ਸਾਹਬ ਨਾ ਦੇਂਦਾ ਛੁੱਟੀਆਂ…

ਬੀਬੀ-2
ਰਜਵੰਤ ਕੌਰ ਸੰਧੂ
ਇਕਲੌਤੇ ਪੁੱਤਰ ਦੇ ਮਰਨ ਤੋਂ ਬਾਅਦ ਪਿਤਾ ਜੀ ਦੀ ਮੌਤ ਦੇ ਸਦਮੇ ਦਾ ਅਸਰ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਇਕ ਹੋਰ ਭਿਆਨਕ ਮੌਤ ਉਹਦੀਆਂ ਬਰੂਹਾਂ ‘ਤੇ ਆਣ ਖਲੋਤੀ। ਸਾਡਾ ਮਾਮਾ ਜਿਹੜਾ ਹੁਣ ਆਪਣੀ ਜ਼ਮੀਨ ‘ਤੇ ਯੂæਪੀæ ਚਲਾ ਗਿਆ ਸੀ, ਤੇ ਜੋ ਸਾਡੀ ਮਾਂ ਦਾ ਦੁੱਖ ਵੰਡਣ ਵਾਲਾ ਇਕੋ ਇਕ ਆਸਰਾ ਸੀ, ਇਹ ਆਸਰਾ ਵੀ ਖੁੱਸ ਗਿਆ। ਯੂæਪੀæ ਵਿਚ ਉਹਨੂੰ ਸ਼ੇਰ ਨੇ ਖਾ ਲਿਆ। ਬੀਬੀ ਕਦੀ ਸਾਡੇ ਭਰਾ, ਕਦੀ ਪਿਉ ਤੇ ਕਦੀ ਭਰਾ ਦਾ ਨਾਂ ਲੈ ਕੇ ਵੈਣ ਪਾਉਣ ਲੱਗਦੀ। ਕੁਝ ਚਿਰ ਬਾਅਦ ਬੀਬੀ ਦਾ ਸਾਕ ਲੈ ਕੇ ਆਉਣ ਵਾਲੀ ਸਾਡੀ ਵੱਡੀ ਧਿਰ, ਵੱਡੀ ਮਾਸੀ ਦਾ ਪਤੀ, ਸਾਡਾ ਮਾਸੜ ਵੀ ਤੁਰ ਗਿਆ। ਹਰ ਵੇਲੇ ਸਾਡੇ ਘਰ ਮਕਾਣਾਂ ਦੀ ਆਵਾਜ਼ ਆਉਂਦੀ। ਮੈਂ ਬੱਚੀ ਸਾਂ, ਮਾਂ ਨੂੰ ਰੋਜ਼ ਰੋਂਦਿਆਂ ਵੇਖ ਕੇ ਘਬਰਾ ਜਾਂਦੀ। ਰੋਣ ਲੱਗਦੀ। ਦਰੱਖਤਾਂ ‘ਤੇ ਬੋਲਦੇ ਪੰਛੀ ਵੀ ਰੋਂਦੇ ਲੱਗਦੇ। ਚਰਖ਼ੇ ਦੀ ਘੂੰ-ਘੂੰ ਵੀ ਵੈਣ ਪਾਉਂਦੀ ਲੱਗਦੀ। ਹਰ ਵੇਲੇ ਕੁਝ ਮੰਦਾ ਵਾਪਰ ਜਾਣ ਦਾ ਡਰ ਲੱਗਾ ਰਹਿੰਦਾ। ਆਸਰਾ ਭਾਲਣ ਲਈ ਆਪਣੇ ਪਿਉ ਦੇ ਜਿਉਂਦੇ ਹੋਣ ਦੇ ਚੰਗੇ ਸਮੇਂ ਦੀਆਂ ਗੱਲਾਂ ਸੁਣਾਉਣ ਲਈ ਬੀਬੀ ਨੂੰ ਆਖਦੀ। ਬੀਬੀ ਨਾਲੇ ਰੋਂਦੀ ਨਾਲੇ ਦੱਸਦੀ, “ਤੇਰੇ ਭਾਪਾ ਜੀ ਜਦੋਂ ਘਰ ਆਉਂਦੇ ਤਾਂ ਹੱਸਦੇ ਗਾਉਂਦੇ ਆਉਂਦੇ। ਬੂਹਾ ਲੰਘਦਿਆਂ ਮਖ਼ੌਲ ਨਾਲ ਕਹਿਣਾ, ‘ਘਰ ਆਏ ਪ੍ਰਾਹੁਣੇ ਤੇ ਆਲੂ ਬਣਾਉਣੇ।’ ਗਲੀ ਗਵਾਂਢ ਦੇ ਨਿਆਣੇ ਭੱਜੇ ਆਉਂਦੇ। ਉਨ੍ਹਾਂ ਦੁਆਲੇ ‘ਕੱਠੇ ਹੋ ਕੇ ਰੌਲਾ ਪਾਉਂਦੇ ਤੇ ਲਾਡ ਲਡਾਉਂਦੇ। ਉਹ ਉਨ੍ਹਾਂ ਵਿਚ ਪੈਸੇ, ਫ਼ਲ ਤੇ ਮਠਿਆਈਆਂ ਵੰਡਦੇ। ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।”
ਇਹ ਸੋਚ ਕੇ ਮੇਰੇ ਕਲੇਜੇ ਦਾ ਹੁਣ ਵੀ ਰੁੱਗ ਭਰਿਆ ਜਾਂਦਾ ਹੈ। ਸਾਨੂੰ ਤਾਂ ਕਿਸੇ ਨੇ ਵੀ ਇੱਦਾਂ ਲਾਡ ਨਾ ਲਡਾਏ। ਇਹ ਵੱਖਰੀ ਗੱਲ ਹੈ ਕਿ ਸਾਡੀ ਮਾਂ ਬਹੁਤ ਦੁਖੀ ਸੀ; ਇਸ ਦੇ ਬਾਵਜੂਦ ਉਹ ਤੰਗੀਆਂ ਤੁਰਸ਼ੀਆਂ ਝੱਲਦੀ ਸਾਡੀ ਹਰ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦੀ। ਚਾਚੀਆਂ-ਤਾਈਆਂ ਜੇ ਕਿਸੇ ਦਿਨ-ਦਿਹਾਰ, ਦੀਵਾਲੀ, ਵਿਸਾਖੀ ‘ਤੇ ਘਰ ਵਿਚ ਲੱਡੂ ਮਠਿਆਈ ਆਦਿ ਬਣਾਉਂਦੀਆਂ ਤਾਂ ਮੇਰੀ ਮਾਂ ਬਰਾਬਰ ਦਾ ਹਿੱਸਾ ਪਾ ਕੇ ਸਾਡੇ ਲਈ ਵੀ ਮਠਿਆਈ ਬਣਵਾਉਂਦੀ ਤੇ ਕਹਿੰਦੀ ਕਿ ਮੇਰੇ ਬੱਚੇ ਤਰਸਣ ਨਾ, ਤੇ ਦੂਜਿਆਂ ਦੇ ਮੂੰਹ ਵੱਲ ਨਾ ਵੇਖਣ ਪਰ ਪਿਉ ਦਾ ਪਿਆਰ ਕੀ ਹੁੰਦਾ ਹੈ, ਇਹ ਸੁੱਖ ਸਾਨੂੰ ਸਾਰੀ ਉਮਰ ਨਸੀਬ ਨਾ ਹੋਇਆ। ਪਿਉ ਨਾ ਹੋਣ ਦਾ ਦੁੱਖ, ਪੀੜ ਤੇ ਵਿਗੋਚਾ ਕੀ ਹੁੰਦਾ ਹੈ, ਇਹ ਸਾਡੇ ਬਿਨਾਂ ਹੋਰ ਕੌਣ ਦੱਸ ਸਕਦਾ ਹੈ!
ਇਕ ਹਸਾਉਣੀ ਗੱਲ ਚੇਤੇ ਆ ਗਈ। ਇਕ ਵਾਰ ਸੰਧੂ ਸਾਹਿਬ ਸ਼ੁਗਲ-ਸ਼ੁਗਲ ਵਿਚ ਬੀਬੀ ਨੂੰ ਪੁੱਛਦੇ, “ਬੀਬੀ! ਤੂੰ ਏਨੀ ਸੋਹਣੀ ਸੈਂ; ਬੜਾ ਪਿਆਰ ਕਰਦੇ ਹੋਣੇ ਨੇ ਤੈਨੂੰ ਭਾਪਾ ਜੀ। ਤੂੰ ਕਿੰਨਾ ਕੁ ਪਿਆਰ ਕਰਦੀ ਸੈਂ ਉਨ੍ਹਾਂ ਨੂੰ?”
ਬੀਬੀ ਨਿਰਭਾਵ ਹੋ ਕੇ ਕਹਿੰਦੀ, “ਨਾ, ਮੋਇਆਂ ਨਾਲ ਕਾਹਦਾ ਪਿਆਰ ਕਰਨਾ ਹੋਇਆ!”
ਇਸ ਦਾ ਪਿਛੋਕੜ ਚੇਤੇ ਆਉਂਦਾ ਹੈ: ਸਾਡੀ ਵੱਡੀ ਮਾਸੀ ਬੀਬੀ ਦੀ ਮਾਨਸਿਕ ਹਾਲਤ ਵੱਲ ਵੇਖ ਕੇ ਕਿਸੇ ਸਿਆਣੇ ਕੋਲ ਲੈ ਕੇ ਗਈ। ਪਿਤਾ ਜੀ ਦੇ ਸੁਪਨੇ ਵਿਚ ਮਿਲਣ ਦੀ ਸਾਰੀ ਕਹਾਣੀ ਦੱਸ ਕੇ ਆਖਿਆ ਕਿ ਇਹਨੂੰ ਦਬਾਅ ਪੈ ਜਾਂਦਾ ਹੈ ਤੇ ਫਿਰ ਕਈ ਕਈ ਦਿਨ ਇਹ ਸਦਮੇ ‘ਚੋਂ ਬਾਹਰ ਨਹੀਂ ਨਿਕਲਦੀ। ਸਿਆਣਾ ਸਾਡੇ ਪਿੰਡ ਦਾ ਜਵਾਈ ਸੀ ਤੇ ਸਾਡੇ ਟੱਬਰਾਂ ਦਾ ਜਾਣਕਾਰ ਸੀ। ਉਸ ਨੇ ਕਿਹਾ ਕਿ ਮੋਏ ਕਿਸੇ ਦੇ ਮਿੱਤ ਨਹੀਂ ਹੁੰਦੇ, ਉਨ੍ਹਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ। ਜਦੋਂ ਵੀ ਯਾਦ ਆਉਣ ਲੱਗਣ ਤਾਂ ਪਾਠ ਕਰਨਾ ਸ਼ੁਰੂ ਕਰ ਲਓ। ਰਾਤ ਨੂੰ ਵੀ ਸੌਣ ਤੋਂ ਪਹਿਲਾਂ ਪਾਠ ਕਰੋ। ਮਰਿਆਂ ਵੱਲ ਧਿਆਨ ਹੀ ਨਾ ਖੜੋ। ਇਸ ਦਾ ਕੁਝ ਚੰਗਾ ਅਸਰ ਹੋਇਆ। ਉਹ ਰੱਬ ਦੇ ਲੜ ਲੱਗ ਗਈ। ਦਿਨੇ ਰਾਤ ਪਾਠ ਕਰਨ ਲੱਗੀ। ਸਕਿਆਂ ਵਿਚੋਂ ਸਾਡੇ ਇਕ ਤਾਏ ਦੀ ਧੀ ਵੀ ਦੁਖੀ ਸੀ। ਉਹਦੇ ਪਤੀ ਨੇ ਵੀ ਦੂਜਾ ਵਿਆਹ ਕਰਵਾ ਲਿਆ ਸੀ, ਤੇ ਉਹ ਛੁੱਟੜ ਹੋ ਕੇ ਪੇਕੇ ਘਰ ਬੈਠੀ ਸੀ। ਉਹ ਵੀ ਰੱਬ ਦੀ ਭਗਤਣੀ ਸੀ। ਉਹਦਾ ਨਾਂ ਵੀ ਸਵਰਨੋ ਸੀ। ਦੋਵੇਂ ‘ਕੱਠੀਆਂ ਹੋ ਕੇ ਉਚੀ-ਉਚੀ ਸ਼ਬਦ ਪੜ੍ਹਦੀਆਂ। ਆਪਣੇ ਦੁੱਖ ਦਾ ਨਿਕਾਸ ਕਰ ਕੇ ਮਨ ਨੂੰ ਹੌਲਾ ਕਰਦੀਆਂ। ਜਿਵੇਂ ਪਹਿਲਾਂ ਦੱਸਿਆ ਹੈ, ਸਾਡਾ ਵਿਹੜਾ ਸਾਂਝਾ ਸੀ। ਮੇਰੇ ਦਾਦੇ ਹੁਰੀਂ ਤਿੰਨ ਭਰਾ ਸਨ। ਮੇਰੇ ਦਾਦੇ ਦੇ ਦੋ ਪੁੱਤ ਸਨ। ਇਕ ਮੇਰਾ ਪਿਤਾ, ਇਕ ਸਾਡਾ ਤਾਇਆ। ਦੋਵੇਂ ਗੁਜ਼ਰ ਚੁੱਕੇ ਸਨ। ਦਾਦੇ ਦੇ ਦੂਜੇ ਭਰਾਵਾਂ ਦੇ ਪੁੱਤ ਤੇ ਅੱਗਿਉਂ ਉਨ੍ਹਾਂ ਦੇ ਪੁੱਤ। ਪੰਦਰਾਂ-ਵੀਹ ਟੱਬਰ ਬਣ ਜਾਂਦੇ ਸਨ। ਸਾਡੀ ਸੰਭਾਲ ਤੱਕ ਕਈ ਟੱਬਰ ਥਾਂ ਦੀ ਘਾਟ ਕਰ ਕੇ ਬਾਹਰਲੇ ਨਵੇਂ ਬਣਾਏ ਘਰਾਂ ਵਿਚ ਜਾ ਚੁੱਕੇ ਸਨ, ਪਰ ਅਜੇ ਵੀ ਤਿੰਨ ਮੰਜ਼ਿਲੇ ਪੁਰਾਣੇ ਮਹਿਲਾਂ ਦੀ ਵੱਡੀ ਇਮਾਰਤ ਵਿਚ ਸਾਡੇ ਸਮੇਤ ਚਾਰ ਕੁ ਟੱਬਰ ਵੱਸਦੇ ਸਨ। ਬੀਬੀ ਹੁਰੀਂ ਸ਼ਬਦ ਪੜ੍ਹਦੀਆਂ ਤਾਂ ਕਈ ਵਾਰ ਸਕਿਆਂ ‘ਚੋਂ ਮੇਰੀਆਂ ਭਾਬੀਆਂ ਨੇ ਵੀ ਨਾਲ ਗਾਉਣ ਲੱਗ ਜਾਣਾ। ਮੈਨੂੰ ਸ਼ਬਦ ਗਾਉਣ ਦੀ ਧੁਨੀ ਵੀ ਰੋਣ ਵਾਂਗ ਲੱਗਦੀ। ਮੈਂ ਬੀਬੀ ਨਾਲ ਲੜਨਾ ਕਿ ਉਹ ਰੌਲਾ ਨਾ ਪਾਉਣ, ਸ਼ਬਦ ਗਾਉਣਾ ਬੰਦ ਕਰ ਦੇਣ। ਮੇਰੀ ਮੰਗ ਦੇ ਜਵਾਬ ਵਿਚ ਉਨ੍ਹਾਂ ਹੋਰ ਵੀ ਜ਼ੋਰ ਨਾਲ ਗਾਉਣ ਲੱਗ ਜਾਣਾ, “ਨਾਮ ਜਪਣ ਨਹੀਂ ਦਿੰਦੇ ਇਹ ਮਿੱਠੇ ਕੀੜੇ।”
ਰਾਤ ਨੂੰ ਉਹ ਸਾਨੂੰ ਪੈਂਤੀ-ਅੱਖਰੀ ਸੁਣਾਉਂਦੀ, ਤੇ ਇਸ ਵਿਚ ਦੱਸੀ ਸਿੱਖਿਆ ਨਾਲ ਜੁੜਨ ਲਈ ਕਹਿੰਦੀ,
A- ਓਂਕਾਰ ਦਾ ਭਜਨ ਕਰੀਏ। ਕਾਮ ਤੇ ਕ੍ਰੋਧ ਦਿਲੋਂ ਚੁੱਕ ਧਰੀਏ।
ਅ- ਅਸਲ ਮੂਰਤੀ ਜੋ ਏਕ ਹੈ। ਏਕ ਅੱਖਰ ਜਾਣ ਲੈ ਉਹੋ ਅਨੇਕ ਹੈ।
e- ਈਸ਼ਰ ਦਾ ਤੂੰ ਲੈ ਲੈ ਨਾਮ ਜੀ। ਛੱਡ ਦੇ ਘਰਾਂ ਦੇ ਤਮਾਮ ਕਾਮ ਜੀ।
ਸ- ਸਤਿ-ਬਚਨ ਗੁਰਾਂ ਦਾ ਸਤਿ ਕਹਿਣਾ ਜੀ। ਥਿਰ ਨਾ ਜਹਾਨ ਵਿਚ ਕਿਸੇ ਰਹਿਣਾ ਜੀ।
ਹ- ਹੰਕਾਰ ਵਾਲੀ ਗੱਲ ਵੱਢ ਦੇ। ਚੁਗਲੀ ਤੇ ਨਿੰਦਿਆ ਤਮਾਮ ਛੱਡ ਦੇ।
ਇੰਜ ਬੀਬੀ ਰੋਂਦੀ ਤਾਂ ਰਹੀ, ਪਰ ਹਾਰੀ ਨਹੀਂ। ਹਾਲਾਤ ਨਾਲ ਲੜਦੀ ਰਹੀ। ਪੈਨਸ਼ਨ ਤੇ ਜ਼ਮੀਨ ਦੀ ਕਮਾਈ ਨਾਲ ਧੀਆਂ ਪਾਲਦੀ ਰਹੀ। ਵੱਡੀ ਭੈਣ ਨੂੰ ਸਿਲਾਈ ਦਾ ਕੋਰਸ ਕਰਵਾਇਆ। ਉਸ ਤੋਂ ਛੋਟੀ ਨੂੰ ਵੀ ਪੜ੍ਹਨੇ ਪਾਇਆ। ਮੈਨੂੰ ਤੇ ਮੈਥੋਂ ਛੋਟੀ ਨੂੰ ਪੜ੍ਹਾ ਕੇ ਅਧਿਆਪਕਾ ਬਣਾਇਆ। ਮੇਰੇ ਪਿਤਾ ਦੇ ਚਾਚੇ ਦਾ ਇਕ ਪੁੱਤ, ਸਾਡਾ ਤਾਇਆ ਸੋਹਣ ਸਿੰਘ ਸਾਡੀ ਮਾਂ ਨੂੰ ਸਮਝਾਉਂਦਾ, “ਸਵਰਨ ਕੁਰੇ! ਕਿਉਂ ਔਖੀ ਹੋ ਕੇ ਇਨ੍ਹਾਂ ਕੁੜੀਆਂ ਨੂੰ ਪੜ੍ਹਾਉਨੀਂ ਏਂ। ਇਨ੍ਹਾਂ ਤਾਂ ਅਗਲੇ ਘਰ ਚਲੇ ਜਾਣਾ ਹੈ।” ਸਾਡੀ ਮਾਂ ਨੇ ਘੁੰਡ ਦੇ ਓਹਲੇ ‘ਚੋਂ ਆਖਣਾ, “ਜੀ, ਮੈਂ ਤਾਂ ਔਖੀ ਹੋਈ ਆਂ। ਮੇਰੀਆਂ ਧੀਆਂ ਨਾ ਜ਼ਿੰਦਗੀ ਵਿਚ ਔਖੀਆਂ ਹੋਣ।”
ਪੈਨਸ਼ਨ ਤੋਂ ਇਲਾਵਾ ਸਾਡੀਆਂ ਫੀਸਾਂ, ਕਿਤਾਬਾਂ ਤੇ ਪੜ੍ਹਾਈ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਵਿਚ ਹੱਥ ਵਟਾਉਣ ਲਈ ਮੇਰੀ ਵੱਡੀ ਭੈਣ ਸਵਾਈ ‘ਤੇ ਕੱਪੜੇ ਸਿਊਣ ਲੱਗੀ। ਮਾਂ ਨੇ ਉਹਨੂੰ ਸਿੰਗਰ ਸਿਲਾਈ ਮਸ਼ੀਨ ਲੈ ਦਿੱਤੀ। ਉਹ ਹਰ ਤਰ੍ਹਾਂ ਦੇ ਸੂਟ, ਫਰਾਕਾਂ, ਪੈਂਟਾਂ, ਸਿਊਂਦੀ ਤੇ ਕਢਾਈ ਵੀ ਆਪ ਕਰ ਲੈਂਦੀ। ਦੂਜੇ ਨੰਬਰ ਦੀ ਭੈਣ ਘਰ ਦੀ ਸਫ਼ਾਈ ਕਰ ਕੇ ਸਕੂਲ ਜਾਂਦੀ। ਮਾਂ ਰੋਟੀ ਟੁੱਕ ਕਰ ਕੇ ਚਰਖ਼ਾ ਕੱਤਣ ਬਹਿ ਜਾਂਦੀ। ਧੀਆਂ ਨਾਲ ਰਲ ਕੇ ਨਵਾਰ ਬੁਣਦੀ, ਦਰੀਆਂ ਬਣਾਉਂਦੀ ਤੇ ਧੀਆਂ ਦੇ ਦਾਜ ਲਈ ਸੰਦੂਕ ਵਿਚ ਸਾਂਭ ਲੈਂਦੀ। ਇੰਜ ਸਾਰੀ ਦਿਹਾੜੀ ਮਿਹਨਤ ਕਰ ਕੇ ਘਰ ਦਾ ਗੁਜ਼ਾਰਾ ਚੱਲਦਾ। ਅਸੀਂ ਦੋਵੇਂ ਛੋਟੀਆਂ ਹੋਣ ਕਰ ਕੇ ਸਿਰਫ਼ ਪੜ੍ਹਦੀਆਂ, ਘਰ ਦੇ ਕੰਮ ਵਿਚ ਅਜੇ ਹੱਥ ਵਟਾਉਣ ਜੋਗੀਆਂ ਨਹੀਂ ਸਾਂ।
ਲੋਕ ਮਾਂ ਦੀ ਹਿੰਮਤ ਦੀ ਦਾਦ ਦਿੰਦੇ। ਉਮਰ ਦੀ ਸਿਖ਼ਰ ਦੁਪਹਿਰੇ ਉਹ ਧੀਆਂ ਦੇ ਸਿਰ ਦੀ ਛਾਂ ਬਣੀ ਹੋਈ ਸੀ। ਮਾਂ ਵਿਹਾਰ ਦੀ ਬੜੀ ਸਾਫ਼ ਸੀ। ਮਹੀਨਾ ਭਰ ਦੁਕਾਨ ਤੋਂ ਸੌਦਾ ਲਿਆਉਣਾ ਤੇ ਪੈਨਸ਼ਨ ਮਿਲਦੇ ਹੀ ਸਿੱਧੀ ਦੁਕਾਨ ‘ਤੇ ਜਾਂਦੀ, ਪਿਛਲੇ ਮਹੀਨੇ ਦਾ ਹਿਸਾਬ ਚੁਕਤਾ ਕਰ ਦਿੰਦੀ।
ਮਾਂ ਨੂੰ ‘ਕੱਲੇ ਆਰਥਿਕ ਮੁਹਾਜ਼ ‘ਤੇ ਹੀ ਲੜਾਈ ਨਹੀਂ ਸੀ ਲੜਨੀ ਪੈ ਰਹੀ, ਸਗੋਂ ਸਮਾਜਕ ਤੇ ਸਭਿਆਚਾਰਕ ਪੱਧਰ ‘ਤੇ ਵੀ ਲੜਨਾ ਪਿਆ। ਉਹਦੀ ਅਜੇ ਭਰ ਜਵਾਨੀ ਦੀ ਉਮਰ ਸੀ, ਰੰਗ-ਰੂਪ ਵੀ ਸੋਹਣਾ। ਇਕੱਲੀ, ਬੇਸਹਾਰਾ ਤੇ ਸੋਹਣੀ ਔਰਤ ਨੂੰ ਇਸ ਸਮਾਜ ਵਿਚ ਜਿਉਣਾ ਕਿਹੜਾ ਸੌਖਾ ਹੈ। ਮਾਂ ਇਸ ਪੱਖੋਂ ਡਰਦੀ ਵੀ, ਤੇ ਚੌਕਸ ਵੀ ਰਹਿੰਦੀ ਸੀ ਕਿ ਉਹਦੇ ‘ਤੇ ਕੋਈ ਊਜ ਲੱਗਣ ਦਾ ਕਿਸੇ ਸ਼ਰੀਕ ਨੂੰ ਮੌਕਾ ਨਾ ਮਿਲੇ। ਜਦੋਂ ਕਿਤੇ ਕੰਮ-ਕਾਰ ਲਈ ਘਰੋਂ ਬਾਹਰ ਜਾਣਾ ਹੁੰਦਾ ਤਾਂ ਉਹ ਆਪਣੇ ਭਰਾ, ਸਾਡੇ ਮਾਮੇ ਨੂੰ, ਜਿਹੜਾ ਉਦੋਂ ਸਾਡੀ ਵੱਡੀ ਮਾਸੀ ਦੇ ਘਰ ਰਹਿੰਦਾ ਸੀ, ਨਾਲ ਲੈ ਕੇ ਜਾਂਦੀ। ਜੇ ਕਦੀ ਉਹ ਵਿਹਲਾ ਨਾ ਹੁੰਦਾ ਤਾਂ ਸਾਡੇ ਰਾਜੇ ਦੇ ਬਾਰਾਂ-ਤੇਰਾਂ ਕੁ ਸਾਲ ਦੇ ਲੜਕੇ ਨੂੰ ਨਾਲ ਲੈ ਕੇ ਜਾਣਾ।
ਸਿਆਣੇ ਕਹਿੰਦੇ ਨੇ ਕਿ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਹੈ ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ। ਇਹੀ ਹਾਲ ਸਾਡੀ ਮਾਂ ਦਾ ਸੀ। ਜਿਹੜਾ ਉਠਦਾ, ਉਹੀ ਕਹਿੰਦਾ, ਏਨੀ ਛੋਟੀ ਉਮਰ ਤੇ ਏਨਾ ਹੁਸਨ! ਇਹ ਕਿੱਥੇ ਰੰਡੇਪਾ ਕੱਟਣ ਜੋਗੀ ਏ! ਇਹ ਗੱਲਾਂ ਮਾਂ ਦੇ ਦੁੱਖ ਵਿਚ ਹੋਰ ਵਾਧਾ ਕਰਦੀਆਂ। ਉਹਨੇ ਹੋਰ ਵੀ ਦਿੜ੍ਹ ਸੰਕਲਪ ਕਰ ਲਿਆ ਕਿ ਖ਼ਾਨਦਾਨ ਦੀ ਇੱਜ਼ਤ ਬਚਾਉਣੀ ਹੀ ਨਹੀਂ, ਸਗੋਂ ਬਣਾਉਣੀ ਵੀ ਹੈ।
