ਡਾæ ਗੁਰਨਾਮ ਕੌਰ, ਕੈਨੇਡਾ
ਬਾਣੀ ਨੂੰ, ਸ਼ਬਦ ਨੂੰ ‘ਧੁਰ ਕੀ ਬਾਣੀ’, ‘ਸਾਚੀ ਬਾਣੀ’ ਮੰਨਿਆ ਗਿਆ ਹੈ ਕਿਉਂਕਿ ਇਸ ਦਾ ਸੋਮਾ ਅਕਾਲ ਪੁਰਖ ਆਪ ਹੈ, ਇਹ ਅਕਾਲ ਪੁਰਖ ਵੱਲੋਂ ਆਈ ਹੈ ਅਤੇ ਗੁਰੂ ਇਸ ਦੇ ਪ੍ਰਕਾਸ਼ਨ ਦਾ ਮਾਧਿਅਮ ਹੈ। ਸਿੱਖ ਧਰਮ ਚਿੰਤਨ ਅਨੁਸਾਰ ਗੁਰੂ ਨੇ ਆਪਣੀ ਅਕਾਲ ਪੁਰਖ ਨਾਲ ਇਕਸੁਰਤਾ ਦੇ ਪਲਾਂ ਵਿਚ ਪਹਿਲਾਂ ਆਪ ਰੱਬੀ ਸਤਿ ਦਾ ਅਨੁਭਵ ਕੀਤਾ ਅਤੇ ਫਿਰ ਇਸ ਸਤਿ ਨੂੰ ਸ਼ਬਦ ਰਾਹੀਂ, ਬਾਣੀ ਰਾਹੀਂ ਪਰਗਟ ਕੀਤਾ। ਸਿੱਖ ਧਰਮ ਵਿਚ ਇਹ ਵਿਲੱਖਣ ਇਲਹਾਮ ਤਿੰਨ ਤਰ੍ਹਾਂ ਨਾਲ ਵਾਪਰਦਾ ਹੈ। ਪਰਮ ਸਤਿ ਦਾ, ਸ਼ਬਦ ਦਾ ਅਨੁਭਵ ਗੁਰੂ ਨੂੰ ਅਕਾਲ ਪੁਰਖ ਵੱਲੋਂ ਉਨ੍ਹਾਂ ਦੇ ਰਹੱਸਮਈ ਪਲਾਂ ਵਿਚ ਅਕਾਲ ਪੁਰਖ ਨਾਲ ਸਿੱਧੇ ਸੰਪਰਕ ਵਿਚ ਹੁੰਦਾ ਹੈ। ਫਿਰ ਗੁਰੂ ਵੱਲੋਂ ਸਿੱਖ ਲਈ ਇਹ ਸਤਿ ਬਾਣੀ ਰਾਹੀਂ, ਸ਼ਬਦ ਰਾਹੀਂ ਪਰਗਟ ਕੀਤਾ ਜਾਂਦਾ ਹੈ। ਫਿਰ ਗੁਰਮੁਖ ਜਾਂ ਬ੍ਰਹਮ-ਗਿਆਨੀ ਨੂੰ ਗੁਰੂ ਇਸ ਬਾਣੀ ਨੂੰ, ਸ਼ਬਦ ਨੂੰ ਗ੍ਰਹਿਣ ਕਰਨ ਦੇ ਯੋਗ ਬਣਾ ਦਿੰਦਾ ਹੈ। ਗੁਰੂ ਦੀ ਮਿਹਰ ਨਾਲ ਸਿੱਖ ਇਸ ਤੱਕ ਪਹੁੰਚਣ ਦੇ ਯੋਗ ਹੋ ਜਾਂਦਾ ਹੈ।
ਗੁਰੂ ਅਮਰਦਾਸ ਜੀ ਨੇ ਰਾਮਕਲੀ ਰਾਗੁ ਵਿਚ ਰਚੀ ਬਾਣੀ ‘ਅਨੰਦ’ ਵਿਚ ਸਤਿਗੁਰੁ ਦੀ ਬਾਣੀ ਨੂੰ ਸੱਚੀ ਬਾਣੀ ਕਿਹਾ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ‘ਨਾਨਕ’ ਛਾਪ ਹੇਠਾਂ ਗੁਰੂ ਘਰ ਦੇ ਦੋਖੀਆਂ ਵੱਲੋਂ ‘ਕੱਚੀ ਬਾਣੀ’ ਦੀ ਰਚਨਾ ਸ਼ੁਰੂ ਹੋ ਚੁੱਕੀ ਸੀ। ਗੁਰੂ ਰਾਮਦਾਸ ਜੀ ਨੇ ਸਿੱਖਾਂ ਨੂੰ ਸਤਿਗੁਰੁ ਦੀ ਬਾਣੀ ਸਤਿ ਕਰਕੇ ਮੰਨਣ ਦਾ ਆਦੇਸ਼ ਕੀਤਾ ਹੈ। ਇਹ ਸਤਿ ਇਸ ਲਈ ਹੈ ਕਿ ਇਸ ਨੂੰ ਇਸ ਸੰਸਾਰ ਦੀ ਰਚਨਾ ਕਰਨ ਵਾਲੇ ਅਕਾਲ ਪੁਰਖ ਨੇ ਆਪ ਸਤਿਗੁਰੁ ਦੇ ਮੁੱਖ ਤੋਂ ਕਢਵਾਇਆ ਹੈ। ਇਹੀ ਨਹੀਂ, ਗੁਰੂ ਰਾਮਦਾਸ ਜੀ ਨੇ ਇੱਕ ਹੋਰ ਥਾਂ ‘ਤੇ ਬਾਣੀ ਨੂੰ ਗੁਰੂ ਅਤੇ ਗੁਰੂ ਨੂੰ ਬਾਣੀ ਕਿਹਾ ਹੈ। ਇਸ ਸਲੋਕ ਵਿਚ ਗੁਰੂ ਰਾਮਦਾਸ ਫੁਰਮਾ ਰਹੇ ਹਨ ਕਿ ਜਿਨ੍ਹਾਂ ਉਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਉਨ੍ਹਾਂ ਦੀ ਸ਼ੋਭਾ ਉਹ ਆਪ ਵਧਾਉਂਦਾ ਹੈ। ਜਿਨ੍ਹਾਂ ਨੂੰ ਵਡਿਆਈ ਬਖਸ਼ਦਾ ਹੈ, ਫਿਰ ਸੰਸਾਰ ਨੂੰ ਆਪ ਲਿਆ ਕੇ ਉਨ੍ਹਾਂ ਦੇ ਚਰਨਾਂ ਵਿਚ ਪਾਉਂਦਾ ਹੈ, ਅਕਾਲ ਪੁਰਖ ਦੀ ਮਿਹਰ ਸਦਕਾ ਸੰਸਾਰ ਉਨ੍ਹਾਂ ਦੇ ਪੈਰਾਂ ਵਿਚ ਸੀਸ ਨਿਵਾਉਂਦਾ ਹੈ। ਇਸ ਵਡਿਆਈ ਨੂੰ ਆਉਂਦਾ ਦੇਖ ਕੇ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਤਾਂ ਅਕਾਲ ਪੁਰਖ ਦੀ ਖੇਡ ਹੈ, ਡਰੀਏ ਤਾਂ ਜੇ ਆਪਣੇ ਵੱਲੋਂ ਕੁੱਝ ਕਰਦੇ ਹੋਈਏ ਇਹ ਤਾਂ ਉਸ ਦੀ ਬਖਸ਼ਿਸ਼ ਹੈ, ਉਸ ਦਾ ਰਚਿਆ ਕੌਤਕ ਹੈ। ਇਹ ਸੰਸਾਰ ਉਸ ਸੱਚੇ ਅਕਾਲ ਪੁਰਖ ਦਾ ਇੱਕ ਅਖਾੜਾ ਹੈ ਜਿਸ ਨੇ ਸੰਸਾਰ ਦੇ ਲੋਕਾਂ ਨੂੰ ਸਤਿਗੁਰੁ ਅੱਗੇ ਨਿਵਾਇਆ ਹੈ। ਉਹ ਜੋ ਸਭ ਦਾ ਮਾਲਕ ਹੈ, ਸੁਆਮੀ ਹੈ, ਉਹ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਹੈ ਅਤੇ ਭਗਤਾਂ ਦੀ ਨਿੰਦਿਆ ਕਰਨ ਵਾਲੇ ਦੇ ਮੂੰਹ ‘ਤੇ ਫਿਟਕਾਰ ਵੀ ਆਪ ਹੀ ਪਾਉਂਦਾ ਹੈ। ਸਤਿਗੁਰੁ ਦੀ ਵਡਿਆਈ, ਉਸ ਦੀ ਮਹਿਮਾ ਦਿਨ ਰਾਤ ਸਦਾ ਵਧਦੀ ਰਹਿੰਦੀ ਹੈ ਕਿਉਂਕਿ ਸੰਸਾਰ ਦੀ ਰਚਨਾ ਕਰਨ ਵਾਲਾ ਆਪਣੀ ਕੀਰਤੀ ਅਤੇ ਭਗਤੀ ਹਰ ਸਮੇਂ ਸਤਿਗੁਰ ਪਾਸੋਂ ਕਰਵਾਉਂਦਾ ਹੈ,
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ
ਆਪੇ ਆਣਿ ਤਿਨ ਕਉ ਪੈਰੀ ਪਾਏ॥
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ
ਸਭੁ ਕਰਤਾ ਆਪਣੀ ਕਲਾ ਵਧਾਏ॥
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ
ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ॥
ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ
ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ॥
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ
ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ॥
ਗੁਰੂ ਰਾਮਦਾਸ ਗੁਰੂ ਦੇ ਸਿੱਖਾਂ ਨੂੰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦਾ ਆਦੇਸ਼ ਦਿੰਦੇ ਹਨ ਤਾਂ ਕਿ ਸਿਰਜਣਹਾਰ ਅਕਾਲ ਪੁਰਖ ਸਤਿਗੁਰੁ ਨੂੰ ਉਨ੍ਹਾਂ ਦੇ ਹਿਰਦੇ ਵਿਚ ਵਸਾ ਦੇਵੇ (ਸਤਿਗੁਰੁ ਨੂੰ ਹਿਰਦੇ ਵਿਚ ਵਸਾਉਣ ਦਾ ਅਰਥ ਹੈ- ਰੱਬੀ ਬਾਣੀ ਦਾ ਮਨੁੱਖ ਦੇ ਹਿਰਦੇ ਵਿਚ ਟਿਕ ਜਾਣਾ। ਇਹ ਅਗਲੀ ਪੰਕਤੀ ਤੋਂ ਸਪਸ਼ਟ ਹੋ ਜਾਂਦਾ ਹੈ)। ਅੱਗੇ ਆਦੇਸ਼ ਕੀਤਾ ਗਿਆ ਹੈ ਕਿ ਸਤਿਗੁਰੁ ਦੀ ਬਾਣੀ ਨੂੰ ਨਿਰੋਲ ਸੱਚ ਜਾਣ ਕੇ ਆਪਣੇ ਹਿਰਦੇ ਵਿਚ ਵਸਾਉ ਕਿਉਂਕਿ ਇਸ ਬਾਣੀ ਦਾ ਸੋਮਾ ਸਿਰਜਣਹਾਰ ਆਪ ਹੈ ਅਤੇ ਇਸ ਨੂੰ ਸਤਿਗੁਰੁ ਦੇ ਮੁੱਖ ਤੋਂ ਉਹੀ ਉਚਾਰਨ ਕਰਵਾਉਂਦਾ ਹੈ। ਉਹ ਸਿਰਜਣਹਾਰ ਜੋ ਸਭ ਦਾ ਪਿਆਰਾ ਹੈ ਗੁਰੂ ਦੇ ਸਿੱਖਾਂ ਦੇ ਮੂੰਹ ਆਪ ਉਜਲੇ ਕਰਦਾ ਹੈ ਅਤੇ ਸਾਰੇ ਸੰਸਾਰ ਵਿਚ ਸਤਿਗੁਰ ਦੀ ਜੈ ਜੈ ਕਾਰ ਕਰਾਉਂਦਾ ਹੈ ਅਰਥਾਤ ਜਿੱਤ ਕਰਵਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਪਰਵਰਦਗਾਰ ਦੇ ਸੇਵਕ ਹਨ ਅਤੇ ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਆਇਆ ਹੈ,
ਅਨਦਿਨੁ ਨਾਮੁ ਜਪਹੁ ਗੁਰਸਿਖਹੁ
ਹਰਿ ਕਰਤਾ ਸਤਿਗੁਰੁ ਘਰੀ ਵਸਾਏ॥
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ
ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ
ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ॥
ਜਨੁ ਨਾਨਕੁ ਹਰਿ ਕਾ ਦਾਸੁ ਹੈ
ਹਰਿ ਦਾਸਨ ਕੀ ਹਰਿ ਪੈਜ ਰਖਾਏ॥ (ਪੰਨਾ ੩੦੮)
ਅੱਗੇ ਪਉੜੀ ਵਿਚ ਗੁਰੂ ਸਾਹਿਬ ਅਕਾਲ ਪੁਰਖ ਬਾਰੇ ਦੱਸਦੇ ਹਨ ਕਿ ਉਹ ਪਰਵਰਦਗਾਰ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਅਤੇ ਸਭ ਦਾ ਸੱਚਾ ਮਾਲਕ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਤਾਂ ਉਸ ਸੱਚੇ ਪਰਮਾਤਮਾ ਦੇ ਵਣਜਾਰੇ ਹਨ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਦ੍ਰਿੜ ਕਰਵਾਏ ਕਿ ਉਸ ਦਾ ਨਾਮ ਹੀ ਸੱਚੀ ਪੂੰਜੀ ਹੈ।
ਗੁਰੂ ਸਾਹਿਬ ਦੱਸਦੇ ਹਨ ਕਿ ਉਹ ਮਨੁੱਖ ਜੋ ਸਤਿਗੁਰ ਦੇ ਸ਼ਬਦ ਰਾਹੀਂ ਸੁਆਰੇ ਹੋਏ ਸੇਵਕ ਸੁਭਾਅ ਵਾਲੇ ਅਰਥਾਤ ਨਿਮਰ ਹੋ ਜਾਂਦੇ ਹਨ ਅਤੇ ਸੇਵਕ ਹੋ ਕੇ ਹੀ ਉਸ ਅਕਾਲ ਪੁਰਖ ਨੂੰ ਮਿਲਦੇ ਹਨ। ਜਿਹੜੇ ਮਨੁੱਖ ਉਸ ਸੱਚੇ ਪਰਵਰਦਗਾਰ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੱਚੇ ਨਾਮ ਦਾ ਸੌਦਾ ਖਰੀਦਦੇ ਹਨ ਅਤੇ ਉਸ ਸਭ ਤੋਂ ਨਿਆਰੀ ਹਸਤੀ ਪਰਮਾਤਮਾ ਦੇ ਗੁਣ ਗਾਉਂਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਹੇ ਅਕਾਲ ਪੁਰਖ ਤੂੰ ਹੀ ਸੱਚਾ ਮਾਲਕ ਹੈਂ ਜਿਸ ਦੀ ਸੋਝੀ ਹੋ ਸਕਣੀ ਮੁਸ਼ਕਿਲ ਹੈ ਪਰ ਤੇਰੀ ਸੋਝੀ ਸਤਿਗੁਰੁ ਦੇ ਸ਼ਬਦ ਦੁਆਰਾ ਹੋ ਜਾਂਦੀ ਹੈ,
ਤੂ ਸਚਾ ਸਾਹਿਬੁ ਆਪਿ ਹੈ
ਸਚੁ ਸਾਹ ਹਮਾਰੇ॥
ਸਚੁ ਪੂਜੀ ਨਾਮੁ ਦ੍ਰਿੜਾਇ
ਪ੍ਰਭ ਵਣਜਾਰੇ ਥਾਰੇ॥
ਸਚੁ ਸੇਵਹਿ ਸਚੁ ਵਣੰਜਿ ਲੈਹਿ
ਗੁਣ ਕਥਹਿ ਨਿਰਾਰੇ॥
ਸੇਵਕ ਭਾਇ ਸੇ ਜਨ ਮਿਲੇ
ਗੁਰ ਸਬਦਿ ਸਵਾਰੇ॥
ਤੂ ਸਚਾ ਸਾਹਿਬੁ ਅਲਖੁ ਹੈ
ਗੁਰ ਸਬਦਿ ਲਖਾਰੇ॥੧੪॥
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਦੱਸਦੇ ਹਨ ਕਿ ਦੂਸਰਿਆਂ ਪ੍ਰਤੀ ਮਨ ਵਿਚ ਈਰਖਾ ਕਰਨੀ ਚੰਗੀ ਨਹੀਂ ਹੁੰਦੀ। ਗੁਰਮਤਿ ਦਰਸ਼ਨ ਵਿਚ ਨਿੰਦਾ-ਚੁਗ਼ਲੀ, ਈਰਖਾ, ਹਉਮੈ, ਲੋਭ, ਮੋਹ ਆਦਿ ਨੂੰ ਅਜਿਹੇ ਔਗੁਣ ਮੰਨਿਆ ਗਿਆ ਹੈ ਜਿਹੜੇ ਮਨੁੱਖ ਦੀ ਅਧਿਆਤਮਕਤਾ ਦੇ ਰਸਤੇ ਦੇ ਰੋੜੇ ਹਨ, ਉਸ ਦੇ ਵਿਅਕਤਿਤਵ ਨੂੰ ਨਾਂਹ-ਮੁਖੀ ਬਣਾ ਦਿੰਦੇ ਹਨ। ਇਸੇ ਦਾ ਜ਼ਿਕਰ ਕਰਦੇ ਹਨ ਕਿ ਜਿਹੜੇ ਮਨੁੱਖਾਂ ਦੇ ਮਨ ਅੰਦਰ ਦੂਸਰਿਆਂ ਪ੍ਰਤੀ ਈਰਖਾ ਹੁੰਦੀ ਹੈ ਉਨ੍ਹਾਂ ਲੋਕਾਂ ਦਾ ਕਦੇ ਭਲਾ ਨਹੀਂ ਹੋ ਸਕਦਾ ਕਿਉਂਕਿ ਉਹ ਆਪ ਭਲੇ ਵਾਲਾ ਕੰਮ ਕਰ ਹੀ ਨਹੀਂ ਸਕਦੇ। ਅਜਿਹੇ ਮਨੁੱਖਾਂ ਦੇ ਕੋਈ ਵੀ ਨੇੜੇ ਨਹੀਂ ਲੱਗਦਾ ਅਤੇ ਨਾ ਹੀ ਉਨ੍ਹਾਂ ਦੀ ਗੱਲ ਕੋਈ ਸੁਣਦਾ ਹੈ ਕਿਉਂਕਿ ਹਰ ਇੱਕ ਨੂੰ ਉਨ੍ਹਾਂ ਦੇ ਨਿੰਦਿਆਂ ਵਾਲੇ ਸੁਭਾਅ ਦਾ ਪਤਾ ਹੁੰਦਾ ਹੈ, ਆਪਣੇ ਇਸ ਈਰਖਾਲੂ ਸੁਭਾਅ ਕਾਰਨ ਉਹ ਦੁਨੀਆਂ ਵਿਚ ਇਕੱਲੇ ਰਹਿ ਜਾਂਦੇ ਹਨ। ਅਜਿਹਾ ਈਰਖਾਲੂ ਮਨੁੱਖ ਦੂਸਰਿਆਂ ਦੀ ਝੂਠੀ ਚੁਗ਼ਲੀ-ਨਿੰਦਾ ਕਰਦਾ ਹੈ ਜਿਸ ਕਰਕੇ ਉਹ ਚੁਗ਼ਲ, ਨਿੰਦਕ ਵਜੋਂ ਮਸ਼ਹੂਰ ਹੋ ਜਾਂਦਾ ਹੈ। ਆਪਣੀ ਇਸ ਮਾੜੀ ਆਦਤ ਕਾਰਨ ਉਹ ਕਿਸੇ ਦੇ ਮੱਥੇ ਨਹੀਂ ਲੱਗ ਸਕਦਾ (ਕਿਉਂਕਿ ਲੋਕ ਉਸ ਨੂੰ ਪਸੰਦ ਨਹੀਂ ਕਰਦੇ) ਅਤੇ ਮੂੰਹ ‘ਤੇ ਨਿੰਦਾ-ਰੂਪੀ ਕਾਲਖ ਮਲ ਲੈਂਦਾ ਹੈ,
ਜਿਸੁ ਅੰਦਰਿ ਤਾਤਿ ਪਰਾਈ ਹੋਵੈ
ਤਿਸ ਦਾ ਕਦੇ ਨ ਹੋਵੀ ਭਲਾ॥
ਓਸ ਦੈ ਆਖਿਐ ਕੋਈ ਨ ਲਗੈ
ਨਿਤ ਓਜਾੜੀ ਪੂਕਾਰੇ ਖਲਾ॥
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ
ਕੀਤਾ ਕਰਤਿਆ ਓਸ ਦਾ ਸਭੁ ਗਇਆ॥
ਨਿਤੁ ਚੁਗਲੀ ਕਰੇ ਅਣਹੋਦੀ ਪਰਾਈ
ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥
ਗੁਰੂ ਸਾਹਿਬ ਨੇ ਮਨੁੱਖ ਦੇ ਇਸ ਜਨਮ ਵਿਚ ਮਿਲੇ ਹੋਏ ਸਰੀਰ ਨੂੰ ਜ਼ਮੀਨ ਕਿਹਾ ਹੈ ਜਿਸ ਵਿਚ ਮਨੁੱਖ ਕਰਮ-ਰੂਪੀ ਬੀਜ ਬੀਜਦਾ ਹੈ। ਧਰਤੀ ਵਿਚ ਜਿਸ ਕਿਸਮ ਦਾ ਬੀਜ ਪਾਈਏ ਉਸੇ ਕਿਸਮ ਦੀ ਫ਼ਸਲ ਉਗਦੀ ਹੈ। ਇਸੇ ਤਰ੍ਹਾਂ ਇਸ ਸਰੀਰ-ਰੂਪੀ ਜ਼ਮੀਨ ਵਿਚ ਜਿਸ ਕਿਸਮ ਦੇ ਕਰਮਾਂ ਦਾ ਮਨੁੱਖ ਬੀਜ ਪਾਏਗਾ ਉਸੇ ਕਿਸਮ ਦਾ ਫਲ ਪ੍ਰਾਪਤ ਕਰੇਗਾ। ਜੇ ਚੰਗੇ ਕਰਮ ਕਰੇਗਾ ਤਾਂ ਚੰਗਾ ਫਲ ਮਿਲੇਗਾ ਅਤੇ ਜੇ ਕਰ ਈਰਖਾ, ਚੁਗ਼ਲੀ ਵਰਗੇ ਮਾੜੇ ਕਰਮ ਕਰੇਗਾ ਤਾਂ ਮਾੜਾ ਫਲ ਪ੍ਰਾਪਤ ਕਰੇਗਾ। ਮਹਿਜ ਗੱਲਾਂ ਰਾਹੀਂ ਚੰਗਾ ਫਲ ਨਹੀਂ ਮਿਲ ਸਕਦਾ, ਗੱਲਾਂ ਕਰਨ ਨਾਲ ਹੀ ਕੋਈ ਅਧਿਆਤਮਕ ਨਹੀਂ ਬਣ ਜਾਂਦਾ। ਜੇਕਰ ਕੋਈ ਜ਼ਹਿਰ ਖਾਂਦਾ ਹੈ ਤਾਂ ਉਸ ਦਾ ਨਤੀਜਾ ਤੁਰਤ ਮਰ ਜਾਣ ਵਿਚ ਹੀ ਨਿਕਲਦਾ ਹੈ।
