ਆਪਣੀ ਸਵੈ-ਜੀਵਨੀ Ḕਤੇਰੀਆਂ ਗਲੀਆਂḔ ਦੇ Ḕਬਗੀਚੇ ਦਾ ਬਗੀਚਾḔ ਨਾਂ ਦੇ ਅਧਿਆਇ ਵਿਚ ਦਲਬੀਰ ਸਿੰਘ ਨੇ ਖੇਤਾਂ ਵਿਚ ਫਸਲਾਂ ਦੀ ਥਾਂ ਉੱਗ ਰਹੀਆਂ ਇਮਾਰਤਾਂ ਅਤੇ ਇਸ ਨਾਲ ਨਸ਼ਟ ਹੋ ਰਹੇ ਕੁਦਰਤੀ ਨਜ਼ਾਰਿਆਂ ਬਾਰੇ ਗੱਲਾਂ ਕੀਤੀਆਂ ਹਨ। ਪੰਜਾਬੀ ਪੱਤਰਕਾਰੀ ਦੀ ਸਿਰਕੱਢ ਸ਼ਖਸੀਅਤ ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਇਸ ਸਵੈ-ਜੀਵਨੀ ਵਿਚ ਵੀ Ḕਪੰਜਾਬੀ ਟ੍ਰਿਬਿਊਨḔ ਵਿਚ ਛਪਦੇ ਰਹੇ ਆਪਣੇ ਹਰਮਨਪਿਆਰੇ ਕਾਲਮ Ḕਜਗਤ ਤਮਾਸ਼ਾḔ ਵਾਂਗ ਨਿਵੇਕਲੇ ਰੰਗ ਨਾਲ ਹਾਜ਼ਰ ਹੈ। ਆਪਣੀ ਧੀ ਸੁਪਨੀਤ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਹਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਇਕੱਲੇ ਨੰਗਲ ਸ਼ਾਮਾ ਪਿੰਡ ਬਾਰੇ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਨ੍ਹਾਂ ਪਿੰਡਾਂ ਦੀ ਤਾਸੀਰ ਬਦਲ ਗਈ ਹੈ ਅਤੇ ਤੱਤ ਵੀ ਬਦਲ ਰਿਹਾ ਹੈ। ਦਲਬੀਰ ਨੇ ਇਹ ਰਚਨਾ ਧੜਕਦੇ ਦਿਲ ਨਾਲ ਕੀਤੀ ਹੋਈ ਹੈ। -ਸੰਪਾਦਕ
ਦਲਬੀਰ ਸਿੰਘ
ਰਾਮਾ ਮੰਡੀ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਤੋਂ ਆਪਣੇ ਪਿੰਡ ਵੱਲ ਮੁੜਦੇ ਰਾਹ ਉਤੇ ਖੜ੍ਹ ਕੇ ਮੈਂ ਆਪਣੀ ਧੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਖੱਬੇ ਪਾਸੇ ਦੇ ਟੋਏ ਦੇ ਪਰਲੇ ਪਾਸੇ ਬਗੀਚਾ ਸਿੰਘ ਦਾ ਬਗੀਚਾ ਸੀ ਅਤੇ ਬਗੀਚਾ ਸਿੰਘ ਦੇ ਨਾਲ ਭਗਤ ਸਿੰਘ ਉਰਫ਼ ਭਗਤੇ ਦੀ ਜ਼ਮੀਨ। ਬਗੀਚਾ ਸਿੰਘ ਜੰਗਲਾਤ ਮਹਿਕਮੇ ਵਿਚ ਖਬਰੇ ਬੇਲਦਾਰ ਦੇ ਤੌਰ ਉਤੇ ਕੰਮ ਕਰਦਾ ਸੀ ਅਤੇ ਉਸ ਨੇ ਸੜਕ ਨਾਲ ਲਗਦੀ ਆਪਣੀ ਜ਼ਮੀਨ ਉਤੇ ਸੰਤਰਿਆਂ ਦਾ ਬਾਗ ਲਾਇਆ ਹੋਇਆ ਸੀ। ਇਸ ਨੂੰ ਅਸੀਂ ਕਦੇ ਬਾਗ ਨਹੀਂ ਸੀ ਕਿਹਾ, ਬਗੀਚਾ ਹੀ ਕਹਿੰਦੇ ਸਾਂ। ਬਗੀਚਾ ਸਿੰਘ ਦਾ ਬਗੀਚਾ; ਜਾਂ ਹੋਰ ਵੀ ਖੁੱਲ੍ਹ ਕੇ ਕਹੀਏ ਤਾਂ Ḕਬਗੀਚੇ ਦਾ ਬਗੀਚਾ।’
ਸੱਜੇ ਪਾਸੇ ਸ਼ਾਮ ਸਿੰਘ ਦੇ ਖੇਤਾਂ ਦੇ ਨਾਲ ਲਗਦੇ ਜੀਤ ਸਿੰਘ ਉਰਫ਼ ਜੀਤੇ ਦੇ ਖੇਤ ਹਨ। ਕਹਿੰਦੇ ਹਨ ਕਿ ਜੀਤ ਸਿੰਘ ਦੇ ਪੁੱਤਰਾਂ ਨੇ ਆਪ ਹੀ ਉਥੇ ਪਲਾਟ ਕੱਟ ਦਿੱਤੇ ਸਨ ਅਤੇ ਉਥੇ ਕਲੋਨੀ ਉਸਰ ਗਈ ਹੈ। ਇਸ ਦਾ ਨਾਂ ਬਲਦੇਵ ਨਗਰ, ਦਸਮੇਸ਼ ਨਗਰ, ਗੁਰਦੇਵ ਨਗਰ ਜਾਂ ਕੋਈ ਵੀ ਨਗਰ ਹੋ ਸਕਦਾ ਹੈ ਪਰ ਇਹ ਜੀਤ ਸਿੰਘ ਦੇ ਖੇਤ ਬਿਲਕੁਲ ਨਹੀਂ ਹਨ।
ਹਾਂ, ਪਰਲੇ ਪਾਸੇ ਦਰਖਤਾਂ ਦਾ ਝੁੰਡ ਜ਼ਰੂਰ ਦਿਖਾਈ ਦਿੰਦਾ ਹੈ ਜਿਹੜਾ ਉਹ ਥਾਂ ਹੈ ਜਿਥੇ ਜੀਤ ਸਿੰਘ ਦਾ ਪਹਿਲਾਂ ਖੂਹ ਅਤੇ ਫਿਰ ਟਿਊਬਵੈਲ ਹੁੰਦਾ ਸੀ। ਜੀਤ ਸਿੰਘ ਬਹੁਤ ਮਿਹਨਤੀ ਕਿਸਾਨ ਸੀ। ਥੋੜ੍ਹੀ ਜ਼ਮੀਨ ਵਾਲੇ ਕਿਸਾਨ ਨੂੰ ਮਿਹਨਤੀ ਹੋਣਾ ਹੀ ਪੈਂਦਾ ਹੈ। ਇਸ ਲਈ ਸਾਡੇ ਪਿੰਡ ਦੇ ਸਾਰੇ ਹੀ ਕਿਸਾਨ ਬਹੁਤ ਮਿਹਨਤੀ ਸਨ। ਮਿੱਟੀ ਨਾਲ ਮਿੱਟੀ ਹੋਣ ਵਾਲੇ। ਦੁਆਬੇ ਵਿਚ ਜ਼ਮੀਨਾਂ ਬਹੁਤ ਘੱਟ ਹਨ। ਮਸਾਂ ਦੋ-ਦੋ ਜਾਂ ਚਾਰ-ਚਾਰ ਏਕੜ। ਇਸੇ ਲਈ ਦੁਆਬੇ ਦੇ ਬਹੁਤੇ ਲੋਕ ਵਿਦੇਸ਼ਾਂ ਵਿਚ ਗਏ ਹੋਏ ਹਨ। ਪਹਿਲਾਂ ਸ਼ੰਘਈ ਤੇ ਮਲੇਸ਼ੀਆ, ਫਿਰ ਇੰਗਲੈਂਡ ਤੇ ਅਮਰੀਕਾ ਅਤੇ ਅੱਜ ਕੱਲ੍ਹ ਡੁਬਈ ਤੇ ਮਸਕਟ ਵੱਲ ਸਭ ਤੋਂ ਵਧੇਰੇ ਦੁਆਬੇ ਦੇ ਲੋਕ ਹੀ ਜਾਂਦੇ ਹਨ।
ਸਾਡੇ ਪਿੰਡ ਦੇ ਵੀ ਕਈ ਲੋਕ ਵਿਦੇਸ਼ਾਂ ਵਿਚ ਗਏ ਹੋਏ ਹਨ ਪਰ ਜਿਹੜੇ ਬਾਹਰ ਨਹੀਂ ਜਾ ਸਕਦੇ, ਉਨ੍ਹਾਂ ਨੂੰ ਤਾਂ ਇਥੇ ਹੀ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਸਾਡੇ ਪਿੰਡ ਦੇ ਬਹੁਤੇ ਕਿਸਾਨ ਜੀਤ ਸਿੰਘ ਵਰਗੇ ਹਨ- ਮਿਹਨਤੀ। ਇਸੇ ਜੀਤ ਸਿੰਘ ਨੇ ਸੱਠਵਿਆਂ ਦੇ ਸ਼ੁਰੂ ਵਿਚ ਆਪਣਾ ਕੱਚਾ ਮਕਾਨ ਢਾਹ ਕੇ ਪੱਕਾ ਪਾ ਲਿਆ ਸੀ ਅਤੇ ਅਸੀਂ ਨਿੱਕੇ ਨਿਆਣੇ ਇਸੇ ਮਕਾਨ ਦੇ ਬਾਹਰ ਬਣੀ ਹੋਈ ਬੰਨੀ ਉਤੇ ਹੀ ਬੈਠ ਕੇ ਗੱਪਾਂ ਮਾਰਿਆ ਕਰਦੇ ਸਾਂ; ਜਾਂ ਇਸ ਦੀਆਂ ਤਾਕੀਆਂ ਦੀਆਂ ਸੀਖਾਂ ਨਾਲ ਲਟਕਦੇ ਹੁੰਦੇ ਸਾਂ।
ਖ਼ੈਰ! ਖੱਬੇ ਪਾਸੇ ਵੱਲ ਦੇਖੀਏ। ਹੁਣ ਉਥੇ ਬਗੀਚਾ ਸਿੰਘ ਦਾ ਬਗੀਚਾ ਮੌਜੂਦ ਨਹੀਂ ਹੈ। ਕਹਿੰਦੇ ਹਨ ਕਿ ਉਸ ਨੇ ਕਈ ਸਾਲ ਪਹਿਲਾਂ ਆਪ ਹੀ ਕਟਵਾ ਦਿੱਤਾ ਸੀ। ਹਾਲਾਂਕਿ ਉਹ ਕਾਫੀ ਫਲ ਦਿੰਦਾ ਸੀ, ਫਿਰ ਵੀ ਉਸ ਨੇ ਬਗੀਚਾ ਕਿਉਂ ਕਟਵਾ ਦਿੱਤਾ? ਇਸ ਦਾ ਮੈਨੂੰ ਪਤਾ ਨਹੀਂ ਲੱਗ ਸਕਿਆ। ਸ਼ਾਇਦ ਬਾਗ ਦੇ ਦਰਖਤਾਂ ਦੀ ਉਮਰ ਹੀ ਪੁੱਗ ਗਈ ਹੋਵੇ!
ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ ਕਿ ਕਿਵੇਂ ਇਕ ਵਾਰੀ ਛੋਟੇ ਹੁੰਦਿਆਂ ਅਸੀਂ ਬਗੀਚਾ ਸਿੰਘ ਦੇ ਬਗੀਚੇ ਵਿਚੋਂ ਸੰਤਰੇ ਚੋਰੀ ਕੀਤੇ ਸਨ ਅਤੇ ਨਾਲ ਹੀ ਇਕ ਹੋਰ ਸ਼ਰਾਰਤ ਵੀ ਕੀਤੀ ਸੀ। ਬਗੀਚੇ ਵਿਚ ਬਗੀਚਾ ਸਿੰਘ ਦਾ ਬਜ਼ੁਰਗ ਬਾਪ ਪਹਿਰਾ ਦਿਆ ਕਰਦਾ ਸੀ। ਹਨੇਰਾ ਹੋ ਚੁੱਕਾ ਸੀ। ਅਸੀਂ ਦਸ ਪੰਦਰਾਂ ਦੀ ਮੁੰਡੀਰ ਛਹਿ ਲਾ ਕੇ ਬਗੀਚੇ ਵਿਚ ਦਾਖਲ ਹੋ ਗਏ। ਕਾਫੀ ਸਾਰੇ ਸੰਤਰੇ ਤੋੜ ਲਏ ਪਰ ਬਜ਼ੁਰਗ ਨੂੰ ਪਤਾ ਲੱਗ ਗਿਆ। ਉਹਨੇ ਰੌਲਾ ਪਾ ਦਿੱਤਾ। ਅਸੀਂ ਕੰਡਿਆਲੀ ਤਾਰ ਟੱਪ ਕੇ ਬਾਹਰ ਆ ਗਏ। ਸੰਤਰੇ ਖਾਣ ਮਗਰੋਂ ਅਸੀਂ ਉਨ੍ਹਾਂ ਦੀਆਂ ਛਿੱਲਾਂ ਬਗੀਚਾ ਸਿੰਘ ਦੇ ਪਿੰਡ ਵਿਚਲੇ ਘਰ ਦੇ ਦਰਵਾਜ਼ੇ ਮੂਹਰੇ ਢੇਰੀ ਕਰ ਦਿੱਤੀਆਂ।
ਜਦੋਂ ਬਗੀਚੇ ਵਿਚੋਂ ਨੱਸੇ ਸਾਂ ਤਾਂ ਕਈਆਂ ਦੀਆਂ ਜੁੱਤੀਆਂ ਉਥੇ ਹੀ ਰਹਿ ਗਈਆਂ। ਕਈਆਂ ਦੇ ਜੋੜਿਆਂ ਦਾ ਇਕ-ਇਕ ਪੈਰ ਰਹਿ ਗਿਆ। ਬਗੀਚਾ ਸਿੰਘ ਨੇ ਉਹ ਜੁੱਤੀਆਂ ਇਕੱਠੀਆਂ ਕਰ ਲਈਆਂ। ਸਵੇਰੇ ਜਦੋਂ ਆਪਣੇ ਬੂਹੇ ਮੂਹਰੇ ਛਿੱਲੜਾਂ ਦੇਖੀਆਂ ਤਾਂ ਉਸ ਦਾ ਗੁੱਸਾ ਹੋਰ ਵੀ ਵਧ ਗਿਆ। ਵੈਸੇ ਵੀ ਇਕਹਿਰੇ ਬਦਨ ਵਾਲਾ ਲੰਮਾ ਝੰਮਾ ਬਗੀਚਾ ਸਿੰਘ ਗੁੱਸੇਖੋਰ ਮੰਨਿਆ ਜਾਂਦਾ ਸੀ। ਉਸ ਨੇ ਡਿਓਢੀ ਵਿਚ ਪੰਚਾਇਤ ਸੱਦ ਲਈ। ਨਿੱਕਾ ਜਿਹਾ ਪਿੰਡ ਸੀ, ਇਸ ਲਈ ਜੁੱਤੀਆਂ ਪਛਾਣੀਆਂ ਗਈਆਂ ਕਿ ਕਿਸ-ਕਿਸ ਮੁੰਡੇ ਦੀਆਂ ਹਨ। ਬਗੀਚਾ ਸਿੰਘ ਕਹੇ ਕਿ ਸਾਰੇ ਮਾਫੀ ਮੰਗਣ। ਪਿੰਡ ਦੇ ਸਿਆਣਿਆਂ ਨੇ ਸਮਝਾ-ਬੁਝਾ ਕੇ ਮਸਾਂ ਹੀ ਠੰਢਾ ਕੀਤਾ। ਉਂਜ ਹਾਸਾ ਵੀ ਬਹੁਤ ਪਿਆ।
ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵੀ ਮੈਂ ਬੇਟੀ ਨੂੰ ਸੁਣਾਉਂਦਾ ਹਾਂ। ਸ਼ਾਮ ਨੂੰ ਪੰਜ-ਸੱਤ ਮੁੰਡੇ ਇਕੱਠੇ ਹੋਏ ਤੇ ਸਕੀਮ ਬਣਾਈ ਕਿ ਕਿਸੇ ਦੇ ਵਾੜੇ ਵਿਚੋਂ ਹਦਵਾਣੇ ਤੋੜ ਕੇ ਖਾਧੇ ਜਾਣ। ਸਾਡਾ ਹਾਣੀ ਦਾਲੋ ਵੀ ਨਾਲ ਸੀ। ਉਸ ਨੇ ਦੱਸਿਆ ਕਿ ਹਦਵਾਣੇ ਤਾਂ ਉਨ੍ਹਾਂ ਦੇ ਵਾੜੇ ਵਿਚ ਵੀ ਹਨ। ਇਸ ਲਈ ਉਥੋਂ ਹੀ ਚੋਰੀ ਕਰਨ ਦਾ ਫੈਸਲਾ ਹੋ ਗਿਆ। ਹਦਵਾਣੇ ਲਿਆਂਦੇ ਗਏ ਅਤੇ ਸਕੂਲ ਦੇ ਵਰਾਂਡੇ ਵਿਚ ਬੈਠ ਕੇ ਖਾਧੇ ਗਏ। ਵਰਾਂਡੇ ਦੇ ਨਾਲ ਨਲਕਾ ਲੱਗਾ ਹੋਇਆ ਸੀ। ਸਾਹਮਣੇ ਪਿੰਡ ਦੀ ਉਸ ਵੇਲੇ ਦੀ ਇਕੋ-ਇਕ ਦੁਕਾਨ। ਇਹ ਦੁਕਾਨ ਰਾਜਸਥਾਨ ਜਾਂ ਖਬਰੇ ਗੁਜਰਾਤ ਤੋਂ ਆਇਆ ਮਾਰਵਾੜੀ ਕਰਦਾ ਸੀ। ਉਹ ਕਿਹੜੀ ਥਾਂ ਦਾ ਸੀ? ਇਸ ਦਾ ਕਿਸੇ ਨੂੰ ਪਤਾ ਨਹੀਂ ਸੀ। ਕਈ ਸਾਲਾਂ ਤੋਂ ਪਿੰਡ ਵਿਚ ਰਹਿਣ ਕਾਰਨ ਉਹ ਪੰਜਾਬੀ ਬਹੁਤ ਚੰਗੀ ਬੋਲ ਲੈਂਦਾ ਸੀ। ਉਸ ਦਾ ਨਾਂ ਬਹੁਤਿਆਂ ਨੂੰ ਨਹੀਂ ਸੀ ਪਤਾ। ਸਾਰੇ ਉਸ ਨੂੰ ਲਾਲਾ ਹੀ ਕਹਿੰਦੇ ਸਨ।
ਜਦੋਂ ਅਸੀਂ ਦਾਲੋ ਸਮੇਤ, ਦਾਲੋ ਕੇ ਹੀ ਵਾੜੇ ਵਿਚੋਂ ਤੋੜ ਕੇ ਲਿਆਂਦੇ ਹਦਵਾਣੇ ਸਕੂਲ ਦੇ ਵਰਾਂਡੇ ਵਿਚ ਬੈਠੇ ਖਾ ਰਹੇ ਸਾਂ, ਲਾਲਾ ਦੁਕਾਨ ਵਿਚੋਂ ਨਿਕਲ ਕੇ ਸਕੂਲ ਦੇ ਨਲਕੇ ਤੋਂ ਪਾਣੀ ਭਰਨ ਆ ਗਿਆ। ਭਾਵੇਂ ਹਨੇਰਾ ਸੀ, ਫਿਰ ਵੀ ਉਸ ਨੇ ਵਰਾਂਡੇ ਵਿਚ ਪਰਛਾਵੇਂ ਦੇਖ ਲਏ। ਸ਼ਾਇਦ ਉਸ ਨੇ ਸੋਚਿਆ ਕਿ ਚੋਰ ਬੈਠੇ ਹਨ। ਉਸ ਨੇ Ḕਕਿਹੜੈ?’ ਕਹਿ ਕੇ ਵਰਾਂਡੇ ਵੱਲ ਮੂੰਹ ਕੀਤਾ। ਇੰਨੇ ਵਿਚ ਅਸੀਂ ਸਾਰੇ ਚੌਕਸ ਹੋ ਗਏ। ਸਾਡੇ ਵਿਚੋਂ ਕਿਸੇ ਨੇ ਹਦਵਾਣੇ ਦਾ ਖਾਲੀ ਖੱਪਰ ਉਸ ਦੇ ਮੂੰਹ ਉਤੇ ਮਾਰਿਆ ਜਿਸ ਨਾਲ ਉਸ ਨੂੰ ਦਿਸਣਾ ਬੰਦ ਹੋ ਗਿਆ। ਨਾਲ ਹੀ ਸਾਰਿਆਂ ਛੂਟ ਵੱਟ ਲਈ। ਲਾਲੇ ਨੇ ਪਿੰਡ ਵਿਚਲੀ ਮਾਸਟਰਨੀ ਦੇ ਭਰਾ ਨੂੰ ਪਛਾਣ ਲਿਆ। ਲਾਲੇ ਦੀ ਆਵਾਜ਼ ਬਹੁਤ ਉਚੀ ਸੀ। ਖੱਪਰ ਵੱਜਦੇ ਸਾਰ ਹੀ ਉਸ ਨੇ Ḕਮਾਰ ਦਿੱਤਾ-ਮਾਰ ਦਿੱਤਾ’ ਕਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਿੰਡ ਦੇ ਲੋਕ ਇਕੱਠੇ ਹੋ ਗਏ। ਉਹਨੇ ਮਾਸਟਰਨੀ ਦੇ ਭਰਾ ਦਾ ਨਾਂ ਲੈ ਦਿੱਤਾ। ਮਾਸਟਰਨੀ ਦਾ ਭਰਾ ਅੱਗਿਉਂ ਕੱਚਾ ਨਿਕਲਿਆ। ਉਸ ਨੇ ਬਾਕੀ ਮੁੰਡਿਆਂ ਦੇ ਨਾਂ ਵੀ ਲੈ ਦਿੱਤੇ। ਬਾਕੀਆਂ ਦਾ ਪਤਾ ਨਹੀਂ, ਮੈਨੂੰ ਘਰੋਂ ਗਾਲ੍ਹਾਂ ਜ਼ਰੂਰ ਪਈਆਂ।
ਖ਼ੈਰ! ਬਗੀਚੇ ਦਾ ਬਗੀਚਾ ਹੁਣ ਨਹੀਂ ਰਿਹਾ। ਉਥੇ ਹਾਲੇ ਇਮਾਰਤਾਂ ਨਹੀਂ ਬਣੀਆਂ ਪਰ ਛੇਤੀ ਹੀ ਬਣ ਜਾਣਗੀਆਂ। ਕੁਝ ਸਾਲਾਂ ਮਗਰੋਂ ਸ਼ਾਇਦ ਕੋਈ ਇਹ ਦੱਸਣ ਵਾਲਾ ਵੀ ਨਾ ਬਚੇ ਕਿ ਇਥੇ ਕਦੇ ਬਗੀਚਾ ਸਿੰਘ ਦਾ ਬਗੀਚਾ ਹੁੰਦਾ ਸੀ। ਐਤਕੀਂ ਜਦੋਂ ਪਿੰਡ ਗਿਆ ਸਾਂ ਤਾਂ ਬਗੀਚਾ ਸਿੰਘ ਦੇ ਘਰ ਅੱਗਿਉਂ ਵੀ ਲੰਘਿਆ ਸਾਂ। ਘਰ ਬੰਦ ਪਿਆ ਸੀ। ਕਦੀ ਰੌਣਕ ਵਾਲੀ ਗਲੀ ਹੁਣ ਸੁੰਨੀ ਪਈ ਸੀ।
