ਡਾਕ-ਪੱਥਰ

ਕਹਾਣੀਕਾਰ ਪ੍ਰੀਤਮ ਸਿੰਘ ਪੰਛੀ ਦੀ ਕਹਾਣੀ ‘ਡਾਕ-ਪੱਥਰ’ ਦਿਨ ਭਰ ਦੇ ਛੋਟੇ ਜਿਹੇ ਸਫਰ ਦੀ ਕਥਾ ਹੈ ਪਰ ਇਹ ਜ਼ਿੰਦਗੀ ਦਾ ਸੱਚ ਬੜੇ ਧੜੱਲੇ ਨਾਲ ਬਿਆਨ ਕਰਦੀ ਹੈ। ਕਹਾਣੀ ਦੇ ਦੋਵੇਂ ਹੀ ਪਾਤਰ, ਮੁੱਖ ਪਾਤਰ ਹਨ ਅਤੇ ਸਫਰ ਦੌਰਾਨ ਦੁੱਖ-ਦਰਦ ਫਰੋਲਦੇ ਜਾਂਦੇ ਹਨ। ਇਨ੍ਹਾਂ ਗੱਲਾਂ-ਬਾਤਾਂ ਵਿਚੋਂ ਜਿਹੜਾ ਬਿਰਤਾਂਤ ਉਭਰਦਾ ਹੈ, ਉਹ ਅਣਖੀ ਜਿਉੜਿਆਂ ਨਾਲ ਜੁੜਿਆ ਹੋਇਆ ਹੈ। ਇਸੇ ਅਣਖ ਨਾਲ ਗੜੁੱਚ ਇਸ ਕਹਾਣੀ ਦਾ ਇਕ ਪਾਤਰ ਲਗਾਤਾਰ ਸਫਰ ‘ਤੇ ਪਿਆ ਹੋਇਆ ਹੈ। ਉਸ ਵੱਲੋਂ ਗਾਇਆ ਗੀਤ ਇਸ ਸਫਰ ਦੀ ਨਿਰੰਤਰਤਾ ਦੀ ਕਨਸੋਅ ਦਿੰਦਾ ਜਾਪਦਾ ਹੈ। ਇਹ ਔਖਾ ਸਫਰ ਅਮੁੱਕ ਹੈ। -ਸੰਪਾਦਕ

ਪ੍ਰੀਤਮ ਸਿੰਘ ਪੰਛੀ
ਉਹ ਮੈਨੂੰ ਚਾਣਚੱਕ ਚਕਰੌਤਾ ਰੋਡ ‘ਤੇ ਮਿਲ ਗਿਆ ਸੀ। ਸੜਕ ਦੇ ਦੋਨੋਂ ਬੰਨੀਂ ਚੀਲ੍ਹ ਤੇ ਸਫੈਦੇ ਦੇ ਦਿਓ-ਕੱਦ ਰੁੱਖਾਂ ਦੀਆਂ ਲੰਮੀਆਂ ਪਾਲਾਂ ਖੜ੍ਹੀਆਂ ਸਨ। ਦੂਰ ਤਕ ਨਿਵਾਣਾਂ ਹੀ ਨਿਵਾਣਾਂ ਸਨ। ਉਚਾਣਾਂ ਤੋਂ ਨਿਵਾਣਾਂ ਵੱਲ ਲਹਿੰਦੀ ਤੇ ਕਈ ਵਲ ਖਾਂਦੀ ਤਾਰਕੋਲ ਦੀ ਸੜਕ ਤੰਦੂਰ ਵਾਂਗ ਤਪ ਰਹੀ ਸੀ ਪਰ ਕਦੇ-ਕਦੇ ਜਦੋਂ ਹਵਾ ਦਾ ਕੋਈ ਬੁੱਲਾ ਰੁਮਕਦਾ ਤਾਂ ਬੁਝੇ ਜੀਅ ਵਿਚ ਜਿੰਦ ਪੈ ਜਾਂਦੀ। ਹਾੜ੍ਹ ਦਾ ਮਹੀਨਾ ਲੱਗ ਚੁੱਕਾ ਸੀ। ਅਸੀਂ ਦੋਵੇਂ ਰੁੱਖਾਂ ਦੀ ਛਾਂ ਦਾ ਉਹਲਾ ਲੈਂਦੇ ਚੁੱਪ-ਚੁਪੀਤੇ ਸੜਕ ਦੇ ਆਰ-ਪਾਰ ਤੁਰੇ ਜਾ ਰਹੇ ਸਾਂ।
ਜਦੋਂ ਕਦੇ ਅਸੀਂ ਅਛੋਪਲੇ ਹੀ ਇਕ-ਦੂਜੇ ਵੱਲ ਤਕਦੇ ਤਾਂ ਸਾਡੇ ਵਿਚਲੀ ਸੜਕ ਦੀ ਵਿੱਥ ਸੌੜੀ ਹੁੰਦੀ ਜਾਪਦੀ ਤੇ ਸਾਡੀਆਂ ਅੱਖਾਂ ਵਿਚ ਇਕ-ਦੂਜੇ ਨੂੰ ਬੁਲਾਉਣ ਦੀ ਆਪ ਮੁਹਾਰੀ ਜਿਹੀ ਉਮੰਗ ਲਿਸ਼ਕ ਉਠਦੀ।
ਮਾਤਾ ਦੇ ਨਿੰਮ੍ਹੇ-ਨਿੰਮ੍ਹੇ ਦਾਗਾਂ ਨਾਲ ਭਰਿਆ ਉਹਦਾ ਖੁਰਦਰਾ ਜਿਹਾ ਮੂੰਹ ਇੰਨਾ ਲਿੱਸਾ ਸੀ ਕਿ ਗੱਲ੍ਹਾਂ ਦੀਆਂ ਹੱਡੀਆਂ ਇਕ-ਇਕ ਕਰ ਕੇ ਉਭਰ ਆਈਆਂ ਸਨ ਤੇ ਅੱਖਾਂ ਅੰਦਰ ਨੂੰ ਧਸ ਗਈਆਂ ਸਨ। ਉਹਦੇ ਪੈਰ ਨੰਗੇ ਸਨ ਤੇ ਉਨ੍ਹਾਂ ‘ਤੇ ਮੈਲ ਦੀ ਮੋਟੀ ਤਹਿ ਜੰਮ ਗਈ ਸੀ। ਨਿੱਕ-ਸੁੱਕ ਦੀ ਛੋਟੀ ਜਿਹੀ ਗੰਢੜੀ ਉਹਨੇ ਪਿੱਠ ਪਿਛੇ ਮਾਰੀ ਹੋਈ ਸੀ।
