ਬੇਕਿਰਕ ਸਿਆਸਤ ਤੇ ਕਸਾਬ ਦਾ ਦਰਦ

ਹਰਜਿੰਦਰ ਦੁਸਾਂਝ
ਕੁਝ ਦਿਨ ਪਹਿਲਾਂ ਹੀ ਮੇਰੀ ਇਕ ਪੱਤਰਕਾਰ ਦੋਸਤ ਕੁੜੀ ਨੇ ਕਿਹਾ ਸੀ ਕਿ ਉਸ ਨੂੰ ਬੰਬਈ ‘ਤੇ ਅਤਿਵਾਦੀ ਹਮਲਾ ਕਰਨ ਵਾਲੇ ਅਤਿਵਾਦੀ ਕਸਾਬ ਦਾ ਚਿਹਰਾ ਬੜਾ ਸੋਹਣਾ ਲਗਦੈ। ਮੈਂ ਉਸ ਦੀ ਇਸ ਗੱਲ ਵੱਲ ਬਹੁਤਾ ਧਿਆਨ ਨਾ ਦੇ ਸਕਿਆ। ਮੈਂ ਸਿਰਫ ਇੰਨਾ ਹੀ ਕਿਹਾ ਕਿ ਹੋ ਸਕਦਾ ਹੈ, ਤੈਨੂੰ ਉਸ ਦੇ ਚਿਹਰੇ ‘ਚ ਕੋਈ ਮਾਸੂਮੀਅਤ ਦਿਸਦੀ ਹੋਵੇ। 21 ਨਵੰਬਰ ਦੀ ਸਵੇਰ ਮੈਨੂੰ ਉਸ ਜਾਣੂ ਪੱਤਰਕਾਰ ਦਾ ਫਿਰ ਫੋਨ ਆਇਆ ਕਿ ਕਸਾਬ ਨੂੰ ਫਾਂਸੀ ਲਾ ਦਿੱਤੀ ਗਈ ਹੈ। ਹੁਣ ਮੈਨੂੰ ਸਮਝ ਆਈ ਕਿ ਭਾਰਤ ਸਰਕਾਰ ਜਿਸ ਫਾਂਸੀ ਪ੍ਰਕਿਰਿਆ ਨੂੰ ਗੁਪਤ ਰੱਖ ਰਹੀ ਸੀ, ਉਸ ਬਾਰੇ ਇਕ ਵਿਦੇਸ਼ੀ ਪੱਤਰਕਾਰ ਨੂੰ ਕਨਸੋਅ ਮਿਲ ਚੁੱਕੀ ਸੀ ਤੇ ਉਹ ਆਪਣੀ ਰਿਪੋਰਟ ਲਈ ਕੋਈ ਜਾਣਕਾਰੀ ਹਾਸਲ ਕਰਨ ਲਈ ਮੇਰੇ ਨਾਲ ਉਸ ਦੀ ਅਗਾਊਂ ਗੱਲ ਕਰ ਰਹੀ ਸੀ। ਉਸ ਦੇ ਫੋਨ ਤੋਂ ਬਾਅਦ ਮੈਂ ਨੈਟ ਉਪਰ ਭਾਰਤ ਬਾਰੇ ਖ਼ਬਰਾਂ ਦੇਖੀਆਂ। ਫਾਂਸੀ ਵਾਲੀ ਖ਼ਬਰ ਸਭ ਤੋਂ ਉਪਰ ਸੀ। ਮੈਂ ਇਸ ਖ਼ਬਰ ‘ਚ ਬਹੁਤੀ ਦਿਲਚਸਪੀ ਨਾ ਲੈ ਸਕਿਆ। ਸਰਸਰੀ ਨਜ਼ਰ ਮਾਰੀ ਅਤੇ ਨੈਟ ਬੰਦ ਕਰ ਕੇ ਆਪਣੇ ਨਿੱਤ ਦੇ ਕੰਮਾਂ ‘ਚ ਗੁਆਚ ਗਿਆ।
21 ਨਵੰਬਰ ਦੇ ਦਿਨ ਕਿਸੇ ਕੰਮ ਮੈਂ ਪੈਨਸਿਲਵੇਨੀਆ ਦੀ ਕਲੇਰੀਅਨ ਯੂਨੀਵਰਸਿਟੀ ਗਿਆ ਸਾਂ। ਸਾਰਾ ਦਿਨ ਉਥੇ ਹੀ ਲੰਘ ਗਿਆ ਤੇ ਜਦੋਂ ਮੈਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ‘ਚੋਂ ਬਾਹਰ ਨਿਕਲਿਆ ਤਾਂ ਪੱਛਮ ‘ਚ ਸੂਰਜ ਅੱਗ ਦੇ ਗੋਲੇ ਤੋਂ ਸੰਧੂਰੀ ਰੰਗ ਦੇ ਕਿਸੇ ਵੱਡੇ ਬਾਸਕਿਟਬਾਲ ਦੀ ਸ਼ਕਲ ‘ਚ ਵੱਟ ਚੁਕਿਆ ਸੀ। ਕੁਝ ਪਲਾਂ ਲਈ ਮੈਂ ਪਹਾੜੀ ‘ਤੇ ਬਣੀ ਬਿਲਡਿੰਗ ਤੋਂ ਡੁੱਬਦੇ ਸੂਰਜ ਦਾ ਕੁਦਰਤੀ ਨਜ਼ਾਰਾ ਦੇਖਦਾ ਰਿਹਾ। ਡੁੱਬਦੇ ਸੂਰਜ ਦੀ ਲਾਲੀ ਬੜੇ ਲੰਬੇ ਸਮੇਂ ਪਿੱਛੋਂ ਦੇਖ ਰਿਹਾ ਸਾਂ। ਅਸਤ ਹੋ ਰਹੇ ਸੂਰਜ ਨੂੰ ਤੱਕਦਿਆਂ ਮੈਂ ਆਪਣੇ ਬਚਪਨ ‘ਚ ਗੁਆਚ ਗਿਆ। ਜਦੋਂ ਮੈਂ ਆਪਣੇ ਖੇਤਾਂ ‘ਚ ਆਪਣੇ ਬਾਬੇ-ਪੜਦਾਦੇ ਨਾਲ ਇਸ ਤਰ੍ਹਾਂ ਖੜ੍ਹਾ ਸੂਰਜ ਦੀ ਲਾਲੀ ਦੇਖਦਾ ਹੁੰਦਾ ਸਾਂ ਤੇ ਇਸ ਨੂੰ ਫੜਨਾ ਲੋਚਦਾ ਸਾਂ। ਉਸ ਵਕਤ ਬੇਖ਼ਬਰ ਸਾਂ ਕਿ ਸੂਰਜ ਨੂੰ ਫੜਿਆ ਨਹੀਂ ਜਾ ਸਕਦਾ। ਇਹ ਤਾਂ ਅੱਗ ਹੈ। ਜਿਹੜਾ ਵੀ ਇਸ ਨੂੰ ਫੜਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਇਹ ਭਸਮ ਕਰ ਦੇਵੇਗਾ। ਸੋਚਦਿਆਂ-ਦੇਖਦਿਆਂ ਸੂਰਜ ਅਲੋਪ ਹੋ ਗਿਆ। ਦਰਖ਼ਤਾਂ ਦੇ ਪ੍ਰਛਾਵੇਂ ਹਨੇਰੇ ਵਿਚ ਬਦਲ ਗਏ। ਬਿਜਲੀ ਦੇ ਬਲਬ ਮਨਸੂਈ ਚਾਨਣ ਨਾਲ ਹਨੇਰੇ ਨੂੰ ਡਰਾਉਣ ਤੇ ਭਜਾਉਣ ਲੱਗੇ। ਇਸ ਉਚੀ ਥਾਂ ਤੋਂ ਮੈਨੂੰ ਹਾਈਵੇ 80 ‘ਤੇ ਇਸ ਨਾਲ ਮਿਲਦੀਆਂ ਇਸ ਦੀਆਂ ਸਹਾਇਕ ਸੜਕਾਂ ਉਤੇ ਦੌੜਦੀਆਂ ਕਾਰਾਂ ਸਪਸ਼ਟ ਦਿਸ ਰਹੀਆਂ ਸਨ। ‘ਥੈਂਕਸ ਗਿਵਿੰਗ’ ਵਾਲਾ ਤਿਉਹਾਰ ਹੋਣ ਕਰ ਕੇ ਸੜਕਾਂ ਉਤੇ ਬੇਸ਼ੁਮਾਰ ਟਰੈਫਿਕ ਸੀ। ਉਚੇ ਥਾਂ ਤੋਂ ਦੇਖਦਿਆਂ ਮੈਨੂੰ ਸੜਕਾਂ ‘ਤੇ ਦੌੜਦੀਆਂ ਕਾਰਾਂ ਮੈਨੂੰ ਇੰਜ ਲੱਗਣ ਲੱਗੀਆਂ ਜਿਵੇਂ ਕੀੜੀਆਂ ਦੇ ਭੌਣ ‘ਤੇ ਕੀੜੀਆਂ ਦੌੜਦੀਆਂ ਫਿਰਦੀਆਂ ਹੋਣ। ਇਨ੍ਹਾਂ ਕੀੜੀਆਂ ਦਾ ਵੀ ਧਰਤ ਉਤੇ ਬੰਦੇ ਜਿਨ੍ਹਾਂ ਹੱਕ ਹੈ ਪਰ ਆਪਣੇ ਘਰ ਦੇ ਆਸ-ਪਾਸ ਕੀੜੀਆਂ ਦੇਖ ਕੇ ਬੰਦਾ ਕੀੜੀਆਂ ਦਾ ਖੁਰਾ-ਖੋਜ ਮਿਟਾਉਣ ਤੁਰ ਪੈਂਦਾ ਹੈ। ਇਸ ਨੂੰ ਉਹ ਆਪਣਾ ਹੱਕ ਸਮਝਦਾ ਹੈ, ਖੁਦ ਨੂੰ ਇਸ ਧਰਤ ਦਾ ਮਾਲਕ ਪਰ ਅੰਦਰੋਂ ਉਸ ਦੇ ਮਨ ‘ਚ ਕੀੜੀਆਂ ਦੇ ਕਈ ਡਰ ਹੁੰਦੇ ਹਨ।
ਘਰ ਪਹੁੰਚ ਕੇ ਹਨੇਰੇ ‘ਚ ਘਿਰਿਆ ਮਨਸੂਈ ਰੋਸ਼ਨੀ ‘ਚ ਬੈਠਾ ਮੁੜ ਲੈਪਟਾਪ ‘ਤੇ ਨੈਟ ਖੋਲ੍ਹਦਾ ਹਾਂ। ਪਹਿਲਾਂ ਬੀæਬੀæਸੀ ਦੀ ਵੈਬ ‘ਤੇ ਜਾ ਕੇ ਏਸ਼ੀਅਨ ਸੈਕਸ਼ਨ ਕਲਿੱਕ ਕਰਦਾ ਹਾਂ। ਸਭ ਤੋਂ ਉਪਰ ਕਸਾਬ ਨੂੰ ਫਾਂਸੀ ਦੀ ਖ਼ਬਰ ਦੀ ਸੁਰਖੀ ਹੈ। ਹੇਠਾਂ ਉਸ ਦੇ ਚਿਹਰੇ ਦੀ ਫੋਟੋ ਹੈ। ਉਸ ਦੀਆਂ ਅੱਧੀਆਂ ਅੱਖਾਂ ਖੁੱਲ੍ਹੀਆਂ ਹਨ ਤੇ ਅੱਧੀਆਂ ਬੰਦ। ਉਹ ਹੁਣ ਤੱਕ ਇਸ ਧਰਤੀ ਤੋਂ ਜਾ ਚੁੱਕਾ ਹੈ। ਮੈਂ ਉਸ ਦੀ ਫੋਟੋ ‘ਚ ਅੱਧ ਖੁੱਲ੍ਹੀਆਂ ਅੱਖਾਂ ‘ਚੋਂ ਟੁੱਟ ਗਏ ਉਨ੍ਹਾਂ ਗੁਲਾਬੀ ਸੁਪਨਿਆਂ ਦੀ ਰੜਕ ਦੀ ਲਾਲੀ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਜਿਨ੍ਹਾਂ ਗੁਲਾਬੀ ਸੁਪਨਿਆਂ ਦੀ ਮ੍ਰਿਗ ਤ੍ਰਿਸ਼ਨਾ ਮਗਰ ਦੌੜਦਿਆਂ ਉਹ ਬਾਰੂਦ ਬਣ ਕੇ ਇਨਸਾਨ ਹੁੰਦਿਆਂ ਇਨਸਾਨੀਅਤ ਦਾ ਕਾਤਲ ਬਣ ਗਿਆ। ਉਸ ਦੀ ਫੋਟੋ ਦੇਖਦਿਆਂ ਮੈਂ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ‘ਚ ਗੁਆਚ ਗਿਆ। ਮੈਨੂੰ ਕਸਾਬ ਪੰਜਾਬ ਦੇ ਕਿਸੇ ਪਿੰਡ ਦੀਆਂ ਗਲੀਆਂ ‘ਚ ਪਿੰਡ ਦੇ ਸਧਾਰਨ ਲੋਕਾਂ ਦੇ ਗੰਵਾਰ ਜਿਹੇ ਬੱਚਿਆਂ ਨਾਲ ਸਾਇਕਲ ਦਾ ਟਾਇਰ ਦੌੜਾਉਂਦਾ ਦਿਸਣ ਲੱਗਾ। ਟਾਇਰ ਮਗਰ ਦੌੜਦਿਆਂ ਉਸ ਦਾ ਕੱਦ ਵੱਡਾ ਹੁੰਦਾ ਗਿਆ। ਅਚਾਨਕ ਉਹ ਇਕ-ਅੱਧ ਢਹੇ ਕੱਚੇ ਘਰ ਦੀ ਕੰਧ ਅੱਗੇ ਖੜ੍ਹਾ ਦਿਖਾਈ ਦਿੰਦਾ ਹੈ। ਤਰੇੜਾਂ ਵਾਲੀ ਕੱਚੀ ਕੰਧ ਸਾਹਮਣੇ ਖੜ੍ਹੇ 17-18 ਸਾਲਾਂ ਦੇ ਚਿਹਰੇ ਵਿਚੋਂ ਮੈਨੂੰ ਮੇਰੇ ਪੁੱਤ ਦਾ ਚਿਹਰਾ ਨਜ਼ਰ ਆਉਂਦਾ ਹੈ। ਮੈਂ ਘਬਰਾ ਜਾਂਦਾ ਹਾਂ। ਅਚਾਨਕ ਇਸ ਕੱਚੇ ਘਰ ਦੀਆਂ ਤਰੇੜਾਂ ਵਿਚਲੀ ਇਕ ਖਿੜਕੀ ‘ਚੋਂ ਆਵਾਜ਼ ਆਉਂਦੀ ਹੈ। ਖਿੜਕੀ ਖੁੱਲ੍ਹਦੀ ਹੈ ਤੇ ਖਿੜਕੀ ‘ਚੋਂ ਸ਼ੈਤਾਨ ਚਿਹਰਾ ਮੁਸਕਰਾਉਂਦਾ ਹੈ। ਉਹ ਮੇਰੇ ਪੁੱਤਰ ਦੇ ਚਿਹਰੇ ਵਰਗੇ ਅੱਲੜ ਮੁੰਡੇ ਦੀ ਮਾਂ ਦੀਆਂ ਹਥੇਲੀਆਂ ਅਤੇ ਪੈਰਾਂ ‘ਚ ਪਾਟੀਆਂ ਬਿਆਈਆਂ ਦੀ ਤੁਲਨਾ ਉਸ ਦੇ ਘਰ ਦੀਆਂ ਕੰਧਾਂ ਨੂੰ ਆਈਆਂ ਤਰੇੜਾਂ ਨਾਲ ਕਰਣ ਲੱਗ ਜਾਂਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਆਪਣੀ ਮਾਂ ਦੇ ਸਿਰ ‘ਤੇ ਪਿਆ ਗੋਹੇ ਦਾ ਟੋਕਰਾ ਆਪਣੇ ਸਿਰ ਉਤੇ ਬੋਝ ਲੱਗਣ ਲੱਗਦਾ ਹੈ। ਸ਼ੈਤਾਨ ਦੀਆਂ ਗੱਲਾਂ ਸੁਣਦਿਆਂ ਉਸ ਨੂੰ ਆਪਣੇ ਸੱਜੇ ਪਾਸੇ ਅਧੋਰਾਣੇ ਕੱਪੜਿਆਂ ‘ਚ ਸਿਰ ‘ਤੇ ਗੋਹੇ ਦਾ ਟੋਕਰਾ ਚੁੱਕੀ ਆਪਣੀ ਮਾਂ ਦਿਸਦੀ ਹੈ ਤੇ ਖੱਬੇ ਪਾਸੇ ਮਖਮਲੀ ਕੱਪੜਿਆਂ ਤੇ ਫੁੱਲਾਂ ਲੱਦੀ ‘ਬਹਿਸ਼ਤ ਦੀ ਹੂਰ’ ਦਿਖਾਈ ਦਿੰਦੀ ਹੈ। ਸ਼ੈਤਾਨ ਸਾਹਮਣੇ ਬੰਦ ਪਏ ਖੋਲ੍ਹੇ ਵਰਗੇ ਘਰ ਵੱਲ ਇਸ਼ਾਰਾ ਕਰਦਾ ਹੈ। ਪੰਜਾਬ ਦਾ ਇਕ ਸਧਾਰਨ ਗੰਵਾਰ ਮੁੰਡਾ ਉਸ ਘਰ ਵੱਲ ਪੈਰ ਪੁੱਟਦਾ ਹੈ। ਸਾਹਮਣੇ ਬੀਆਬਾਨ ਬਣੇ ਘਰ ਦਾ ਦਰਵਾਜ਼ਾ ਖੁੱਲ੍ਹਦਾ ਹੈ। ਘਰ ਅੰਦਰ ਹਨੇਰਾ ਹੀ ਹਨੇਰਾ ਹੈ। ਹਨੇਰੇ ‘ਚ ਕੋਈ ਲਾਟ ਜਿਹੀ ਨਜ਼ਰੀਂ ਪੈਂਦੀ ਹੈ। ਮੁੰਡਾ ਲਾਟ ਵੱਲ ਵਧਦਾ ਹੈ ਤੇ ਗੁੰਮਸੁੰਮ ਘਰ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ। ਮੈਂ ਉਸ ਬੰਦ ਦਰਵਾਜ਼ੇ ਵੱਲ ਤੱਕ ਰਿਹਾ ਹੁੰਦਾ ਹਾਂ ਤੇ ਦੇਖਦਾ ਹਾਂ ਕਿ ਇਹ ਕਦੋਂ ਖੁੱਲ੍ਹੇਗਾ?
