ਚੰਡੀਗੜ੍ਹ: ਪੰਜਾਬ ਨੂੰ ਸਰਹੱਦੀ ਸੂਬਾ ਹੋਣ ਦਾ ਬੜਾ ਮਹਿੰਗਾ ਮੁੱਲ ਤਾਰਨਾ ਪੈ ਰਿਹਾ ਹੈ। ਡਰੱਗ ਤਸਕਰ ਦੇਸ਼-ਵਿਦੇਸ਼ ਵਿਚ ਨਸ਼ਾ ਸਪਲਾਈ ਕਰਨ ਲਈ ਪੰਜਾਬ ਨੂੰ ਸਭ ਤੋਂ ਸੁਰੱਖਿਅਤ ਲਾਂਘਾ ਮੰਨਦੇ ਹਨ। ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਜੰਮੂ-ਕਸ਼ਮੀਰ, ਰਾਜਸਥਾਨ ਤੇ ਪੰਜਾਬ ਦੀ ਸਰਹੱਦ ਰਾਹੀਂ ਸਭ ਤੋਂ ਵੱਧ ਹੈਰੋਇਨ ਦੀ ਤਸਕਰੀ ਹੁੰਦੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਕਾਨੂੰਨੀ ਤੌਰ ‘ਤੇ ਭੁੱਕੀ ਦੀ ਕੀਤੀ ਜਾਂਦੀ ਖੇਤੀ ਤੇ ਬੱਦੀ ਤੋਂ ਲੈ ਕੇ ਮੁੰਬਈ ਤੱਕ ਦੀਆਂ ਫਾਰਮਾ ਕੰਪਨੀਆਂ ਵੱਲੋਂ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਕੱਚਾ ਮਾਲ ਵੀ ਪੰਜਾਬ ਲਈ ਸਰਾਪ ਸਿੱਧ ਹੋ ਰਿਹਾ ਹੈ। ਇਸ ਕਾਰਨ ਪਿਛਲੇ 13 ਸਾਲਾਂ ਦੌਰਾਨ ਪੰਜਾਬ ਵਿਚ ਹੈਰੋਇਨ ਦੀ ਬਰਾਮਦਗੀ ਵਿਚ 333 ਫ਼ੀਸਦੀ, ਸਮੈਕ ਦੀ ਬਰਾਮਦਗੀ ਵਿਚ 512 ਫ਼ੀਸਦੀ, ਅਫ਼ੀਮ ਦੀ ਬਰਾਮਦਗੀ ਵਿਚ 84 ਫ਼ੀਸਦੀ, ਚਰਸ ਦੀ ਬਰਾਮਦਗੀ ਵਿਚ 48 ਤੇ ਚੂਰਾ ਪੋਸਤ ਦੀ ਬਰਾਮਦਗੀ ਵਿਚ 91 ਫ਼ੀਸਦੀ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਨਸ਼ੀਲੇ ਟੀਕਿਆਂ ਤੇ ਆਈਸ ਨੂੰ ਬਣਾਉਣ ਵਾਲੇ ਪਦਾਰਥ ਵਿਚ ਕਈ ਗੁਣਾ ਵਾਧਾ ਹੋਇਆ ਹੈ। ਪੰਜਾਬ ਪੁਲਿਸ ਦੀ ਹੁਣ ਤੱਕ ਦੀ ਪੜਤਾਲ ਮੁਤਾਬਕ ਹੈਰੋਇਨ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਜੰਮੂ-ਕਸ਼ਮੀਰ, ਰਾਜਸਥਾਨ ਤੇ ਪੰਜਾਬ ਦੀ ਸਰਹੱਦ ਰਾਹੀਂ ਭਾਰਤ ਵਿਚ ਆ ਰਹੀ ਹੈ। ਡਰੱਗ ਮਾਫੀਆ ਵੱਲੋਂ ਹੈਰੋਇਨ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਵਿਚ ਸਪਲਾਈ ਕਰਨ ਵੇਲੇ ਵੀ ਪੰਜਾਬ ਨੂੰ ਸੁਰੱਖਿਅਤ ਲਾਂਘੇ ਵਜੋਂ ਵਰਤਿਆ ਜਾ ਰਿਹਾ ਹੈ। ਪੰਜਾਬ ਪੁਲਿਸ ਮੰਨਦੀ ਹੈ ਕਿ ਇਸ ਰਸਤੇ ਤੋਂ ਜਾਂਦੀ ਹੈਰੋਇਨ ਦਾ ਕੁਝ ਹਿੱਸਾ ਪੰਜਾਬ ਵਿਚ ਖ਼ਪਤ ਹੋ ਰਿਹਾ ਹੈ।
ਪੰਜਾਬ ਪੁਲਿਸ ਨੂੰ ਠੋਸ ਸਬੂਤ ਮਿਲੇ ਹਨ ਕਿ ਭੁੱਕੀ ਤੇ ਅਫ਼ੀਮ ਦੀ ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿਚ ਤਸਕਰੀ ਹੋ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਸੂਬਿਆਂ ਵਿਚ ਸੈਂਟਰਲ ਬਿਊਰੋਂ ਆਫ ਨਾਰਕੋਟਿਕਸ ਭਾਰਤ ਸਰਕਾਰ ਦੀ ਨਿਗਰਾਨੀ ਹੇਠ ਭੁੱਕੀ ਦੀ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਰਾਹੀਂ ਬਣਾਈ ਜਾਂਦੀ ਅਫ਼ੀਮ ਗੌਰਮਿੰਟ ਓਪੀਐਮ ਤੇ ਅਲਕੋਲਾਈਡ ਫੈਕਟਰੀ ਨੀਮਚ (ਐਮæਪੀæ) ਤੇ ਗਾਂਜੀਪੁਰ (ਯੂæਪੀæ) ਵਿਚ ਜਮ੍ਹਾਂ ਕਰਵਾਈ ਜਾਂਦੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਸਰਕਾਰਾਂ ਵੱਲੋਂ ਬਕਾਇਦਾ ਭੁੱਕੀ ਦੇ ਠੇਕੇ ਵੀ ਦਿੱਤੇ ਗਏ ਹਨ। ਇਨ੍ਹਾਂ ਸੂਬਿਆਂ ਤੇ ਅਣਅਧਿਕਾਰਤ ਭੁੱਕੀ ਦੀ ਖੇਤੀ ਕਰਨ ਵਾਲੇ ਇਲਾਕਿਆਂ ਤੋਂ ਲਿਆਂਦਾ ਦੁੱਧ ਕੁਝ ਸੂਬਿਆਂ ਵਿਚ ਸਮੈਕ ਬਣਾਉਣ ਲਈ ਵਰਤਿਆ ਜਾਂਦਾ ਹੈ। ਪੰਜਾਬ ਪੁਲਿਸ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮਨਾਲੀ ਤੇ ਚੰਬਾ ਦੇ ਉਚਾਈਆਂ ਵਾਲੇ ਖੇਤਰਾਂ ਵਿਚ ਭੰਗ ਦੇ ਬੂਟਿਆਂ ਤੋਂ ਚਰਸ ਬਣਾਉਣ ਦਾ ਧੰਦਾ ਚੱਲਦਾ ਹੈ।
ਪੰਜਾਬ ਵਿਚ ਚਰਸ ਦੀ ਜ਼ਿਆਦਾਤਰ ਸਪਲਾਈ ਇਨ੍ਹਾਂ ਪਹਾੜੀ ਖੇਤਰਾਂ ਤੋਂ ਹੀ ਹੁੰਦੀ ਹੈ। ਉਂਜ ਦੇਸ਼ ਦੇ ਪੂਰਬੀ ਹਿੱਸਿਆਂ ਵਿਚੋਂ ਵੀ ਇਹ ਨਸ਼ਾ ਪੰਜਾਬ ਵਿਚ ਆ ਰਿਹਾ ਹੈ। ਸਿੰਥੈਟਿਕ ਡਰੱਗ ਮੈਥਾਮੈਫੇਟੇਮਾਇਨ (ਆਈਸ) ਕੱਚੇ ਮਾਲ ਐਫੇਡਿੰਰਨ/ਸੂਡੋਐਫੇਡਿੰਰਨ ਤੋਂ ਬਣਾਈ ਜਾਂਦੀ ਹੈ। ਪੁਲਿਸ ਮੁਤਾਬਕ ਇਹ ਕੱਚਾ ਮਾਲ ਤੇ ਆਈਸ ਵੀ ਪੰਜਾਬ ਰਸਤਿਓਂ ਹੀ ਦੂਜੇ ਸੂਬਿਆਂ ਤੇ ਵਿਦੇਸ਼ਾਂ ਵਿਚ ਜਾ ਰਹੇ ਹਨ। ਪੰਜਾਬ ਪੁਲਿਸ ਵੱਲੋਂ ਹੁਣ ਤੱਕ ਆਈਸ ਬਣਾਉਣ ਲਈ ਵਰਤੇ ਜਾਦੇ ਕੱਚੇ ਮਾਲ ਐਫਡ੍ਰੀਨ, ਸੂਡੋ ਐਫਡ੍ਰੀਨ ਤੇ ਹੋਰ ਡਰੱਗ ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ 988 ਕਿੱਲੋ, ਗਗਰੇਟ ਤੋਂ 275 ਕਿੱਲੋ, ਊਨਾ ਤੋਂ 302 ਕਿੱਲੋ, ਦਿੱਲੀ ਤੋਂ 167 ਕਿਲੋ, ਮੁੰਬਈ ਤੋਂ 881 ਕਿੱਲੋ, ਹਰਿਆਣੇ ਦੇ ਕਰਨਾਲ ਤੋਂ 98 ਕਿੱਲੋ ਤੇ ਪੰਚਕੂਲਾ ਤੋਂ 75 ਕਿੱਲੋ ਬਰਾਮਦ ਕੀਤੀ ਗਈ ਹੈ।
ਪੰਜਾਬ ਪੁਲਿਸ ਵੱਲੋਂ ਸਾਲ 2007 ਦੌਰਾਨ 1692 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਇਸ ਤੋਂ ਸੰਕੇਤ ਮਿਲੇ ਹਨ ਕਿ ਡਰੱਗ ਮਾਫੀਆ ਨੇ ਸੱਤ ਸਾਲ ਪਹਿਲਾਂ ਹੀ ਪੰਜਾਬ ਵਿਚ ਨਸ਼ੀਲੇ ਪਾਊਡਰ ਦੀ ਪੌਦ ਲਾ ਦਿੱਤੀ ਸੀ। ਪੰਜਾਬ ਪੁਲਿਸ ਵੱਲੋਂ ਸਾਲ 2013 ਦੌਰਾਨ ਸੂਡੋਐਫੇਡਿੰਰਨ 960 ਕਿੱਲੋ, ਮੈਥਾਮੈਫੇਟੇਮਾਇਨ (ਆਈਸ) 14 ਕਿੱਲੋ ਤੇ ਐਫੇਡਿੰਰਨ 84 ਕਿੱਲੋ ਬਰਾਮਦ ਕੀਤੀ ਗਈ ਹੈ।
Leave a Reply