ਗੁਰਬਚਨ ਸਿੰਘ ਭੁੱਲਰ
15 ਅਗਸਤ 1947 ਨੂੰ ਮਿਲੀ ਆਜ਼ਾਦੀ ਦਾ ਜ਼ਿਕਰ ਆਮ ਕਰਕੇ ਸਾਡੇ ਮਨ ਵਿਚ ਅੰਗਰੇਜ਼ ਦੀ ਗ਼ੁਲਾਮੀ ਦਾ ਅਤੇ ਲੰਮੇ ਤੇ ਸਖ਼ਤ ਸੰਗਰਾਮ ਮਗਰੋਂ ਉਹਨੂੰ ਕੱਢ ਕੇ ਆਪਣਾ ਰਾਜ ਕਾਇਮ ਕਰਨ ਦਾ ਭਾਵ ਜਗਾਉਂਦਾ ਹੈ। ਪਰ ਭਾਰਤ ਉਤੇ ਬਾਹਰਲੇ ਹਮਲਿਆਂ ਦੀ, ਇਹਦੀਆਂ ਦੌਲਤਾਂ ਲੁੱਟੇ ਜਾਣ ਦੀ, ਇਹਨੂੰ ਅਧੀਨ ਕੀਤੇ ਜਾਣ ਦੀ, ਭਾਂਤ ਭਾਂਤ ਦੇ ਵਿਦੇਸ਼ੀਆਂ ਦੇ ਇਥੇ ਕਾਇਮ ਕੀਤੇ ਰਾਜ-ਘਰਾਣਿਆਂ ਦੇ ਜ਼ੁਲਮੀ ਰਾਜ ਦੀ ਦਰਦ-ਕਹਾਣੀ ਤਾਂ ਹਜ਼ਾਰਾਂ ਸਾਲ ਪੁਰਾਣੀ ਹੈ। ਆਜ਼ਾਦੀ ਦੇ ਅਰਥ ਵੀ ਅਸੀਂ ਬੜੇ ਸੀਮਤ ਜਿਹੇ ਬਣਾ ਲਏ ਹਨ। ਆਮ ਕਰਕੇ ਆਜ਼ਾਦੀ ਨੂੰ ਰਾਜਨੀਤਕ ਅਰਥਾਂ ਵਿਚ ਹੀ ਲਿਆ ਜਾਂਦਾ ਹੈ। ਅੰਗਰੇਜ਼ ਦਾ ਰਾਜ ਖ਼ਤਮ ਹੋਇਆ ਅਤੇ ਸਾਡਾ ਆਪਣਾ ਰਾਜ ਕਾਇਮ ਹੋਇਆ, ਇਹੋ ਹੀ ਸਾਡੀ ਨਜ਼ਰ ਵਿਚ ਆਜ਼ਾਦੀ ਹੈ। ਪਰ ਆਜ਼ਾਦੀ ਨੂੰ ਸਹੀ ਅਰਥਾਂ ਵਿਚ ਲਿਆ ਜਾਵੇ ਤਾਂ ਰਾਜਨੀਤਕ ਦੇ ਨਾਲ ਨਾਲ ਇਸ ਵਿਚ ਸਮਾਜਕ ਅਤੇ ਆਰਥਕ ਆਜ਼ਾਦੀ ਵੀ ਸ਼ਾਮਲ ਹੁੰਦੀ ਹੈ।
ਅਸਲ ਵਿਚ ਤਾਂ ਕੇਵਲ ਸਾਡਾ ਹੀ ਨਹੀਂ, ਪੂਰੀ ਮਨੁੱਖਜਾਤੀ ਦਾ ਇਤਿਹਾਸ ਹੀ ਉਹਦੇ ਅਰੰਭ ਤੋਂ ਨਵੇਂ ਇਲਾਕਿਆਂ ਵੱਲ ਵਹੀਰਾਂ, ਲੜਾਈਆਂ-ਝਗੜਿਆਂ, ਜਿੱਤਾਂ-ਹਾਰਾਂ, ਕਬਜ਼ਿਆਂ ਅਤੇ ਵਸੇਵਿਆਂ ਦਾ ਇਤਿਹਾਸ ਰਿਹਾ ਹੈ। ਮਨੁੱਖ ਜੰਗਲ ਤੋਂ ਸਭਿਅਤਾ ਤੱਕ ਦਾ ਸੁਹਾਨਾ ਸਫ਼ਰ ਕਰ ਕੇ ਅੱਜ ਵਾਲੇ ਮਕਾਮ ਉਤੇ ਪੁੱਜ ਗਿਆ, ਤਾਂ ਵੀ ਸਮੇਂ ਨਾਲ ਇਸ ਵਰਤਾਰੇ ਦੇ ਰੂਪ ਤੇ ਉਦੇਸ਼ ਤਾਂ ਬਦਲਦੇ ਰਹੇ, ਪਰ ਵਰਤਾਰਾ ਜਿਉਂ ਦਾ ਤਿਉਂ ਬਣਿਆ ਰਿਹਾ। ਭਾਰਤ ਆਪਣੇ ਭੂਗੋਲ ਅਤੇ ਪ੍ਰਕਿਰਤੀ ਸਦਕਾ ਬਾਹਰਲਿਆਂ ਲਈ ਆਦਿਕਾਲ ਤੋਂ ਖਿੱਚ ਦਾ ਕੇਂਦਰ ਰਿਹਾ ਹੈ।
ਪਹਿਲਾਂ-ਪਹਿਲ ਨਾ ਨਿੱਜੀ ਜਾਇਦਾਦ ਦਾ ਸੰਕਲਪ ਅੱਜ ਵਾਲਾ ਸੀ ਅਤੇ ਨਾ ਹੀ ਰਾਜ ਦਾ ਕੋਈ ਰੂਪ ਹੋਂਦ ਵਿਚ ਆਇਆ ਸੀ। ਜੰਗਲਾਂ ਵਿਚ ਇੱਜੜ ਦੇ ਰੂਪ ਵਿਚ ਰਹਿੰਦਾ ਮਨੁੱਖ ਕਿਸੇ ਵੀ ਚੀਜ਼ ਉਤੇ ਕਿਸੇ ਵੀ ਕਿਸਮ ਦੀ ਕਬਜ਼ੇ ਦੀ ਭਾਵਨਾ ਤੋਂ ਮੁਕਤ ਸੀ। ਹੋਰ ਜੀਵਾਂ ਵਾਂਗ ਜੋ ਕੁਝ ਕੁਦਰਤ ਤੋਂ ਮਿਲਿਆ, ਖਾ ਲਿਆ। ਉਹ ਅਜੇ ਪੇਟ ਭਰਨ ਤੱਕ ਸੀਮਤ ਸੀ, ਕੱਪੜੇ ਤੇ ਮਕਾਨ ਦੀ ਲੋੜ ਨਹੀਂ ਸੀ ਬਣੀ। ਸਮੱਸਿਆ ਉਦੋਂ ਖੜ੍ਹੀ ਹੋਣ ਲੱਗੀ ਜਦੋਂ ਮਨੁੱਖ ਨੇ ਅੱਜ ਦੇ ਬਚੇ ਹੋਏ ਸ਼ਿਕਾਰ ਤੇ ਕੰਦ-ਮੂਲ ਨੂੰ ਭਲਕੇ ਲਈ ਬਚਾਉਣਾ ਸਿੱਖ ਲਿਆ। ਥੋੜ੍ਹਾ ਅੱਗੇ ਚੱਲ ਕੇ ਮਨੁੱਖ ਨੂੰ ਦੋ ਜੁਗਤਾਂ ਅਜਿਹੀਆ ਸੁੱਝੀਆਂ ਜੋ ਇਤਿਹਾਸ ਦੇ ਬਹੁਤ ਵੱਡੇ ਇਨਕਲਾਬ ਸਿੱਧ ਹੋਈਆਂ। ਇਕ ਸੀ, ਉਹਦਾ ਦੁਧਾਰੂ ਪਸੂਆਂ ਤੇ ਘੋੜਿਆਂ ਨੂੰ ਸਿਧਾਉਣ ਲੱਗਣਾ ਅਤੇ ਦੂਜਾ ਸੀ, ਕੁਦਰਤ ਦੀ ਥਾਂ ਆਪ ਬੀ ਖਿਲਾਰ ਕੇ ਫ਼ਸਲ ਲੈਣ ਲੱਗਣਾ।
ਇਥੋਂ ਹੀ ਪਰਵਾਸਾਂ, ਕਬਜ਼ਿਆਂ, ਲੜਾਈਆਂ ਦਾ ਮੁੱਢ ਬੱਝਾ ਅਤੇ ਗ਼ੁਲਾਮੀ ਤੇ ਆਜ਼ਾਦੀ ਦੇ ਅੱਜ ਵਾਲੇ ਸੰਕਲਪ ਪੈਦਾ ਹੋਏ। ਪਸ਼ੂ ਪਾਲਣ ਨੇ ਚਰਾਂਦਾਂ ਵਜੋਂ ਨਵੇਂ ਹਰਿਆਲੇ ਇਲਾਕਿਆਂ ਦੀ ਭਾਲ ਦੀ ਲੋੜ ਪੈਦਾ ਕੀਤੀ। ਭਾਰਤ ਵਿਚ ਕਬੀਲਿਆਂ ਦੀ ਮੁੱਢਲੀ ਆਵਾਜਾਈ ਅਤੇ ਟਕਰਾਉ ਦਾ ਇਹੋ ਕਾਰਨ ਸੀ। ਮਹਾਂਭਾਰਤ ਦੀ ਲੜਾਈ ਦੇ ਕਾਰਨਾਂ ਵਿਚ ਵੱਧ ਤੋਂ ਵੱਧ ਹਰਿਆਲੇ ਖੇਤਰ ਅਤੇ ਪਸ਼ੂ ਆਪਣੇ ਕਬਜ਼ੇ ਵਿਚ ਰੱਖਣ ਦੀ ਭਾਵਨਾ ਵੀ ਕੰਮ ਕਰ ਰਹੀ ਸੀ। ਦੁਨੀਆਂ ਵਿਚ ਟਿਕਵੇਂ ਰਾਜ ਕਾਇਮ ਹੋਣ ਨਾਲ ਵੀ ਆਪਣੀਆਂ ਹੱਦਾਂ ਤੋਂ ਬਾਹਰਲੀਆਂ ਦੌਲਤਾਂ ਨੂੰ ਦੇਖ ਕੇ ਲਲਚਾਉਣ ਦੀ ਮਨੁੱਖੀ ਆਦਤ ਗਈ ਨਹੀਂ। ਦੂਜਿਆਂ ਦੇ ਧਨ-ਦੌਲਤ ਉਤੇ ਅੱਖ ਰੱਖਣ ਦੀ ਮਨੁੱਖੀ ਫ਼ਿਤਰਤ ਦਾ ਪਤਾ ਹਰ ਸਮਾਜ ਵਿਚ ਮਿਲਦੇ ਅਖਾਣਾਂ ਤੋਂ ਹੀ ਲੱਗ ਜਾਂਦਾ ਹੈ। ਅਸੀਂ ‘ਬਿਗਾਨੀ ਥਾਲੀ ਵਿਚ ਲੱਡੂ ਵੱਡਾ’ ਆਖਦੇ ਹਾਂ ਤਾਂ ਅੰਗਰੇਜ਼ੀ ਵਾਲਿਆਂ ਦਾ ਕਹਿਣਾ ਹੈ, ‘ਗੁਆਂਢੀ ਦਾ ਘਾਹ ਬਹੁਤਾ ਹਰਾ ਦਿਸਦਾ ਹੈ।’