ਅੱਗੇ ਸੜਕ ਦਾ ਮੋੜ ਸੀ। ਉਹ ਮੋੜ ਤੋਂ ਸੜਕ ਟੱਪ ਕੇ ਮੇਰੇ ਬਰਾਬਰ ਆ ਗਿਆ। ਲੋਹੜੇ ਦੀ ਤਪਸ਼ ਨਾਲ ਡੌਰ-ਭੌਰ ਹੋਏ ਅਸੀਂ ਉਤਾਵਲੇਪਣ ਨਾਲ ਕਿੰਨਾ ਚਿਰ ਇਕ-ਦੂਜੇ ਵੱਲ ਤੱਕਦੇ ਰਹੇ, ਫਿਰ ਅਚਨਚੇਤ ਜਿਵੇਂ ਉਹਨੂੰ ਕੋਈ ਖਿਆਲ ਸੁੱਝ ਪਿਆ ਹੋਵੇ। ਉਹਨੇ ਮੈਨੂੰ ਪੁੱਛਿਆ, “ਕਿਥੇ ਜਾ ਰਿਹਾ ਏਂ ਮਿੱਤਰਾ?”
ਮੈਂ ਉਹਨੂੰ ਦੱਸਿਆ, “ਮੈਂ ਕੰਮ ਦੀ ਭਾਲ ਵਿਚ ਡਾਕ-ਪੱਥਰ ਜਾ ਰਿਹਾ ਹਾਂ। ਸੁਣਿਐ, ਉਥੇ ਮਜੂਰਾਂ ਦੀ ਭਰਤੀ ਖੁੱਲ੍ਹੀ ਹੋਈ ਹੈ, ਪਰ ਮੈਂ ਇਨ੍ਹਾਂ ਰਾਹਾਂ ਤੋਂ ਅਸਲੋਂ ਅਨਜਾਣ ਹਾਂ।”
ਉਹਦੀਆਂ ਅੱਖਾਂ ਫੈਲ ਕੇ ਡਰਾਉਣੀਆਂ ਜਿਹੀਆਂ ਹੋ ਗਈਆਂ ਤੇ ਉਹ ਬੁੱਤ ਬਣਿਆ ਅੰਦਰੇ-ਅੰਦਰ ਕੁਝ ਗਿਣਤੀਆਂ-ਮਿਣਤੀਆਂ ਕਰਦਾ ਰਿਹਾ। ਫਿਰ ਉਹਨੇ ਮੇਰੇ ਮੋਢਿਆਂ ‘ਤੇ ਪੋਲਾ ਜਿਹਾ ਹੱਥ ਰੱਖਦਿਆਂ ਕਿਹਾ, “ਆ ਜ਼ਰਾ ਆਰਾਮ ਕਰ ਲਈਏ, ਫਿਰ ਅੱਗੇ ਤੁਰਾਂਗੇ। ਮੈਂ ਵੀ ਡਾਕ-ਪੱਥਰ ਜਾ ਰਿਹਾ ਹਾਂ। ਖੂਬ ਸਾਥ ਹੋਇਆ।”
ਇਹ ਕਹਿ ਕੇ ਉਹ ਰੁੱਖਾ ਜਿਹਾ ਹਾਸਾ ਹੱਸਿਆ। ਮੈਨੂੰ ਉਹਦੇ ਇਸ ਹਾਸੇ ਪਿੱਛੇ ਕਿਸੇ ਗੁੱਝੀ ਪੀੜ ਦਾ ਅਹਿਸਾਸ ਛੁਪਿਆ ਜਾਪਿਆ। ਅਸੀਂ ਸੜਕ ਤੋਂ ਲਾਂਭੇ ਹੋ ਕੇ ਸੰਘਣੇ ਜਿਹੇ ਰੁੱਖ ਹੇਠਾਂ ਸੁਸਤਾਣ ਲਈ ਬੈਠ ਗਏ।
ਵਲ-ਵਿੰਗ ਖਾਂਦੀ ਤਾਰਕੋਲ ਦੀ ਸੜਕ ‘ਤੇ ਕਦੇ-ਕਦੇ ਕੋਈ ਟਾਵੀਂ-ਟਾਵੀਂ ਮੋਟਰ ਲੰਘ ਜਾਂਦੀ ਸੀ, ਜਾਂ ਇੱਕੜ-ਦੁੱਕੜ ਪਹਾੜੀਏ ਪਿੱਠਾਂ ਪਿਛੇ ਲੱਕੜਾਂ ਦਾ ਭਾਰ ਲੱਦੀ ਸ਼ਹਿਰ ਜਾਂਦੇ ਨਜ਼ਰੀਂ ਪੈ ਜਾਂਦੇ ਸਨ। ਰੁੱਖਾਂ ‘ਤੇ ਜਨੌਰਾਂ ਦਾ ਸ਼ੋਰ ਉਕਾ ਸੁਣਾਈ ਨਹੀਂ ਸੀ ਦਿੰਦਾ। ਤਿੱਖੀ ਧੁੱਪ ਹੋਣ ਕਰ ਕੇ ਸ਼ਾਇਦ ਉਹ ਖੋਹਾਂ ਵਿਚ ਵੜੇ ਪਰਛਾਵਿਆਂ ਦੇ ਢਲ ਜਾਣ ਦੀ ਉਡੀਕ ਕਰ ਰਹੇ ਸਨ।
ਉਹਨੇ ਬਹਿੰਦਿਆਂ ਹੀ ਮੈਨੂੰ ਕਿਹਾ, “ਇਧਰ ਦੇ ਪਹਾੜੀ ਲੋਕ ਗਰੀਬ ਹੁੰਦੇ ਹਨ। ਮੈਂ ਵੀ ਗੜ੍ਹਵਾਲ ਦਾ ਪਹਾੜੀ ਹਾਂ, ਪਰ ਇਨ੍ਹਾਂ ਦਾ ਦਿਲ ਦਲੇਰ ਹੁੰਦਾ ਹੈ।” ਉਹਦੇ ਕਹਿਣ ਦਾ ਢੰਗ ਮਿੱਤਰਾਂ ਵਾਲਾ ਸੀ।
ਮੈਂ ਉਹਨੂੰ ਪੁੱਛਿਆ, “ਤੇਰਾ ਨਾਂ ਕੀ ਏ?”