ਬਗੀਚਾ ਸਿੰਘ ਦੇ ਬਗੀਚੇ ਨਾਲ ਲਗਦੇ ਭਗਤ ਸਿੰਘ ਉਰਫ ਭਗਤੇ ਦੇ ਖੇਤ ਹਾਲੇ ਵੀ ਬਰਕਰਾਰ ਹਨ। ਪਤਾ ਨਹੀਂ ਕਿੰਨੀ ਦੇਰ ਤਕ ਬਰਕਰਾਰ ਰਹਿੰਦੇ ਹਨ। ਇਸ ਭਗਤ ਸਿੰਘ ਨੂੰ ਸਾਰੇ ਉਸ ਦੀ ਪਿੱਠ ਪਿੱਛੇ ਭਗਤਾ ਹੀ ਕਹਿੰਦੇ ਸਨ। ਮਗਰਲੀ ਉਮਰੇ ਉਸ ਨੇ ਗਲ ਵਿਚ ਗਤਰਾ ਪਾ ਲਿਆ ਸੀ ਪਰ ਜਵਾਨੀ ਵੇਲੇ ਉਸ ਨੇ ਬਹੁਤ ਕਾਰਨਾਮੇ ਕੀਤੇ ਦੱਸੇ ਜਾਂਦੇ ਸਨ। ਉਸ ਦੀ ਦਾੜ੍ਹੀ ਬਹੁਤ ਛਿਦਰੀ ਸੀ ਅਤੇ ਕਈ ਵਾਰੀ ਭੁਲੇਖਾ ਪੈਂਦਾ ਸੀ ਕਿ ਇਹ ਕੱਟੀ ਹੋਈ ਹੈ। ਪਿੰਡ ਦੇ ਬਜ਼ੁਰਗਾਂ ਵਿਚੋਂ ਸ਼ਾਇਦ ਹੀ ਕੋਈ ਉਨ੍ਹੀਂ ਦਿਨੀਂ ਦਾੜ੍ਹੀ ਕਤਰਦਾ ਹੋਵੇ। ਭਗਤੇ ਨੇ ਭਾਵੇਂ ਗਾਤਰਾ ਪਾ ਲਿਆ ਸੀ ਅਤੇ ਨੀਲੀ ਪੱਗ ਵੀ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ ਪਰ ਮੈਨੂੰ ਨਹੀਂ ਚੇਤੇ ਕਿ ਮੈਂ ਉਸ ਨੂੰ ਕਦੇ ਗੁਰਦੁਆਰੇ ਦੇਖਿਆ ਹੋਵੇ। ਉਸ ਨੇ ਖੂਹ ਉਤੇ ਹੀ ਕੋਠੇ ਪਾ ਲਏ ਸਨ ਅਤੇ ਸਮੇਤ ਟੱਬਰ ਉਥੇ ਹੀ ਰਹਿੰਦਾ ਸੀ। ਬਜ਼ੁਰਗ ਦੱਸਿਆ ਕਰਦੇ ਸਨ ਕਿ ਭਗਤਾ ਜਵਾਨੀ ਵੇਲੇ ਬਹੁਤ ਮਸ਼ਹੂਰ ਡਕੈਤ ਹੁੰਦਾ ਸੀ। ਅੰਗਰੇਜ਼ਾਂ ਦਾ ਰਾਜ ਸੀ ਪਰ ਉਹ ਪੁਲਿਸ ਦੇ ਯਤਨਾਂ ਦੇ ਬਾਵਜੂਦ ਕਦੇ ਫੜਿਆ ਨਹੀਂ ਸੀ ਗਿਆ। ਦਸਦੇ ਤਾਂ ਇਹ ਵੀ ਹਨ ਕਿ ਉਸ ਨੇ ਆਪਣੇ ਪਿੰਡ ਤਾਂ ਕੀ, ਲਾਗਲੇ ਪਿੰਡਾਂ ਵਿਚ ਵੀ ਕਦੇ ਕੋਈ ਵਾਰਦਾਤ ਨਹੀਂ ਸੀ ਕੀਤੀ, ਸਗੋਂ ਬਾਕੀ ਦੇ ਡਕੈਤ ਜਾਂ ਚੋਰ ਭਗਤੇ ਦੇ ਡਰੋਂ ਸਾਡੇ ਪਿੰਡ ਵਿਚ ਵਾਰਦਾਤ ਨਹੀਂ ਸਨ ਕਰਦੇ।