ਭਾਰਤ ਦੀ ਕੁਦਰਤੀ ਪੈਦਾਵਾਰ, ਮਾਲ-ਪਸ਼ੂ, ਧਨ-ਦੌਲਤ, ਸੋਨੇ-ਚਾਂਦੀ, ਹੀਰੇ-ਮੋਤੀਆਂ, ਦਸਤਕਾਰੀ ਤੇ ਕਲਾ ਨੇ ਭਾਰਤ ਦੇ ਇਤਿਹਾਸ ਨੂੰ ਬਾਹਰਲੇ ਹਮਲਿਆਂ ਅਤੇ ਲੜਾਈਆਂ ਦਾ ਇਤਿਹਾਸ ਬਣਾ ਦਿੱਤਾ। ਆਜ਼ਾਦੀ ਤੋਂ ਪਹਿਲਾਂ ਦਾ ਪੂਰਾ ਇਤਿਹਾਸ ਦੋ ਕਿਸਮਾਂ ਦੇ ਹਮਲਿਆਂ ਦੀ ਲੜੀ ਹੈ। ਇਕ ਉਹ ਹਮਲਾਵਰ ਸਨ ਜੋ ਮੂਲ ਰੂਪ ਵਿਚ ਲੁਟੇਰੇ ਬਣ ਕੇ ਆਉਂਦੇ ਸਨ ਅਤੇ ਤਲਵਾਰ ਤੇ ਜ਼ੁਲਮ ਦੇ ਜ਼ੋਰ ਜੋ ਕੁਝ ਵੀ ਹੱਥ ਆਉਂਦਾ, ਹੂੰਝ ਕੇ ਲੈ ਜਾਂਦੇ ਸਨ। ਇਕ ਹਮਲਾਵਰ ਉਹ ਸਨ ਜੋ ਇਲਾਕੇ ਜਿੱਤ ਕੇ ਰਾਜ ਕਰਨ ਦੇ ਚਾਹਵਾਨ ਸਨ।
ਭਾਰਤ ਉਤੇ ਪਹਿਲਾ ਵੱਡਾ ਹਮਲਾ ਅੱਜ ਤੋਂ ਕੋਈ ਸਾਢੇ ਤੇਈ ਸਦੀਆਂ ਪਹਿਲਾਂ ਮਕਦੂਨੀਆ ਦੇ ਸਿਕੰਦਰ ਨੇ ਕੀਤਾ। ਰਾਹ ਦੇ ਇਲਾਕੇ ਫ਼ਤਿਹ ਕਰਦਾ ਕਰਦਾ ਉਹ ਪੰਜਾਬ ਆ ਪਹੁੰਚਿਆ। ਉਹ ਏਨੇ ਦਲ-ਬਲ ਨਾਲ ਜਿੱਤ ਦਾ ਪਰਚਮ ਝੁਲਾਉਂਦਾ ਆਇਆ ਕਿ ਉਹਦਾ ਨਾਂ ਹੀ ਸਿਕੰਦਰ ਮਹਾਨ ਪੈ ਗਿਆ। ਪਰ ਪੰਜਾਬੀਆਂ ਸਾਹਮਣੇ ਉਹਦੀ ਸਾਰੀ ਮਹਾਨਤਾ ਧਰੀ-ਧਰਾਈ ਰਹਿ ਗਈ ਅਤੇ ਉਹ ਇਥੋਂ ਵਾਪਸ ਪਰਤਣ ਲਈ ਮਜਬੂਰ ਹੋ ਗਿਆ।
ਬਹੁਤ ਸਮਾਂ ਮਗਰੋਂ 712 ਈਸਵੀ ਵਿਚ ਮੁਹੰਮਦ ਬਿਨ ਕਾਸਿਮ ਨੇ ਸਿੰਧ ਫ਼ਤਿਹ ਕਰ ਕੇ ਅਰਬ ਹਮਲਿਆਂ ਦਾ ਮੁੱਢ ਬੰਨ੍ਹਿਆ। ਉਨ੍ਹਾਂ ਤੋਂ ਪਿੱਛੋਂ ਤੁਰਕਾਂ ਨੇ ਇਧਰ ਰੁਖ਼ ਕੀਤਾ। ਉਨ੍ਹਾਂ ਦੇ ਹਮਲੇ ਵਧੀਕ ਲੰਮੇ, ਲੋਟੂ, ਜ਼ਾਲਿਮ ਤੇ ਖ਼ੂਨੀ ਸਨ। ਗਿਆਰਵੀਂ ਸਦੀ ਵਿਚ ਮਹਿਮੂਦ ਗ਼ਜ਼ਨੀ ਨੇ 25 ਸਾਲਾਂ ਵਿਚ 17 ਹਮਲੇ ਕੀਤੇ। ਉਹਦਾ ਉਦੇਸ਼ ਇਲਾਕੇ ਜਿੱਤ ਕੇ ਰਾਜ ਕਰਨਾ ਨਹੀਂ ਸੀ, ਵੱਧ ਤੋਂ ਵੱਧ ਲੁੱਟ-ਮਾਰ ਕਰਨਾ ਸੀ। ਉਹ ਸਦੀਆਂ ਦੌਰਾਨ ਪੂਜਾ-ਭੇਟ ਰਾਹੀਂ ਮੰਦਰਾਂ ਵਿਚ ਇਕੱਤਰ ਹੋਈ ਦੌਲਤ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਇਸ ਕਰਕੇ ਮੰਦਰ ਉਹਦਾ ਖਾਸ ਨਿਸ਼ਾਨਾ ਬਣਦੇ। ਸੋਮਨਾਥ ਦੇ ਮੰਦਰ ਨੂੰ ਉਸੇ ਨੇ ਲੁੱਟਿਆ ਸੀ। ਅਗਲੀ, ਬਾਰ੍ਹਵੀਂ ਸਦੀ ਵਿਚ ਮੁਹੰਮਦ ਗੌਰੀ ਨੇ ਹਮਲੇ ਕੀਤੇ। ਦਿੱਲੀ ਫ਼ਤਿਹ ਕਰਨ ਵਾਲਾ ਉਹ ਪਹਿਲਾ ਹਮਲਾਵਰ ਸੀ।