ਉਹਨੇ ਬੜੇ ਮਾਣ ਭਰੇ ਲਹਿਜ਼ੇ ਵਿਚ ਕਿਹਾ, “ਮੇਰਾ ਨਾਂ ਧਰਮ ਸਿੰਘ ਗੜ੍ਹਵਾਲੀ ਹੈ। ਮੇਰਾ ਬਾਪੂ ਫੌਜੀ ਸੀ। ਸੰਨ ’30 ਵਿਚ ਪਿਸ਼ੌਰ ਵਿਚ ਸਤਿਆਗ੍ਰਿਹੀ ਪਠਾਣਾਂ ‘ਤੇ ਗੋਲੀ ਨਾ ਚਲਾਉਣ ਦੇ ਜੁਰਮ ਵਿਚ ਉਹਨੂੰ ਗੋਰਿਆਂ ਨੇ ਉਮਰ ਕੈਦ ਕਰ ਦਿੱਤਾ ਸੀ। ਲੰਮੀ ਕੈਦ ਨੇ ਉਹਨੂੰ ਬੁੱਢਾ ਕਰ ਦਿੱਤਾ ਹੈ, ਪਰ ਅੱਜ ਬੁੱਢੀ ਉਮਰੇ ਵੀ ਉਹਨੂੰ ਡਾਕ-ਪੱਥਰ ਕਾਲੋਨੀ ਵਿਚ ਲੁਹਾਰ ਦੀ ਭੱਠੀ ‘ਤੇ ਲੋਹਾ ਢਾਲਣ ਦਾ ਕੰਮ ਕਰਨਾ ਪੈ ਰਿਹਾ ਹੈ। ਮੈਂ ਉਹਦੇ ਕੋਲ ਹੀ ਜਾ ਰਿਹਾ ਹਾਂ। ਤੈਨੂੰ ਮੈਂ ਡਾਕ-ਪੱਥਰ ਲੈ ਜਾਵਾਂਗਾ। ਉਥੇ ਪਹਾੜ ਤੇ ਦਰਿਆ ਹਨ, ਮੇਰੇ ਸਾਥੀ ਹਨ।”
ਫਿਰ ਉਹਨੇ ਰੁਕ ਕੇ ਮੇਰੇ ਵੱਲ ਖਾਸ ਅਦਾ ਵਿਚ ਤੱਕਿਆ ਤੇ ਮੇਰੇ ਸੁਹਲ ਸਰੀਰ ਨੂੰ ਟੋਹ ਕੇ ਕਹਿਣ ਲੱਗਾ, “ਮਜੂਰੀ ਕਰੇਂਗਾ ਨਾ? ਡਾਕ-ਪੱਥਰ ਵਿਚ ਸਰਕਾਰ ਡੈਮ ਬਣਾ ਰਹੀ ਹੈ। ਅਜੇ ਕੁਝ ਦਿਨ ਪਹਿਲਾਂ ਡਾਕ-ਪੱਥਰ ਸਕੀਮ ਦੀ ਨੀਂਹ ਰੱਖਣ ਲਈ ਦਿੱਲੀ ਤੋਂ ਵੱਡਾ ਵਜ਼ੀਰ ਆਇਆ ਸੀ।”
ਮੈਂ ਉਹਨੂੰ ਵਿਚਾਲਿਓ ਟੋਕ ਦਿੱਤਾ, “ਤਾਂ ਕੀ ਉਥੇ ਪਹਾੜ ਵੀ ਹਨ ਤੇ ਦਰਿਆ ਵੀ?”
