ਵਾਸ਼ਿੰਗਟਨ: ਰਾਸ਼ਟਰਪਤੀ ਬਰਾਕ ਓਬਾਮਾ ਤੋਂ ਮਿਲੇ ਹੁਕਮਾਂ ਪਿੱਛੋਂ ਅਮਰੀਕੀ ਫੌਜਾਂ ਨੇ ਇਰਾਕ ਵਿਚ ਇਰਬਿਲ ਵਿਖੇ ਇਸਲਾਮੀ ਸਟੇਟ ਦੇ ਦਹਿਸ਼ਤਗਰਦਾਂ ਖ਼ਿਲਾਫ਼ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਫੌਜ ਨੂੰ ਹੁਕਮ ਦਿੱਤੇ ਕਿ ਜੇਕਰ ਇਸਲਾਮੀ ਸਟੇਟ ਦਹਿਸ਼ਤਗਰਦ ਇਰਬਿਲ ਸ਼ਹਿਰ ਵੱਲ ਅੱਗੇ ਵਧਦੇ ਹਨ ਤਾਂ ਉਹ ਦਹਿਸ਼ਤਗਰਦਾਂ ‘ਤੇ ਹਵਾਈ ਹਮਲੇ ਕਰਨ। ਕੁਰਦ ਇਲਾਕੇ ਦੀ ਰਾਜਧਾਨੀ ਇਰਬਿਲ ਵਿਚ ਅਮਰੀਕੀ ਸਫੀਰ, ਕੌਂਸਲੇਟ ਵਿਚ ਕੰਮ ਕਰਦੇ ਅਮਰੀਕੀ ਨਾਗਰਿਕ ਤੇ ਅਮਰੀਕੀ ਫੌਜ ਤਾਇਨਾਤ ਹੈ।
ਪੈਂਟਾਗਨ ਦੇ ਪ੍ਰੈਸ ਸਕੱਤਰ ਰਿਅਰ ਅਡਮੀਰਲ ਜੌਹਨ ਕਿਰਬੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਵਾਈ ਹਮਲੇ ਦਾ ਫੈਸਲਾ ਅਮਰੀਕੀ ਕੇਂਦਰ ਕਮਾਂਡ ਦੇ ਕਮਾਂਡਰ ਵੱਲੋਂ ਲਿਆ ਗਿਆ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਵਿਚ ਆਪਣੇ ਜਵਾਨਾਂ ਨੂੰ ਬਚਾਉਣ ਤੇ ਪਹਾੜੀ ਖੇਤਰ ਸਿੰਜਰ ‘ਤੇ ਫਸੇ ਹਜ਼ਾਰਾਂ ਘੱਟ ਗਿਣਤੀਆਂ ਦੀ ਨਸ਼ਲਕੁਸ਼ੀ ਰੋਕਣ ਲਈ ਚੋਣਵੇਂ ਹਵਾਈ ਹਮਲੇ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਓਬਾਮਾ ਨੇ ਕਿਹਾ ਕਿ ਅਮਰੀਕਾ, ਇਰਾਕੀ ਘੱਟ ਗਿਣਤੀ ਯਾਜ਼ੀਦੀਆਂ ਦੇ ਕਤਲੇਆਮ ਨੂੰ ਰੋਕਣ ਦੀ ਸਮਰੱਥਾ ਹੋਣ ਕਾਰਨ ਚੁੱਪਚਾਪ ਬੈਠ ਕੇ ਤਮਾਸ਼ਾ ਨਹੀਂ ਦੇਖ ਸਕਦਾ। ਉਨ੍ਹਾਂ ਪਹਾੜੀ ‘ਤੇ ਭੋਜਨ ਤੇ ਪਾਣੀ ਤੋਂ ਬਿਨਾਂ ਰਹਿ ਰਹੇ ਲੋਕਾਂ ਦੀ ਜਾਨ ਬਚਾਉਣ ਲਈ ਮਾਨਵੀਂ ਰਾਹਤ ਦਾ ਵੀ ਐਲਾਨ ਕੀਤਾ।
ਅਮਰੀਕੀ ਰੱਖਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ਾਂ ਨੇ ਹਜ਼ਾਰਾਂ ਇਰਾਕੀ ਨਾਗਰਿਕਾਂ ਲਈ ਭੋਜਨ, ਪਾਣੀ ਤੇ ਹੋਰ ਸਮੱਗਰੀ ਸੁੱਟੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਭੁੱਖੇ, ਪਿਆਸੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ। ਅਮਰੀਕੀ ਰਾਸ਼ਟਰਪਤੀ ਵੱਲੋਂ ਇਰਾਕ ਵਿਚ ਹਵਾਈ ਹਮਲੇ ਕੀਤੇ ਜਾਣ ਦੇ ਐਲਾਨ ਮਗਰੋਂ ਹੋਰਨਾਂ ਮੁਲਕਾਂ ਨੇ ਵੀ ਇਰਾਕ ਨੂੰ ਸਹਿਯੋਗ ਦੇਣ ਦਾ ਅਹਿਦ ਲਿਆ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਓਬਾਮਾ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਦਰਾਂ-ਕੀਮਤਾਂ ਦੀ ਬਹਾਲੀ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਂਜ ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ ਕਿ ਉਹ ਫ਼ੌਜੀ ਕਾਰਵਾਈ ਦੀ ਯੋਜਨਾ ਨਹੀਂ ਬਣਾ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦੇ ਨੇ ਕੁਰਦੀਸਤਾਨ ਖੇਤਰੀ ਸਰਕਾਰ ਦੇ ਮੁਖੀ ਮਸੂਦ ਬਰਜ਼ਾਨੀ ਨਾਲ ਇਰਾਕ ਬਾਰੇ ਟੈਲੀਫੋਨ ‘ਤੇ ਗੱਲਬਾਤ ਕੀਤੀ ਤੇ ਕਿਹਾ ਕਿ ਫਰਾਂਸ ਇਸ ਜੰਗ ਵਿਚ ਉਨ੍ਹਾਂ ਦਾ ਸਾਥ ਦੇਵੇਗਾ। ਉਲਾਂਦੇ ਤੇ ਬਰਜ਼ਾਨੀ ਨੇ ਇਰਾਕ ਦੇ ਉੱਤਰ ਪੂਰਬ ਵਿਚ ਇਸਲਾਮੀ ਸਟੇਟ ਦੇ ਦਹਿਸ਼ਤਗਰਦਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਸਹਿਯੋਗ ਦੇਣ ਦਾ ਵਾਅਦਾ ਕੀਤਾ। ਗੌਰਤਲਬ ਹੈ ਕਿ ਇਰਾਕ ਵਿਚ ਬੀਤੇ ਦੇ ਮਹੀਨਿਆਂ ਤੋਂ ਜਾਰੀ ਇਸ ਲੜਾਈ ਦੌਰਾਨ ਅਮਰੀਕਾ ਵੱਲੋਂ ਕੀਤੇ ਗਏ ਹਮਲਿਆਂ ਨੂੰ ਅਹਿਮ ਘਟਨਾ ਕਰਾਰ ਦਿੱਤਾ ਜਾ ਰਿਹਾ ਹੈ। ਅਮਰੀਕੀ ਫ਼ੌਜ ਨੇ ਤਿੰਨ ਸਾਲ ਪਹਿਲਾਂ ਇਰਾਕ ਵਿਚੋਂ ਨਿਕਲਣ ਤੋਂ ਬਾਅਦ ਪਹਿਲੀ ਵਾਰ ਇਸ ਦੇ ਇਲਾਕਿਆਂ ਵਿਚ ਹਵਾਈ ਹਮਲੇ ਕੀਤੇ। ਸ੍ਰੀ ਓਬਾਮਾ ਨੇ ਕਿਹਾ ਕਿ ਉਨ੍ਹਾਂ ਇਰਾਕ ਦੇ ਉੱਤਰੀ ਸ਼ਹਿਰ ਅਰਬਿਲ ਵਿਚ ਕੰਮ ਕਰ ਰਹੇ ਅਮਰੀਕੀ ਸਫ਼ੀਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੀ ਅਮਰੀਕੀ ਫ਼ੌਜ ਨੂੰ ਹੁਕਮ ਦਿੱਤੇ ਹਨ। ਦੂਜੇ ਪਾਸੇ ਅਮਰੀਕੀ ਹਮਲਿਆਂ ਦੇ ਬਾਅਦ ਇਰਾਕ ਦੇ ਉੱਤਰੀ ਖੁਦਮੁਖਤਾਰ ਕੁਰਦਿਸਤਾਨ ਖਿੱਤੇ ਦੇ ਅਧਿਕਾਰੀਆਂ ਨੇ ਦਹਿਸ਼ਤਗਰਦਾਂ ਵੱਲੋਂ ਕਬਜ਼ਾਏ ਆਪਣੇ ਇਲਾਕਿਆਂ ਨੂੰ ਵਾਪਸ ਲੈਣ ਲਈ ਹੱਲਾ ਮਾਰਨ ਵਾਸਤੇ ਤਿਆਰੀ ਤੇਜ਼ ਕਰ ਦਿੱਤੀ ਹੈ। ਕੁਰਦ ਰਾਜਧਾਨੀ ਅਰਬਿਲ ਵਿਚ ਫ਼ੁਆਦ ਹੁਸੈਨ ਨੇ ਕਿਹਾ ਕਿ ਅਮਰੀਕੀ ਹਮਲਿਆਂ ਤੋਂ ਬਾਅਦ ਪੇਸ਼ਮਰਗਾ (ਕੁਰਦ ਫ਼ੌਜ) ਪਹਿਲਾਂ ਇਕਮੁੱਠ ਹੋਵੇਗੀ ਤੇ ਫਿਰ ਆਪਣੇ ਇਲਾਕੇ ਵਾਪਸ ਖੋਹ ਕੇ ਬੇਘਰ ਹੋਏ ਲੋਕਾਂ ਨੂੰ ਵਸਾਏਗੀ।
ਦੱਸਣਯੋਗ ਹੈ ਕਿ ਉੱਤਰੀ ਇਰਾਕ ਵਿਚ ਸੁੰਨੀ ਦਹਿਸ਼ਤਗਰਦਾਂ ਦੀ ਪੇਸ਼ਕਦਮੀ ਤੇ ਇਨ੍ਹਾਂ ਵੱਲੋਂ ਯਾਜ਼ੀਦੀ ਘੱਟ ਗਿਣਤੀ ਫਿਰਕੇ ਦੇ ਲੋਕਾਂ ਦਾ ਕਤਲੇਆਮ ਕੀਤੇ ਜਾਣ ਕਾਰਨ ਇਸ ਭਾਈਚਾਰੇ ਦੇ ਹਜ਼ਾਰਾਂ ਪਰਿਵਾਰ ਜਾਨ ਬਚਾਉਣ ਲਈ ਪਹਾੜਾਂ ਵੱਲ ਭੱਜ ਗਏ ਪਰ ਉੱਥੇ ਉਹ ਪਾਣੀ ਤੇ ਖਾਣੇ ਦੀ ਕਮੀ ਕਾਰਨ ਭੁੱਖੇ-ਪਿਆਸੇ ਮਰ ਰਹੇ ਹਨ।
Leave a Reply