ਗੁਰੂ ਰਾਮਦਾਸ ਮਨੁੱਖ ਨੂੰ ਚੇਤੰਨ ਕਰਦੇ ਹਨ ਕਿ ਹੇ ਭਾਈ! ਇਹ ਸੱਚੇ ਪਰਵਰਦਗਾਰ ਦਾ ਨਿਆਂ ਹੈ ਕਿ ਮਨੁੱਖ ਜਿਸ ਕਿਸਮ ਦੇ ਕਰਮ ਕਰੇਗਾ, ਉਸ ਦਾ ਫਲ ਵੀ ਉਹੋ ਜਿਹਾ ਹੀ ਪ੍ਰਾਪਤ ਕਰੇਗਾ। ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਕਿ ਜਿਸ ਮਨੁੱਖ ਨੂੰ ਪਰਮਾਤਮਾ ਇਸ ਤੱਥ ਨੂੰ ਸਮਝਣ ਦੀ ਬੁੱਧੀ ਬਖਸ਼ਿਸ਼ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਦਰ ਦੀਆਂ ਇਹ ਗੱਲਾਂ ਕਰਕੇ ਸੁਣਾਉਂਦਾ ਹੈ ਅਰਥਾਤ ਦੂਸਰਿਆਂ ਨੂੰ ਵੀ ਇਹ ਗੱਲਾਂ ਸਮਝਾਉਂਦਾ ਹੈ,
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ
ਜੇਹਾ ਕੋ ਬੀਜੇ ਤੇਹਾ ਕੋ ਖਾਏ॥
ਗਲਾ ਉਪਰਿ ਤਪਾਵਸੁ ਨ ਹੋਈ
ਵਿਸੁ ਖਾਧੀ ਤਤਕਾਲਿ ਮਰਿ ਜਾਏ॥
ਭਾਈ ਵੇਖਹੁ ਨਿਆਉ ਸਚੁ ਕਰਤੇ ਕਾ
ਜੇਹਾ ਕੋਈ ਕਰੇ ਤੇਹਾ ਕੋਈ ਪਾਏ॥
ਜਨ ਨਾਨਕ ਕਉ ਸਭ ਸੋਝੀ ਪਾਈ
ਹਰਿ ਦਰ ਕੀਆ ਬਾਤਾ ਆਖਿ ਸੁਣਾਏ॥੧॥ (ਪੰਨਾ ੩੦੮)
ਅਗਲੇ ਸਲੋਕ ਵਿਚ ਦੱਸਿਆ ਹੈ ਕਿ ਸਤਿਗੁਰੁ ਦੇ ਪ੍ਰਤੱਖ ਹੁੰਦਿਆਂ ਹੋਇਆਂ ਵੀ ਜੋ ਨਿੰਦਕ ਕਿਸਮ ਦੇ ਮਨੁੱਖ ਗੁਰੂ ਤੋਂ ਵਿਛੜੇ ਰਹਿੰਦੇ ਹਨ ,ਉਨ੍ਹਾਂ ਨੂੰ ਅੱਗੇ ਦਰਗਾਹ ਵਿਚ ਢੋਈ ਨਹੀਂ ਮਿਲਦੀ। ਭਾਵ ਮਨੁੱਖ ਨੂੰ ਪਤਾ ਹੈ ਕਿ ਸਤਿਗੁਰੁ ਹੈ ਅਤੇ ਉਸ ਤੋਂ ਅਗਵਾਈ ਲਈ ਜਾ ਸਕਦੀ ਹੈ ਫਿਰ ਵੀ ਜੇ ਮਨੁੱਖ ਉਸ ਤੋਂ ਦੂਰ ਰਹਿੰਦਾ ਹੈ, ਚੰਗੀ ਸੰਗਤ ਨਹੀਂ ਕਰਦਾ, ਫਿਰ ਉਸ ਨੂੰ ਸੱਚੇ ਅਕਾਲ ਪੁਰਖ ਦੀ ਸ਼ਰਨ ਪ੍ਰਾਪਤ ਨਹੀਂ ਹੁੰਦੀ। ਜੇ ਕੋਈ ਦੂਸਰਾ ਅਜਿਹੇ ਨਿੰਦਕਾਂ ਦੀ ਸੰਗਤ ਕਰਦਾ ਹੈ, ਉਸ ਦਾ ਮੂੰਹ ਵੀ ਫਿੱਕਾ ਹੋ ਜਾਂਦਾ ਹੈ ਅਤੇ ਉਸ ਨੂੰ ਵੀ ਲੋਕਾਂ ਦੀ ਫਿਟਕਾਰ ਮੂੰਹ ‘ਤੇ ਹੀ ਸੁਣਨੀ ਪੈਂਦੀ ਹੈ। ਜਿਹੜੇ ਮਨੁੱਖ ਗੁਰੂ ਤੋਂ ਵਿਛੜੇ ਹੋਏ ਹਨ ਅਰਥਾਤ ਨਿੰਦਾ ਦੇ ਸੁਭਾਅ ਕਾਰਨ ਗੁਰੂ ਤੋਂ ਦੂਰ ਹਨ, ਉਨ੍ਹਾਂ ਨੂੰ ਦੁਨੀਆਂ ਵੀ ਫਿਟਕਾਰਦੀ ਹੈ ਅਤੇ ਉਹ ਸਦਾ ਡਾਵਾਂਡੋਲ ਹਾਲਤ ਵਿਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਪਸੰਦ ਨਹੀਂ ਕਰਦਾ,
ਹੋਦੈ ਪਰਤਖਿ ਗੁਰੂ ਜੋ ਵਿਛੁੜੇ
ਤਿਨ ਕਉ ਦਰਿ ਢੋਈ ਨਾਹੀ॥
ਕੋਈ ਜਾਇ ਮਿਲੈ ਤਿਨ ਨਿੰਦਕਾ
