੱਕ ਅਮਰੀਕਾ ਦੇ ਹਰ ਇਸ਼ਾਰੇ ਮੁਤਾਬਕ ਚੱਲਣ ਨੂੰ ਤਿਆਰ ਸੀ ਤੇ ਕੇਰਲਾ ਦੀ ਨੰਬੂਦਰੀਪਾਦ ਸਰਕਾਰ ਅਮਰੀਕਾ ਦੇ ਕਹੇ ਉਤੇ ਤੋੜੀ ਗਈ ਸੀ। ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਬਾਰੇ ਬਾਅਦ ਵਿਚ ਜ਼ਾਹਰ ਹੋਏ ਕਈ ਦਸਤਾਵੇਜ਼ ਇਹ ਪ੍ਰੋੜ੍ਹਤਾ ਕਰਦੇ ਹਨ ਕਿ ਉਸ ਵੇਲੇ ਇਹ ਸਰਕਾਰ ਤੋੜਨਾ ਅਮਰੀਕਾ ਦੀ ਪ੍ਰਮੁੱਖ ਇੱਛਾ ਦਾ ਹਿੱਸਾ ਸੀ। ਉਦੋਂ ਦੇ ਭਾਰਤ ਵਿਚ ਅਮਰੀਕੀ ਰਾਜਦੂਤ ਐਲਸਵਰਥ ਬੰਕਰ ਨੇ ਆਪਣੀ ਜੀਵਨੀ ਵਿਚ ਲਿਖਿਆ ਹੈ ਕਿ ਕੇਰਲਾ ਦੇ ਚੋਣ ਨਤੀਜੇ ਨੇ ਅਮਰੀਕਾ ਵਿਚ ਖਤਰੇ ਦੀ ਘੰਟੀ ਵਜਾ ਦਿੱਤੀ ਸੀ ਤੇ ਇਸ ਦੇ ਬਾਅਦ ਕਾਂਗਰਸ ਤੇ ਹੋਰ ਪਾਰਟੀਆਂ ਵਿਚਲੇ ਕੁਝ ਗਰੁਪਾਂ ਦੀ ਮਦਦ ਨਾਲ ਇਸ ਸਰਕਾਰ ਨੂੰ ਤੋੜਨ ਦਾ ‘ਅਪਰੇਸ਼ਨ’ ਸਿਰੇ ਚਾੜ੍ਹਿਆ ਸੀ। ਜਦੋਂ ਗਵਰਨਰ ਦੇ ਰਾਹੀਂ ਇਹ ‘ਅਪਰੇਸ਼ਨ’ ਸਿਰੇ ਚਾੜ੍ਹਿਆ ਗਿਆ ਤਾਂ ਜਿਹੜੇ ਹੋਰ ਗਰੁਪਾਂ ਨੇ ਕਾਂਗਰਸ ਦੀ ਪ੍ਰਧਾਨ ਇੰਦਰਾ ਗਾਂਧੀ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਸੀ, ਉਨ੍ਹਾਂ ਵਿਚ ਅੱਜ ਦੀ ਭਾਰਤੀ ਜਨਤਾ ਪਾਰਟੀ ਦੇ ਉਦੋਂ ਵਾਲੇ ਰੂਪ ਜਨ ਸੰਘ ਦੇ ਆਗੂ ਵੀ ਸ਼ਾਮਲ ਸਨ।
ਕਾਂਗਰਸੀ ਹੋਣ ਜਾਂ ਭਾਜਪਾ ਵਾਲੇ, ਜਾਂ ਫਿਰ ਇਨ੍ਹਾਂ ਦੋਵਾਂ ਵਿਚੋਂ ਨਿਕਲ ਕੇ ਵੱਖੋ-ਵੱਖ ਪਾਰਟੀਆਂ ਬਣਾਈ ਬੈਠੇ ਹੋਰ ਸਿਆਸੀ ਆਗੂ, ਉਹ ਸਾਰੇ ਉਸ ਵੇਲੇ ਇੱਕ ਗਵਰਨਰ ਨੂੰ ਕਮਿਊਨਿਸਟਾਂ ਦਾ ਕੰਡਾ ਕੱਢਣ ਲਈ ਸਰਜਰੀ ਵਾਲਾ ਸੰਦ ਬਣਾਉਣ ਦੇ ਹਮਾਇਤੀ ਸਨ। ਉਦੋਂ ਤੁਰੀ ਇਹ ਖੇਡ ਹੁਣ ਹਰ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਦਾ ਕੰਡਾ ਕੱਢਣ ਨੂੰ ਖੇਡਣ ਲੱਗੀ ਹੈ। ਜਿਹੜਾ ਗਵਰਨਰ ਸੂਤ ਨਹੀਂ ਬਹਿੰਦਾ, ਉਹ ਕਾਸੇ ਜੋਗਾ ਨਹੀਂ ਰਹਿੰਦਾ। ਬੀਬੀ ਬੇਨੀਵਾਲ ਇਸ ਵਰਤਾਰੇ ਦਾ ਤਾਜ਼ਾ ਕਾਂਡ ਬਣ ਗਈ ਹੈ। ਉਹ ਇਸ ਵਰਤਾਰੇ ਦਾ ਪਹਿਲਾ ਕਾਂਡ ਨਹੀਂ ਅਤੇ ਇਸ ਦਾ ਆਖਰੀ ਕਾਂਡ ਵੀ ਸਾਬਤ ਨਹੀਂ ਹੋਣ ਲੱਗੀ। ਇਹ ‘ਰਘੂ ਕੁਲ ਰੀਤ’ ਹੁਣ ਇੰਜ ਹੀ ਚੱਲਦੀ ਰਹਿਣੀ ਹੈ।
Leave a Reply