ਚੰਡੀਗੜ੍ਹ: ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਸਿੱਖਾਂ ਉਪਰ ਨਸਲੀ ਹਮਲਿਆਂ ਨੇ ਸਮੁੱਚੇ ਭਾਈਚਾਰੇ ਵਿਚ ਸਖ਼ਤ ਰੋਸ ਪੈਦਾ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਵੇਂ ਓਕ ਕ੍ਰੀਕ ਘਟਨਾ ਤੋਂ ਬਾਅਦ ਸਿੱਖ ਲਗਾਤਾਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੰਦੇ ਆਏ ਹਨ ਪਰ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਅਮਰੀਕਾ ਵਿਚ ਸਿੱਖਾਂ ਵਿਰੁੱਧ ਨਸਲੀ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਲੰਘੀ ਪੰਜ ਅਗਸਤ ਨੂੰ ਨਿਊਯਾਰਕ ਵਿਚ ਇਕ ਟਰੱਕ ਚਾਲਕ ਵੱਲੋਂ ਇਕ ਅਮਰੀਕੀ ਸਿੱਖ ਦੀ ਕੁੱਟਮਾਰ ਤੇ ਧੂਹ-ਘੜੀਸ ਕਰਨ ਤੋਂ ਬਾਅਦ ਸੱਤ ਅਗਸਤ ਨੂੰ ਉਸੇ ਸ਼ਹਿਰ ਵਿਚ ਇਕ ਸਿੱਖ ਫਿਜ਼ੀਸ਼ੀਅਨ ਤੇ ਉਸ ਦੀ ਮਾਂ ਉਪਰ ਨੌਜਵਾਨਾਂ ਦੇ ਇਕ ਗਰੁੱਪ ਵੱਲੋਂ ਹਮਲਾ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ ਵਿਚ ਹੋਏ ਹਾਲੀਆ ਹਮਲੇ ਵਿਚ ਹਮਲਾਵਰ ਨੇ ਉਸ ਵਿਅਕਤੀ ਦੀ ਮਾਂ ਖ਼ਿਲਾਫ਼ ਭੱਦੀ ਭਾਸ਼ਾ ਵਰਤੀ ਸੀ ਤੇ ਉਸ ਦੇ ਕੇਸਾਂ ਦਾ ਮਜ਼ਾਕ ਉਠਾਇਆ ਸੀ। ਸਿੱਖ ਯੁਵਕ ਤੇ ਉਸ ਦੀ ਮਾਂ ਨੂੰ ਕੁਝ ਲੜਕਿਆਂ ਨੇ ਘੇਰ ਲਿਆ ਤੇ ਉਨ੍ਹਾਂ ਦੇ ਉਪਰ ‘ਉਸਾਮਾ ਬਿਨ-ਲਾਦਿਨ’ ਦੇ ਫਿਕਰੇ ਕੱਸੇ ਤੇ ਨੌਜਵਾਨ ਦੇ ਮੂੰਹ ਉੱਤੇ ਘਸੁੰਨ ਮਾਰੇ ਤੇ ਉਨ੍ਹਾਂ ਨੂੰ ਅਮਰੀਕਾ ਛੱਡ ਜਾਣ ਦੀ ਚਿਤਾਵਨੀ ਦਿੱਤੀ। ਇਸ ਤਾਜ਼ਾ ਘਟਨਾ ਦੇ ਨਾਲ ਇਥੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਉਨ੍ਹਾਂ ਦੇ ਮਨਾਂ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ। ਸਿੱਖ ਨੌਜਵਾਨ ਕਿੱਤੇ ਵਜੋਂ ਡਾਕਟਰ ਹੈ। ਇਸ ਬਾਰੇ ਜਿਥੇ ਅਮਰੀਕੀ ਸਿੱਖਾਂ ਦੀ ਜਥੇਬੰਦੀ ‘ਦਿ ਸਿੱਖ ਕੋਲੀਸ਼ਨ’ ਨੇ ਆਨਲਾਈਨ ਮੁਹਿੰਮ ਆਰੰਭਣ ਤੇ ਅਮਰੀਕੀ ਕਾਂਗਰਸ (ਸੰਸਦ) ਦੇ ਮੈਂਬਰਾਂ ਨੂੰ ਨਿੱਗਰ ਕਾਰਵਾਈ ਕਰਨ ਲਈ ਝੰਜੋੜਨ ਦੀ ਕਾਰਵਾਈ ਸ਼ੁਰੂ ਕੀਤੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਨੂੰ ਦੁਨੀਆਂ ਭਰ ਵਿਚ ਵਸੇ ਸਿੱਖਾਂ ਤੋਂ ਅਪੀਲਾਂ ਮਿਲੀਆਂ ਹਨ। ਇਨ੍ਹਾਂ ਅਪੀਲਾਂ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦੀ ਨਿਵੇਕਲੀ ਪਛਾਣ ਬਾਰੇ ਦੁਨੀਆਂ ਨੂੰ ਜਾਗ੍ਰਿਤ ਕਰਨ ਲਈ ਉਚੇਚੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।