ਸਾਡੇ ਆਪਣੇ ਸਕੇ ਤਾਏ ਦੇ ਪੁੱਤ ਤਾਂ ਫੌਜ ਵਿਚ ਨੌਕਰੀ ਕਰਦੇ ਸਨ ਪਰ ਜਦ ਵੀ ਛੁੱਟੀ ਆਉਂਦੇ, ਆਪਣੀ ਵਿਧਵਾ ਚਾਚੀ ਦਾ ਬਹੁਤ ਮਾਣ ਕਰਦੇ। ਉਨ੍ਹਾਂ ਦੀਆਂ ਘਰਵਾਲੀਆਂ, ਸਾਡੀਆਂ ਭਾਬੀਆਂ ਵੀ, ਬੀਬੀ ਨੂੰ ਸੱਸਾਂ ਵਾਂਗ ਆਦਰ ਦਿੰਦੀਆਂ। ਸਾਂਝੇ ਵਿਹੜੇ ਵਾਲੇ ਘਰ ਵਿਚ ਰਹਿਣ ਵਾਲੇ ਦੂਜੇ ਸਕਿਆਂ ‘ਚੋਂ ਲੱਗਦੇ ਚਾਚੇ-ਤਾਏ ਤੇ ਉਨ੍ਹਾਂ ਦੇ ਲੜਕੇ ਵੀ ਸਾਡੀ ਮਾਂ ਤੇ ਸਾਡੀ ਇੱਜ਼ਤ ਨੂੰ ਆਪਣੇ ਘਰ ਦੀ ਇੱਜ਼ਤ ਸਮਝਦੇ ਸਨ। ਉਨ੍ਹਾਂ ਦਾ ਸਾਨੂੰ ਬੜਾ ਆਸਰਾ ਸੀ ਪਰ ਬਾਹਰਲੇ ਘਰਾਂ ਵਿਚ ਰਹਿੰਦਾ ਸਕਿਆਂ ‘ਚੋਂ ਲੱਗਦਾ ਇਕ ਚਾਚਾ ਮਾਂ ‘ਤੇ ਮੈਲੀ ਨਜ਼ਰ ਰੱਖਦਾ। ਉਂਜ ਚੱਲਦਾ-ਪੁਰਜਾ ਸੀ ਪਰ ਉਹਦੀ ਸੋਭਾ ਚੰਗੀ ਨਹੀਂ ਸੀ। ਮਾਂ ਨੂੰ ਨੇੜੇ ਕਰਨ ਦੇ ਯਤਨ ਕਰਦਾ ਰਹਿੰਦਾ ਪਰ ਉਹ ਹਮੇਸ਼ਾ ਉਸ ਤੋਂ ਦੂਰ ਰਹਿੰਦੀ। ਰਾਹ-ਖਹਿੜੇ ਮਿਲਦਾ ਤਾਂ ਬੁਲਾਉਣ ਦੀ ਕੋਸ਼ਿਸ਼ ਕਰਦਾ। ਉਹਨੇ ਬੀਬੀ ਨੂੰ ਨੇੜੇ ਕਰਨ ਦੇ ਕਈ ਕੁ-ਯਤਨ ਕੀਤੇ। ਇਕ ਵਾਰ ਹਮਦਰਦ ਬਣ ਕੇ ਘਰ ਵੀ ਆ ਗਿਆ। ਬੀਬਾ ਬਣ ਕੇ ਕਹਿੰਦਾ, “ਸਵਰਨ ਕੌਰੇ! ਕੱਲ੍ਹ ਮੰਨਣ ਪਿੰਡ ਵਿਚ ਤਸੀਲਦਾਰ ਨੇ ਆਉਣਾ। ਉਹ ਮੇਰੀ ਮੰਨਦੈ, ਮੇਰੇ ਨਾਲ ਚੱਲ। ਉਹਨੂੰ ਆਖ ਕੇ ਤੈਨੂੰ ਮਸ਼ੀਨ ਦਿਵਾ ਦਊਂ।”
ਬੀਬੀ ਨੇ ਇਨਕਾਰ ਕਰ ਦਿੱਤਾ ਕਿ ਉਹਦੇ ਕੋਲ ਪਹਿਲਾਂ ਹੀ ਮਸ਼ੀਨ ਹੈਗੀ, ਉਹਨੂੰ ਲੋੜ ਨਹੀਂ ਪਰ ਉਹ ਵਾਰ-ਵਾਰ ਆਖੇ ਕਿ ਨਹੀਂ, ਮੁਫ਼ਤ ਮਸ਼ੀਨ ਮਿਲਦੀ ਹੈ, ਮੇਰੇ ਨਾਲ ਚੱਲ ਕੇ ਲੈ ਆ।
ਅਗਲੇ ਦਿਨ ਸਾਂਝੇ ਵਿਹੜੇ ਵਿਚ ਰਹਿੰਦੀ ਗਵਾਂਢਣ ਭਾਬੀ ਨੇ ਕਿਹਾ, “ਚਾਚੀ ਜੀ! ਤੁਸੀਂ ਉਹਨੂੰ ਨਾਂਹ ਕਰ ਕੇ ਬੜਾ ਚੰਗਾ ਕੀਤਾ, ਪਰ ਕੀ ਪਤਾ ਉਥੇ ਸੱਚੀਂ ਵਿਧਵਾਵਾਂ ਨੂੰ ਮਸ਼ੀਨਾਂ ਮਿਲਦੀਆਂ ਹੋਣ। ਤੁਸੀਂ ਆਪਣੇ ਜੈਲ ਨੂੰ ਨਾਲ ਲੈ ਜੋ, ਜੇ ਭਲਾ ਗੱਲ ਬਣ ਜੇ। ਜੇ ਉਹ ਕਲਮੂੰਹਾਂ ਗਿਆ ਵੀ ਹੋਇਆ ਤਾਂ ਜੈਲ ਦੇ ਹੁੰਦਿਆਂ ਤੁਹਾਨੂੰ ਕੀ ਆਖ ਲਊ।”
ਭਾਬੀ ਨੇ ਆਪਣਾ ਪੰਦਰਾਂ-ਸੋਲਾਂ ਸਾਲ ਦਾ ਦਿਓਰ ਬੀਬੀ ਨਾਲ ਤੋਰ ਦਿੱਤਾ। ਬੀਬੀ ਨੇ ਜਾ ਕੇ ਪਿੰਡ ਦੇ ਸਰਪੰਚ ਨੂੰ ਤਹਿਸੀਲਦਾਰ ਦੇ ਆਉਣ ਬਾਰੇ ਪੁੱਛਿਆ ਤਾਂ ਉਹ ਕਹਿੰਦਾ, ‘ਇਥੇ ਤਾਂ ਕਿਸੇ ਤੜੇ-ਤਸੀਲਦਾਰ ਨੇ ਨਹੀਂ ਸੀ ਆਉਣਾ।’
ਬੀਬੀ ਨਾਲ ਕੁਝ ਕੁ ਸ਼ਰੀਕਾਂ ਵੱਲੋਂ ਕੀਤੀਆਂ ਜ਼ਿਆਦਤੀਆਂ ਦੀ ਸੂਚੀ ਬੜੀ ਲੰਮੀ ਹੈ। ਸਕਿਆਂ ‘ਚੋਂ ਹੀ ਇਕ ਤਾਇਆ ਉਨ੍ਹੀਂ ਦਿਨੀਂ ਸਰਪੰਚ ਸੀ ਜਦੋਂ ਵੱਡੇ ਹੜ੍ਹ ਆਏ। ਸਰਕਾਰ ਨੇ ਫ਼ਸਲਾਂ ਮਾਰੀਆਂ ਜਾਣ ਦੇ ਮੁਆਵਜ਼ੇ ਵਜੋਂ ਕਣਕ ਵੰਡੀ। ਬੀਬੀ ਆਪਣੇ ਹਿੱਸੇ ਦੀ ਕਣਕ ਲੈਣ ਪਹੁੰਚੀ ਤਾਂ ਪਤਾ ਲੱਗਾ ਕਿ ਸਰਪੰਚ ਉਹਦੇ ਹਿੱਸੇ ਦੀ ਕਣਕ ਵੀ ਚੁਕਾ ਕੇ ਲੈ ਗਿਆ ਸੀ। ਸਾਰੇ ਪਿੰਡ ਨੂੰ ਇਸ ਦਾ ਪਤਾ ਸੀ। ਲੋਕ ਫਿਟਕਾਰਾਂ ਪਾਉਣ ਕਿ ਮਹਿੱਟਰਾਂ ਦੀ ਕਣਕ ਲੈ ਗਿਆ, ਕਿੰਨਾ ਮਾਂਵਾਂ ਕੀਤਾ ਸੂ। ਦਿਲਚਸਪ ਗੱਲ ਇਹ ਕਿ ਸਾਡਾ ਉਹ ਤਾਇਆ ਪਿੰਡ ਦਾ ਮੁਖੀ ਸਰਪੰਚ ਹੋਣ ਦੇ ਨਾਲ-ਨਾਲ ਇਲਾਕੇ ਦੇ ਮੰਨੇ ਪ੍ਰਮੰਨੇ ਕਮਿਊਨਿਸਟ ਕਾਰਕੁਨਾਂ ਵਿਚ ਵੀ ਗਿਣਿਆਂ ਜਾਂਦਾ ਸੀ।
ਇਨ੍ਹਾਂ ਹਾਲਾਤ ਵਿਚ ਬੀਬੀ ਨੇ ਚਹੁੰ ਧੀਆਂ ਪਾਲੀਆਂ। ਉਨ੍ਹਾਂ ਲਈ ਚੰਗੇ ਵਰ-ਘਰ ਵੀ ਲੱਭੇ। ਥੋੜ੍ਹਾ-ਥੋੜ੍ਹਾ ਜੋੜ ਕੇ ਤਲਾਅ ਭਰ ਲੈਣ ਦੀ ਜੁਗਤ ਨਾਲ ਉਹ ਧੀਆਂ ਦੇ ਦਾਜ ਦੀਆਂ ਚੀਜ਼ਾਂ ਬਣਾਉਂਦੀ, ਖ਼ਰੀਦਦੀ ਤੇ ਜੋੜਦੀ ਰਹੀ ਸੀ। ਜਿੰਨਾ ਦਾਜ ਸਾਡੇ ਸ਼ਰੀਕੇ ਦੀਆਂ ਦੂਜੀਆਂ ਧੀਆਂ-ਭੈਣਾਂ ਦੇ ਵਿਆਹ ‘ਤੇ ਦਿੱਤਾ ਜਾਂਦਾ ਸੀ, ਬੀਬੀ ਨੇ ਉਨ੍ਹਾਂ ਤੋਂ ਰੱਤੀ-ਮਾਸਾ ਵੱਧ ਹੀ ਦਿੱਤਾ ਹੋਊ। ਧੀਆਂ ਦੇ ਵਿਆਹੇ ਜਾਣ ਪਿੱਛੋਂ ਮੈਂ ਤੇ ਸੰਧੂ ਸਾਹਿਬ ਬੀਬੀ ਨੂੰ ਮਨਾ ਕੇ ਆਪਣੇ ਕੋਲ ਲੈ ਆਏ। ਅਸੀਂ ਸੋਚਿਆ, ਬੀਬੀ ਨੇ ਦੁੱਖ ਦੇ ਬੜੇ ਦਿਨ ਵੇਖ ਲਏ ਨੇ, ਹੁਣ ਅਸੀਂ ਉਹਦੇ ਦੁੱਖ ਧੋਣੇ ਹਨ। ਇਸ ਵਿਚ ਸਭ ਤੋਂ ਵੱਡੀ ਤਾਕਤ ਬਣਿਆਂ ਸਾਡੇ ਪੁੱਤਰ ਸੁਪਨ ਦਾ ਜਨਮ ਲੈਣਾ। ਬੀਬੀ ਨੂੰ ਲੱਗਾ ਜਿਵੇਂ ਵਰ੍ਹਿਆਂ ਬਾਅਦ ਉਹਦਾ ਗਵਾਚਾ ਭਗਵੰਤ ਉਹਨੂੰ ਮਿਲ ਗਿਆ ਹੋਵੇ। ਇਹ ਉਹ ਦਿਨ ਸਨ ਜਦੋਂ ਬੀਬੀ ਦਾ ਸਦੀਵੀ ਰੋਣਾ ਬੰਦ ਹੋ ਗਿਆ। ਉਹ ਸਾਡੇ ਬੱਚਿਆਂ ਨੂੰ ਸਾਂਭਦੀ, ਪਾਲਦੀ। ਖ਼ੁਸ਼ੀਆਂ ਉਹਦੇ ਮਨ ਦੇ ਵਿਹੜੇ ਵਿਚ ਪਰਤ ਆਈਆਂ ਸਨ। ਮੇਰੇ ਧੀਆਂ ਪੁੱਤ ਆਪਣੀ ਨਾਨੀ ਨੂੰ ਲਾਡ ਲਡਾਉਂਦੇ। ਨਾਨੀ ਉਨ੍ਹਾਂ ‘ਤੇ ਵਿਛ-ਵਿਛ ਜਾਂਦੀ।
ਕਦੀ-ਕਦੀ ਲੱਗਦਾ ਬੀਬੀ ਰੱਬੀ ਰੂਹ ਸੀ। ਕਿਸੇ ਨਾਲ ਤੇਰ-ਮੇਰ ਨਹੀਂ। ਘਰ ਆਏ ਸਾਰੇ ਪ੍ਰਾਹੁਣੇ ਉਹਦੇ ਲਈ ਆਦਰ ਦਾ ਥਾਂ ਹੁੰਦੇ। ਸਾਡੇ ਪਿੰਡ ਰਹਿੰਦਿਆਂ ਇਕ ਵਾਰ ਖੇਤਾਂ ਵਿਚ ਰਹਿੰਦੇ, ਮੇਰੇ ਦਿਓਰ ਸੁਰਿੰਦਰ ਨੂੰ ਬੁਖ਼ਾਰ ਹੋ ਗਿਆ। ਸਾਡੇ ਘਰ ਦੇ ਗਵਾਂਢ ਡਾਕਟਰ ਲਾਲ ਦੀ ਦੁਕਾਨ ਤੋਂ ਦਵਾਈ ਲੈਣ ਆਇਆ ਤਾਂ ਵਾਪਸ ਜਾਣ ਦੀ ਹਿੰਮਤ ਨਾ ਰਹੀ। ਘਰ ਆ ਗਿਆ। ਅਸੀਂ ਦੋਵੇਂ ਜੀਅ ਸਕੂਲ ਗਏ ਹੋਏ ਸੀ। ਬੀਬੀ ਨੇ ਉਹਦੀ ਹਾਲਤ ਵੇਖੀ ਤਾਂ ਸੇਵਾ ਵਿਚ ਜੁੱਟ ਗਈ। ਪਾਣੀ ਦੀਆਂ ਪੱਟੀਆਂ ਭਿਉਂ-ਭਿਉਂ ਕੇ ਕਈ ਘੰਟੇ ਉਹਦੇ ਮੱਥੇ, ਲੱਤਾਂ-ਬਾਹਾਂ ‘ਤੇ ਫੇਰਦੀ ਰਹੀ। ਨਾਲ-ਨਾਲ ਵਾਹਿਗੁਰੂ ਦਾ ਜਾਪ। ਜਿਵੇਂ ਉਹਦਾ ਆਪਣਾ ਪੁੱਤ ਬਿਮਾਰ ਹੋ ਗਿਆ ਹੋਵੇ। ਬੁਖ਼ਾਰ ਵਿਗੜ ਗਿਆ, ਤੇ ਸੁਰਿੰਦਰ ਲਗਭਗ ਦਸ ਦਿਨ ਘਰੇ ਰਿਹਾ। ਅਸੀਂ ਤਾਂ ਡਿਊਟੀ ‘ਤੇ ਚਲੇ ਜਾਂਦੇ, ਬੀਬੀ ਨਾਲੇ ਤਾਂ ਖੇਤਾਂ ਵਿਚੋਂ ਸੁਰਿੰਦਰ ਦੀ ਸੁਰਤ ਲਈ ਆਉਣ ਵਾਲਿਆਂ ਦੀ ਜਲ-ਪਾਣੀ ਨਾਲ ਸੇਵਾ ਕਰਦੀ, ਨਾਲੇ ਸੁਰਿੰਦਰ ਨੂੰ ਸਾਂਭਦੀ। ਸੁਰਿੰਦਰ ਸਦਾ ਆਖਦਾ, “ਇਹ ਮਾਸੀ ਹੀ ਸੀ ਜੀਹਨੇ ਸੇਵਾ ਕਰ ਕੇ ਮੈਨੂੰ ਬਚਾ ਲਿਆ ਸੀ।”
ਇਕ ਵਾਰ ਸੰਧੂ ਸਾਹਿਬ ਦੀ ਮਾਤਾ, ਸਾਡੀ ਬੀਜੀ ਵੀ ਬੜੀ ਬਿਮਾਰ ਹੋ ਗਈ। ਉਹ ਮਹੀਨਾ ਭਰ ਬਿਮਾਰ ਰਹੀ। ਬੀਬੀ ਨੇ ਉਹਨੂੰ ਵੀ ਸੁਰਿੰਦਰ ਵਾਂਗ ਹੀ ਸਾਂਭਿਆ। ਇਥੋਂ ਤੱਕ ਕਿ ਜਦੋਂ ਮੈਂ ਸਕੂਲ ਗਈ ਹੁੰਦੀ ਤਾਂ ਮਗਰੋਂ ਉਹਦੀ ਛਾਤੀ ਵਿਚੋਂ ਨਿਕਲਦੀ ਬਲਗਮ ਵੀ ਆਪ ਸਾਫ਼ ਕਰਦੀ। ਬੀਜੀ ਬੀਬੀ ਦਾ ਬੜਾ ਆਦਰ-ਮਾਣ ਕਰਦੀ, ਤੇ ਦੋਵਾਂ ਦਾ ਇਕ-ਦੂਜੀ ਨੂੰ “ਭੈਣ ਜੀ ਭੈਣ ਜੀ” ਕਹਿੰਦਿਆਂ ਮੂੰਹ ਸੁੱਕਦਾ।
ਬੀਬੀ ਤਾਂ ਹਰ ਇਕ ਦੇ ਦੁੱਖ-ਸੁੱਖ ਵਿਚ ਭਾਈਵਾਲ ਹੁੰਦੀ। ਕਿਸੇ ਦੇ ਘਰ ਮਰਗ ਹੁੰਦੀ ਤਾਂ ਭਿੱਜ-ਭਿੱਜ ਜਾਂਦੀ। ਘਰ ਆ ਕੇ ਵੀ ਰੋਂਦੀ ਰਹਿੰਦੀ। ਕਿਸੇ ਘਰ ਖ਼ੁਸ਼ੀ ਹੋਣੀ ਤਾਂ ਵਧਾਈ ਦੇਣ ਭੱਜੀ ਜਾਣਾ ਤੇ ਘਰ ਆ ਕੇ ਵੀ ਉਨ੍ਹਾਂ ਦੀ ਖ਼ੁਸ਼ੀ ਦੀਆਂ ਗੱਲਾਂ ਕਰਦਿਆਂ ਖੀਵੀ ਹੋਈ ਜਾਣਾ। ਹੋਰ ਤੇ ਹੋਰ, ਕਿਸੇ ਦਾ ਘਰਵਾਲਾ ਫੌਜ ਵਿਚੋਂ ਛੁੱਟੀ ਆਉਂਦਾ, ਤਾਂ ਬੀਬੀ ਨੇ ਫੌਜਣ ਭਰਜਾਈ ਨੂੰ ਵਧਾਈ ਦੇਣ ਤੁਰ ਜਾਣਾ। ਬੀਬੀ ਲਈ ਪਤੀ ਦੇ ਛੁੱਟੀ ਆਉਣ ਦਾ ਕਿੰਨਾ ਵੱਡਾ ਮੁੱਲ ਹੋਵੇਗਾ, ਇਸ ਬਾਰੇ ਗੱਲ ਚੇਤੇ ਆ ਗਈ। ਇਕ ਵਾਰ ਸੁਪਨ ਬੀਬੀ ਨੂੰ ਲਾਡ ਲਡਾਉਂਦਿਆਂ ਕਹਿੰਦਾ, “ਬੀਬੀ! ਕੋਈ ਗੌਣ ਸੁਣਾ।”
ਬੀਬੀ ਗਾਉਣ ਲੱਗੀ,
ਤੇਰਾ ਕੁੜਤਾ ਤਾਂ ਫੁੱਟੀਆਂ-ਫੁੱਟੀਆਂ ਵੇ
ਤੈਨੂੰ ਸਾਹਬ ਨਾ ਦੇਂਦਾ ਛੁੱਟੀਆਂ ਵੇ।
ਤੇਰਾ ਕੁੜਤਾ ਤਾਂ ਦਾਣਾ-ਦਾਣਾ ਵੇ
ਤਾਹੀਓਂ ਲੜਦਾਂ, ਸਵੇਰੇ ਉਠ ਜਾਣਾ ਵੇ।