ਮੁਹ ਫਿਕੇ ਥੁਕ ਥੁਕ ਮੁਹਿ ਪਾਹੀ॥
ਜੋ ਸਤਿਗੁਰਿ ਫਿਟਕੇ ਸੇ
ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ॥
ਅੱਗੇ ਦੱਸਿਆ ਹੈ ਕਿ ਸਤਿਗੁਰੁ ਅਰਥਾਤ ਪੂਰੇ ਗੁਰੂ ਦੀ ਨਿੰਦਿਆ ਕਰਨ ਵਾਲੇ ਮਨੁੱਖ ਮਾਨਸਿਕ ਤੌਰ ‘ਤੇ ਕਦੇ ਸੁਖੀ ਨਹੀਂ ਰਹਿ ਸਕਦੇ। ਉਨ੍ਹਾਂ ਦੀ ਹਾਲਤ ਇਵੇਂ ਹੁੰਦੀ ਹੈ ਜਿਵੇਂ ਧਾਹਾਂ ਮਾਰਦੇ ਫਿਰ ਰਹੇ ਹੋਣ। ਉਨ੍ਹਾਂ ਦੀ ਤ੍ਰਿਸ਼ਨਾ ਕਦੇ ਸ਼ਾਂਤ ਨਹੀਂ ਹੁੰਦੀ ਇਸ ਲਈ ਹੋਰ ਹੋਰ ਦੀ ਪ੍ਰਾਪਤੀ ਦੀ ਹੋੜ ਉਨ੍ਹਾਂ ਦੇ ਮਨ ਵਿਚ ਲੱਗੀ ਰਹਿੰਦੀ ਹੈ। ਅਜਿਹੇ ਮਨੁੱਖਾਂ ਦੀ ਕਹੀ ਹੋਈ ਗੱਲ ਨੂੰ ਕੋਈ ਵੀ ਸੁਣਦਾ ਨਹੀਂ ਅਤੇ ਨਾ ਹੀ ਇਤਬਾਰ ਕਰਦਾ ਹੈ (ਕਿਉਂਕਿ ਨਿੰਦਕ ਝੂਠੇ ਹੁੰਦੇ ਹਨ ਅਤੇ ਝੂਠੇ ਮਨੁੱਖ ‘ਤੇ ਕੋਈ ਇਤਬਾਰ ਨਹੀਂ ਕਰਦਾ) ਇਸ ਲਈ ਉਨ੍ਹਾਂ ਦੇ ਮਨ ਨੂੰ ਸਦਾ ਚਿੰਤਾ ਲੱਗੀ ਰਹਿੰਦੀ ਹੈ, ਉਹ ਸਦੀਵ ਫ਼ਿਕਰ ਵਿਚ ਮਨ ਨੂੰ ਸਾੜਦੇ ਰਹਿੰਦੇ ਹਨ,
ਜਿਨ ਗੁਰੁ ਗੋਪਿਆ ਆਪਣਾ
ਸੇ ਲੈਦੇ ਢਹਾ ਫਿਰਾਹੀ॥
ਤਿਨ ਕੀ ਭੁਖ ਕਦੇ ਨ ਉਤਰੈ
ਭੁਖਾ ਭੁਖ ਕੂਕਾਹੀ॥
ਓਨਾ ਦਾ ਆਖਿਆ ਕੋ ਨਾ ਸੁਣੈ
ਨਿਤ ਹਉਲੇ ਹਉਲਿ ਮਰਾਹੀ॥
ਸਤਿਗੁਰੁ ਲੋਕਾਂ ਨੂੰ ਜੀਵਨ ਜਾਚ ਸਿਖਾਉਂਦੇ ਹਨ, ਇਸ ਲਈ ਲੋਕ ਗੁਰੂ ਦੀ ਵਡਿਆਈ ਕਰਦੇ ਹਨ, ਪ੍ਰਸ਼ੰਸਾ ਕਰਦੇ ਹਨ ਪਰ ਨਿੰਦਕ ਗੁਰੂ ਦੀ ਵਡਿਆਈ ਦੇਖ ਕੇ ਉਸ ਨੂੰ ਜਰ ਨਹੀਂ ਸਕਦੇ ਕਿਉਂਕਿ ਉਨ੍ਹਾਂ ਦੇ ਮਨ ਵਿਚ ਸਤਿਗੁਰੁ ਪ੍ਰਤੀ ਖਾਸ ਕਿਸਮ ਦੀ ਈਰਖਾ ਹੁੰਦੀ ਹੈ। ਪਰ ਅਜਿਹੇ ਈਰਖਾਲੂ ਮਨੁੱਖਾਂ ਨੂੰ ਨਾ ਇਸ ਲੋਕ ਵਿਚ ਅਤੇ ਨਾ ਹੀ ਪ੍ਰਲੋਕ ਵਿਚ ਕੋਈ ਟਿਕਾਣਾ ਮਿਲਦਾ ਹੈ। ਉਹ ਆਪਣਾ ਹਲਤ ਅਤੇ ਪਲਤ- ਦੋਵੇਂ ਗੁਆ ਲੈਂਦੇ ਹਨ। ਅਜਿਹੇ ਮਨੁੱਖਾਂ ਨੂੰ ਜੋ ਕੋਈ ਵੀ ਹੋਰ ਜਾ ਕੇ ਮਿਲਦਾ ਹੈ, ਉਹ ਵੀ ਆਪਣੀ ਇੱਜ਼ਤ ਗੁਆ ਲੈਂਦਾ ਹੈ, ਉਸ ਦਾ ਸਤਿਕਾਰ ਵੀ ਚਲਿਆ ਜਾਂਦਾ ਹੈ। ਗੁਰੂ ਤੋਂ ਖੁੰਝੇ ਹੋਏ ਮਨੁੱਖ (ਆਪਣੇ ਨਿੰਦਕ ਸੁਭਾਅ ਕਾਰਨ) ਪਹਿਲਾਂ ਹੀ ਕੋਹੜੇ ਹਨ, ਜਿਹੜਾ ਕੋਈ ਦੂਸਰਾ ਜਾ ਕੇ ਉਨ੍ਹਾਂ ਦੀ ਸੰਗਤ ਕਰਦਾ ਹੈ ਉਸ ਨੂੰ ਨਿੰਦਾ-ਰੂਪੀ ਕੋਹੜ ਲਾ ਦਿੰਦੇ ਹਨ,
ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ
ਓਨ੍ਹਾ ਅਗੈ ਪਿਛੈ ਥਾਉ ਨਾਹੀ॥
ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ
ਰਹਦੀ ਖੁਹਦੀ ਸਭ ਪਤਿ ਗਵਾਹੀ॥
ਓਇ ਅਗੈ ਕੁਸਟੀ ਗੁਰ ਕੇ ਫਿਟਕੇ
ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ॥
ਗੁਰੂ ਰਾਮਦਾਸ ਅਜਿਹੇ ਨਿੰਦਕ ਕਿਸਮ ਦੇ ਲੋਕਾਂ ਦੀ ਸੰਗਤ ਕਰਨ ਤੋਂ ਪ੍ਰਹੇਜ਼ ਕਰਨ ਦੀ ਸਿੱਖਿਆ ਦਿੰਦੇ ਹਨ, ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਅਜਿਹੇ ਲੋਕਾਂ ਤੋਂ ਦੂਰ ਰਹੋ ਜਿਹੜੇ ਅਧਿਆਤਮਕਤਾ ਦੇ ਰਸਤੇ ਨੂੰ ਛੱਡ ਕੇ ਮਾਇਆ ਨਾਲ ਪ੍ਰੇਮ ਕਰਦੇ ਹਨ। ਅਜਿਹੇ ਮਨੁੱਖਾਂ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਦੇ ਕੀਤੇ ਕਰਮਾਂ ਅਨੁਸਾਰ ਹੀ ਕਰਤਾ ਪੁਰਖ ਨੇ ਉਨ੍ਹਾਂ ਦੇ ਅਜਿਹੇ ਸੰਸਕਾਰ ਬਣਾ ਦਿੱਤੇ ਹਨ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਹੇ ਮਨ! ਕਰਤਾ ਪੁਰਖ ਦੇ ਨਾਮ ਦਾ ਸਿਮਰਨ ਕਰ ਜਿਸ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਕਰਤਾ ਪੁਰਖ ਦੇ ਨਾਮ ਦੀ ਬਹੁਤ ਮਹਿਮਾ ਹੈ ਅਤੇ ਇਹ ਮਹਿਮਾ ਦਿਨੋ-ਦਿਨ ਵਧਦੀ ਹੈ। ਭਾਵ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਮਨੁੱਖ ਦੇ ਅੰਦਰ ਚੰਗੇ ਗੁਣਾਂ ਦਾ ਸੰਚਾਰ ਹੁੰਦਾ ਹੈ, ਮਨੁੱਖ ਚੰਗੇ ਗੁਣਾਂ ਨੂੰ ਅੰਦਰ ਵਸਾਉਂਦਾ ਹੈ ਅਤੇ ਆਪਣੇ ਗੁਣਾਂ ਕਾਰਨ ਸੰਸਾਰ ਵਿਚ ਮਾਣ-ਇੱਜ਼ਤ ਪ੍ਰਾਪਤ ਕਰਦਾ ਹੈ,
ਹਰਿ ਤਿਨ ਕਾ ਦਰਸਨੁ ਨਾ ਕਰਹੁ
ਜੋ ਦੂਜੈ ਭਾਇ ਚਿਤੁ ਲਾਹੀ॥
ਧੁਰਿ ਕਰਤੈ ਆਪਿ ਲਿਖਿ ਪਾਇਆ
ਤਿਸੁ ਨਾਲਿ ਕਿਹੁ ਚਾਰਾ ਨਾਹੀ॥
ਜਨ ਨਾਨਕ ਨਾਮੁ ਅਰਾਧਿ ਤੂ
ਤਿਸੁ ਅਪੜਿ ਕੋ ਨ ਸਕਾਹੀ॥
ਨਾਵੈ ਕੀ ਵਡਿਆਈ ਵਡੀ ਹੈ
ਨਿਤ ਸਵਾਈ ਚੜੈ ਚੜਾਹੀ॥੨॥ (ਪੰਨਾ ੩੦੮-੩੦੯)
Leave a Reply