ਗੌਰੀ ਆਪ ਤਾਂ ਪਰਤ ਗਿਆ ਪਰ ਪਿੱਛੇ ਆਪਣੇ ਗ਼ੁਲਾਮ ਕੁਤਬ-ਉਦ-ਦੀਨ ਐਬਕ ਨੂੰ ਸੁਲਤਾਨ ਥਾਪ ਕੇ ਛੱਡ ਗਿਆ ਜਿਸ ਦੇ ਕਾਇਮ ਕੀਤੇ ਰਾਜ-ਘਰਾਣੇ ਨੂੰ ਆਮ ਕਰਕੇ ਗ਼ੁਲਾਮ ਵੰਸ਼ ਕਿਹਾ ਜਾਂਦਾ ਹੈ। ਕੁਤਬ ਮੀਨਾਰ ਉਸੇ ਨੇ ਬਣਾਈ ਸੀ। ਉਸ ਪਿੱਛੋਂ ਦਿੱਲੀ ਸਲਤਨਤ ਉਤੇ ਕਈ ਮੁਸਲਮਾਨ ਘਰਾਣਿਆਂ ਦਾ ਰਾਜ ਰਿਹਾ। 1526 ਵਿਚ ਕਾਬਲ ਦੇ ਬਾਦਸ਼ਾਹ ਬਾਬਰ ਨੇ ਦਿੱਲੀ ਸਲਤਨਤ ਅਤੇ ਹੋਰ ਇਲਾਕੇ ਜਿੱਤ ਕੇ ਪ੍ਰਸਿੱਧ ਮੁਗ਼ਲ ਵੰਸ਼ ਦੀ ਬੁਨਿਆਦ ਰੱਖੀ। ਉਹਨੇ ਕਾਬਲ ਤੋਂ ਰਾਜ ਕਰਨ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਵੰਸ਼ ਦੇ ਸਾਰੇ ਬਾਦਸ਼ਾਹਾਂ-ਬਾਬਰ, ਹਮਾਯੂੰ, ਅਕਬਰ, ਜਹਾਂਗੀਰ, ਸ਼ਾਹ ਜਹਾਨ ਅਤੇ ਔਰੰਗਜ਼ੇਬ ਨੇ ਇਤਿਹਾਸ ਵਿਚ ਆਪਣੀ ਅਹਿਮ ਥਾਂ ਬਣਾਈ। ਪਰ ਔਰੰਗਜ਼ੇਬ ਦੀਆਂ ਗ਼ਲਤ ਨੀਤੀਆਂ ਨੇ ਮੁਗ਼ਲ ਵੰਸ਼ ਦੀ ਖੈ ਦਾ ਮੁੱਢ ਬੰਨ੍ਹ ਦਿੱਤਾ।
ਇਸ ਸਮੇਂ ਤੱਕ ਭਾਰਤ ਦੀ ਖ਼ੁਸ਼ਹਾਲੀ ਦੀਆਂ ਖ਼ਬਰਾਂ ਯੂਰਪ ਤੱਕ ਪੁੱਜ ਗਈਆਂ ਸਨ। ਯੂਰਪੀਆਂ ਦਾ ਪਹਿਲੇ ਸਭ ਬਦੇਸੀਆਂ ਨਾਲੋਂ ਵੱਡਾ ਫ਼ਰਕ ਇਹ ਸੀ ਕਿ ਉਹ ਤਲਵਾਰਧਾਰੀ ਹਮਲਾਵਰ ਦੀ ਥਾਂ ਤੱਕੜੀਧਾਰੀ ਵਪਾਰੀ ਬਣ ਕੇ ਲੁੱਟਣ ਆਏ। ਇੰਡੀਆ ਪੁੱਜਣ ਦਾ ਦਾਈਆ ਬੰਨ੍ਹਣ ਵਾਲਾ ਪਹਿਲਾ ਯੂਰਪੀ ਕੋਲੰਬਸ ਸੀ। ਉਹ ਸੀ ਤਾਂ ਇਟਲੀ ਦਾ ਪਰ ਯਾਤਰਾ ਲਈ ਸਰਪ੍ਰਸਤੀ ਉਹਨੂੰ ਸਪੇਨ ਦੇ ਬਾਦਸ਼ਾਹ ਨੇ ਦਿੱਤੀ। 1492 ਵਿਚ ਤਿੰਨ ਸਮੁੰਦਰੀ ਜਹਾਜ਼ ਲੈ ਕੇ ਉਹ ਸਪੇਨ ਦੀ ਇਕ ਬੰਦਰਗਾਹ ਤੋਂ ਚੱਲਿਆ ਤਾਂ ਇੰਡੀਆ ਲਈ ਪਰ ਪਹੁੰਚ ਅਮਰੀਕਾ ਗਿਆ ਜਿਸ ਨੂੰ ਉਹਨੇ ਸਾਰੀ ਉਮਰ ਇੰਡੀਆ ਹੀ ਸਮਝਿਆ। ਉਹਦੇ ਇਸ ਭੁਲੇਖੇ ਕਰਕੇ ਉਥੋਂ ਦੇ ਮੂਲ ਵਾਸੀਆਂ ਨੂੰ ਇੰਡੀਅਨ ਕਿਹਾ ਜਾਣ ਲੱਗਿਆ ਜਿਹੜਾ ਨਾਂ ਅੱਜ ਵੀ ਪ੍ਰਚਲਿਤ ਹੈ।
ਇੰਡੀਆ ਦੇ ਗਰਮ ਮਸਾਲਿਆਂ ਨੂੰ ਸੁੰਘਦਾ ਹੋਇਆ ਇਥੇ ਪਹੁੰਚਣ ਵਾਲਾ ਪਹਿਲਾ ਯੂਰਪੀ ਪੁਰਤਗਾਲ ਦਾ ਵਾਸਕੋ-ਡਿ-ਗਾਮਾ ਸੀ। ਜਦੋਂ ਕੋਲੰਬਸ ਅਮਰੀਕਾ ਨੂੰ ਇੰਡੀਆ ਸਮਝ ਕੇ ਗਦਗਦ ਹੋ ਰਿਹਾ ਸੀ, ਉਹਤੋਂ ਕੁੱਲ ਛੇ ਸਾਲ ਮਗਰੋਂ, 1498 ਵਿਚ ਵਾਸਕੋ ਨੇ ਆਪਣਾ ਜਹਾਜ਼ ਸਾਡੇ ਪੱਤਣ ਉਤੇ ਆ ਲਾਇਆ। ਭਾਵੇਂ ਪੁਰਤਗਾਲੀਆਂ ਦੇ ਪੈਰ ਮਗਰੋਂ ਆਏ ਅੰਗਰੇਜ਼ਾਂ ਨੇ ਉਖੇੜ ਦਿੱਤੇ, ਤਾਂ ਵੀ ਗੋਆ ਸਮੇਤ ਸਾਡੀ ਧਰਤੀ ਦੇ ਕੁਝ ਟੋਟੇ ਉਨ੍ਹਾਂ ਦੀ ਮਲਕੀਅਤ ਬਣੇ ਰਹੇ। ਉਹ ਭਾਰਤ ਵਿਚ ਸਭ ਤੋਂ ਪਹਿਲਾਂ ਆਉਣ ਵਾਲੇ ਤੇ ਸਭ ਤੋਂ ਮਗਰੋਂ ਜਾਣ ਵਾਲੇ ਯੂਰਪੀ ਸਨ ਕਿਉਂਕਿ ਗੋਆ, ਦਮਨ ਤੇ ਦਿਊ, ਦਾਦਰਾ ਤੇ ਨਗਰ ਹਵੇਲੀ ਦੇ ਇਲਾਕੇ ਫ਼ੌਜੀ ਕਾਰਵਾਈ ਨਾਲ 1961 ਵਿਚ ਆਜ਼ਾਦ ਕਰਵਾਏ ਗਏ। ਪਹਿਲਾਂ ਹੋਏ ਜਨਤਕ ਸੱਤਿਆਗ੍ਰਹਿ ਵਿਚ ਸਾਡੇ ਅਧਿਆਪਕ ਸਾਥੀ ਕਰਨੈਲ ਸਿੰਘ ਈਸੜੂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ।
ਪੁਰਤਗਾਲੀਆਂ ਦੇ ਪਿੱਛੇ ਪਿੱਛੇ ਆਪਣੀਆਂ ਆਪਣੀਆਂ ਈਸਟ ਇੰਡੀਆ ਕੰਪਨੀਆਂ ਬਣਾ ਕੇ ਫ਼ਰਾਂਸੀਸੀ, ਡੱਚ ਅਤੇ ਅੰਗਰੇਜ਼ ਆ ਪਹੁੰਚੇ। ਇਨ੍ਹਾਂ ਵਿਚੋਂ ਅੰਗਰੇਜ਼ ਸਭ ਤੋਂ ਚਲਾਕ-ਚਤੁਰ, ਬੇਅਸੂਲੇ ਤੇ ਕਮੀਨੇ ਨਿਕਲੇ। ਡੱਚ ਤਾਂ ਛੇਤੀ ਹੀ ਮੈਦਾਨ ਛੱਡ ਗਏ ਅਤੇ ਇੰਡੋਨੇਸ਼ੀਆ ਉਤੇ ਜਾ ਕਾਬਜ਼ ਹੋਏ। ਫ਼ਰਾਂਸੀਸੀ ਖਾਸਾ ਚਿਰ ਟੱਕਰ ਲੈਂਦੇ ਰਹੇ, ਪਰ ਆਖ਼ਰ ਭਾਰਤ ਦੀ ਧਰਤੀ ਦੇ ਕੁਝ ਖਿੰਡੇ-ਵਿੱਖਰੇ ਟੋਟਿਆਂ ਨਾਲ ਸਬਰ ਕਰ ਕੇ ਬੈਠ ਗਏ। ਉਹ ਪਾਂਡੀਚਰੀ, ਕਾਰੀਕੁਲ, ਯਾਨਾਉਨ, ਮਾਹੇ ਤੇ ਚੰਦਰਨਗਰ ਦੇ ਇਲਾਕਿਆਂ ਤੋਂ ਇਲਾਵਾ ਸ਼ੁਰੂ ਵਿਚ ਵਪਾਰ ਲਈ ਇਥੇ-ਉਥੇ ਬਣਾਈਆਂ ਕੁਝ ਇਮਾਰਤਾਂ ਦੇ ਵੀ ਮਾਲਕ ਸਨ। ਇਸ ਸਭ ਕੁਝ ਦਾ ਕੁੱਲ-ਜੋੜ 510 ਵਰਗ ਕਿਲੋਮੀਟਰ ਬਣਦਾ ਸੀ। 