“ਹਾਂ ਹਾਂ, ਪਹਾੜ ਵੀ ਤੇ ਦਰਿਆ ਵੀ। ਮੈਂ ਪਹਿਲੋਂ ਡਾਕ-ਪੱਥਰ ਵਿਚ ਹੀ ਕੰਮ ਕਰਦਾ ਸਾਂ। ਉਥੇ ਕੁਲੀਆਂ ਵਿਚ ਭਰਤੀ ਹੋਇਆ ਸਾਂ, ਪਰ ਵੱਡੇ ਸਾਬ੍ਹ ਨਾਲ ਲੜ ਪੈਣ ‘ਤੇ ਮੈਨੂੰ ਉਥੋਂ ਕੱਢ ਦਿੱਤਾ ਗਿਆ ਸੀ। ਸੁਣਿਐ, ਉਹ ਸਾਬ੍ਹ ਬਦਲ ਕੇ ਭਾਖੜੇ ਚਲਾ ਗਿਆ ਏ। ਉਥੇ ਮੇਰੇ ਕਈ ਮਿੱਤਰ ਸਨ। ਉਨ੍ਹਾਂ ਵਿਚ ਮਾਸਟਰ ਭਟਨਾਗਰ ਸੀ ਜਿਹੜਾ ਪਹਿਲਾਂ ਮੁਰਾਦਾਬਾਦ ਦੇ ਕਿਸੇ ਸਕੂਲ ਵਿਚ ਮਾਸਟਰ ਹੁੰਦਾ ਸੀ, ਪਰ ਛਾਂਟੀ ਵਿਚ ਆ ਗਿਆ ਸੀ, ਤੇ ਡਾਕ-ਪੱਥਰ ਆ ਕੇ ਕੁਲੀ ਭਰਤੀ ਹੋ ਗਿਆ ਸੀ। ਉਨ੍ਹਾਂ ਵਿਚ ਬੰਗਾਲੀ ਬਾਬੂ ਸੀ ਜਿਹੜਾ ਹਰ ਸੁਆਲ ‘ਤੇ ਮਜੂਰਾਂ ਦਾ ਪੱਖ ਪੂਰਦਾ ਸੀ, ਜੀਹਦਾ ਪਿਉ ਕਲਕੱਤੇ ਦੇ ਮਜੂਰਾਂ ਦੀ ਹੜਤਾਲ ਵਿਚ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸੀ। ਉਨ੍ਹਾਂ ਵਿਚ ਗੋਰਖੇ ਸਨ, ਗੜ੍ਹਵਾਲੀ ਸਨ ਅਤੇ ਪੰਜਾਬੀ ਸ਼ਰਨਾਰਥੀ ਸਨ।”
ਕੁਝ ਚਿਰ ਰੁਕ ਕੇ ਉਹਨੇ ਕਿਹਾ, “ਤੂੰ ਸ਼ਹਿਰ ਕੀ ਕੰਮ ਕਰਦਾ ਸੈਂ?”
“ਮੈਂ ਸ਼ਹਿਰ ਦੀ ਇਕ ਬੇਕਰੀ ਵਿਚ ਨੌਕਰ ਸਾਂ। ਘਿਨਾਉਣੀ ਤੇ ਨਰਕ ਵਰਗੀ ਹਨੇਰੀ ਕੋਠੜੀ ਵਿਚ ਮੈਨੂੰ ਅੱਧ-ਭੁੱਖਾ, ਅੱਧ-ਨੰਗਾ ਰਹਿ ਕੇ ਲਗਾਤਾਰ ਸੋਲਾਂ-ਸੋਲਾਂ ਘੰਟੇ ਬਿਸਕੁਟ ਬਣਾਉਣ ਦਾ ਕੰਮ ਕਰਨਾ ਪੈਂਦਾ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡਾ ਘਰ ਲਾਇਲਪੁਰ ਦੀ ਬਾਰ ਵਿਚ ਹੁੰਦਾ ਸੀ। ਲਾਇਲਪੁਰ ਦੀ ਬਾਰ, ਜਿਥੇ ਮੇਰੇ ਖੇਤ ਸਨæææ ਖੇਤ, ਜਿਹੜੇ ਸੋਨਾ ਉਗਲਦੇ ਸਨæææ ਜਿਥੇ ਮੇਰਾ ਬਚਪਨ ਗੀਤ ਗਾਉਂਦਿਆਂ ਬੀਤਿਆ ਸੀæææ ਜਿਥੋਂ ਦੀ ਕਣਕ ਦੇ ਸੁਨਹਿਰੀ ਸਿੱਟੇ ਸਾਰੀ ਦੁਨੀਆਂ ਵਿਚ ਮਸ਼ਹੂਰ ਹਨ, ਪਰ ਹੁਣ ਮੇਰਾ ਕੋਈ ਘਰ ਨਹੀਂ, ਕੋਈ ਨਹੀਂ।”