ਭਗਤੇ ਦੇ ਹੀ ਇਕ ਹੋਰ ਕਾਰਨਾਮੇ ਬਾਰੇ ਵੀ ਚਰਚਾ ਅਕਸਰ ਹੁੰਦੀ ਸੀ। ਕਿਹਾ ਜਾਂਦਾ ਸੀ ਕਿ ਕਿਸੇ ਝਗੜੇ ਕਾਰਨ ਭਗਤੇ ਨੇ ਕਿਸੇ ਬੰਦੇ ਨੂੰ ਸ਼ਰ੍ਹੇਆਮ ਦਿਨ ਦਿਹਾੜੇ ਕਤਲ ਕਰ ਦਿੱਤਾ। ਕਈ ਚਸ਼ਮਦੀਦ ਗਵਾਹਾਂ ਦੇ ਸਾਹਮਣੇ ਉਹ ਉਸ ਦੀ ਲਾਸ਼ ਚੁੱਕ ਕੇ ਰੇਲਵੇ ਲਾਈਨ ਉਤੇ ਸੁੱਟ ਆਇਆ। ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਰੇਲਵੇ ਲਾਈਨ ਸਾਡੇ ਪਿੰਡੋਂ ਮਸਾਂ ਇਕ ਕਿਲੋਮੀਟਰ ਦੀ ਵਿੱਥ ਤੋਂ ਦੀ ਲੰਘਦੀ ਹੈ। ਪੁਲਿਸ ਨੇ ਭਾਵੇਂ ਭਗਤੇ ਨੂੰ ਫੜ ਲਿਆ ਪਰ ਕੋਈ ਵੀ ਚਸ਼ਮਦੀਦ ਗਵਾਹ ਨਾ ਹੋਣ ਕਾਰਨ ਉਸ ਨੂੰ ਸਜ਼ਾ ਨਾ ਹੋ ਸਕੀ।
ਬਗੀਚਾ ਸਿੰਘ ਭਾਵੇਂ ਹਾਲੇ ਜਿਉਂਦਾ ਸੀ ਪਰ ਭਗਤ ਸਿੰਘ ਉਰਫ਼ ਭਗਤਾ ਤੁਰ ਗਿਆ ਸੀ। ਜੀਤ ਸਿੰਘ ਬਾਰੇ ਵੀ ਇਸੇ ਤਰ੍ਹਾਂ ਦੀਆਂ ਕਨਸੋਆਂ ਸਨ। ਪਿੰਡ ਦੇ ਕਈ ਹੋਰ ਬੰਦੇ ਉਨ੍ਹਾਂ ਪੰਝੀ ਸਾਲਾਂ ਦੌਰਾਨ ਤੁਰ ਗਏ ਜਿਹੜੇ ਪੰਝੀ ਸਾਲ ਮੈਂ ਪਿੰਡੋਂ ਬਾਹਰ ਰਿਹਾ ਹਾਂ।æææ ਹਾਲ ਦੀ ਘੜੀ ਤਾਂ ਮੈਂ ਸ਼ਾਮ ਸਿੰਘ ਦੇ ਟਿਊਬਵੈਲ ਕੋਲ ਖੜ੍ਹ ਕੇ ਦੇਖ ਰਿਹਾ ਹਾਂ ਕਿ ਪਿੰਡ ਦੇ ਬਜ਼ੁਰਗ ਲੋਕਾਂ ਨੇ ਕੀ ਕਦੇ ਚਿਤਵਿਆ ਹੋਵੇਗਾ ਕਿ ਜਿਥੇ ਕਦੇ ਉਹ ਮੁੜ੍ਹਕੇ ਨਾਲ ਮੁੜ੍ਹਕਾ ਹੋਇਆ ਕਰਦੇ ਸਨ, ਫਸਲਾਂ ਉਗਾਇਆ ਕਰਦੇ ਸਨ, ਉਥੇ ਕਦੀ ਇੱਟਾਂ ਤੇ ਸੀਮਿੰਟ ਦੀਆਂ ਫਸਲਾਂ ਉਗਣਗੀਆਂ?
(ਚੱਲਦਾ)
Leave a Reply