ਇਨ੍ਹਾਂ ਬੋਲੀਆਂ ਵਿਚ ਵਿਛੋੜੇ ਵਿਚ ਵਿਲਕਦੀ ਅਤੇ ਵਿਛੋੜੇ ਤੋਂ ਡਰਦੀ ਕਿਸੇ ਮੁਟਿਆਰ ਦੇ ਭਾਵਾਂ ਦੀ ਤਰਜਮਾਨੀ ਹੋਈ ਹੈ। ਅਸਲ ਵਿਚ ਇਹ ਭਾਵ ਤਾਂ ਬੀਬੀ ਦੇ ਆਪਣੇ ਸਨ। ਉਹ ਵੀ ਤਾਂ ਪਤੀ ਦੀ ਛੁੱਟੀ ਇੰਜ ਹੀ ਉਡੀਕਦੀ ਹੋਵੇਗੀ। ‘ਸਵੇਰੇ ਉਠ ਜਾਣ’ ਦਾ ਉਹਨੂੰ ਵੀ ਤਾਂ ਫਿਕਰ ਹੁੰਦਾ ਹੋਵੇਗਾ। ਕੀ ਪਤਾ ਸੀ, ਇਕ ਦਿਨ ਸਵੇਰੇ ਉਠ ਕੇ ਉਹਦਾ ਪਤੀ ਅਜਿਹਾ ਜਾਵੇਗਾ ਕਿ ਮੁੜ ਕਦੀ ਨਹੀਂ ਪਰਤੇਗਾ।
ਕਦੀ ਸੋਚਦੀ ਹਾਂ, ਕੀ ਸੀ ਬੀਬੀ ਦੀ ਜ਼ਿੰਦਗੀ? ਇਹ ਜ਼ਿੰਦਗੀ ਸੀ ਜਾਂ ਕਈ ਸਾਲ ਲੰਮੀ ਮੌਤ ਜਿਹੜੀ ਉਹ ਪਲ-ਪਲ ਮਰਦੀ ਰਹੀ ਸੀ। ਫਿਰ ਸੋਚਦੀ ਹਾਂ, ਨਹੀਂæææ ਬੀਬੀ ਤਾਂ ਸੰਘਰਸ਼ ਦਾ ਨਾਂ ਸੀ, ਹਿੰਮਤ ਦਾ ਨਾਂ ਸੀ, ਸਬਰ ਦਾ ਨਾਂ ਸੀ, ਪ੍ਰੇਰਨਾ ਦਾ ਨਾਂ ਸੀ। ਬੀਬੀ ਸਾਡੇ ਜੀਆਂ ਦੀ ਧਰਤੀ ਹੇਠਲਾ ਧੌਲ ਸੀ।
ਬੀਬੀ ਨੇ ਦੁੱਖਾਂ ਦੇ ਪਹਾੜ ਆਪ ਚੁੱਕੇ, ਤੇ ਸਾਨੂੰ ਜ਼ਿੰਦਗੀ ਦੇ ਸੁੱਖ ਦਿੱਤੇ। ਜਦੋਂ ਮੈਂ ਅਧਿਆਪਕਾ ਲੱਗੀ ਤਾਂ ਰਾਹ ਖਹਿੜੇ ਮਿਲਦਾ ਪਿੰਡ ਦਾ ਕੋਈ ਬਜ਼ੁਰਗ ਮੇਰੇ ਸਿਰ ‘ਤੇ ਪਿਆਰ ਦੇ ਕੇ ਆਖਦਾ, “ਸੁਖੀ ਵੱਸੇਂ ਧੀਏ! ਤੁਹਾਡੀ ਮਾਂ ਨੇ ਤੁਹਾਡੇ ਲਈ ਬੜੇ ਜਫ਼ਰ ਜਾਲੇ ਨੇ। ਨਰਕ ਦੀ ਅੱਗ ਵਿਚੋਂ ਆਪਣੀ ਬੁੱਕਲ ਵਿਚ ਲੁਕਾ ਕੇ ਤੁਹਾਨੂੰ ਚਹੁੰ ਭੈਣਾਂ ਨੂੰ ਸੁਖੀ-ਸਾਂਦੀ ਬਾਹਰ ਲੈ ਆਉਣਾ, ਉਸੇ ਦੀ ਹਿੰਮਤ ਸੀ। ਹੁਣ ਤੁਸਾਂ ਮਾਂ ਨੂੰ ਪੁੱਤ ਬਣ ਕੇ ਵਿਖਾਉਣਾ।”
ਬੀਬੀ ਗੁਜ਼ਰੀ ਤਾਂ ਅੰਤਮ ਇਸ਼ਨਾਨ ਕਰਾਉਣ ਵੇਲੇ ਆਲੇ-ਦੁਆਲੇ ਜੁੜੀਆਂ ਪਿੰਡ ਦੇ ਸ਼ਰੀਕੇ-ਭਾਈਚਾਰੇ ਦੀਆਂ ਔਰਤਾਂ ਆਖਣ, “ਮੈਨੂੰ ਵੀ ਮਾਤਾ ਨੂੰ ਹੱਥ ਲਾ ਲੈਣ ਦਿਓ। ਇਹ ਤਾਂ ਸਤਿਜੁਗੀ ਔਰਤ ਸੀ। ਇਹ ਤਾਂ ਦੇਵੀ ਸੀ।”
ਇਹ ਸੁਣ ਕੇ ਮੈਂ ਆਪਣੇ ਅੱਥਰੂ ਪੂੰਝੇ। ਧੁੰਦਲੀਆਂ ਅੱਖਾਂ ਨਾਲ ਬੀਬੀ ਦੇ ਚਿਹਰੇ ਵੱਲ ਵੇਖਿਆ। ਮਨ ਵਿਚ ਆਇਆ, ਦੇਵੀ ਬਣਨ ਦਾ ਕਿੰਨਾ ਵੱਡਾ ਮੁੱਲ ਤਾਰਨਾ ਪਿਆ ਸੀ ਸਾਡੀ ਬੀਬੀ ਨੂੰ!
ਹੁਣ ਖ਼ਿਆਲ ਆਉਂਦਾ ਹੈ, ਉਹ ਮਾਈ ਭਾਗੋ ਦੇ ਪਿੰਡ ਦੀ ਨੂੰਹ ਸੀ, ਜ਼ਿੰਦਗੀ ਦੇ ਰਣ-ਤੱਤੇ ਵਿਚ ਪਿੱਠ ਕਿਵੇਂ ਵਿਖਾਉਂਦੀ! ਉਹਦੀ ਲੜਾਈ ਬੇਸ਼ੱਕ ਨਿੱਕੀ ਤੇ ਨਿਜੀ ਹੋਵੇਗੀ, ਪਰ ਉਹਨੇ ਹਾਰਨਾ ਨਹੀਂ ਸੀ, ਉਹਨੇ ਤਾਂ ਲੜਨਾ ਸੀ, ਜੂਝਣਾ ਸੀ। ਉਹਨੇ ਤਾਂ ਆਪਣੀ ਵਡੇਰੀ ਮਾਈ ਭਾਗੋ ਨਾਲ ਰਿਸ਼ਤੇ ਦੀ ਲੱਜ ਪਾਲਣੀ ਸੀ।
(ਸਮਾਪਤ)

Be the first to comment

Leave a Reply

Your email address will not be published.