_______________________________________________
ਅਮਰੀਕੀ ਸਿੱਖ ਕਾਨੂੰਨੀ ਚਾਰਾਜੋਈ ਦੇ ਰੌਂਅ ਵਿਚ
ਚੰਡੀਗੜ੍ਹ: ਅਮਰੀਕਾ ਵਿਚ ਸਿੱਖਾਂ ਵਿਰੁੱਧ ਨਸਲੀ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਸਿੱਖ ਕੁਲੀਸ਼ਨ ਨੇ ਸਿੱਖਾਂ ਨੂੰ ਨਸਲੀ ਅਪਰਾਧਾਂ ਦਾ ਸ਼ਿਕਾਰ ਬਣਾਏ ਜਾਣ ਖ਼ਿਲਾਫ਼ ਕਾਨੂੰਨੀ ਚਾਰਾਜ਼ੋਈ ਆਰੰਭ ਦਾ ਫ਼ੈਸਲਾ ਕੀਤਾ ਹੈ।
ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਐਨæਏæਪੀæਏæ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਅਮਰੀਕਾ ਵਿਚ ਸਿੱਖਾਂ ਵਿਰੁੱਧ ਨਿੱਤ ਦਿਨ ਵਾਪਰ ਰਹੀਆਂ ਨਸਲੀ ਭੇਦਭਾਵ ਦੀਆਂ ਘਟਨਾਵਾਂ ਨੇ ਅਮਰੀਕੀ ਸਿੱਖ ਭਾਈਚਾਰੇ ਵਿਚ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਐਨæਏæਪੀæਏæ ਉੱਤਰੀ ਅਮਰੀਕਾ ਵਿਚ ਪੰਜਾਬੀਆਂ ਦੀ ਪ੍ਰਤੀਨਿਧ ਜਥੇਬੰਦੀ ਹੈ।
ਚਾਹਲ ਨੇ ਦੱਸਿਆ ਕਿ ਸਿੱਖ ਨੌਜਵਾਨ ਸੰਦੀਪ ਸਿੰਘ ਨੂੰ ਟਰੱਕ ਨਾਲ ਘੜੀਸਣ ਤੋਂ ਮਗਰੋਂ ਨਿਊਯਾਰਕ ਵਿਚ ਇਕ ਹੋਰ ਸਿੱਖ ਤੇ ਉਸ ਦੀ ਮਾਂ ‘ਤੇ ਕਿਸ਼ੋਰ ਉਮਰ ਦੇ ਇਕ ਗਰੁੱਪ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ‘ਓਸਾਮਾ ਬਿਨ ਲਾਦਿਨ’ ਕਿਹਾ। ਇਨ੍ਹਾਂ ਘਟਨਾਵਾਂ ਕਰਕੇ ਸਿੱਖ ਭਾਈਚਾਰੇ ਵਿਚ ਰੋਹ ਪੈਦਾ ਹੋ ਰਿਹਾ ਹੈ। ਚਾਹਲ ਮੁਤਾਬਕ ਪੀੜਤ ਸਿੱਖ ਫਿਜ਼ੀਸ਼ੀਅਨ ਵਿਗਿਆਨੀ ਹੈ। ਇਸ ਸਿੱਖ ਤੇ ਉਸ ਦੀ ਮਾਂ ਉੱਤੇ ਸੱਤ ਅਗਸਤ ਦੀ ਰਾਤ ਨੂੰ ਕੁਈਨਜ਼ ਵਿਚ ਹਮਲਾ ਕੀਤਾ ਗਿਆ।
ਸ਼ ਚਾਹਲ ਮੁਤਾਬਕ ਐਨæਏæਪੀæਏæ ਨੇ ਅਮਰੀਕੀ ਸਰਕਾਰ ਨੂੰ ਸਿੱਖਾਂ ਵਿਰੁੱਧ ਭੇਦਭਾਵ ਤੇ ਹਿੰਸਾ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਬੰਦ ਹੁੰਦਾ ਨਹੀਂ ਦਿਸਦਾ। ਅਜਿਹੇ ਨਸਲੀ ਅਪਰਾਧ ਸੱਭਿਆ ਅਮਰੀਕੀ ਸਮਾਜ ਦੇ ਚਿਹਰੇ ‘ਤੇ ਥੱਪੜ ਹਨ।
___________________________________________
ਅਮਰੀਕਾ ‘ਚ ਪ੍ਰਚਾਰ ਲਈ ਬਣੇਗਾ ਗਲੋਬਲ ਮਿਸ਼ਨ
ਅੰਮ੍ਰਿਤਸਰ: ਵਿਦੇਸ਼ਾਂ ਵਿਚ ਵਾਪਰ ਰਹੀਆਂ ਨਸਲੀ ਹਮਲਿਆਂ ਦੀਆਂ ਘਟਨਾਵਾਂ ਤੋਂ ਚਿੰਤਤ ਸ਼੍ਰੋਮਣੀ ਕਮੇਟੀ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿਚ ਗਲੋਬਲ ਸਿੱਖ ਮਿਸ਼ਨ ਕੇਂਦਰ ਛੇਤੀ ਹੀ ਸਥਾਪਤ ਕਰਨ ਦੀ ਇਛੁੱਕ ਹੈ ਤਾਂ ਜੋ ਇਸ ਕੇਂਦਰ ਰਾਹੀਂ ਅਮਰੀਕਾ ਤੇ ਇਸ ਦੇ ਨੇੜਲੇ ਮੁਲਕਾਂ ਵਿਚ ਸਿੱਖੀ ਪ੍ਰਚਾਰ ਦਾ ਘੇਰਾ ਵਧਾਇਆ ਜਾ ਸਕੇ। ਇਸ ਨਾਲ ਸਿੱਖ ਪਛਾਣ ਬਾਰੇ ਭੰਬਲਭੂਸਾ ਖ਼ਤਮ ਕਰਨ ਵਿਚ ਮਦਦ ਮਿਲੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੰਨਿਆ ਕਿ ਗਲੋਬਲ ਸਿੱਖ ਮਿਸ਼ਨ ਕੇਂਦਰ ਦੀ ਸਥਾਪਤੀ ਵਿਚ ਕੁਝ ਦੇਰ ਹੋਈ ਹੈ ਪਰ ਇਸ ਲਈ ਕਈ ਤਕਨੀਕੀ ਅੜਿੱਕੇ ਸਨ, ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਹੁਣ ਭਾਰਤ ਸਰਕਾਰ ਵੱਲੋਂ ਵੀ ਐਨæਓæਸੀæ (ਕੋਈ ਇਤਰਾਜ਼ ਨਹੀਂ) ਮਿਲ ਚੁੱਕੀ ਹੈ। ਕੇਂਦਰ ਵਾਸਤੇ ਲੋੜੀਂਦੀ ਥਾਂ ਵੀ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋ ਚੁੱਕੀ ਹੈ ਤੇ ਦਸਤਾਵੇਜ਼ੀ ਕਾਰਵਾਈ ਵੀ ਮੁਕੰਮਲ ਹੋ ਚੁੱਕੀ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਮਾਰਤ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਾਇਆ ਜਾਵੇਗਾ। ਜਥੇਦਾਰ ਮੱਕੜ ਨੇ ਦੱਸਿਆ ਕਿ ਗਲੋਬਲ ਸਿੱਖ ਮਿਸ਼ਨ ਕੇਂਦਰ ਲਈ ਸ਼੍ਰੋਮਣੀ ਕਮੇਟੀ ਨੂੰ 13 ਏਕੜ ਜ਼ਮੀਨ ਪ੍ਰਾਪਤ ਹੋ ਚੁੱਕੀ ਹੈ, ਜੋ ਕੈਲੀਫੋਰਨੀਆ ਵਾਸੀ ਦੀਦਾਰ ਸਿੰਘ ਬੈਂਸ ਵੱਲੋਂ ਭੇਟ ਕੀਤੀ ਗਈ ਹੈ।
ਕੇਂਦਰ ਨੂੰ ਚਲਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਕਮੇਟੀ ਦੀ ਸਥਾਪਨਾ ਵੀ ਕੀਤੀ ਗਈ ਹੈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੂæਐਸ਼ਏ ਇੰਕ ਦਾ ਨਾਂ ਦਿੱਤਾ ਗਿਆ ਹੈ। ਇਸ ਕਮੇਟੀ ਵਿਚ ਜਥੇਦਾਰ ਅਵਤਾਰ ਸਿੰਘ, ਰਘੁਜੀਤ ਸਿੰਘ ਵਿਰਕ, ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਮੋਹਨ ਸਿੰਘ ਭੰਗੀ ਤੇ ਦੀਦਾਰ ਸਿੰਘ ਬੈਂਸ ਤੇ ਉਨ੍ਹਾਂ ਦੇ ਬੇਟੇ ਨੂੰ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਨਸਲੀ ਹਮਲਿਆਂ ਤੋਂ ਫਿਕਰਮੰਦ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਨਸਲੀ ਹਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਸਬੰਧਤ ਮੁਲਕਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਨ ਲਈ ਅਪੀਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਨਵੀਂ ਦਿੱਲੀ ਸਥਿਤ ਅਮਰੀਕੀ ਸਫ਼ਾਰਤਖਾਨੇ ਦੇ ਅਧਿਕਾਰੀ ਕੈਥਲੀਨ ਸਟੈਫਨ ਅਤੇ ਨਿਊਜ਼ੀਲੈਂਡ ਸਫ਼ਾਰਤਖਾਨੇ ਦੇ ਹਾਈ ਕਮਿਸ਼ਨਰ ਨੂੰ ਪੱਤਰ ਭੇਜ ਕੇ ਇਸੇ ਮਸਲੇ ਬਾਰੇ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ।
Leave a Reply