1947 ਤੋਂ ਸ਼ੁਰੂ ਕਰ ਕੇ ਕਿਸੇ ਲੜਾਈ ਤੋਂ ਬਿਨਾਂ ਹੋਏ ਕਈ ਸਮਝੌਤਿਆਂ ਰਾਹੀਂ ਉਹ ਇਕ ਇਕ ਕਰ ਕੇ ਇਨ੍ਹਾਂ ਇਲਾਕਿਆਂ ਦੀ ਮਾਲਕੀ ਛਡਦੇ ਗਏ। ਆਖ਼ਰ 1954 ਵਿਚ ਉਨ੍ਹਾਂ ਦੀ ਮਾਲਕੀ ਦਾ ਅੰਤ ਹੋ ਗਿਆ।
ਅੰਗਰੇਜ਼ ਈਸਟ ਇੰਡੀਆ ਕੰਪਨੀ ਨੇ ਪਹਿਲਾਂ ਚਲਾਕ ਵਪਾਰੀ ਵਜੋਂ ਦੇਸ਼ ਦੇ ਵੱਖ ਵੱਖ ਰਾਜਿਆਂ ਤੋਂ ਅਜਿਹੀਆਂ ਰਿਆਇਤਾਂ ਲਈਆਂ ਜਿਨ੍ਹਾਂ ਦੇ ਸਹਾਰੇ ਉਹ ਆਪਣੇ ਯੂਰਪੀ ਸ਼ਰੀਕਾਂ ਨੂੰ ਮਾਤ ਦੇਣ ਵਿਚ ਸਫਲ ਹੋਈ। ਫੇਰ ਉਹ ਵਪਾਰਕ ਕੇਂਦਰਾਂ ਦੇ ਬਹਾਨੇ ਇਲਾਕੇ ਹਥਿਆਉਣ ਲੱਗੀ। 1600 ਵਿਚ ਕਾਇਮ ਹੋਈ ਇਸ ਕੰਪਨੀ ਨੂੰ ਅਸਲ ਪੈਰ-ਧਰਾਵਾ ਉਦੋਂ ਮਿਲਿਆ ਜਦੋਂ ਜਹਾਂਗੀਰ ਨੇ ਉਹਨੂੰ ਸੂਰਤ ਵਿਚ ਅੱਡਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਇਸ ਇਜਾਜ਼ਤ ਦੇ ਸਹਾਰੇ ਉਹ ਕਈ ਹੋਰ ਰਾਜਿਆਂ ਤੋਂ ਅਜਿਹੀਆਂ ਇਜਾਜ਼ਤਾਂ ਲੈਣ ਵਿਚ ਸਫਲ ਹੋ ਗਈ। 1757 ਵਿਚ ਪਲਾਸੀ ਦੀ ਲੜਾਈ ਵਿਚ ਫ਼ਤਿਹ ਪ੍ਰਾਪਤ ਕਰ ਕੇ ਉਹਨੇ ਵਪਾਰ ਦੀ ਥਾਂ ਰਾਜ ਦਾ ਝੰਡਾ ਝੁਲਾ ਦਿੱਤਾ। 1773 ਵਿਚ ਕਲਕੱਤੇ ਨੂੰ ਰਾਜਧਾਨੀ ਬਣਾ ਕੇ ਰਾਜਕਾਜ ਚਲਾਉਣ ਵਾਸਤੇ ਬਾਕਾਇਦਾ ਗਵਰਨਰ ਜਨਰਲ ਥਾਪਣੇ ਸ਼ੁਰੂ ਕਰ ਦਿੱਤੇ ਗਏ। ਵਾਰਨ ਹੇਸਟਿੰਗਜ਼ ਪਹਿਲਾ ਗਵਰਨਰ ਜਨਰਲ ਸੀ। ਉਹ ਆਪਣੇ ਆਪ ਨੂੰ ‘ਕੰਪਨੀ ਬਹਾਦਰ’ ਕਹਾਉਣ ਲੱਗਾ ਅਤੇ ਉਹਦੇ ਰਾਜ ਨੂੰ ‘ਕੰਪਨੀ ਬਹਾਦਰ ਦਾ ਰਾਜ’ ਕਿਹਾ ਜਾਣ ਲੱਗਿਆ।
1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਮਗਰੋਂ ਬਰਤਾਨਵੀ ਸਰਕਾਰ ਨੇ ਰਾਜ ਦੀ ਵਾਗਡੋਰ ਕੰਪਨੀ ਤੋਂ ਸਿੱਧੀ ਆਪਣੇ ਹੱਥ ਲੈ ਲਈ। ਇਉਂ ਦੇਸ਼ ਸਿੱਧਾ ਬਰਤਾਨਵੀ ਤਾਜ ਦੇ ਅਧੀਨ ਹੋ ਗਿਆ। ਬਰਤਾਨਵੀ ਤਾਜ ਨੇ ਵੀ ਆਪਣੇ ਰਾਜ ਦੀਆਂ ਹੱਦਾਂ ਲਗਾਤਾਰ ਵਧਾਉਂਦੇ ਜਾਣ ਵਾਸਤੇ ਦੇਸੀ ਰਾਜਿਆਂ ਨੂੰ ਇਕ ਦੂਜੇ ਨਾਲ ਲੜਾ ਕੇ ਉਨ੍ਹਾਂ ਦੇ ਝਗੜੇ ਵਿਚ ਦਖ਼ਲ ਦੇਣ ਤੇ ਲਾਹਾ ਖੱਟਣ ਦੀ, ਕਿਸੇ ਕਮਜ਼ੋਰ ਰਾਜੇ ਨੂੰ ਡਰਾਉਣ ਤੇ ਕਿਸੇ ਹੋਰ ਨੂੰ ਹਰਾਉਣ ਦੀ, ਕਿਸੇ ਨਾਲ ਸਿੱਧੀ ਲੜਾਈ ਲੜਨ ਦੀ- ਗੱਲ ਕੀ ਹਰ ਹੱਥਕੰਡਾ ਵਰਤਣ ਦੀ ਕੰਪਨੀ ਵਾਲੀ ਨੀਤੀ ਜਾਰੀ ਰੱਖੀ। ਅੰਤ ਨੂੰ ਰਣਜੀਤ ਸਿੰਘ ਦੇ ਕਾਇਮ ਕੀਤੇ ਪੰਜਾਬ ਦੇ ਰਾਜ ਉਤੇ ਵੀ ਅੰਗਰੇਜ਼ ਦਾ ਪਰਚਮ ਬੁਲੰਦ ਹੋ ਗਿਆ। 1911 ਵਿਚ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਲਿਆਂਦੀ ਗਈ।
ਅੰਗਰੇਜ਼ ਰਾਜ ਖ਼ਤਮ ਕਰਨ ਲਈ ਅਨੇਕ ਸੰਗਰਾਮ ਲੜਨੇ ਪਏ ਅਤੇ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ। ਫਾਂਸੀਆਂ, ਕੈਦਾਂ, ਤਸੀਹਿਆਂ, ਕੁਰਕੀਆਂ, ਆਦਿ ਦੀਆਂ ਸੂਚੀਆਂ ਵਿਚ ਪੰਜਾਬੀਆਂ ਦਾ ਹਿੱਸਾ ਆਪਣੀ ਵਸੋਂ ਨਾਲੋਂ ਹਮੇਸ਼ਾ ਕਈ ਗੁਣਾ ਵੱਧ ਰਿਹਾ। ਇਹ ਸਾਰਾ ਏਨਾ ਸੱਜਰਾ ਇਤਿਹਾਸ ਹੈ ਕਿ ਇਥੇ ਦੁਹਰਾਉਣ ਦੀ ਲੋੜ ਨਹੀਂ। ਆਖ਼ਰ 1947 ਵਿਚ ਅੰਗਰੇਜ਼ ਨਿਕਲਣ ਲਈ ਮਜਬੂਰ ਹੋਇਆ ਤਾਂ ਫੇਰ ਵੀ ਜਿੰਨੀ ਸੱਟ ਮਾਰ ਸਕਦਾ ਸੀ, ਮਾਰ ਕੇ ਹੀ ਨਿਕਲਿਆ। ਦੇਸ਼ ਦੇ ਦੋ ਟੋਟੇ ਹੋ ਗਏ। ਲੱਖਾਂ ਬੇਦੋਸ਼ੇ ਮਾਰੇ ਗਏ, ਲੱਖਾਂ ਧੀਆਂ-ਭੈਣਾਂ ਦੀ ਬੇਪਤੀ ਹੋਈ, ਕਰੋੜਾਂ ਲੋਕ ਘਰਘਾਟ ਤੋਂ ਉਜੜੇ, ਅਰਬਾਂ ਰੁਪਏ ਦੀ ਜਾਇਦਾਦ ਬਰਬਾਦ ਹੋ ਗਈ।
ਏਨਾ ਵੱਡਾ ਮੁੱਲ ਤਾਰ ਕੇ ਸਾਨੂੰ ਆਪਣੀ ਰਾਜਨੀਤਕ ਆਜ਼ਾਦੀ ਪ੍ਰਾਪਤ ਹੋਈ। ਇਹ ਸਾਡੀ ਭਾਰਤੀਆਂ ਦੀ ਵੱਡੀ ਭੁੱਲ ਸੀ ਕਿ ਅਸੀਂ ਇਸ ਰਾਜਨੀਤਕ ਆਜ਼ਾਦੀ ਨੂੰ ਹੀ ਸੰਪੂਰਨ ਆਜ਼ਾਦੀ ਸਮਝ ਬੈਠੇ। ਇਉਂ ਲਗਦਾ ਹੈ ਜਿਵੇਂ ਰਾਜਨੀਤਕ ਆਜ਼ਾਦੀ ਦੇ ਚਾਅ ਵਿਚ ਸਮਾਜਕ ਆਜ਼ਾਦੀ ਅਤੇ ਆਰਥਿਕ ਆਜ਼ਾਦੀ ਦੇ ਟੀਚੇ ਵਿਸਰਦੇ ਵਿਸਰਦੇ ਸਾਡੀਆਂ ਨਜ਼ਰਾਂ ਤੋਂ ਓਝਲ ਹੀ ਹੋ ਗਏ ਹੋਣ!