ਅਚਾਨਕ ਮੇਰਾ ਸਾਥੀ ਬੋਰਿਸ ਪਿੱਛੋਂ ਆ ਕੇ ਮੇਰਾ ਮੋਢਾ ਹਿਲਾਉਂਦਾ ਹੈ। ਇੰਜ ਲੱਗਾ ਜਿਵੇਂ ਮੇਰਾ ਕੋਈ ਸੁਪਨਾ ਟੁੱਟ ਗਿਆ ਹੋਵੇ। ਉਸ ਨੂੰ ਗਿਲਾ ਸੀ ਕਿ ਉਹ ਕਿੰਨੀ ਦੇਰ ਤੋਂ ਮੈਨੂੰ ਲੱਭ ਰਿਹਾ ਸੀ ਕਿਉਂਕਿ ਉਹ ‘ਥੈਂਕਸ ਗਿਵਿੰਗ’ ਹੋਣ ਕਰ ਕੇ ਛੇਤੀ ਘਰ ਜਾਣਾ ਚਾਹੁੰਦਾ ਸੀ। ਉਹ ਸੋਵੀਅਤ ਯੂਨੀਅਨ ਦਾ ਸੂਬਾ ਰਹੇ ਅਤੇ ਹੁਣ ਵੱਖਰੇ ਦੇਸ਼ ਯੂਕਰੇਨ ਦਾ ਜੰਮਪਲ ਹੈ। ਅਗਲੇ ਪਲ ਉਸ ਕਿਹਾ ਕਿ ਮੈਂ ਉਦਾਸ ਜਿਹਾ ਲੱਗ ਰਿਹਾਂ, ਤੇ ਨਾਲ ਹੀ ਕਹਿਣ ਲੱਗਾ-‘ਥੈਂਕਸਗਿਵਿੰਗ’ ਉਸ ਲਈ ਕੋਈ ਖਾਸ ਤਿਉਹਾਰ ਤਾਂ ਨਹੀਂ, ਪਰ ਮੇਰੇ ਬੱਚੇ ਅਮਰੀਕਨ ਹਨ, ਉਨ੍ਹਾਂ ਦੀ ਖ਼ੁਸ਼ੀ ਲਈ ਹੀ ਮੈਂ ਟਰਕੀ ਤੇ ਹੋਰ ਨਿੱਕ-ਸੁੱਕ ਲਿਆਉਣਾ ਹੈ। ਕੱਲ੍ਹ ਸਟੋਰ ਬੰਦ ਹੋ ਜਾਣਗੇ। ਇਸ ਲਈ ਕਾਹਲਾ ਸਾਂ ਪਰ ਹੁਣ ਮੈਂ ਹੋਰ ਅੱਧਾ ਘੰਟਾ ਇੱਥੇ ਹੀ ਤੇਰੇ ਕੋਲ ਬੈਠ ਕੇ ਬਿਤਾਵਾਂਗਾ। ਉਹ ਮੇਰੇ ਖੁੱਲ੍ਹੇ ਲੈਪਟਾਪ ‘ਤੇ ਕਸਾਬ ਦੀ ਫੋਟੋ ਦੇਖਦਾ ਹੈ। ਦੁਨੀਆਂ ‘ਚ ਫੈਲੇ ਅਤਿਵਾਦ ਤੇ ਇਸ ਦੇ ਸਮੁੱਚੇ ਵਰਤਾਰੇ ਬਾਰੇ ਗੱਲਾਂ ਹੁੰਦੀਆਂ ਹਨ ਪਰ ਇਹ ਗੱਲਾਂ ਮੈਨੂੰ ਭਾਵੁਕਤਾ ਦੇ ਦਾਇਰੇ ‘ਚੋਂ ਬਾਹਰ ਨਾ ਕੱਢ ਸਕੀਆਂ।
ਫਾਂਸੀ ਦੇ ਤਖ਼ਤੇ ‘ਤੇ ਜਾਣ ਤੋਂ ਪਹਿਲਾਂ ਕਸਾਬ ਨੂੰ ਉਸ ਦੀ ਆਖਰੀ ਖ਼ਾਹਿਸ਼ ਪੁੱਛੀ ਗਈ ਤਾਂ ਉਸ ਨੇ ਸਿਰਫ਼ ਇਹੋ ਕਿਹਾ ਕਿ ਬੱਸ, ਮੇਰੀ ਅੰਮੀ ਨੂੰ ਮੇਰੀ ਮੌਤ ਬਾਰੇ ਦੱਸ ਦਿਓ? ਗਲ ‘ਚ ਫਾਂਸੀ ਦਾ ਰੱਸਾ ਪੈਣ ਤੋਂ ਪਹਿਲਾਂ ਉਸ ਦੇ ਆਖਰੀ ਸ਼ਬਦ ਸਨ-‘ਖੁਦਾ ਕਸਮ, ਖੁਦਾ ਕਸਮ, ਖੁਦਾ! ਕਦੇ ਮੁੜ ਐਸੀ ਗਲਤੀ ਨਾ ਹੋਵੇ।’ ਇਹ ਸ਼ਬਦ ਕਿਸੇ ਕਾਤਲ ਦੇ ਨਹੀਂ, ਕਿਸੇ ਮਾਸੂਮ ਪੰਜਾਬੀ ਦੇ ਹਨ। ਮੇਰੇ ਮਨ ‘ਚ ਸਭ ਤੋਂ ਵੱਡਾ ਸਵਾਲ ਉਠਦਾ ਹੈ ਕਿ ਕਸਾਬ ਦੀ ਮੌਤ ਨਾਲ ਉਨ੍ਹਾਂ ਲੋਕਾਂ ਨੂੰ ਕੀ ਕੋਈ ਸਬਕ ਮਿਲਿਆ ਜਿਨ੍ਹਾਂ ਨੇ ਉਸ ਦੀ ਮਾਂ ਦੀ ਤਰਸਯੋਗ ਹਾਲਤ, ਗਰੀਬੀ ਤੇ ਜਹਾਲਤ ਦਾ ਵਾਸਤਾ ਪਾ ਕੇ ਅਤੇ ਬਹਿਸ਼ਤ ਦੀਆਂ ਹੂਰਾਂ ਵਰਗੇ ਸਬਜ਼ਬਾਗ ਦਿਖਾ ਕੇ ਕੋਰੇ ਮਨ ਦੀ ਸਲੇਟ ਉਤੇ ਨਫ਼ਰਤ ਉਕਰ ਦਿੱਤੀ ਸੀ। ਉਸ ਨਾਲ ਸ਼ੈਤਾਨ ਨੇ ਹੈਵਾਨ ਦੇ ਭੇਸ ਵਿਚ ਵਾਅਦਾ ਕੀਤਾ ਸੀ ਕਿ ਜਿਸ ਰਸਤੇ ਉਹ ਜਾ ਰਿਹਾ ਹੈ, ਉਸੇ ਰਸਤੇ ਜਿਉਂਦਾ ਵਾਪਸ ਲਿਆਂਦਾ ਜਾਵੇਗਾ। ਆਉਂਦਿਆਂ ਹੀ ਉਸ ਦੇ ਪਰਿਵਾਰ ਦੇ ਸਭ ਕਸ਼ਟ ਮੁੱਕ ਜਾਣਗੇ ਤੇ ਉਹ ਆਪਣੇ ਪਰਿਵਾਰ ਖਾਤਰ ਹੱਥਾਂ ‘ਚ ਬਰੂਦ ਫੜ ਕੇ ਦੂਜਿਆਂ ਦੇ ਪਰਿਵਾਰ ਬਰਬਾਦ ਕਰਨ ਤੁਰ ਪਿਆ। ਜਿਹੜੇ ਲੋਕਾਂ ਨੇ ਉਸ ਨੂੰ ਗੁਲਾਬੀ ਸੁਪਨੇ ਦਿਖਾ ਕੇ ਉਸ ਦੇ ਹੱਥੀਂ ਹਥਿਆਰ ਫੜਾ ਕੇ ਅੰਦਰੋਂ ਬਾਰੂਦ ਬਣਾਇਆ, ਉਨ੍ਹਾਂ ਨੇ ਉਸ ਦੀ ਪਛਾਣ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਪਾਕਿਸਤਾਨ ਦੀ ਸਰਕਾਰ ਸਮੇਤ ਕੋਈ ਉਸ ਦੀ ਲਾਸ਼ ਲੈਣ ਵੀ ਨਾ ਆਇਆ। ਭਾਰਤ ਦੇ ਰਾਸ਼ਟਰਪਤੀ ਨੇ ਅਜੇ ਦੋ ਹਫ਼ਤੇ ਪਹਿਲਾਂ ਹੀ ਉਸ ਦੀ ਰਹਿਮ ਦੀ ਅਪੀਲ ਖਾਰਜ ਕੀਤੀ ਸੀ ਤੇ ਪੰਦਰਾਂ ਦਿਨਾਂ ‘ਚ ਹੀ ਕਸਾਬ ਨੂੰ ਫਾਂਸੀ ਲਾ ਦਿੱਤੀ ਗਈ। ਕਸਾਬ ਤੋਂ ਪਹਿਲਾਂ 116 ਬੰਦੇ ਹੋਰ ਹਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ। ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀਆਂ ਰਹਿਮ ਦੀਆਂ ਅਪੀਲਾਂ ਰੱਦ ਹੋ ਚੁੱਕੀਆਂ ਹਨ। ਕਈਆਂ ਦੀ ਰਹਿਮ ਦੀ ਅਪੀਲ ਰੱਦ ਹੋਇਆਂ ਪੰਜ ਸਾਲ ਹੋ ਚੁੱਕੇ ਹਨ ਜਿਨ੍ਹਾਂ ਨੂੰ ਅਜੇ ਤੱਕ ਫਾਂਸੀ ਨਹੀਂ ਲਾਇਆ ਗਿਆ, ਪਰ ਕਸਾਬ ਨੂੰ ਝਟਪੱਟ ਫਾਂਸੀ ਦੇਣਾ  ਕੀ ਰਾਜਨੀਤੀ ਨਹੀਂ? ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਹੋਈ ਹੈ। ਅੱਗੇ ਕਈ ਸੂਬਿਆਂ ‘ਚ ਚੋਣਾਂ ਆ ਰਹੀਆਂ ਹਨ; ਤਾਂ ਕੀ ਲੋਕਾਂ ਦਾ ਧਿਆਨ ਦੂਜੇ ਪਾਸੇ ਖਿੱਚਣ ਲਈ ਹੀ ਸੰਸਦ ਦੇ ਸਮਾਗਮ ਤੋਂ ਕੁਝ ਦਿਨ ਪਹਿਲਾਂ ਕਸਾਬ ਨੂੰ ਫਾਹੇ ਨਹੀਂ ਲਾਇਆ ਗਿਆ? ਲਗਦਾ ਹੈ ਕਿ ਭੋਲਾ ਭਾਲਾ ਪੰਜਾਬੀ ਗੱਭਰੂ ਕਸਾਬ ਪਾਕਿਸਤਾਨ ‘ਚ ਵੀ ਅਤੇ ਭਾਰਤ ‘ਚ ਵੀ ਸੌੜੀ ਸਿਆਸਤ ਦੀ ਭੇਟ ਚੜ੍ਹਿਆ ਹੈ।