ਮੈਂ ਤੱਕਿਆ, ਧਰਮ ਸਿੰਘ ਗੜ੍ਹਵਾਲੀ ਦੀਆਂ ਪਲਕਾਂ ਝੁਕ ਗਈਆਂ ਸਨ ਤੇ ਉਹ ਕਿਸੇ ਗੂੜ੍ਹੀ ਸੋਚ ਵਿਚ ਡੁੱਬ ਗਿਆ ਸੀ। ਮੇਰਾ ਖਿਆਲ ਸੀ, ਉਹ ਮੇਰੇ ਕੋਲੋਂ ਹੋਰ ਬੜਾ ਕੁਝ ਪੁੱਛੇਗਾ, ਪਰ ਜਾਪਦਾ ਸੀ ਜਿਵੇਂ ਮੈਂ ਉਹਦੇ ਦਿਲ ਦਾ ਕੋਈ ਡੂੰਘਾ ਜ਼ਖ਼ਮ ਉਚੇੜ ਦਿੱਤਾ ਹੋਵੇ। ਮੈਂ ਚੁੱਪ ਹੋ ਗਿਆ, ਤੇ ਉਹਦੇ ਚਿਹਰੇ ‘ਤੇ ਉਕਰੇ ਭਾਵਾਂ ਨੂੰ ਭਾਂਪਣ ਲੱਗਾ। ਰੁੱਖਾਂ ਦੀ ਛਾਂ ਸਾਥੋਂ ਥੋੜ੍ਹੀ ਜਿਹੀ ਦੂਰ ਖਿਸਕ ਗਈ ਸੀ ਤੇ ਸੰਘਣੀ ਝੰਗੀ ਵੱਲੋਂ ਕੁਝ ਸਰਸਰਾਹਟ ਸ਼ੁਰੂ ਹੋ ਗਈ ਸੀ। ਕੁਝ ਪਹਾੜੀ ਕੁੜੀਆਂ ਰੁੱਖਾਂ ਦੇ ਸੁੱਕੇ ਪੱਤੇ ਹੂੰਝ ਰਹੀਆਂ ਸਨ। ਥੋੜ੍ਹੀ ਵਿੱਥ ‘ਤੇ ਹੀ ਦੋ ਪਹਾੜੀਏ ਸੁੱਕਾ ਰੁੱਖ ਵੱਢ ਰਹੇ ਸਨ, ਤੇ ਪਹਾੜੀ ਕੁੜੀਆਂ ਵੱਲ ਚੋਰ ਨਿਗਾਹਾਂ ਨਾਲ ਘੂਰਦੇ ਗਾ ਰਹੇ ਸਨ,
ਨੱਥੁਲੀ ਤੋਲਾ ਕੀ
ਥੋੜ੍ਹਾ ਘਿੱਚੀ ਪੇਨੇ ਦੋ
ਨੱਥੁਲੀ ਤੋਲਾ ਕੀæææ।
ਧਰਮ ਸਿੰਘ ਗੜ੍ਹਵਾਲੀ ਬੁੱਤ ਬਣਿਆ ਬੈਠਾ ਸੀ ਤੇ ਕਦੇ-ਕਦੇ ਭਰਵੀਂ ਨਿਗ੍ਹਾ ਨਾਲ ਮੇਰੇ ਵੱਲ ਤੱਕ ਲੈਂਦਾ ਸੀ। ਫਿਰ ਚੁੱਪ ਤੋੜਦਿਆਂ ਉਹਨੇ ਕਿਹਾ, “ਸਾਨੂੰ ਹੁਣ ਚੱਲਣਾ ਚਾਹੀਦਾ ਏ। ਅੱਗੇ ਕਿਸੇ ਬਸਤੀ ਵਿਚ ਚੱਲ ਕੇ ਆਰਾਮ ਕਰਾਂਗੇ।” ਫਿਰ ਉਹਨੇ ਆਪਣਾ ਨਿੱਕ-ਸੁੱਕ ਸਮੇਟ ਲਿਆ, ਤੇ ਅਸੀਂ ਸੜਕ ਉਤੇ ਤੁਰਨ ਲੱਗੇ।
ਸੜਕ ਬਿਲਕੁਲ ਸੁੰਨ-ਸਾਨ ਸੀ। ਉਹ ਛੋਹਲੇ-ਛੋਹਲੇ ਪੈਰ ਪੁੱਟੀ ਤੁਰਿਆ ਜਾਂਦਾ। ਜਦੋਂ ਆਪਣੀ ਮੱਠੀ ਚਾਲ ਕਾਰਨ ਮੈਨੂੰ ਉਸ ਕੋਲੋਂ ਪਿੱਛੇ ਰਹਿਣਾ ਪੈ ਜਾਂਦਾ, ਤਾਂ ਉਹ ਇਕਦਮ ਰੁਕ ਜਾਂਦਾ ਤੇ ਮੈਨੂੰ ਨਾਲ ਰਲਾ ਕੇ ਕਹਿੰਦਾ, “ਕਦੇ ਸ਼ਾਇਦ ਪੈਦਲ ਨਹੀਂ ਤੁਰਿਆ ਹੋਏਂਗਾ। ਪੂਰਾ ਸ਼ਹਿਜ਼ਾਦਾ ਜਾਪਦਾ ਏਂ। ਅਸੀਂ ਆਪਣੇ ਸਾਰੇ ਪਹਾੜ ਪੈਦਲ ਹੀ ਗਾਹ ਛੱਡੇ ਹਨ। ਅਸੀਂ ਬੜੇ ਹੱਠ ਵਾਲੇ ਲੋਕ ਹਾਂ।”
ਉਹਨੇ ਸੜਕ ਦੇ ਇਕ ਲਾਂਭੇ ਖਲੋ ਕੇ ਹੱਥ ਹਿਲਾਉਣਾ ਸ਼ੁਰੂ ਕਰ ਦਿੱਤਾ। ਟਰੱਕ ਐਨ ਸਾਡੇ ਨੇੜੇ ਢੁੱਕ ਆਏ ਸਨ। ਮੇਰੇ ਟੁੱਟੇ-ਖੁੱਸੇ ਜਿਸਮ ਵਿਚ ਨਵੇਂ ਸਿਰਿਓਂ ਜਿੰਦ ਆ ਗਈ ਸੀ, ਤੇ ਮੇਰਾ ਦਿਮਾਗ ਕਲਪਨਾ ਦੇ ਗੇੜ ਵਿਚ ਭੌਣ ਲੱਗ ਪਿਆ ਸੀ, ‘ਹੁਣ ਅਸੀਂ ਜਲਦੀ ਡਾਕ-ਪੱਥਰ ਪੁੱਜਾਂਗੇ। ਟਰੱਕ ਸਾਨੂੰ ਬਿਠਾ ਕੇ ਲੈ ਜਾਣਗੇ। ਹੁਣ ਸੜਕ ‘ਤੇ ਲੱਤਾਂ ਨਹੀਂ ਘਸੀਟਣੀਆਂ ਪੈਣਗੀਆਂ।’