ਸਮਾਜਕ ਅਤੇ ਆਰਥਿਕ ਆਜ਼ਾਦੀ ਬਿਨਾਂ ਇਸਤਰੀਆਂ ਨਾਲ ਵਿਤਕਰਾ ਤੇ ਧੱਕਾ ਜਿਉਂ ਦਾ ਤਿਉਂ ਕਾਇਮ ਹੈ ਅਤੇ ਕੁੜੀਆਂ ਗਰਭ ਵਿਚ ਮਾਰੀਆਂ ਜਾ ਰਹੀਆਂ ਹਨ। ਵਸੋਂ ਦਾ ਵੱਡਾ ਹਿੱਸਾ ਦਲਿਤ, ਪਿਛੜੇ ਤੇ ਹੋਰ ਅਜਿਹੇ ਨਾਂਵਾਂ ਨਾਲ ਵਿਕਾਸ ਦੀ ਮੁੱਖਧਾਰਾ ਤੋਂ ਦੂਰ ਰੱਖਿਆ ਜਾ ਰਿਹਾ ਹੈ। ਕਰੋੜਾਂ ਲੋਕਾਂ ਦੀ ਸਿਹਤ ਸੇਵਾਵਾਂ ਤੱਕ ਤੇ ਕਰੋੜਾਂ ਬੱਚੇ-ਬੱਚੀਆਂ ਦੀ ਚੰਗੀ ਵਿਦਿਆ ਤੱਕ ਕੋਈ ਪਹੁੰਚ ਨਹੀਂ। ਇਲਾਕੇ, ਧਰਮ ਅਤੇ ਜਾਤ ਦੇ ਨਾਂ ਉਤੇ ਵੰਡੀਆਂ ਉਵੇਂ ਬਣੀਆਂ ਹੋਈਆਂ ਹਨ। ਲੋਕਾਂ ਦੇ ਵੱਖ ਵੱਖ ਤਬਕਿਆਂ ਵਿਚਕਾਰ ਆਰਥਿਕ ਪਾੜਾ ਘਟਣ ਦੀ ਥਾਂ ਵਧਦਾ ਹੀ ਜਾਂਦਾ ਹੈ। ਕਰੋੜਾਂ ਨੌਜਵਾਨਾਂ ਨੂੰ ਆਪਣੀ ਯੋਗਤਾ, ਇੱਛਾ ਤੇ ਲੋੜ ਅਨੁਸਾਰ ਰੁਜ਼ਗਾਰ ਦੀ ਤਲਾਸ਼ ਹੈ। ਕਹਾਵਤ ਹੈ ਕਿ ਕੋਈ ਇਕ ਵਿਹਲੜ ਜਿੰਨੇ ਪੈਸੇ ਨਾਸ਼ਤੇ ਉਤੇ ਖਰਚ ਕਰ ਦਿੰਦਾ ਹੈ, ਓਨੇ ਹੱਡ-ਭੰਨ ਮਿਹਨਤ ਕਰਨ ਵਾਲੇ ਭਰੇ-ਪੂਰੇ ਪਰਿਵਾਰ ਨੂੰ ਪੂਰੇ ਮਹੀਨੇ ਵਾਸਤੇ ਘਰ ਚਲਾਉਣ ਲਈ ਵੀ ਨਹੀਂ ਮਿਲਦੇ।
ਆਜ਼ਾਦੀ ਦੇ ਦਿਨ ਸਾਡੇ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼-ਭਗਤਾਂ ਨੂੰ ਸ਼ਰਧਾ ਭੇਟ ਕਰਦਿਆਂ ਸਾਨੂੰ ਉਨ੍ਹਾਂ ਦੀ ਯਾਦ ਵਿਚ ਇਹ ਸੰਕਲਪ ਤੇ ਪ੍ਰਣ ਜ਼ਰੂਰ ਕਰਨਾ ਚਾਹੀਦਾ ਹੈ ਕਿ ਸਾਥੋਂ ਜੋ ਵੀ ਯਤਨ ਸੰਭਵ ਹੈ, ਉਹੋ ਕਰ ਕੇ ਅਸੀਂ ਰਾਜਨੀਤਕ ਆਜ਼ਾਦੀ ਨੂੰ ਸਮਾਜਕ ਅਤੇ ਆਰਥਿਕ ਆਜ਼ਾਦੀ ਨਾਲ ਸੰਪੂਰਨ ਬਣਾਉਣ ਵਾਸਤੇ ਆਪਣਾ ਸਰਦਾ-ਬਣਦਾ ਹਿੱਸਾ ਜ਼ਰੂਰ ਪਾਵਾਂਗੇ!
Leave a Reply