ਕਸਾਬ ਨੂੰ ਫਾਂਸੀ ਤੋਂ ਬਾਅਦ ਕੁਝ ਪੱਤਰਕਾਰ ਉਸ ਦੇ ਪਰਿਵਾਰ ਨਾਲ, ਉਸ ਦੀ ਮਾਂ ਨਾਲ ਗੱਲ ਕਰਨ ਲਈ ਉਸ ਦੇ ਪਿੰਡ ਫਰੀਦਕੋਟ (ਪਾਕਿਸਤਾਨ) ਜਾਣਾ ਚਾਹੁੰਦੇ ਸਨ ਪਰ ਪਾਕਿਸਤਾਨ ਦੀ ਪੁਲਿਸ ਸਿਵਲ ਵਰਦੀ ‘ਚ ਪਿੰਡ ਦੀ ਘੇਰਾਬੰਦੀ ਕਰੀ ਖੜ੍ਹੀ ਸੀ। ਉਨ੍ਹਾਂ ਪੱਤਰਕਾਰਾਂ ਨੂੰ ਪਿੰਡ ਹੀ ਨਹੀਂ ਵੜਨ ਦਿੱਤਾ। ਸਵੇਰੇ ਸੁਵਖਤੇ ਹੀ ਬੀæਬੀæਸੀæ ਦੀ ਇਕ ਪੱਤਰਕਾਰ ਕਸਾਬ ਦੇ ਘਰ ਜਾਣ ‘ਚ ਸਫ਼ਲ ਹੋ ਗਈ ਪਰ ਪਿੰਡ ਦੇ ਕੁਝ ਚੌਧਰੀਆਂ ਨੇ ਉਸ ਨੂੰ ਬੇਇੱਜ਼ਤ ਕਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਕਸਾਬ ਉਸ ਪਿੰਡ ਦਾ ਹੈ ਹੀ ਨਹੀਂ ਸੀ, ਤੇ ਦੱਸਿਆ ਗਿਆ ਕਿ ਜਿਹੜਾ ਘਰ ਕਸਾਬ ਦਾ ਦੱਸਿਆ ਜਾਂਦਾ ਹੈ, ਉਸ ਘਰ ਕੋਈ ਨਵਾਂ ਪਰਿਵਾਰ ਰਹਿ ਰਿਹਾ ਹੈ। ਸਵਾਲ ਉਠਦਾ ਹੈ ਕਿ ਫਿਰ ਕਸਾਬ ਦਾ ਪਰਿਵਾਰ ਕਿੱਥੇ ਰਹਿੰਦੈ? ਉਸ ਦਾ ਕੀ ਹਾਲ ਹੈ? ਉਸ ਦੀ ਮਾਂ ਦਾ ਕੀ ਹਾਲ ਹੈ? ਕੀ ਉਸ ਨੂੰ ਪੁੱਤ ਦੀ ਮੌਤ ਦੀ ਖ਼ਬਰ ਹੈ? ਹਾਂ, ਸ਼ਾਇਦ ਰਾਜਨੀਤੀ ਇਕ ਮਾਂ ਨੂੰ ਆਪਣੇ ਜਿਗਰ ਦੇ ਟੁਕੜੇ ਦੀ ਮੌਤ ‘ਤੇ ਵੀ ਵੈਣ ਵੀ ਨਹੀਂ ਪਾਉਣ ਦੇ ਰਹੀ। ਸ਼ਾਇਦ ਮਾਂ ਉਸੇ ਦਿਨ ਮਰ ਗਈ ਸੀ ਜਦ ਉਸ ਦਾ ਪੁੱਤ ਮਾਂ ਦੀ ਮੁਕਤੀ ਦਾ ਸਬਜ਼ਬਾਗ ਦੇਖ ਕੇ ਬਰੂਦ ਬਣ ਕੇ ਘਰੋਂ ਨਿਕਲ ਤੁਰਿਆ ਸੀ।
ਅਚਾਨਕ ਬੋਰਿਸ ਦੇ ਘਰੋਂ ਫੋਨ ਆਉਂਦਾ। ਫੋਨ ਸੁਣ ਅਸੀਂ ਕਾਰ ਵੱਲ ਤੁਰ ਪਏ। ਮੈਂ ਕਾਰ ਚਲਾਉਣ ਲੱਗਾ ਤੇ ਉਹ ਮੇਰੇ ਨਾਲ ਦੀ ਸੀਟ ਉਤੇ ਬੈਠਾ ਲਗਾਤਾਰ ਬੋਲ ਰਿਹਾ ਸੀ, ਤੇ ਮੈਂ ਹਾਂ-ਹੂੰ ਦਾ ਹੁੰਗਾਰਾ ਭਰਦਾ ਰਿਹਾ। ਸਫ਼ਰ ਦੌਰਾਨ ਗੱਲ ਦਾ ਵਿਸ਼ਾ ਹਿੰਦ-ਪਾਕਿ ਰਿਸ਼ਤਿਆਂ ਤੋਂ ਕੌਮਾਂਤਰੀ ਭਾਈਚਾਰਕ ਸਾਂਝ ਬਣ ਗਿਆ। ਉਸ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਅਤੇ ਮਨੁੱਖੀ ਮੁਕਤੀ ਦੀ ਸਲਾਮਤੀ ਦੇ ਨਾਂ ਉਤੇ ਸਟਾਲਿਨ ਵੱਲੋਂ ਕੀਤੀ ਮਨੁੱਖੀ ਕਤਲੋਗਾਰਤ ਦੀਆਂ ਅਨੇਕਾਂ ਕਹਾਣੀਆਂ ਸੁਣਾਈਆਂ। ਉਸ ਨੂੰ ਲਾਹ ਕੇ ਘਰ ਵੱਲ ਮੁੜਦਿਆਂ, ਮੇਰੇ ਮਨ ਦੀ ਸੂਈ ਮੁੜ ਕਸਾਬ ‘ਤੇ ਜਾ ਟਿੱਕੀ। ਸੋਚ ਰਿਹਾ ਸਾਂ ਕਿ ਰਾਜਨੀਤੀ ਨੇ ਕਸਾਬ ਨੂੰ ਇਨਸਾਨ ਤੋਂ ਪਹਿਲਾਂ ਮੁਸਲਮਾਨ ਜਾਂ ਪਾਕਿਸਤਾਨੀ ਬਣਾ ਦਿੱਤਾ।
ਘਰ ਵੜਿਆ ਤਾਂ ਯੂਬਾ ਸਿਟੀ ਤੋਂ ਮੇਰੇ ਪਰਮ ਮਿੱਤਰ ਅਤੇ ਫਾਂਸੀ ਦੀ ਸਜ਼ਾ ਪਾ ਚੁੱਕੇ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਜਤਿੰਦਰਪਾਲ ਸਿੰਘ ਭੁੱਲਰ ਦਾ ਫੋਨ ਆਇਆ। ਮੈਂ ਚਾਹੁੰਦਾ ਹੋਇਆ ਵੀ ਫੋਨ ਨਹੀਂ ਚੁੱਕ ਸਕਿਆ। ਉਸ ਦਾ ਚਾਰ ਵਾਰ ਫੋਨ ਆ ਚੁੱਕਿਆ ਹੈ। ਮੈਥੋਂ ਫੋਨ ਚੁੱਕਿਆ ਨਹੀਂ ਜਾਂਦਾ। ਮੈਨੂੰ ਰਾਜਨੀਤੀ ਹੱਥੋਂ ਉਜੜਿਆ ਭੁੱਲਰ ਪਰਿਵਾਰ ਦਾ ਘਰ ਨਜ਼ਰ ਆ ਰਿਹਾ ਹੈ। ਜਿਹੜੇ ਇਹ ਕਹਿ ਰਹੇ ਸਨ ਕਿ ਭੁੱਲਰ ਨੂੰ ਅਦਾਲਤ ‘ਚ ਕੇਸ ਨਹੀਂ ਲੜਨਾ ਚਾਹੀਦਾ ਕਿਉਂਕਿ ਸਿੰਘ ਕਦੇ ਈਨ ਨਹੀਂ ਮੰਨਦਾ, ਉਨ੍ਹਾਂ ਦੇ ਡਰਾਉਣੇ ਚਿਹਰੇ ਕਦੇ ਹਨੇਰੇ ‘ਚ, ਕਦੇ ਕਸਾਬ ਦੇ ਘਰ ਦੀ ਕੱਚੇ ਕੰਧ ਵਿਚਲੀ ਬਾਰੀ ‘ਚੋਂ ਦਿਸਦੇ ਹਨ। ਕਦੇ ਮੈਨੂੰ ਮੇਰੇ ਦੋਸਤ ਪ੍ਰੋæ ਭੁੱਲਰ ਅਤੇ ਛੋਟੇ ਵੀਰ ਜਤਿੰਦਰਪਾਲ ਦੀ ਮਾਤਾ ਉਪਕਾਰ ਕੌਰ ਕਸਾਬ ਦੀ ਮਾਂ ਨੂੰ ਦਿਲਾਸਾ ਦਿੰਦੀ ਨਜ਼ਰ ਆਉਂਦੀ ਹੈ। ਕਸਾਬ ਦੀ ਮਾਂ ਕਿੱਥੇ ਹੈ? ਕਿਸ ਹਾਲ ‘ਚ ਹੈ? ਪਤਾ ਨਹੀਂ; ਪਰ ਭਾਰਤ ਸਰਕਾਰ ਦਾ ਇਸਲਾਮਾਬਾਦ ਦੂਤਾਵਾਸ ਕਹਿ ਰਿਹਾ ਹੈ ਕਿ ਕਸਾਬ ਦੀ ਫਾਂਸੀ ਦੀ ਖ਼ਬਰ ਕੋਰੀਅਰ ਰਾਹੀਂ ਕਸਾਬ ਦੀ ਮਾਂ ਨੂੰ ਦੇ ਦਿੱਤੀ ਗਈ ਹੈ। ਪਾਕਿਸਤਾਨ ਸਰਕਾਰ ਖਾਮੋਸ਼ ਹੈ। ਸ਼ੈਤਾਨ ਮੁੜ ਕਹਿ ਰਿਹਾ ਹੈ ਕਿ ਕਸਾਬ ਦੇ ਨਾਂ ‘ਤੇ ਹੋਰ ਕਸਾਬ ਜੰਮਣਗੇ।

Be the first to comment

Leave a Reply

Your email address will not be published.