ਧਰਮ ਸਿੰਘ ਲਗਾਤਾਰ ਹੱਥ ਹਿਲਾ ਰਿਹਾ ਸੀ, ਪਰ ਟਰੱਕਾਂ ਦੀ ਰਫ਼ਤਾਰ ਵਿਚ ਕੋਈ ਫਰਕ ਨਹੀਂ ਸੀ ਆਇਆ। ਉਹ ਸਾਨੂੰ ਪਿੱਛੇ ਛੱਡ ਕੇ ਆਪਣੇ ਰਾਹ ਅੱਗੇ ਲੰਘ ਗਏ ਸਨ।
ਧਰਮ ਸਿੰਘ ਨੇ ਮੇਰੇ ਮੋਢਿਆਂ ‘ਤੇ ਹੱਥ ਰੱਖਦਿਆਂ ਕਿਹਾ, “ਇਨ੍ਹਾਂ ਲੋਕਾਂ ਨੂੰ ਜ਼ਰਾ ਲਿਹਾਜ਼ ਨਹੀਂ। ਸਭ ਨਵੀਂ ਭਰਤੀ ਹੈ। ਪੁਰਾਣੇ ਡਰਾਈਵਰ ਮੈਨੂੰ ਜਾਣਦੇ ਸਨ।” ਤੇ ਫਿਰ ਮੈਨੂੰ ਦਿਲਾਸਾ ਦਿੰਦਿਆਂ ਕਿਹਾ, “ਤਕੜਾ ਹੋ, ਆਥਣ ਹੋਣ ਤੋਂ ਪਹਿਲਾਂ ਅਸੀਂ ਜ਼ਰੂਰ ਡਾਕ-ਪੱਥਰ ਪੁੱਜ ਜਾਵਾਂਗੇ।”
ਕੁਝ ਫਰਲਾਂਗ ਅੱਗੇ ਜਾ ਕੇ ਛੋਟੀ ਜਿਹੀ ਬਸਤੀ ਆ ਗਈ ਸੀ। ਸੜਕ ਦੇ ਦੋਹੀਂ ਪਾਸੀਂ ਦੁਕਾਨਾਂ ਦੀਆਂ ਲੰਮੀਆਂ ਪਾਲਾਂ ਸਨ ਤੇ ਢਲਦੇ ਬੰਨੇ ਖਪਰੈਲ ਦੀਆਂ ਝੁੱਗੀਆਂ ਦਾ ਝੁੰਡ ਖੜ੍ਹਾ ਸੀ। ਧਰਮ ਸਿੰਘ ਨੇ ਕਿਹਾ, “ਇਥੇ ਕੁਝ ਖਾ ਕੇ ਅੱਗੇ ਤੁਰਾਂਗੇ। ਤੈਨੂੰ ਜ਼ਰੂਰ ਭੁੱਖ ਲੱਗੀ ਹੋਵੇਗੀ।”
ਫਿਰ ਉਹ ਮੈਨੂੰ ਸੜਕ ਤੋਂ ਕੁਝ ਵਿੱਥ ‘ਤੇ ਲੈ ਗਿਆ। ਅਸੀਂ ਇਕ ਸੰਘਣੇ ਰੁੱਖ ਦੀ ਛਾਂ ਹੇਠ ਬੈਠ ਗਏ। ਉਹਨੇ ਆਪਣੀ ਗੰਢੜੀ ਖੋਲ੍ਹ ਕੇ ਧਰਤੀ ‘ਤੇ ਵਿਛਾ ਦਿੱਤੀ। ਉਹਦੇ ਵਿਚ ਕੁਝ ਸੁੱਕੇ ਟੁੱਕੜ ਸਨ। ਫਿਰ ਉਹਨੇ ਮੈਨੂੰ ਕਈ ਗੱਲਾਂ ਲਈ ਹੁਸ਼ਿਆਰ ਕੀਤਾ, “ਜਿਉਣ ਲਈ ਪਹਾੜ ਜੇਡਾ ਜੇਰਾ ਚਾਹੀਦੈ। ਮੈਂ ਬੜੀਆਂ ਲੰਮੀਆਂ ਤੇ ਬਿਖੜੀਆਂ ਵਾਟਾਂ ਲੰਘ-ਝਾਗ ਚੁੱਕਿਆ ਹਾਂ, ਤੇ ਮੈਨੂੰ ਇਨ੍ਹਾਂ ਵਾਟਾਂ ਤੋਂ ਸਦਾ ਕੋਈ ਨਵੀਂ ਗੱਲ ਲੱਭੀ ਹੈ। ਮੈਂ ਕਦੇ ਕਿਸੇ ਅੱਗੇ ਹੱਥ ਅੱਡਣੇ ਪਸੰਦ ਨਹੀਂ ਕਰਦਾ। ਜੇ ਕਦੇ ਤੁਹਾਨੂੰ ਮਜੂਰੀ ਨਾ ਮਿਲੇ ਤੇ ਜੇਬ ਖਾਲੀ ਹੋਵੇ ਤਾਂ ਕਿਸੇ ਮੋਟੇ ਬਾਣੀਏ ਦੀ ਦੁਕਾਨ ‘ਤੇ ਖਾਣ ਬੈਠ ਜਾਓ। ਪੇਟ ਭਰ ਚੁੱਕਣ ਬਾਅਦ ਆਖੋ, ‘ਲਾਲਾ ਭੁੱਖਾਂ ਸਾਂ, ਜੇਬ ਖਾਲੀ ਹੈ। ਅਜਿਹਾ ਕਰਨ ਲਈ ਮਜਬੂਰ ਸਾਂ।’ ਕੁਝ ਝਾੜ-ਝੰਬ ਕਰਨ ਬਾਅਦ ਉਹ ਜ਼ਰੂਰ ਤੁਹਾਨੂੰ ਜਾਣ ਦਏਗਾ। ਸਮਝੇ? ਇਸ ਦੁਨੀਆਂ ਵਿਚ ਜਿਉਣ ਲਈ ਅਜਿਹੇ ਢੰਗ ਸੋਚਣੇ ਹੀ ਪੈਂਦੇ ਹਨ। ਜਿਉਂਦੇ ਰਹਿਣ ਦੀ ਖਾਹਿਸ਼ ਨੂੰ ਕਦੇ ਮਰਨ ਨਾ ਦਿਓæææ ਭਾਵੇਂ ਤੁਸੀਂ ਸਮਾਜ ਦੀਆਂ ਨਜ਼ਰਾਂ ਵਿਚ ਮੁਜਰਮ ਹੀ ਕਿਉਂ ਨਾ ਠਹਿਰਾਏ ਜਾਓ!” ਇਹ ਕਹਿੰਦਾ ਹੋਇਆ ਉਹ ਆਪ-ਮੁਹਾਰਾ ਹੱਸਣ ਲੱਗ ਪਿਆ। ਮੇਰਾ ਚਿਹਰਾ ਵੀ ਮੁਸਕਰਾਹਟ ਨਾਲ ਭਖ ਉਠਿਆ। “ਹੱਸੋ, ਜੀਅ ਭਰ ਕੇ ਹੱਸੋ। ਜਿਉਣ ਲਈ ਹੱਸਣਾ ਕਿੰਨਾ ਜ਼ਰੂਰੀ ਹੈ!” ਉਹ ਆਪਣੇ ਟੁੰਬਵੇਂ ਲਹਿਜ਼ੇ ਵਿਚ ਕਹਿੰਦਾ ਗਿਆ।
ਮੈਂ ਫਿਰ ਆਪਣੀ ਗੱਲ ਦੁਹਰਾਈ, “ਕੀ ਅਜੇ ਵੀ ਡਾਕ-ਪੱਥਰ ਦੂਰ ਹੈ?”
ਉਹਨੇ ਮੇਰੇ ਵੱਲ ਤਿੱਖੀ ਨਿਗ੍ਹਾ ਨਾਲ ਤੱਕਿਆ ਤੇ ਕਹਿਣ ਲੱਗਾ, “ਡਾਕ-ਪੱਥਰ ਦੂਰ ਨਹੀਂ। ਆਥਣ ਹੋਣ ਤੱਕ ਜ਼ਰੂਰ ਅਸੀਂ ਉਥੇ ਪੁੱਜ ਜਾਵਾਂਗੇ।”
ਦਿਨ ਢਲ ਚੁੱਕਾ ਸੀ। ਅਸਮਾਨ ‘ਤੇ ਅਜੇ ਲਾਲੀ ਖਿਲਰੀ ਹੋਈ ਸੀ। ਹੁਣ ਅਸੀਂ ਚਕਰੌਤਾ ਰੋਡ ਛੱਡ ਕੇ ਅਧ-ਕੱਚੀ ਜਿਹੀ ਸੜਕ ‘ਤੇ ਆ ਪਏ ਸਾਂ। ਟਰੱਕਾਂ ਦੀ ਭਰਵੀਂ ਗੂੰਜ ਫਿਰ ਸਾਡੇ ਕੰਨੀਂ ਪਈ। ਧਰਮ ਸਿੰਘ ਨੇ ਕਿਹਾ, “ਹੁਣ ਟਰੱਕ ਡਾਕ-ਪੱਥਰ ਤੋਂ ਆ ਰਹੇ ਹਨ।”
ਜਦੋਂ ਟਰੱਕ ਐਨ ਸਾਡੇ ਨੇੜੇ ਆ ਗਏ ਤਾਂ ਅਸੀਂ ਤੱਕਿਆ, ਟਰੱਕਾਂ ‘ਤੇ ਬੋਝਲ ਮਸ਼ੀਨਾਂ ਲੱਦੀਆਂ ਹੋਈਆਂ ਸਨ। ਧਰਮ ਸਿੰਘ ਹੰਭਲੇ ਨਾਲ ਕੁੱਦ ਕੇ ਸੜਕ ਵਿਚ ਜਾ ਖਲੋਤਾ। ਜਦੋਂ ਪਹਿਲਾ ਟਰੱਕ ਉਸ ਦੇ ਕੋਲ ਆ ਰੁਕ ਗਿਆ ਤਾਂ ਉਹਨੇ ਕਾਹਲੀ ਵਿਚ ਥਥਲਾਉਂਦਿਆਂ ਡਰਾਇਵਰ ਨੂੰ ਪੁੱਛਿਆ, “ਸ਼ਹਿਰ ਜਾ ਰਹੇæææ?” ਅੱਧੀ ਗੱਲ ਉਹਦੇ ਮੂੰਹ ਵਿਚ ਹੀ ਅਟਕੀ ਰਹਿ ਗਈ। ਫਿਰ ਉਹਨੇ ਮੇਰੇ ਵੱਲ ਡੂੰਘੀ ਹਮਦਰਦੀ ਨਾਲ ਤੱਕਿਆ ਤੇ ਡਰਾਈਵਰ ਨੂੰ ਕਹਿਣ ਲੱਗਾ, “ਡਾਕ-ਪੱਥਰ ਭਰਤੀ ਖੁੱਲ੍ਹੀ ਹੋਈ ਹੈ ਨਾ?”
ਡਰਾਈਵਰ ਗੋਰਖਾ ਸੀ। ਉਹਦੇ ਮੱਥੇ ‘ਤੇ ਬੇ-ਮਲੂਮੀ ਜਿਹੀ ਘੂਰੀ ਦੇ ਵੱਟ ਉਘੜੇ, ਪਰ ਜਦੋਂ ਉਸ ਨੇ ਸਾਡੀ ਹਾਲਤ ਤੱਕੀ ਤਾਂ ਉਹਦੀ ਘੁਰੀ, ਹਮਦਰਦੀ ਵਿਚ ਪਲਟ ਗਈ। ਉਹ ਕਹਿਣ ਲੱਗਾ, “ਡਾਕ-ਪੱਥਰ ਸਕੀਮ ਫੇਲ੍ਹ ਹੋ ਗਈ ਹੈ। ਅਫ਼ਸਰਾਂ ਕਿਹਾ ਹੈ, ਬਰਸਾਤ ਤੋਂ ਪਹਿਲਾਂ-ਪਹਿਲਾਂ ਮਸ਼ੀਨਾਂ ਸ਼ਹਿਰ ਪੁੱਜ ਜਾਣਗੀਆਂ ਚਾਹੀਦੀਆਂ ਹਨ, ਨਹੀਂ ਤਾਂ ਇਨ੍ਹਾਂ ਨੂੰ ਜੰਗਾਲ ਖਾ ਜਾਏਗਾ। ਸਰਕਾਰ ਨੂੰ ਹੋਰ ਹਾਨੀ ਹੋਏਗੀ।”
ਫਿਰ ਉਹ ਨੇ ਪਾਗਲ ਹਾਸਾ ਹੱਸਦਿਆਂ ਟਰੱਕ ਠੇਲ੍ਹ ਦਿੱਤਾ। ਦੂਜੇ ਟਰੱਕਾਂ ਵਾਲਿਆਂ ਨੇ ਵੀ ਸਾਡੇ ਧੂੜ-ਲਿਬੜੇ ਮੂੰਹਾਂ ਵੱਲ ਹਮਦਰਦੀ-ਭਰੀ ਨਿਗ੍ਹਾ ਸੁੱਟੀ, ਤੇ ਉਹ ਧੂੜ ਉਡਾਉਂਦੇ ਸ਼ਹਿਰ ਦੇ ਰੁਖ ਪੈ ਗਏ।
ਮੇਰੇ ਸਵੈ-ਕਾਬੂ ਦੀਆਂ ਤਣੀਆਂ ਇਕ-ਇਕ ਕਰ ਕੇ ਟੁੱਟਣ ਲੱਗੀਆਂ, ਪਰ ਧਰਮ ਸਿੰਘ ਪਹਿਲੋਂ ਵਾਂਗ ਹੀ ਅਹਿੱਲ ਸੀ। ਉਹ ਕੁਝ ਗੁਣ-ਗੁਣਾਉਣ ਲੱਗਾ,
ਚੀਲ੍ਹ ਕੇ ਪੰਖ ਕਾਟੋ
ਉਡਣ ਤੋ ਰਹੀਓ
ਚੀਲ੍ਹ ਕੇ ਪੰਖ਼ææ।
ਮੈਂ ਉਹਨੂੰ ਪੁੱਛਿਆ, “ਤੇ ਹੁਣ ਕੀ ਬਣੇਗਾ?”
ਉਹਨੇ ਮੈਨੂੰ ਦਿਲਬਰੀ ਦਿੰਦਿਆਂ ਕਿਹਾ, “ਡਾਕ-ਪੱਥਰ ਵਿਚ ਮੇਰਾ ਬੁੱਢਾ ਬਾਪੂ ਮੇਰਾ ਰਾਹ ਤੱਕ ਰਿਹਾ ਹੈ। ਮੇਰੇ ਸਾਥੀ ਮੇਰੀ ਵਾਟ ਜੋਹ ਰਹੇ ਨੇ। ਡਾਕ-ਪੱਥਰ ਦੂਰ ਨਹੀਂ।”
ਮੈਂ ਆਪਣੇ ਜ਼ਖਮਾਂ ਨਾਲ ਪੱਛੇ ਪੈਰ ਘਸੀਟਦਾ ਉਹਦੇ ਪਿੱਛੇ ਲੱਗ ਤੁਰਿਆ। ਸਾਰੇ ਪੁਲਾੜ ਵਿਚ ਤੱਤੀ ਹਵ੍ਹਾੜ ਖਿੰਡੀ ਹੋਈ ਸੀ। ਸਾਹਮਣੇ ਖਪਰੈਲ ਦੀਆਂ ਝੁਗੀਆਂ ਤੋਂ ਉਠ ਰਿਹਾ ਧੂੰਆਂ ਅਸਮਾਨ ਵੱਲ ਲਪਕ ਰਿਹਾ ਸੀ। ਜਦੋਂ ਹਨੇਰਾ ਹੋਰ ਸੰਘਣਾ ਹੁੰਦਾ ਗਿਆ ਤੇ ਹੋਰ ਸੰਘਣਾ, ਤਾਂ ਉਹਨੇ ਕੋਈ ਗੜ੍ਹਵਾਲੀ ਗੀਤ ਗੁਣ-ਗੁਣਾਉਣਾ ਸ਼ੁਰੂ ਕਰ ਦਿੱਤਾ,
æææਗੇਹੂੰ ਪਿਸ ਮਣੀ ਕਾ
ਹੱਸੀ ਜਾ ਘੜੀ ਕਾæææ
ਬਾਂਹਜਗ ਬਰੀਂਜਾ
ਕਭ ਘਰ ਆਲੋ
ਕਾਂਠਾ ਕੁ ਸੁਰਜਾæææ।

Be the first to comment

Leave a Reply

Your email address will not be published.